Skip to content
BibleKenya

Biblica® Open Punjabi Contemporary Version 2025

ਗਿਣਤੀ 3

ਲੇਵੀਆਂ

ਇਹ ਹਾਰੋਨ ਅਤੇ ਮੋਸ਼ੇਹ ਦੀ ਵੰਸ਼ਾਵਲੀ ਹੈ ਜਦੋਂ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਪਹਾੜ ਉੱਤੇ ਗੱਲ ਕੀਤੀ ਸੀ।

ਹਾਰੋਨ ਦੇ ਪੁੱਤਰਾਂ ਦੇ ਨਾਮ ਜੇਠਾ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। ਇਹ ਹਾਰੋਨ ਦੇ ਪੁੱਤਰਾਂ ਦੇ ਨਾਮ ਹਨ, ਉਹ ਜਾਜਕ ਜੋ ਮਸਹ ਕੀਤੇ ਗਏ ਸਨ, ਜੋ ਜਾਜਕਾਈ ਦੀ ਸੇਵਾ ਕਰਨ ਲਈ ਨਿਯੁਕਤ ਕੀਤੇ ਗਏ ਸਨ। ਪਰ ਨਾਦਾਬ ਅਤੇ ਅਬੀਹੂ ਦੀ ਮੌਤ ਯਾਹਵੇਹ ਦੇ ਸਾਹਮਣੇ ਹੋ ਗਈ ਜਦੋਂ ਇਹ ਸੀਨਾਈ ਦੀ ਉਜਾੜ ਵਿੱਚ ਯਾਹਵੇਹ ਦੇ ਅੱਗੇ ਅਯੋਗ ਅੱਗ ਲਿਆਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸਨ, ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਆਪਣੇ ਪਿਤਾ ਹਾਰੋਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਲੇਵੀ ਦੇ ਗੋਤ ਨੂੰ ਲਿਆ ਅਤੇ ਉਹਨਾਂ ਨੂੰ ਹਾਰੋਨ ਜਾਜਕ ਕੋਲ ਉਸਦੀ ਸਹਾਇਤਾ ਲਈ ਪੇਸ਼ ਕਰੋ। ਉਹ ਡੇਰੇ ਦਾ ਕੰਮ ਕਰਕੇ ਮੰਡਲੀ ਵਾਲੇ ਤੰਬੂ ਵਿੱਚ ਉਸ ਦੇ ਲਈ ਅਤੇ ਸਾਰੀ ਕੌਮ ਲਈ ਫਰਜ਼ ਨਿਭਾਉਣ ਅਤੇ ਡੇਰੇ ਦੀ ਸੇਵਾ ਕਰਨ। ਉਹ ਮੰਡਲੀ ਵਾਲੇ ਤੰਬੂ ਦੇ ਸਾਰੇ ਸਮਾਨ ਦੀ ਦੇਖਭਾਲ ਕਰਨ ਅਤੇ ਡੇਰੇ ਦਾ ਕੰਮ ਕਰਕੇ ਇਸਰਾਏਲੀਆਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ। ਲੇਵੀਆਂ ਨੂੰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦੇ ਦਿਓ, ਇਹ ਇਸਰਾਏਲੀਆਂ ਦੀ ਵੱਲੋਂ ਹਨ ਜੋ ਉਸ ਨੂੰ ਪੂਰੀ ਤਰ੍ਹਾਂ ਨਾਲ ਸਮਰਪਣ ਹੋਣ। ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੋ, ਕੋਈ ਹੋਰ ਜੋ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਹੈ ਉਹ ਮਾਰਿਆ ਜਾਵੇ।”

ਯਾਹਵੇਹ ਨੇ ਮੋਸ਼ੇਹ ਨੂੰ ਇਹ ਵੀ ਆਖਿਆ, “ਮੈਂ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਹਰੇਕ ਇਸਰਾਏਲੀ ਔਰਤ ਦੀ ਪਹਿਲੀ ਔਲਾਦ ਦੀ ਥਾਂ ਉੱਤੇ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹਨ, ਕਿਉਂਕਿ ਸਾਰੇ ਪਹਿਲੌਠੇ ਮੇਰੇ ਹਨ, ਜਦੋਂ ਮੈਂ ਮਿਸਰ ਵਿੱਚ ਸਾਰੇ ਪਹਿਲੌਠੇ ਨੂੰ ਮਾਰਿਆ ਤਾਂ ਮੈਂ ਇਸਰਾਏਲ ਵਿੱਚ ਹਰੇਕ ਪਹਿਲੌਠੇ ਨੂੰ ਆਪਣੇ ਲਈ ਅਲੱਗ ਕਰ ਦਿੱਤਾ, ਭਾਵੇਂ ਉਹ ਮਨੁੱਖ ਜਾਂ ਜਾਨਵਰ ਦੇ ਹੋਣ ਉਹ ਮੇਰੇ ਹੋਣਗੇ। ਮੈਂ ਯਾਹਵੇਹ ਹਾਂ।”

ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਦੇ ਉਜਾੜ ਵਿੱਚ ਆਖਿਆ, “ਲੇਵੀਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਗੋਤਾਂ ਅਨੁਸਾਰ ਗਿਣ ਅਤੇ ਹਰ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਮਰਦ ਦੀ ਗਿਣਤੀ ਕਰੋ।” ਤਾਂ ਮੋਸ਼ੇਹ ਨੇ ਉਹਨਾਂ ਨੂੰ ਗਿਣਿਆ ਜਿਵੇਂ ਉਸਨੂੰ ਯਾਹਵੇਹ ਨੇ ਹੁਕਮ ਦਿੱਤਾ ਸੀ।

ਲੇਵੀ ਦੇ ਪੁੱਤਰਾਂ ਦੇ ਨਾਮ ਇਹ ਸਨ:

ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

ਇਹ ਗੇਰਸ਼ੋਨ ਦੇ ਪੁੱਤਰ ਦੇ ਨਾਮ ਹਨ: ਉਹਨਾਂ ਦੇ ਟੱਬਰਾਂ ਅਨੁਸਾਰ ਲਿਬਨੀ ਅਤੇ ਸ਼ਿਮਈ।

ਕੋਹਾਥ ਦੇ ਪੁੱਤਰ:

ਉਹਨਾਂ ਦੇ ਟੱਬਰਾਂ ਅਨੁਸਾਰ ਅਮਰਾਮ ਇਜ਼ਹਾਰ ਹੇਬਰੋਨ ਅਤੇ ਉਜ਼ੀਏਲ।

ਮੇਰਾਰੀ ਦੇ ਪੁੱਤਰ:

ਮਹਲੀ ਅਤੇ ਮੂਸ਼ੀ।

ਇਹ ਲੇਵੀਆਂ ਦੇ ਪਰਿਵਾਰ ਸਮੂਹ ਦੇ ਅਨੁਸਾਰ ਸਨ।

ਗੇਰਸ਼ੋਨ ਵਿੱਚ ਲਿਬਨੀਆਂ ਅਤੇ ਸ਼ਿਮਈਆਂ ਦੇ ਗੋਤ ਸਨ ਅਤੇ ਇਹ ਗੇਰਸ਼ੋਨੀਆਂ ਦੇ ਪਰਿਵਾਰ ਸਨ।

ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 7,500 ਸੀ।

ਗੇਰਸ਼ੋਨੀਆਂ ਦੇ ਪਰਿਵਾਰ ਤੰਬੂ ਦੇ ਪਿੱਛੇ ਪੱਛਮ ਵੱਲ ਡੇਰਾ ਲਾਉਣ।

ਗੇਰਸ਼ੋਨੀਆਂ ਦੇ ਘਰਾਣਿਆਂ ਦਾ ਆਗੂ ਲਾਏਲ ਦਾ ਪੁੱਤਰ ਏਲੀਯਾਸਾਫ਼ ਸੀ।

ਗੇਰਸ਼ੋਨੀਆਂ ਦੀ ਜ਼ਿੰਮੇਵਾਰੀ ਸੀ ਕਿ ਉਹ ਮੰਡਲੀ ਦੇ ਤੰਬੂ ਵਿੱਚ ਡੇਰੇ ਅਤੇ ਤੰਬੂ ਦੀ ਦੇਖਭਾਲ, ਉਸ ਦੇ ਢੱਕਣ, ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ, ਵਿਹੜੇ ਦੇ ਪਰਦੇ, ਡੇਰੇ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚ ਪ੍ਰਵੇਸ਼ ਦੁਆਰ, ਅਤੇ ਰੱਸੀਆਂ, ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ।

ਕੋਹਾਥ ਵਿੱਚ ਅਮਰਾਮੀਆਂ, ਇਜ਼ਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ ਦੇ ਪਰਿਵਾਰ ਸੀ। ਇਹ ਕੋਹਾਥ ਸਨ।

ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 8,600 ਸੀ।

ਪਵਿੱਤਰ ਅਸਥਾਨ ਦੀ ਦੇਖਭਾਲ ਕਰਨ ਲਈ ਕੋਹਾਥੀ ਲੋਕ ਜ਼ਿੰਮੇਵਾਰ ਸਨ।

ਕੋਹਾਥੀਆਂ ਦੇ ਪਰਿਵਾਰ ਡੇਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ।

ਕੋਹਾਥੀਆਂ ਦੇ ਘਰਾਣਿਆਂ ਦਾ ਆਗੂ ਉਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਸੀ।

ਉਹ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ, ਪਵਿੱਤਰ ਅਸਥਾਨ ਦੇ ਉਪਾਸਨਾ ਵਿੱਚ ਵਰਤੇ ਜਾਣ ਵਾਲੇ ਸਮਾਨ, ਪਰਦੇ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਸਨ।

ਲੇਵੀਆਂ ਦਾ ਮੁੱਖ ਆਗੂ ਹਾਰੋਨ ਦਾ ਪੁੱਤਰ ਅਲਆਜ਼ਾਰ ਜਾਜਕ ਸੀ ਅਤੇ ਉਸ ਨੂੰ ਉਹਨਾਂ ਲੋਕਾਂ ਉੱਤੇ ਨਿਯੁਕਤ ਕੀਤਾ ਗਿਆ ਸੀ ਜੋ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।

ਮੇਰਾਰੀ ਵਿੱਚ ਮਹਲੀ ਅਤੇ ਮੂਸ਼ੀਆਂ ਦੇ ਗੋਤ ਸਨ। ਇਹ ਮੇਰਾਰੀ ਗੋਤ ਵਿੱਚੋਂ ਸਨ।

ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 6,200 ਸੀ।

ਮੇਰਾਰੀਆਂ ਦੇ ਘਰਾਣਿਆਂ ਦਾ ਆਗੂ ਅਬੀਹਾਇਲ ਦਾ ਪੁੱਤਰ ਸੂਰੀਏਲ ਸੀ,

ਅਤੇ ਉਹਨਾਂ ਨੇ ਡੇਰੇ ਦੇ ਉੱਤਰ ਵਾਲੇ ਪਾਸੇ ਡੇਰੇ ਲਾਏ।

ਮੇਰਾਰੀਆਂ ਨੂੰ ਡੇਰੇ ਦੀਆਂ ਚੌਖਟੀਆਂ, ਇਸ ਦੀਆਂ ਟੋਲੀਆਂ, ਚੌਂਕਾਂ, ਠਿਕਾਣਿਆਂ, ਇਸ ਦੇ ਸਾਰੇ ਸਾਜ਼-ਸਾਮਾਨ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਉਹਨਾਂ ਦੇ ਅਧਾਰ, ਤੰਬੂ ਦੇ ਖੰਭਿਆਂ ਅਤੇ ਰੱਸੀਆਂ।

ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਡੇਰੇ ਦੇ ਪੂਰਬ ਵੱਲ, ਜਿੱਧਰੋ ਸੂਰਜ ਚੜਦਾ ਹੈ ਆਪਣੇ ਤੰਬੂ ਲਾਉਣ,

ਉਹ ਇਸਰਾਏਲੀਆਂ ਦੀ ਤਰਫ਼ੋਂ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ,

ਕਿਉਂ ਜੋ ਕੋਈ ਹੋਰ ਜਿਹੜਾ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਸੀ, ਉਹ ਮਾਰਿਆ ਜਾਂਦਾ ਸੀ।

ਯਾਹਵੇਹ ਦੇ ਹੁਕਮ ਅਨੁਸਾਰ ਮੋਸ਼ੇਹ ਅਤੇ ਹਾਰੋਨ ਦੁਆਰਾ ਉਹਨਾਂ ਦੇ ਗੋਤਾਂ ਅਨੁਸਾਰ ਗਿਣੇ ਗਏ ਲੇਵੀਆਂ ਦੀ ਕੁੱਲ ਗਿਣਤੀ 22,000 ਸੀ, ਜਿਨ੍ਹਾਂ ਵਿੱਚ ਹਰ ਇੱਕ ਮਹੀਨਾ ਜਾਂ ਇਸ ਤੋਂ ਵੱਧ ਉਮਰ ਦਾ ਪੁਰਸ਼ ਸੀ।

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੌਠੇ ਪੁਰਖਾਂ ਦੀ ਗਿਣਤੀ ਕਰ ਜੋ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਉਹਨਾਂ ਦੇ ਨਾਮ ਦੀ ਸੂਚੀ ਬਣਾ। ਮੇਰੇ ਲਈ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੀ ਥਾਂ ਲੇਵੀਆਂ ਨੂੰ ਅਤੇ ਇਸਰਾਏਲੀਆਂ ਦੇ ਪਸ਼ੂਆਂ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਦੇ ਪਸ਼ੂ ਲੈ। ਮੈਂ ਯਾਹਵੇਹ ਹਾਂ।”

ਇਸ ਲਈ ਮੋਸ਼ੇਹ ਨੇ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਨੂੰ ਗਿਣਿਆ, ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ। ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਜੇਠੇ ਮਰਦਾਂ ਦੀ ਕੁੱਲ ਗਿਣਤੀ, 22,273 ਸੀ।

ਯਾਹਵੇਹ ਨੇ ਮੋਸ਼ੇਹ ਨੂੰ ਇਹ ਵੀ ਆਖਿਆ, “ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਅਤੇ ਲੇਵੀਆਂ ਦੇ ਪਸ਼ੂਆਂ ਨੂੰ ਉਹਨਾਂ ਦੇ ਪਸ਼ੂਆਂ ਦੀ ਥਾਂ ਉੱਤੇ ਲੈ। ਲੇਵੀ ਮੇਰੇ ਹਨ। ਮੈਂ ਯਾਹਵੇਹ ਹਾਂ। 273 ਜੇਠੇ ਇਸਰਾਏਲੀਆਂ ਨੂੰ ਛੁਡਾਉਣ ਲਈ ਜਿਹੜੇ ਲੇਵੀਆਂ ਦੀ ਗਿਣਤੀ ਤੋਂ ਵੱਧ ਹਨ, ਤੂੰ ਪੰਜ-ਪੰਜ ਸ਼ਕੇਲ1 ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਲੈਣ ਅਰਥਾਤ ਇੱਕ ਸ਼ੈਕੇਲ ਵੀਹ ਗੇਰਾਹ ਇਕੱਠਾ ਕਰ। ਹੋਰ ਇਸਰਾਏਲੀਆਂ ਦੇ ਛੁਟਕਾਰੇ ਲਈ ਰਕਮ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿਓ।”

ਇਸ ਲਈ ਮੋਸ਼ੇਹ ਨੇ ਛੁਟਕਾਰੇ ਦੀ ਰਕਮ ਉਹਨਾਂ ਲੋਕਾਂ ਤੋਂ ਇਕੱਠੀ ਕੀਤੀ ਜੋ ਲੇਵੀਆਂ ਦੁਆਰਾ ਛੁਡਾਈ ਗਈ ਗਿਣਤੀ ਤੋਂ ਵੱਧ ਸਨ। ਇਸਰਾਏਲੀਆਂ ਦੇ ਜੇਠੇ ਤੋਂ ਉਸ ਨੇ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ 1,365 ਸ਼ੈਕੇਲ2 ਚਾਂਦੀ ਇਕੱਠੀ ਕੀਤੀ। ਮੋਸ਼ੇਹ ਨੇ ਛੁਟਕਾਰੇ ਦਾ ਪੈਸਾ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦਿੱਤਾ, ਜਿਵੇਂ ਉਸਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ।

Source notes (2)
  1. Footnote ਪੰਜ-ਪੰਜ ਸ਼ਕੇਲ ਲਗਭਗ 58 ਗ੍ਰਾਮ
  2. Footnote 1,365 ਸ਼ੈਕੇਲ ਲਗਭਗ 16 ਕਿਲੋਗ੍ਰਾਮ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.