Skip to content
BibleKenya

Biblica® Open Punjabi Contemporary Version 2025

ਗਿਣਤੀ 16

ਕੋਰਾਹ, ਦਾਥਾਨ ਅਤੇ ਅਬੀਰਾਮ

ਕੋਰਾਹ, ਇਜ਼ਹਾਰ ਦਾ ਪੁੱਤਰ, ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ ਅਤੇ ਕੁਝ ਰਊਬੇਨੀ, ਦਾਥਾਨ ਅਤੇ ਅਬੀਰਾਮ, ਅਲੀਆਬ ਦਾ ਪੁੱਤਰ ਅਤੇ ਓਨ ਪੇਲੇਥ ਦਾ ਪੁੱਤਰ, ਬੇਈਮਾਨ ਹੋ ਗਏ। ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਨਾਮੀ ਸਨ, ਮੋਸ਼ੇਹ ਦੇ ਵਿਰੁੱਧ ਉੱਠੇ। ਉਹ ਮੋਸ਼ੇਹ ਅਤੇ ਹਾਰੋਨ ਦਾ ਵਿਰੋਧ ਕਰਨ ਲਈ ਇੱਕ ਸਮੂਹ ਵਿੱਚ ਇਕੱਠੇ ਹੋ ਕੇ ਕਹਿਣ ਲਗੇ, “ਕਿ ਤੁਸੀਂ ਤਾਂ ਬਹੁਤ ਉੱਚਾ ਉੱਡਣ ਲੱਗ ਪਏ ਹੋ! ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਾਹਵੇਹ ਉਹਨਾਂ ਦੇ ਵਿੱਚਕਾਰ ਹੈ। ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਾਹਵੇਹ ਦੀ ਸਭਾ ਨਾਲੋਂ ਉੱਚਾ ਬਣਾਉਦੇ ਹੋ?”

ਜਦੋਂ ਮੋਸ਼ੇਹ ਨੇ ਇਹ ਸੁਣਿਆ ਤਾਂ ਉਹ ਮੂੰਹ ਭਾਰ ਡਿੱਗ ਗਿਆ। ਤਦ ਉਸ ਨੇ ਕੋਰਾਹ ਅਤੇ ਉਸ ਦੇ ਸਾਰੇ ਚੇਲਿਆਂ ਨੂੰ ਕਿਹਾ, “ਸਵੇਰੇ ਯਾਹਵੇਹ ਦਿਖਾਵੇਗਾ ਕਿ ਕੌਣ ਉਸਦਾ ਹੈ ਅਤੇ ਕੌਣ ਪਵਿੱਤਰ ਹੈ ਅਤੇ ਕਿਸ ਨੂੰ ਉਹ ਆਪਣੇ ਨੇੜੇ ਲਿਆਵੇਗਾ। ਜਿਸ ਆਦਮੀ ਨੂੰ ਉਹ ਚੁਣਦਾ ਹੈ ਉਹ ਉਸਨੂੰ ਨੇੜੇ ਲਿਆਵੇਗਾ। ਇਸ ਤਰ੍ਹਾਂ ਕਰੋ, ਕੋਰਾਹ ਅਤੇ ਉਸਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ, ਅਤੇ ਕੱਲ੍ਹ ਉਹਨਾਂ ਵਿੱਚ ਬਲਦੇ ਕੋਲੇ ਅਤੇ ਧੂਪ ਨੂੰ ਯਾਹਵੇਹ ਦੇ ਅੱਗੇ ਰੱਖੋ। ਉਹ ਮਨੁੱਖ ਜਿਸ ਨੂੰ ਯਾਹਵੇਹ ਚੁਣੇਗਾ, ਉਹੀ ਪਵਿੱਤਰ ਹੋਵੇਗਾ। ਹੁਣ ਹੇ ਲੇਵੀ ਦੇ ਘਰਾਣੇ, ਤੁਸੀਂ ਬਹੁਤ ਹੰਕਾਰੀ ਹੋ ਰਹੇ ਹੋ!”

ਮੋਸ਼ੇਹ ਨੇ ਕੋਰਾਹ ਨੂੰ ਵੀ ਆਖਿਆ, “ਹੇ ਲੇਵੀਓ, ਹੁਣ ਸੁਣੋ! ਕੀ ਤੁਹਾਡੇ ਲਈ ਇਹ ਕਾਫ਼ੀ ਨਹੀਂ ਹੈ ਕਿ ਇਸਰਾਏਲ ਦੇ ਪਰਮੇਸ਼ਵਰ ਨੇ ਤੁਹਾਨੂੰ ਇਸਰਾਏਲੀਆਂ ਦੇ ਬਾਕੀ ਲੋਕਾਂ ਤੋਂ ਵੱਖਰਾ ਕੀਤਾ ਹੈ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ ਕਿ ਤੁਸੀਂ ਯਾਹਵੇਹ ਦੇ ਡੇਰੇ ਵਿੱਚ ਸੇਵਾ ਕਰੋ ਅਤੇ ਮੰਡਲੀ ਦੇ ਅੱਗੇ ਖਲੋ ਕੇ ਉਹਨਾਂ ਦੀ ਸੇਵਾ ਕਰੋ? ਉਹ ਤੁਹਾਨੂੰ ਅਤੇ ਤੁਹਾਡੇ ਸਾਰੇ ਲੇਵੀਆਂ ਭਰਾਵਾਂ ਨੂੰ ਆਪਣੇ ਨੇੜੇ ਲਿਆਇਆ ਹੈ, ਪਰ ਹੁਣ ਤੁਸੀਂ ਵੀ ਜਾਜਕ ਬਣਨ ਦੀ ਕੋਸ਼ਿਸ਼ ਕਰ ਰਹੇ ਹੋ। ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਾਹਵੇਹ ਦੇ ਵਿਰੁੱਧ ਇਕੱਠੀ ਹੋਈ ਹੈ। ਹਾਰੋਨ ਕੌਣ ਹੈ ਜੋ ਤੂੰ ਉਸਦੇ ਵਿਰੁੱਧ ਬੁੜ-ਬੁੜ ਕਰੇ?”

ਤਦ ਮੋਸ਼ੇਹ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਹਨਾਂ ਨੇ ਕਿਹਾ, “ਅਸੀਂ ਨਹੀਂ ਆਵਾਂਗੇ! ਕੀ ਇਹ ਕਾਫ਼ੀ ਨਹੀਂ ਜੋ ਤੂੰ ਸਾਨੂੰ ਇਸ ਉਜਾੜ ਵਿੱਚ ਮਾਰਨ ਲਈ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚੋਂ ਕੱਢ ਲਿਆਇਆ ਹੈ? ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ-ਆਪ ਨੂੰ ਰਾਜਾ ਬਣਾਈ ਬੈਠਾ ਹੈ! ਇਸ ਤੋਂ ਇਲਾਵਾ, ਤੂੰ ਸਾਨੂੰ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚ ਨਹੀਂ ਲਿਆਂਦਾ ਨਾ ਤੂੰ ਸਾਨੂੰ ਖੇਤ ਅਤੇ ਅੰਗੂਰੀ ਬਾਗ਼ਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਹਨਾਂ ਬੰਦਿਆਂ ਨਾਲ ਗੁਲਾਮ ਵਰਗਾ ਸਲੂਕ ਕਰਨਾ ਚਾਹੁੰਦਾ ਹੈ? ਨਹੀਂ, ਅਸੀਂ ਨਹੀਂ ਆਵਾਂਗੇ!”

ਤਦ ਮੋਸ਼ੇਹ ਬਹੁਤ ਗੁੱਸੇ ਵਿੱਚ ਆਇਆ ਅਤੇ ਉਸਨੇ ਯਾਹਵੇਹ ਨੂੰ ਕਿਹਾ, “ਉਹਨਾਂ ਦੀ ਭੇਟ ਨੂੰ ਸਵੀਕਾਰ ਨਾ ਕਰ। ਮੈਂ ਉਹਨਾਂ ਤੋਂ ਇੱਕ ਗਧੀ ਵੀ ਨਹੀਂ ਲਈ, ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਦਾ ਬੁਰਾ ਕੀਤਾ ਹੈ।”

ਮੋਸ਼ੇਹ ਨੇ ਕੋਰਾਹ ਨੂੰ ਆਖਿਆ, “ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਯਾਹਵੇਹ ਦੇ ਸਾਹਮਣੇ ਪੇਸ਼ ਹੋਵੋ, ਤੂੰ ਅਤੇ ਉਹ ਅਤੇ ਹਾਰੋਨ। ਹਰੇਕ ਮਨੁੱਖ ਨੂੰ ਆਪਣਾ ਧੂਪਦਾਨ ਲੈ ਕੇ ਉਸ ਵਿੱਚ ਧੂਪ ਪਾਵੇ, ਕੁੱਲ ਮਿਲਾ ਕੇ 250 ਧੂਪਦਾਨ, ਤੂੰ ਵੀ ਅਤੇ ਹਾਰੋਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਾਹਵੇਹ ਅੱਗੇ ਲਿਆਵੇ।” ਸੋ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਧੂਪਦਾਨ ਲਿਆ ਅਤੇ ਉਸ ਵਿੱਚ ਬਲਦੇ ਕੋਲੇ ਅਤੇ ਧੂਪ ਪਾ ਕੇ ਮੋਸ਼ੇਹ ਅਤੇ ਹਾਰੋਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋ ਗਏ। ਜਦੋਂ ਕੋਰਾਹ ਨੇ ਆਪਣੀ ਸਾਰੀ ਟੋਲੀ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਉਹਨਾਂ ਦੇ ਵਿਰੋਧ ਵਿੱਚ ਇਕੱਠਾ ਕੀਤਾ, ਤਾਂ ਯਾਹਵੇਹ ਦਾ ਪਰਤਾਪ ਸਾਰੀ ਸਭਾ ਉੱਤੇ ਪਰਗਟ ਹੋਇਆ। ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਆਪਣੇ ਆਪ ਨੂੰ ਇਸ ਸਭਾ ਤੋਂ ਵੱਖ ਕਰੋ ਤਾਂ ਜੋ ਮੈਂ ਉਹਨਾਂ ਦਾ ਇੱਕੋ ਵਾਰੀ ਅੰਤ ਕਰ ਸਕਾਂ।”

ਪਰ ਮੋਸ਼ੇਹ ਅਤੇ ਹਾਰੋਨ ਨੇ ਮੂੰਹ ਭਾਰ ਡਿੱਗ ਕੇ ਆਖਿਆ, ਹੇ ਪਰਮੇਸ਼ਵਰ, ਜਿਹੜਾ ਸਭ ਜੀਵਾਂ ਨੂੰ ਸਾਹ ਦਿੰਦਾ ਹੈ, ਕੀ ਤੂੰ ਸਾਰੀ ਸਭਾ ਉੱਤੇ ਗੁੱਸੇ ਹੋਵੋਂਗੇ ਜਦੋਂ ਇੱਕ ਹੀ ਮਨੁੱਖ ਪਾਪ ਕਰੇ?

ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਸਭਾ ਨੂੰ ਆਖ, ‘ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਜਾਓ।’ ”

ਮੋਸ਼ੇਹ ਉੱਠਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਗਏ ਅਤੇ ਇਸਰਾਏਲ ਦੇ ਬਜ਼ੁਰਗ ਉਸਦੇ ਪਿੱਛੇ-ਪਿੱਛੇ ਗਏ। ਉਸ ਨੇ ਸਭਾ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ, “ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਪਿੱਛੇ ਹਟ ਜਾਓ! ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਨਾ ਛੂਹੋ, ਕਿਤੇ ਤੁਸੀਂ ਵੀ ਉਹਨਾਂ ਦੇ ਸਾਰੇ ਪਾਪਾਂ ਦੇ ਵਿੱਚ ਸਾਂਝੀ ਹੋਵੋ।” ਸੋ ਉਹ ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਗਏ। ਦਾਥਾਨ ਅਤੇ ਅਬੀਰਾਮ ਬਾਹਰ ਆ ਗਏ ਸਨ ਅਤੇ ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਨਾਲ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਸਨ।

ਤਦ ਮੋਸ਼ੇਹ ਨੇ ਕਿਹਾ, “ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਇਹ ਸਭ ਕੁਝ ਕਰਨ ਲਈ ਭੇਜਿਆ ਹੈ ਨਾ ਕਿ ਇਹ ਮੇਰਾ ਆਪਣੀ ਮਨ ਮਰਜ਼ੀ ਹੈ। ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾ ਮਨੁੱਖਾਂ ਵਾਲੀ ਹੋਵੇ, ਆਖ਼ਿਰ ਵਿੱਚ ਇਸ ਗੱਲ ਨੂੰ ਜਾਣੋ ਕਿ ਯਾਹਵੇਹ ਨੇ ਮੈਨੂੰ ਭੇਜਿਆ ਹੀ ਨਹੀਂ। ਪਰ ਜੇਕਰ ਯਾਹਵੇਹ ਕੋਈ ਨਵੀਂ ਚੀਜ਼ ਕਰੇ, ਅਤੇ ਧਰਤੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀ ਸਾਰੀ ਵਸਤੂ ਨੂੰ ਨਿਗਲ ਲਵੇ, ਅਤੇ ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਚਲੇ ਜਾਣ ਤਾਂ ਤੁਸੀਂ ਜਾਣੋ ਕਿ ਇਹਨਾਂ ਆਦਮੀਆਂ ਨੇ ਯਾਹਵੇਹ ਨਾਲ ਨਫ਼ਰਤ ਕੀਤੀ ਹੈ।”

ਜਿਵੇਂ ਹੀ ਉਹ ਇਹ ਸਭ ਕੁਝ ਕਹਿ ਹਟਿਆ ਤਾਂ ਉਹਨਾਂ ਦੇ ਹੇਠਲੀ ਜ਼ਮੀਨ ਫੱਟ ਗਈ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਕੋਰਾਹ ਦੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਾਲ-ਧਨ ਸਮੇਤ ਨਿਗਲ ਲਿਆ। ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਅਤੇ ਸਭ ਕੁਝ ਲੈ ਕੇ ਹੇਠਾਂ ਚਲੇ ਗਏ। ਧਰਤੀ ਉਹਨਾਂ ਉੱਤੇ ਬੰਦ ਹੋ ਗਈ, ਅਤੇ ਉਹ ਨਾਸ਼ ਹੋ ਗਏ ਅਤੇ ਸਮਾਜ ਵਿੱਚੋਂ ਚਲੇ ਗਏ। ਉਹਨਾਂ ਦੇ ਚੀਕਣ ਨਾਲ, ਆਲੇ-ਦੁਆਲੇ ਦੇ ਸਾਰੇ ਇਸਰਾਏਲੀ ਉੱਚੀ-ਉੱਚੀ ਬੋਲਦੇ ਹੋਏ ਭੱਜ ਗਏ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ!”

ਅਤੇ ਯਾਹਵੇਹ ਵੱਲੋਂ ਅੱਗ ਨਿੱਕਲ ਕੇ ਧੂਪ ਚੜ੍ਹਾਉਣ ਵਾਲੇ 250 ਮਨੁੱਖਾਂ ਨੂੰ ਭਸਮ ਕਰ ਗਈ।

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹ ਅੱਗ ਵਿੱਚੋਂ ਧੂਪ ਧੁਖਾਉਣ ਵਾਲੀਆਂ ਚੀਜ਼ਾਂ ਇਕੱਠੀਆਂ ਕਰੇ, ਕਿਉਂਕਿ ਉਹ ਪਵਿੱਤਰ ਹਨ। ਬਲਦੇ ਹੋਏ ਕੋਲਿਆਂ ਨੂੰ ਆਲੇ-ਦੁਆਲੇ ਖਿਲਾਰ ਦੇ। ਜਿਹਨਾਂ ਮਨੁੱਖਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂਕਿ ਉਹ ਯਾਹਵੇਹ ਦੇ ਅੱਗੇ ਪੇਸ਼ ਕੀਤੇ ਗਏ ਸਨ ਅਤੇ ਪਵਿੱਤਰ ਹੋ ਗਏ ਹਨ। ਉਹ ਇਸਰਾਏਲੀਆਂ ਲਈ ਇੱਕ ਨਿਸ਼ਾਨ ਹੋਵੇਗਾ।”

ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਇਕੱਠਾ ਕੀਤਾ ਜਿਹੜੇ ਭਸਮ ਹੋਵੇ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ। ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਉਸਨੂੰ ਨਿਰਦੇਸ਼ ਦਿੱਤਾ ਸੀ। ਇਹ ਇਸਰਾਏਲੀਆਂ ਲਈ ਯਾਦਗਾਰੀ ਲਈ ਹੋਵੇ, ਕਿ ਜੇ ਕੋਈ ਮਨੁੱਖ ਹਾਰੋਨ ਦੀ ਅੰਸ ਦਾ ਨਾ ਹੋਵੇ, ਉਹ ਯਾਹਵੇਹ ਅੱਗੇ ਧੂਪ ਧੁਖਾਉਣ ਲਈ ਨਾ ਆਵੇ, ਅਜਿਹਾ ਨਾ ਹੋਵੇ ਕਿ ਉਹ ਵੀ ਕੋਰਾਹ ਅਤੇ ਉਸਦੀ ਟੋਲੀ ਵਾਂਗ ਨਾਸ ਹੋ ਜਾਵੇ।

ਅਗਲੇ ਦਿਨ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੀ। ਉਹਨਾਂ ਨੇ ਕਿਹਾ, “ਤੁਸੀਂ ਯਾਹਵੇਹ ਦੇ ਲੋਕਾਂ ਨੂੰ ਮਾਰ ਦਿੱਤਾ ਹੈ।”

ਪਰ ਜਦੋਂ ਸਭਾ ਮੋਸ਼ੇਹ ਅਤੇ ਹਾਰੋਨ ਦੇ ਵਿਰੋਧ ਵਿੱਚ ਇਕੱਠੀ ਹੋਈ ਅਤੇ ਮੰਡਲੀ ਵਾਲੇ ਤੰਬੂ ਵੱਲ ਮੁੜੀ ਤਾਂ ਅਚਾਨਕ ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਾਹਵੇਹ ਦਾ ਪਰਤਾਪ ਪਰਗਟ ਹੋਇਆ। ਤਦ ਮੋਸ਼ੇਹ ਅਤੇ ਹਾਰੋਨ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਗਏ, ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸ ਸਭਾ ਵਿੱਚੋਂ ਦੂਰ ਹੋ ਜਾਂ ਤਾਂ ਜੋ ਮੈਂ ਇੱਕ ਵਾਰ ਵਿੱਚ ਉਹਨਾਂ ਦਾ ਅੰਤ ਕਰ ਸਕਾਂ” ਅਤੇ ਉਹ ਮੂਧੇ ਮੂੰਹ ਡਿੱਗ ਪਏ।

ਤਦ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਆਪਣਾ ਧੂਪਦਾਨ ਲੈ ਅਤੇ ਉਸ ਵਿੱਚ ਜਗਵੇਦੀ ਤੋਂ ਬਲਦੇ ਕੋਲਿਆਂ ਸਮੇਤ ਧੂਪ ਪਾ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਕੋਲ ਜਲਦੀ ਆ। ਕਿਉਂ ਜੋ ਯਾਹਵੇਹ ਦਾ ਕ੍ਰੋਧ ਭੜਕਿਆ ਹੈ; ਅਤੇ ਬਵਾ ਸ਼ੁਰੂ ਹੋ ਗਈ ਹੈ।” ਤਾਂ ਹਾਰੋਨ ਨੇ ਮੋਸ਼ੇਹ ਦੇ ਕਹੇ ਅਨੁਸਾਰ ਕੀਤਾ ਅਤੇ ਸਭਾ ਦੇ ਵਿੱਚਕਾਰ ਭੱਜ ਗਿਆ। ਲੋਕਾਂ ਵਿੱਚ ਬਵਾ ਸ਼ੁਰੂ ਹੋ ਚੁੱਕੀ ਸੀ, ਪਰ ਹਾਰੋਨ ਨੇ ਧੂਪ ਧੁਖਾਈ ਅਤੇ ਉਹਨਾਂ ਲਈ ਪ੍ਰਾਸਚਿਤ ਕੀਤਾ। ਉਹ ਜਿਉਂਦਿਆਂ ਅਤੇ ਮੁਰਦਿਆਂ ਦੇ ਵਿੱਚਕਾਰ ਖੜ੍ਹਾ ਹੋ ਗਿਆ ਅਤੇ ਬਵਾ ਰੁਕ ਗਈ। ਪਰ ਕੋਰਾਹ ਦੇ ਕਾਰਨ ਮਰਨ ਵਾਲਿਆਂ ਤੋਂ ਇਲਾਵਾ 14,700 ਲੋਕ ਬਵਾ ਨਾਲ ਮਰੇ। ਤਦ ਹਾਰੋਨ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਮੋਸ਼ੇਹ ਕੋਲ ਮੁੜਿਆ ਕਿਉਂ ਜੋ ਬਵਾ ਰੁੱਕ ਗਈ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.