Biblica® Open Punjabi Contemporary Version 2025
ਗਿਣਤੀ 4
ਕੋਹਾਥੀ ਘਰਾਣੇ ਦੇ ਕੰਮ
ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਲੇਵੀਆਂ ਦੇ ਵਿੱਚੋਂ ਕੋਹਾਥੀਆ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਪੁਰਖਿਆਂ ਦੇ ਘਰਾਣਿਆ ਅਨੁਸਾਰ ਗਿਣਤੀ ਕਰੋ। ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਂਦੇ ਹਨ।
“ਕੋਹਾਥੀਆਂ ਦੀ ਸੇਵਾ ਮਿਲਾਪ ਦੇ ਤੰਬੂ ਵਿੱਚ ਇਹ ਸੀ ਕਿ ਉਹ ਅੱਤ ਪਵਿੱਤਰ ਚੀਜ਼ਾਂ ਦੀ ਦੇਖਭਾਲ ਕਰਨ। ਜਦੋਂ ਤੰਬੂ ਨੂੰ ਅੱਗੇ ਲੈ ਜਾਣਾ ਹੋਵੇ ਤਾਂ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣ ਅਤੇ ਢਾਲ ਦਾ ਪਰਦਾ ਲਾਹ ਕੇ ਨੇਮ ਦੇ ਸੰਦੂਕ ਦੇ ਉੱਪਰ ਰੱਖ ਦੇਣਗੇ। ਤਦ ਉਹ ਪਰਦੇ ਨੂੰ ਵਧੀਆ ਚਮੜੇ ਨਾਲ ਢੱਕਣ ਅਤੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾ ਕੇ ਚੌਂਕਾਂ ਨੂੰ ਥਾਂ-ਥਾਂ ਰੱਖਣ।
“ਫਿਰ ਹਜ਼ੂਰੀ ਦੀ ਰੋਟੀ ਦੇ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆ ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਹਮੇਸ਼ਾ ਉਸ ਉੱਤੇ ਰੋਟੀ ਪਈ ਰਹੇ। ਉਹ ਆਪਣੇ ਉੱਤੇ ਲਾਲ ਰੰਗ ਦਾ ਕੱਪੜਾ ਵਿਛਾ ਲੈਣ ਅਤੇ ਉਸ ਨੂੰ ਸਮੁੰਦਰੀ ਜੀਵ ਦੇ ਚਮੜੇ ਨਾਲ ਢੱਕਣ ਅਤੇ ਉਸ ਦੀਆਂ ਚੋਬਾਂ ਪਾਉਣ।
“ਫਿਰ ਉਹ ਇੱਕ ਨੀਲਾ ਕੱਪੜਾ ਲੈਣ ਅਤੇ ਉਸ ਸ਼ਮਾਦਾਨ ਨੂੰ ਢੱਕਣ ਜੋ ਰੋਸ਼ਨੀ ਲਈ ਹੈ, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ। ਤਦ ਉਹ ਇਸ ਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾਂ ਉੱਤੇ ਧਰਨ।
“ਸੋਨੇ ਦੀ ਜਗਵੇਦੀ ਉੱਤੇ ਇੱਕ ਨੀਲਾ ਕੱਪੜਾ ਵਿਛਾ ਕੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਨਾਲ ਢੱਕਣ ਅਤੇ ਉਸ ਦੇ ਡੰਡੇ ਪਾਉਣ।
“ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਲੈ ਕੇ ਉਹਨਾਂ ਨੂੰ ਇੱਕ ਨੀਲੇ ਕੱਪੜੇ ਵਿੱਚ ਲਪੇਟਣ, ਤੇ ਉਹਨਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਹਨਾਂ ਨੂੰ ਡੰਡੇ ਉੱਤੇ ਰੱਖਣ।
“ਉਹ ਜਗਵੇਦੀ ਤੋਂ ਰਾਖ ਕੱਢ ਦੇਣਗੇ ਅਤੇ ਇਸਨੂੰ ਜਾਮਨੀ ਕੱਪੜੇ ਨਾਲ ਢੱਕ ਦੇਣਗੇ। ਤਦ ਉਹ ਜਗਵੇਦੀ ਦੀ ਸੇਵਾ ਕਰਨ ਲਈ ਵਰਤੇ ਜਾਣ ਵਾਲੇ ਸਾਰੇ ਭਾਂਡੇ ਰੱਖਣ, ਜਿਸ ਵਿੱਚ ਚੁੱਲ੍ਹੇ, ਮਾਸ ਦੇ ਕਾਂਟੇ, ਕੜਛੇ ਅਤੇ ਛਿੜਕਣ ਦੇ ਕਟੋਰੇ ਸ਼ਾਮਲ ਹਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ।
“ਜਦੋਂ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਪਵਿੱਤਰ ਚੀਜ਼ਾਂ ਅਤੇ ਪਵਿੱਤਰ ਸਥਾਨ ਦੀਆਂ ਸਾਰੀਆਂ ਪਵਿੱਤਰ ਵਸਤੂਆਂ ਨੂੰ ਢੱਕ ਲੈਣ, ਅਤੇ ਜਦੋਂ ਤੰਬੂ ਜਾਣ ਲਈ ਤਿਆਰ ਹੋਣਗੇ, ਕੇਵਲ ਤਦ ਹੀ ਕੋਹਾਥੀਆਂ ਉਸ ਨੂੰ ਚੁੱਕਣ, ਪਰ ਉਹ ਕਿਸੇ ਪਵਿੱਤਰ ਚੀਜ਼ ਨੂੰ ਨਾ ਛੂਹਣ, ਨਹੀਂ ਤਾਂ ਉਹ ਮਰ ਜਾਣਗੇ! ਕੋਹਾਥੀ ਸਿਰਫ ਇਹ ਚੀਜ਼ਾਂ ਦਾ ਭਾਰ ਹੀ ਉਠਾਉਣ ਜੋ ਮੰਡਲੀ ਵਾਲੇ ਤੰਬੂ ਵਿੱਚ ਹਨ।
“ਜਾਜਕ ਹਾਰੋਨ ਦੇ ਪੁੱਤਰ ਅਲਆਜ਼ਾਰ ਨੂੰ ਰੋਸ਼ਨੀ ਲਈ ਤੇਲ, ਸੁਗੰਧਿਤ ਧੂਪ, ਮੈਦੇ ਦੀ ਭੇਟ ਅਤੇ ਮਸਹ ਕਰਨ ਦੇ ਤੇਲ ਦੀ ਜ਼ਿੰਮੇਵਾਰੀ ਲੈਣ। ਉਹ ਸਾਰੇ ਤੰਬੂ ਅਤੇ ਇਸ ਵਿੱਚਲੀ ਹਰ ਚੀਜ਼ ਦੀ ਅਤੇ ਇਸ ਦੇ ਪਵਿੱਤਰ ਸਮਾਨ ਅਤੇ ਵਸਤੂਆਂ ਦੀ ਦੇਖਭਾਲ ਕਰੇ।”
ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਦੇਖੋ ਕਿ ਲੇਵੀਆਂ ਵਿੱਚੋਂ ਕੋਹਾਥੀ ਗੋਤਾਂ ਦਾ ਨਾਸ਼ ਨਾ ਹੋਣ ਦੇਣਾ। ਪਰ ਜਦੋਂ ਉਹ ਪਵਿੱਤਰ ਚੀਜ਼ਾਂ ਦੇ ਨੇੜੇ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਇਹ ਕੀਤਾ ਜਾਣਾ ਚਾਹੀਦਾ ਹੈ: ਹਾਰੋਨ ਅਤੇ ਉਸਦੇ ਪੁੱਤਰ ਉਨ੍ਹਾਂ ਦੇ ਨਾਲ ਅੰਦਰ ਜਾਣ ਅਤੇ ਹਰੇਕ ਨੂੰ ਉਨ੍ਹਾਂ ਨੂੰ ਦਿੱਤਾ ਗਿਆ ਕੰਮ ਦੇਣ। ਪਰ ਕੋਹਾਥੀ ਇੱਕ ਪਲ ਲਈ ਵੀ ਪਵਿੱਤਰ ਵਸਤੂਆਂ ਨੂੰ ਵੇਖਣ ਲਈ ਅੰਦਰ ਨਾ ਜਾਣ, ਨਹੀਂ ਤਾਂ ਉਹ ਮਰ ਜਾਣਗੇ।”
ਗੇਰਸ਼ੋਨੀਆਂ ਦੇ ਲੋਕ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਗੇਰਸ਼ੋਨੀਆਂ ਦੀ ਵੀ ਉਹਨਾਂ ਦੇ ਘਰਾਣਿਆਂ ਅਤੇ ਗੋਤਾਂ ਅਨੁਸਾਰ ਗਿਣਤੀ ਕਰ। ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।
“ਗੇਰਸ਼ੋਨੀਆਂ ਦੇ ਘਰਾਣਿਆਂ ਦੀ ਸੇਵਾ ਇਹ ਹੈ ਕਿ ਉਹਨਾਂ ਨੇ ਭਾਰ ਚੁੱਕਣਾ ਹੈ ਉਹ ਡੇਰੇ ਦੇ ਪਰਦੇ, ਅਰਥਾਤ ਮੰਡਲੀ ਵਾਲੇ ਤੰਬੂ, ਉਸ ਦੇ ਢੱਕਣ ਅਤੇ ਉਸ ਦੇ ਬਾਹਰਲੇ ਢੱਕਣ ਨੂੰ ਚੁੱਕਣ। ਵਧਿਆ ਚਮੜਾ, ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ, ਡੇਰੇ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦੇ, ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ, ਰੱਸੀਆਂ ਅਤੇ ਤੰਬੂ ਦੀ ਸੇਵਾ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ। ਗੇਰਸ਼ੋਨੀਆਂ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਇਨ੍ਹਾਂ ਚੀਜ਼ਾਂ ਨਾਲ ਕਰਨ ਦੀ ਲੋੜ ਹੈ। ਉਹਨਾਂ ਦੀ ਸਾਰੀ ਸੇਵਾ, ਭਾਵੇਂ ਢੋਣ-ਢੁਆਈ ਜਾਂ ਕੋਈ ਹੋਰ ਕੰਮ, ਹਾਰੋਨ ਅਤੇ ਹਾਰੋਨ ਦੇ ਪੁੱਤਰਾਂ ਦੀ ਅਗਵਾਈ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਕੀਤੀ ਜਾਵੇ। ਇਹ ਮੰਡਲੀ ਦੇ ਤੰਬੂ ਵਿੱਚ ਗੇਰਸ਼ੋਨੀਆਂ ਦੇ ਗੋਤਾਂ ਦੀ ਸੇਵਾ ਹੋਵੇਗੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੇ ਨਿਰਦੇਸ਼ਾਂ ਅਧੀਨ ਹੋਣਗੀਆਂ।
ਮੇਰਾਰੀਆਂ ਲਈ ਨਿਯੁਕਤ ਕੰਮ
“ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਤੀ ਕਰੋ। ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ। ਤੰਬੂ ਵਿੱਚ ਆਪਣੀ ਸਾਰੀ ਸੇਵਾ ਦੇ ਹਿੱਸੇ ਵਜੋਂ, ਉਹ ਡੇਰੇ ਦੀਆਂ ਫੱਟੀਆਂ, ਉਸ ਦੀਆਂ ਹੋੜੇ, ਚੌਂਕੀਆਂ ਅਤੇ ਨੀਹਾਂ, ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਤੰਬੂ ਦੇ ਖੰਭੇ ਰੱਸੀਆਂ ਨੂੰ ਚੁੱਕਣ, ਉਹਨਾਂ ਦੇ ਸਾਰੇ ਉਪਕਰਣ ਅਤੇ ਉਹਨਾਂ ਦੀ ਵਰਤੋਂ ਨਾਲ ਸਬੰਧਤ ਹਰ ਚੀਜ਼ ਅਤੇ ਤੁਸੀਂ ਨਾਮਾਂ ਅਨੁਸਾਰ ਸਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ। ਇਹ ਮੇਰਾਰੀ ਗੋਤਾਂ ਦੀ ਸੇਵਾ ਹੈ ਕਿਉਂਕਿ ਉਹ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਵਿੱਚ ਮੰਡਲੀ ਦੇ ਤੰਬੂ ਵਿੱਚ ਕੰਮ ਕਰਦੇ ਹਨ।”
ਲੇਵੀਆਂ ਦੇ ਪਰਿਵਾਰ-ਸਮੂਹਾਂ ਦੀ ਗਿਣਤੀ
ਮੋਸ਼ੇਹ, ਹਾਰੋਨ ਅਤੇ ਕੌਮ ਦੇ ਆਗੂਆਂ ਨੇ ਕੋਹਾਥੀਆਂ ਨੂੰ ਉਹਨਾਂ ਦੇ ਪਰਿਵਾਰ-ਸਮੂਹਾਂ ਅਨੁਸਾਰ ਗਿਣਿਆ।
ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਏ ਸਨ, ਗੋਤਾਂ ਵਿੱਚ ਗਿਣੇ ਗਏ ਜੋ 2,750 ਸਨ। ਇਹ ਉਹਨਾਂ ਸਾਰੇ ਕੋਹਾਥੀਆਂ ਦੇ ਪਰਿਵਾਰ-ਸਮੂਹਾਂ ਵਿੱਚੋਂ ਸਨ ਜਿਨ੍ਹਾਂ ਨੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕੀਤੀ। ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
ਗੇਰਸ਼ੋਨੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਿਆ ਗਿਆ।
ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਕੰਮ ਕਰਨ ਯੋਗ ਹੋਣ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨ। ਆਪੋ-ਆਪਣੇ ਟੱਬਰਾਂ ਅਤੇ ਘਰਾਣਿਆ ਅਨੁਸਾਰ ਗਿਣੇ ਗਏ ਜੋ 2,630 ਸਨ। ਇਹ ਗੇਰਸ਼ੋਨੀਆਂ ਦੇ ਗੋਤ ਵਿੱਚੋਂ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਦੇ ਇਹੋ ਹੀ ਸਨ ਅਰਥਾਤ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
ਮੇਰਾਰੀਆਂ ਨੂੰ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਅਨੁਸਾਰ ਗਿਣਿਆ ਗਿਆ।
ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਏ ਸਨ, ਆਪੋ-ਆਪਣੇ ਗੋਤਾਂ ਅਨੁਸਾਰ ਗਿਣੇ ਗਏ ਜੋ 3,200 ਸਨ। ਇਹ ਮੇਰਾਰੀ ਗੋਤਾਂ ਦੀ ਕੁੱਲ ਗਿਣਤੀ ਸੀ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
ਇਸ ਲਈ ਮੋਸ਼ੇਹ, ਹਾਰੋਨ ਅਤੇ ਇਸਰਾਏਲ ਦੇ ਆਗੂਆਂ ਨੇ ਸਾਰੇ ਲੇਵੀਆਂ ਨੂੰ ਉਹਨਾਂ ਦੇ ਪਰਿਵਾਰ-ਸਮੂਹਾਂ ਅਨੁਸਾਰ ਗਿਣਿਆ। ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਦੇ ਤੰਬੂ ਦੀ ਸੇਵਾ ਕਰਨ ਅਤੇ ਢੋਣ ਦਾ ਕੰਮ ਕਰਨ ਆਏ ਸਨ। ਉਹਨਾਂ ਦੀ ਗਿਣਤੀ 8,580 ਸੀ, ਮੋਸ਼ੇਹ ਦੁਆਰਾ ਯਾਹਵੇਹ ਦੇ ਹੁਕਮ ਅਨੁਸਾਰ, ਹਰੇਕ ਨੂੰ ਆਪਣਾ ਕੰਮ ਸੌਂਪਿਆ ਗਿਆ ਅਤੇ ਦੱਸਿਆ ਗਿਆ ਕਿ ਕੀ ਚੁੱਕਣਾ ਹੈ।
ਇਸ ਤਰ੍ਹਾਂ ਉਹ ਗਿਣੇ ਗਏ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.