Biblica® Open Punjabi Contemporary Version 2025
ਗਿਣਤੀ 15
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਇਹ ਹੁਕਮ ਦਿਓ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋਂਗੇ, ਜਿੱਥੇ ਤੁਸੀਂ ਵੱਸਣਾ ਹੈ, ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ। ਅਤੇ ਤੁਸੀਂ ਝੁੰਡ ਜਾਂ ਇੱਜੜ ਤੋਂ ਭੋਜਨ ਦੀਆਂ ਭੇਟਾਂ ਚੜ੍ਹਾਓ, ਭਾਵੇਂ ਵਿਸ਼ੇਸ਼ ਸੁੱਖਣਾ ਨੂੰ ਪੂਰਾ ਕਰਨ ਲਈ ਹੋਮ ਦੀਆਂ ਭੇਟਾਂ ਜਾਂ ਸੁਤੰਤਰ ਭੇਟਾਂ ਜਾਂ ਤਿਉਹਾਰ ਦੀਆਂ ਭੇਟਾਂ ਤਾਂ ਜੋ ਇਹ ਯਾਹਵੇਹ ਦੇ ਅੱਗੇ ਸੁਗੰਧਿਤ ਹੋ ਸਕਣ। ਤਾਂ ਜਿਹੜਾ ਯਾਹਵੇਹ ਨੂੰ ਬਲੀ ਚੜ੍ਹਾਉਂਦਾ ਹੈ, ਉਹ ਡੇਢ ਕਿੱਲੋ ਮੈਦਾ ਇੱਕ ਲਿਟਰ ਤੇਲ ਵਿੱਚ ਮਿਲਾਏਗਾ। ਹੋਮ ਦੀ ਭੇਟ ਜਾਂ ਬਲੀ ਲਈ ਹਰੇਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਦਾਖ਼ਰਸ ਪੀਣ ਦੀ ਭੇਟ ਵਜੋਂ ਤਿਆਰ ਕਰੋ।
“ ‘ਜਾਂ ਤੁਸੀਂ ਭੇਡੂ ਦੀ ਬਲੀ ਲਈ ਤਿੰਨ ਕਿੱਲੋ ਮੈਦਾ 1.30 ਲੀਟਰ ਤੇਲ ਵਿੱਚ ਮਿਲਾਓ। ਪੀਣ ਦੀ ਭੇਟ ਵਜੋਂ, ਤੁਸੀਂ ਯਾਹਵੇਹ ਨੂੰ 1.30 ਲੀਟਰ ਮਿੱਠੀ ਸੁਗੰਧ ਵਾਲੀ ਦਾਖਰਸ ਚੜ੍ਹਾਓਗੇ।
“ ‘ਜਦੋਂ ਤੁਸੀਂ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਜਾਂ ਬਲੀਦਾਨ ਵਜੋਂ ਤਿਆਰ ਕਰਦੇ ਹੋ, ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਾਹਵੇਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ। ਫਿਰ ਤੁਸੀਂ ਉਸ ਵੱਛੇ ਦੇ ਨਾਲ 1.9 ਲੀਟਰ ਤੇਲ ਦਾ ਮਿਸ਼ਰਣ ਅਤੇ ਪੰਜ ਕਿੱਲੋ ਬਰੀਕ ਆਟਾ ਭੇਟ ਕਰੋਗੇ। ਇਸ ਤੋਂ ਇਲਾਵਾ, ਤੁਸੀਂ ਡੇਢ ਲੀਟਰ ਦਾਖ਼ਰਸ, ਅਤੇ ਭੋਜਨ ਦੀ ਭੇਟ ਚੜਾਉ ਇਹ ਸੁਗੰਧਿਤ ਯਾਹਵੇਹ ਨੂੰ ਭੇਟ ਕਰੋਗੇ। ਹਰੇਕ ਬਲਦ ਜਾਂ ਭੇਡੂ, ਹਰੇਕ ਲੇਲਾ ਜਾਂ ਬੱਕਰੀ ਇਸ ਤਰ੍ਹਾਂ ਤਿਆਰ ਕੀਤਾ ਜਾਵੇ। ਇਹ ਹਰ ਇੱਕ ਦੀ ਗਿਣਤੀ ਅਨੁਸਾਰ ਕਰੋ, ਜਿੰਨੇ ਤੁਸੀਂ ਤਿਆਰ ਕਰਦੇ ਹੋ।
“ ‘ਹਰ ਵਿਅਕਤੀ ਜੋ ਦੇਸ਼ ਦਾ ਨਿਵਾਸੀ ਹੈ, ਇਹ ਗੱਲਾਂ ਇਸ ਤਰ੍ਹਾਂ ਕਰੇਗਾ ਕਿ ਜਦੋਂ ਉਹ ਯਾਹਵੇਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ। ਆਉਣ ਵਾਲੀਆਂ ਪੀੜ੍ਹੀਆਂ ਲਈ, ਜਦੋਂ ਵੀ ਕੋਈ ਪਰਦੇਸੀ ਜਾਂ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਹੋਰ ਵਿਅਕਤੀ ਯਾਹਵੇਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ, ਤਾਂ ਉਹ ਤੁਹਾਡੇ ਵਾਂਗ ਹੀ ਕਰੇ ਜਿਵੇਂ ਤੁਸੀਂ ਕਰਦੇ ਹੋ। ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓ ਪੀੜ੍ਹੀ ਸਦਾ ਲਈ ਹੋਵੇ, ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਾਹਵੇਹ ਦੇ ਅੱਗੇ ਹੋ। ਤੁਹਾਡੇ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹੀ ਬਿਵਸਥਾ ਅਤੇ ਕਾਨੂੰਨ ਲਾਗੂ ਹੋਣ।’ ”
ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜਿੱਥੇ ਮੈਂ ਤੁਹਾਨੂੰ ਲੈ ਜਾ ਰਿਹਾ ਹਾਂ ਅਤੇ ਤੁਸੀਂ ਉਸ ਦੇਸ਼ ਦਾ ਭੋਜਨ ਖਾਓਗੇ, ਤਾਂ ਇੱਕ ਹਿੱਸਾ ਯਾਹਵੇਹ ਹਲਾਉਣ ਦੀ ਭੇਟ ਕਰਕੇ ਚੜ੍ਹਾਓ। ਆਪਣੇ ਜ਼ਮੀਨ ਦੇ ਪਹਿਲੇ ਭੋਜਨ ਵਿੱਚੋਂ ਇੱਕ ਰੋਟੀ ਭੇਂਟ ਕਰੋ ਜਿਵੇਂ ਪਿੜ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਚੜ੍ਹਾਓ। ਆਉਣ ਵਾਲੀਆਂ ਪੀੜ੍ਹੀਆਂ ਤੱਕ ਤੁਸੀਂ ਆਪਣੇ ਪਹਿਲੇ ਭੋਜਨ ਵਿੱਚੋਂ ਇਹ ਭੇਟ ਯਾਹਵੇਹ ਨੂੰ ਜ਼ਰੂਰ ਚੜ੍ਹਾਉਣੀ ਹੈ।
ਅਣਜਾਣੇ ਵਿੱਚ ਕੀਤੇ ਪਾਪਾਂ ਲਈ ਭੇਟਾਂ
“ ‘ਹੁਣ ਜੇਕਰ ਤੁਸੀਂ ਅਣਜਾਣੇ ਵਿੱਚ ਇਨ੍ਹਾਂ ਵਿੱਚੋਂ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਰਹਿੰਦੇ ਹੋ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤਾ ਸਨ, ਅਰਥਾਤ ਸਭ ਜੋ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ, ਜਿਸ ਦਿਨ ਤੋਂ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਾਰੀ ਰਹੇਗਾ। ਅਤੇ ਜੇ ਸਮਾਜ ਨੂੰ ਇਸ ਦੀ ਜਾਣਕਾਰੀ ਨਾ ਹੋਵੇ ਅਤੇ ਅਣਜਾਣੇ ਵਿੱਚ ਅਜਿਹਾ ਕੀਤਾ ਜਾਂਦਾ ਹੈ, ਤਾਂ ਸਾਰੀ ਮੰਡਲੀ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਚੜ੍ਹਵੇ, ਜੋ ਕਿ ਯਾਹਵੇਹ ਨੂੰ ਪ੍ਰਸੰਨ ਕਰਦਾ ਹੈ, ਇਸ ਦੇ ਨਾਲ ਉਸ ਦੇ ਨਿਰਧਾਰਤ ਅਨਾਜ ਦੀ ਭੇਟ ਨਾਲ ਅਤੇ ਪੀਣ ਦੀ ਭੇਟ ਅਤੇ ਪਾਪ ਦੀ ਭੇਟ1 ਲਈ ਇੱਕ ਬੱਕਰਾ ਲਓ। ਜਾਜਕ ਨੂੰ ਇਸਰਾਏਲ ਦੇ ਸਾਰੇ ਲੋਕਾਂ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ, ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ, ਕਿਉਂਕਿ ਇਹ ਜਾਣਬੁੱਝ ਕੇ ਨਹੀਂ ਸੀ ਅਤੇ ਉਹਨਾਂ ਨੇ ਆਪਣੀ ਗਲਤੀ ਲਈ ਯਾਹਵੇਹ ਦੇ ਅੱਗੇ ਭੋਜਨ ਦੀ ਭੇਟ ਅਤੇ ਪਾਪ ਦੀ ਭੇਟ ਚੜ੍ਹਾਈ ਸੀ। ਇਸਰਾਏਲ ਦੀ ਸਾਰੀ ਮੰਡਲੀ ਅਤੇ ਉਹਨਾਂ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਮਾਫ਼ ਕੀਤਾ ਜਾਵੇਗਾ, ਕਿਉਂਕਿ ਸਾਰੇ ਲੋਕ ਅਣਜਾਣੇ ਵਿੱਚ ਗਲਤ ਕੰਮ ਵਿੱਚ ਸ਼ਾਮਲ ਹੋਏ ਸਨ।
“ ‘ਪਰ ਜੇ ਇੱਕ ਵਿਅਕਤੀ ਅਣਜਾਣੇ ਵਿੱਚ ਪਾਪ ਕਰਦਾ ਹੈ, ਤਾਂ ਉਸ ਵਿਅਕਤੀ ਨੂੰ ਪਾਪ ਦੀ ਭੇਟ ਲਈ ਇੱਕ ਸਾਲ ਦੀ ਬੱਕਰੀ ਲਿਆਉਣੀ ਚਾਹੀਦੀ ਹੈ। ਫਿਰ ਜਾਜਕ ਯਾਹਵੇਹ ਦੇ ਅੱਗੇ ਉਸ ਵਿਅਕਤੀ ਲਈ ਪ੍ਰਾਸਚਿਤ ਕਰੇ, ਜਿਸ ਨੇ ਅਣਜਾਣੇ ਵਿੱਚ ਪਾਪ ਕੀਤਾ ਹੈ, ਅਤੇ ਜਦੋਂ ਪ੍ਰਾਸਚਿਤ ਹੋ ਜਾਵੇਗਾ, ਤਾਂ ਉਸ ਵਿਅਕਤੀ ਨੂੰ ਮਾਫ਼ ਕੀਤਾ ਜਾਵੇਗਾ। ਇੱਕ ਹੀ ਬਿਵਸਥਾ ਹਰੇਕ ਉੱਤੇ ਲਾਗੂ ਹੁੰਦੀ ਹੈ ਜੋ ਅਣਜਾਣੇ ਵਿੱਚ ਪਾਪ ਕਰਦਾ ਹੈ, ਭਾਵੇਂ ਉਹ ਮੂਲ ਇਸਰਾਏਲੀ ਹੋਵੇ ਜਾਂ ਤੁਹਾਡੇ ਵਿੱਚ ਵੱਸਦਾ ਵਿਦੇਸ਼ੀ।
“ ‘ਪਰ ਕੋਈ ਵੀ ਜੋ ਬੇਇੱਜ਼ਤੀ ਨਾਲ ਪਾਪ ਕਰਦਾ ਹੈ, ਭਾਵੇਂ ਉਹ ਦੇਸੀ ਜਾਂ ਪਰਦੇਸੀ, ਯਾਹਵੇਹ ਦੀ ਨਿੰਦਿਆ ਕਰਦਾ ਹੈ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਛੇਕਿਆ ਜਾਵੇ। ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਹੁਕਮਾਂ ਨੂੰ ਤੋੜਿਆ ਹੈ, ਉਹ ਮਨੁੱਖ ਜ਼ਰੂਰ ਛੇਕਿਆ ਜਾਵੇ, ਉਸ ਦੀ ਸਜ਼ਾ ਉਸ ਉੱਤੇ ਹੋਵੇਗੀ।’ ”
ਸਬਤ ਤੋੜਨ ਵਾਲੇ ਨੂੰ ਮੌਤ ਦੇ ਘਾਟ ਉਤਾਰਨ
ਜਦੋਂ ਇਸਰਾਏਲੀ ਉਜਾੜ ਵਿੱਚ ਸਨ, ਇੱਕ ਆਦਮੀ ਸਬਤ2 ਦੇ ਦਿਨ ਲੱਕੜਾਂ ਇਕੱਠਾ ਕਰਦਾ ਹੋਇਆ ਮਿਲਿਆ। ਜਿਨ੍ਹਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦੇ ਵੇਖਿਆ ਉਹ ਉਸ ਨੂੰ ਮੋਸ਼ੇਹ ਅਤੇ ਹਾਰੋਨ ਅਤੇ ਸਾਰੀ ਸਭਾ ਕੋਲ ਲੈ ਆਏ ਅਤੇ ਉਹਨਾਂ ਨੇ ਉਸ ਨੂੰ ਹਿਰਾਸਤ ਵਿੱਚ ਰੱਖਿਆ ਕਿਉਂ ਜੋ ਇਹ ਸਮਝ ਨਹੀਂ ਸੀ ਆਉਂਦਾ ਕਿ ਉਸ ਨਾਲ ਕੀ ਕੀਤਾ ਜਾਵੇ। ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਉਹ ਮਨੁੱਖ ਜ਼ਰੂਰ ਮਾਰਿਆ ਜਾਵੇ। ਸਾਰੀ ਸਭਾ ਉਸ ਨੂੰ ਡੇਰੇ ਦੇ ਬਾਹਰ ਪੱਥਰ ਮਾਰ ਦੇਵੇ।” ਇਸ ਲਈ ਸਭਾ ਉਸ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਸ ਨੂੰ ਪੱਥਰ ਮਾਰ ਕੇ ਮਾਰ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਕੱਪੜੇ ਦੇ ਕਿਨਾਰੇ ਦੀ ਝਾਲਰ
ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਸਾਰੇ ਇਸਰਾਏਲ ਨੂੰ ਹੁਕਮ ਦਿਓ ਅਤੇ ਉਹਨਾਂ ਨੂੰ ਆਖ, ‘ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ। ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਸ ਨੂੰ ਵੇਖ ਕੇ ਯਾਹਵੇਹ ਦੇ ਸਾਰੇ ਹੁਕਮਾਂ ਨੂੰ ਯਾਦ ਰੱਖ ਸਕੋ, ਤਾਂ ਜੋ ਤੁਸੀਂ ਉਹਨਾਂ ਦੀ ਪਾਲਣਾ ਕਰੋ ਅਤੇ ਆਪਣੇ ਦਿਲਾਂ ਅਤੇ ਅੱਖਾਂ ਦੀਆਂ ਕਾਮਨਾਂ ਦਾ ਪਿੱਛਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਖਾਓ। ਤੁਸੀਂ ਮੇਰੇ ਸਾਰੇ ਹੁਕਮਾਂ ਨੂੰ ਮੰਨਣਾ ਅਤੇ ਚੇਤੇ ਰੱਖਣਾ, ਇਸ ਤਰ੍ਹਾਂ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਵੋ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਤਾਂ ਜੋ ਤੁਹਾਡਾ ਪਰਮੇਸ਼ਵਰ ਹੋਵੇ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”
Source notes (2)
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ
- Footnote ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.