Skip to content
BibleKenya

Biblica® Open Punjabi Contemporary Version 2025

ਗਿਣਤੀ 14

ਇਸਰਾਏਲੀਆਂ ਦਾ ਬੁੜਬੁੜਾਉਣ

ਉਸ ਰਾਤ ਮੰਡਲੀ ਦੇ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗੇ। ਸਾਰੇ ਇਸਰਾਏਲੀ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੇ ਅਤੇ ਸਾਰੀ ਸਭਾ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਦੇਸ਼ ਵਿੱਚ ਮਰ ਗਏ ਹੁੰਦੇ! ਜਾਂ ਇਸ ਉਜਾੜ ਵਿੱਚ! ਯਾਹਵੇਹ ਸਾਨੂੰ ਇਸ ਧਰਤੀ ਉੱਤੇ ਕਿਉਂ ਲਿਆਇਆ ਕਿ ਅਸੀਂ ਤਲਵਾਰ ਨਾਲ ਮਾਰੇ ਜਾਈਏ? ਸਾਡੀਆਂ ਪਤਨੀਆਂ ਅਤੇ ਬੱਚੇ ਲੁੱਟੇ ਜਾਣ। ਕੀ ਸਾਡੇ ਲਈ ਮਿਸਰ ਵਾਪਸ ਜਾਣਾ ਬਿਹਤਰ ਨਹੀਂ ਹੋਵੇਗਾ?” ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਇੱਕ ਆਗੂ ਚੁਣ ਕੇ ਅਤੇ ਮਿਸਰ ਨੂੰ ਵਾਪਸ ਚੱਲੀਏ।”

ਤਦ ਮੋਸ਼ੇਹ ਅਤੇ ਹਾਰੋਨ ਉੱਥੇ ਇਕੱਠੀ ਹੋਈ ਇਸਰਾਏਲੀਆਂ ਦੀ ਸਾਰੀ ਸਭਾ ਦੇ ਸਾਹਮਣੇ ਮੂੰਹ ਭਾਰ ਡਿੱਗ ਪਏ। ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਜਿਹੜੇ ਦੇਸ਼ ਦੀ ਖੋਜ ਕੀਤੀ ਸੀ, ਆਪਣੇ ਕੱਪੜੇ ਪਾੜ ਦਿੱਤੇ। ਅਤੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜਿਸ ਧਰਤੀ ਵਿੱਚੋਂ ਅਸੀਂ ਲੰਘੇ ਅਤੇ ਖੋਜ ਕੀਤੀ ਉਹ ਬਹੁਤ ਵਧੀਆ ਹੈ। ਜੇਕਰ ਯਾਹਵੇਹ ਸਾਡੇ ਉੱਤੇ ਪ੍ਰਸੰਨ ਹੁੰਦਾ ਹੈ, ਤਾਂ ਉਹ ਸਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ ਅਤੇ ਉਹ ਸਾਨੂੰ ਦੇ ਦੇਵੇਗਾ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ। ਸਿਰਫ ਯਾਹਵੇਹ ਦੇ ਵਿਰੁੱਧ ਬਗਾਵਤ ਨਾ ਕਰੋ, ਅਤੇ ਦੇਸ਼ ਦੇ ਲੋਕਾਂ ਤੋਂ ਨਾ ਡਰੋ ਕਿਉਂ ਜੋ ਉਹ ਸਾਰੇ ਮਾਮੂਲੀ ਹਨ। ਉਹਨਾਂ ਦੀ ਸੁਰੱਖਿਆ ਖਤਮ ਹੋ ਗਈ ਹੈ ਪਰ ਯਾਹਵੇਹ ਸਾਡੇ ਨਾਲ ਹੈ, ਉਹਨਾਂ ਤੋਂ ਨਾ ਡਰੋ।”

ਪਰ ਸਾਰੀ ਸਭਾ ਨੇ ਉਹਨਾਂ ਨੂੰ ਪੱਥਰ ਮਾਰਨ ਦੀ ਗੱਲ ਕੀਤੀ। ਤਦ ਯਾਹਵੇਹ ਦਾ ਪਰਤਾਪ ਸਾਰੇ ਇਸਰਾਏਲੀਆਂ ਦੇ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਇਆ। ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਕਦ ਤੱਕ ਇਹ ਲੋਕ ਮੇਰਾ ਨਿਰਾਦਰ ਕਰਦੇ ਰਹਿਣਗੇ? ਉਹ ਕਦ ਤੱਕ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਰਹਿਣਗੇ, ਜਦਕਿ ਮੈਂ ਇਹਨਾਂ ਵਿਚਕਾਰ ਅਨੇਕ ਚਿੰਨ੍ਹ ਅਤੇ ਚਮਤਕਾਰ ਵਿਖਾਏ? ਮੈਂ ਉਹਨਾਂ ਨੂੰ ਬਵਾ ਨਾਲ ਮਾਰ ਦਿਆਂਗਾ ਅਤੇ ਉਹਨਾਂ ਨੂੰ ਬਾਹਰ ਕੱਢ ਦੇਵਾਂਗਾ, ਪਰ ਮੈਂ ਤੁਹਾਨੂੰ ਉਹਨਾਂ ਨਾਲੋਂ ਵੱਡੀ ਅਤੇ ਤਾਕਤਵਰ ਕੌਮ ਬਣਾਵਾਂਗਾ।”

ਮੋਸ਼ੇਹ ਨੇ ਯਾਹਵੇਹ ਨੂੰ ਆਖਿਆ, “ਫਿਰ ਮਿਸਰੀ ਇਸ ਬਾਰੇ ਸੁਣਨਗੇ! ਤੁਸੀਂ ਆਪਣੀ ਸ਼ਕਤੀ ਨਾਲ ਇਨ੍ਹਾਂ ਲੋਕਾਂ ਨੂੰ ਉਹਨਾਂ ਵਿੱਚੋਂ ਕੱਢ ਲਿਆਦਾਂ। ਅਤੇ ਉਹ ਇਸ ਧਰਤੀ ਦੇ ਵਾਸੀਆਂ ਨੂੰ ਇਸ ਬਾਰੇ ਦੱਸਣਗੇ। ਉਹਨਾਂ ਨੇ ਪਹਿਲਾਂ ਹੀ ਸੁਣਿਆ ਹੈ ਕਿ ਤੂੰ, ਯਾਹਵੇਹ, ਇਨ੍ਹਾਂ ਲੋਕਾਂ ਦੇ ਨਾਲ ਹੈ ਅਤੇ ਤੂੰ ਯਾਹਵੇਹ ਇਹਨਾਂ ਨੂੰ, ਆਹਮੋ-ਸਾਹਮਣੇ ਦਿਖਾਈ ਦਿੰਦਾ ਹੈ, ਅਤੇ ਤੇਰਾ ਬੱਦਲ ਉਹਨਾਂ ਉੱਤੇ ਰਹਿੰਦਾ ਹੈ, ਅਤੇ ਤੂੰ ਉਹਨਾਂ ਦੇ ਅੱਗੇ-ਅੱਗੇ ਚਲਦਾ ਹੈ, ਦਿਨ ਨੂੰ ਬੱਦਲ ਦਾ ਇੱਕ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਇੱਕ ਥੰਮ੍ਹ। ਜੇ ਤੂੰ ਇਨ੍ਹਾਂ ਸਾਰੇ ਲੋਕਾਂ ਨੂੰ ਮਾਰ ਸੁੱਟੇ ਅਤੇ ਇੱਕ ਨੂੰ ਵੀ ਜੀਉਂਦਾ ਨਾ ਛੱਡੇ, ਤਾਂ ਜਿਨ੍ਹਾਂ ਕੌਮਾਂ ਨੇ ਤੇਰੇ ਬਾਰੇ ਇਹ ਖ਼ਬਰ ਸੁਣੀ ਹੈ ਉਹ ਆਖਣਗੀਆਂ, ‘ਯਾਹਵੇਹ ਇਨ੍ਹਾਂ ਲੋਕਾਂ ਨੂੰ ਉਸ ਦੇਸ਼ ਵਿੱਚ ਲਿਆਉਣ ਦੇ ਯੋਗ ਨਹੀਂ ਸੀ ਜਿਸਦਾ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਸਨੇ ਉਹਨਾਂ ਨੂੰ ਉਜਾੜ ਵਿੱਚ ਵੱਢ ਸੁੱਟਿਆ।’

“ਪਰ ਹੁਣ ਮੇਰੇ ਯਾਹਵੇਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਤੁਹਾਡੀ ਸ਼ਕਤੀ ਦੀ ਮਹਿਮਾ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ। ‘ਯਾਹਵੇਹ ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਵਿੱਚ ਭਰਪੂਰ ਅਤੇ ਪਾਪ ਅਤੇ ਕੁਧਰਮ ਨੂੰ ਮਾਫ਼ ਕਰਨ ਵਾਲਾ ਹੈ। ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ ਅਤੇ ਉਹ ਪਿਤਾ ਦੇ ਕੁਧਰਮ ਦਾ ਬਦਲਾ ਉਹਨਾਂ ਦੇ ਬੱਚਿਆਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ।’ ਆਪਣੇ ਮਹਾਨ ਪ੍ਰੇਮ ਦੇ ਅਨੁਸਾਰ, ਇਨ੍ਹਾਂ ਲੋਕਾਂ ਦੇ ਪਾਪ ਨੂੰ ਮਾਫ਼ ਕਰ, ਜਿਵੇਂ ਤੂੰ ਉਹਨਾਂ ਨੂੰ ਮਿਸਰ ਛੱਡਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮਾਫ਼ ਕੀਤਾ ਹੈ।”

ਯਾਹਵੇਹ ਨੇ ਉੱਤਰ ਦਿੱਤਾ, “ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ, ਜਿਵੇਂ ਤੂੰ ਕਿਹਾ ਸੀ। ਤਾਂ ਵੀ, ਜਿਵੇਂ ਮੈਂ ਜੀਉਂਦਾ ਹਾਂ ਅਤੇ ਜਿਵੇਂ ਕਿ ਯਾਹਵੇਹ ਦਾ ਪਰਤਾਪ ਸਾਰੀ ਧਰਤੀ ਨੂੰ ਭਰ ਦਿੰਦਾ ਹੈ, ਉਹਨਾਂ ਵਿੱਚੋਂ ਇੱਕ ਵੀ ਨਹੀਂ ਜਿਨ੍ਹਾਂ ਨੇ ਮੇਰੀ ਮਹਿਮਾ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਵਿਖਾਏ। ਪਰ ਜਿਸ ਨੇ ਮੇਰੀ ਅਣ-ਆਗਿਆਕਾਰੀ ਕੀਤੀ ਅਤੇ ਮੈਨੂੰ ਦਸ ਵਾਰ ਪਰਖਿਆ, ਉਹਨਾਂ ਵਿੱਚੋਂ ਇੱਕ ਵੀ ਉਸ ਧਰਤੀ ਨੂੰ ਕਦੇ ਨਹੀਂ ਵੇਖੇਗਾ ਜਿਸਦਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਕੋਈ ਵੀ ਜਿਸ ਨੇ ਮੇਰਾ ਅਪਮਾਨ ਕੀਤਾ ਹੈ ਉਹ ਇਸ ਨੂੰ ਕਦੇ ਨਹੀਂ ਦੇਖੇਗਾ। ਪਰ ਕਿਉਂਕਿ ਮੇਰੇ ਸੇਵਕ ਕਾਲੇਬ ਵਿੱਚ ਵੱਖਰਾ ਆਤਮਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਚਲਦਾ ਹੈ, ਇਸ ਲਈ ਮੈਂ ਉਹ ਨੂੰ ਉਸ ਦੇਸ਼ ਵਿੱਚ ਲਿਆਵਾਂਗਾ ਜਿਸ ਵਿੱਚ ਉਹ ਗਿਆ ਸੀ ਅਤੇ ਉਹ ਦੇ ਉੱਤਰਾਧਿਕਾਰੀ ਉਹ ਦੇ ਵਾਰਸ ਹੋਣਗੇ। ਕਿਉਂਕਿ ਅਮਾਲੇਕੀ ਅਤੇ ਕਨਾਨੀ ਵਾਦੀਆਂ ਵਿੱਚ ਰਹਿੰਦੇ ਹਨ, ਤੁਸੀਂ ਕੱਲ੍ਹ ਨੂੰ ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲੋ।”

ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਇਹ ਦੁਸ਼ਟ ਕੌਮ ਕਦੋਂ ਤੱਕ ਮੇਰੇ ਵਿਰੁੱਧ ਬੁੜਬੁੜਾਉਂਦੀ ਰਹੇਗੀ? ਮੈਂ ਇਨ੍ਹਾਂ ਬੁੜਬੁੜਾਉਣ ਵਾਲੇ ਇਸਰਾਏਲੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ। ਇਸ ਲਈ ਉਹਨਾਂ ਨੂੰ ਆਖੋ, ‘ਯਾਹਵੇਹ ਦਾ ਵਾਕ ਹੈ, ਮੈਨੂੰ ਜਾਨ ਦੀ ਸਹੁੰ, ਮੈਂ ਤੁਹਾਡੇ ਨਾਲ ਉਹੀ ਕਰਾਂਗਾ ਜੋ ਮੈਂ ਤੁਹਾਨੂੰ ਕਹਿੰਦੇ ਸੁਣਿਆ ਹੈ: ਇਸ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ। ਤੁਸੀਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਜੋ ਮਰਦਮਸ਼ੁਮਾਰੀ ਵਿੱਚ ਗਿਣਿਆ ਗਿਆ ਸੀ ਅਤੇ ਜਿਸ ਨੇ ਮੇਰੇ ਵਿਰੁੱਧ ਬੁੜ-ਬੁੜ ਕੀਤੀ ਹੈ। ਤੁਹਾਡੇ ਵਿੱਚੋਂ ਕੋਈ ਵੀ ਉਸ ਦੇਸ਼ ਵਿੱਚ ਨਾ ਵੜੇਗਾ ਜਿਸ ਵਿੱਚ ਮੈਂ ਹੱਥ ਚੁੱਕ ਕੇ ਤੁਹਾਡੇ ਘਰ ਬਣਾਉਣ ਦੀ ਸਹੁੰ ਖਾਧੀ ਸੀ, ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਦੇ। ਜਿੱਥੇ ਤੱਕ ਤੁਹਾਡੇ ਬੱਚਿਆ ਲਈ ਜੋ ਤੁਸੀਂ ਕਿਹਾ ਸੀ ਕਿ ਲੁੱਟ ਲਿਆ ਜਾਵੇਗਾ, ਮੈਂ ਉਹਨਾਂ ਨੂੰ ਉਸ ਧਰਤੀ ਦਾ ਅਨੰਦ ਲੈਣ ਲਈ ਲਿਆਵਾਂਗਾ ਜਿਸ ਨੂੰ ਤੁਸੀਂ ਰੱਦ ਕੀਤਾ ਹੈ। ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗਣਗੀਆਂ। ਤੁਹਾਡੇ ਬੱਚੇ ਚਾਲੀ ਸਾਲਾਂ ਤੱਕ ਇੱਥੇ ਚਰਵਾਹੇ ਹੋਣਗੇ ਅਤੇ ਤੁਹਾਡੀ ਬੇਵਫ਼ਾਈ ਦੇ ਕਾਰਨ ਦੁੱਖ ਝੱਲਦੇ ਰਹਿਣਗੇ, ਜਦੋਂ ਤੱਕ ਤੁਹਾਡੀਆਂ ਲਾਸ਼ਾਂ ਦਾ ਅੰਤ ਉਜਾੜ ਵਿੱਚ ਨਾ ਹੋ ਜਾਵੇ। ਉਹਨਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!’ ਮੈਂ ਯਾਹਵੇਹ, ਬੋਲਿਆ ਹਾਂ, ਮੈਂ ਇਹ ਗੱਲਾਂ ਇਸ ਸਾਰੀ ਦੁਸ਼ਟ ਮੰਡਲੀ ਨਾਲ ਜ਼ਰੂਰ ਕਰਾਂਗਾ, ਜੋ ਮੇਰੇ ਵਿਰੁੱਧ ਇਕੱਠੇ ਹੋਏ ਹਨ। ਉਹ ਇਸ ਉਜਾੜ ਵਿੱਚ ਆਪਣਾ ਅੰਤ ਪੂਰਾ ਕਰਨਗੇ, ਇੱਥੇ ਉਹ ਮਰ ਜਾਣਗੇ।”

ਸੋ ਮੋਸ਼ੇਹ ਨੇ ਜਿਨ੍ਹਾਂ ਮਨੁੱਖਾਂ ਨੂੰ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ, ਉਹ ਵਾਪਸ ਪਰਤ ਆਏ ਅਤੇ ਸਾਰੀ ਕੌਮ ਦੇ ਵਿੱਚ ਬੁਰੀ ਖ਼ਬਰ ਫੈਲਾਈ ਕਿ ਉਹ ਮੋਸ਼ੇਹ ਦੇ ਵਿਰੁੱਧ ਬੁੜ-ਬੁੜਾਉਣ। ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਫੈਲਾਉਣ ਦੇ ਜ਼ਿੰਮੇਵਾਰ ਸਨ, ਯਾਹਵੇਹ ਦੇ ਸਾਹਮਣੇ ਮਹਾਂਮਾਰੀ ਨਾਲ ਮਰ ਗਏ। ਜਿਹੜੇ ਮਨੁੱਖ ਧਰਤੀ ਦੀ ਖੋਜ ਕਰਨ ਲਈ ਗਏ ਸਨ, ਉਹਨਾਂ ਵਿੱਚੋਂ ਸਿਰਫ ਨੂਨ ਦਾ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦਾ ਪੁੱਤਰ ਕਾਲੇਬ ਬਚੇ ਸਨ।

ਜਦੋਂ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਬਹੁਤ ਵਿਰਲਾਪ ਕੀਤਾ। ਅਗਲੀ ਸਵੇਰ ਉਹ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਲਈ ਰਵਾਨਾ ਹੋਏ ਅਤੇ ਕਿਹਾ, “ਹੁਣ ਅਸੀਂ ਉਸ ਧਰਤੀ ਉੱਤੇ ਜਾਣ ਲਈ ਤਿਆਰ ਹਾਂ ਜਿਸਦਾ ਯਾਹਵੇਹ ਨੇ ਵਾਅਦਾ ਕੀਤਾ ਸੀ। ਯਕੀਨਨ ਅਸੀਂ ਪਾਪ ਕੀਤਾ ਹੈ!”

ਪਰ ਮੋਸ਼ੇਹ ਨੇ ਆਖਿਆ, “ਤੁਸੀਂ ਯਾਹਵੇਹ ਦੇ ਹੁਕਮ ਦੀ ਉਲੰਘਣਾ ਕਿਉਂ ਕਰ ਰਹੇ ਹੋ? ਇਹ ਸਫਲ ਨਹੀਂ ਹੋਵੇਗਾ! ਉੱਪਰ ਨਾ ਜਾਓ ਕਿਉਂਕਿ ਯਾਹਵੇਹ ਤੁਹਾਡੇ ਨਾਲ ਨਹੀਂ ਹੈ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓ, ਕਿਉਂਕਿ ਉੱਥੇ ਅਮਾਲੇਕੀਆਂ ਅਤੇ ਕਨਾਨੀਆਂ ਦਾ ਸਾਹਮਣਾ ਤੁਹਾਡੇ ਨਾਲ ਹੋਵੇਗਾ ਕਿਉਂਕਿ ਤੁਸੀਂ ਯਾਹਵੇਹ ਤੋਂ ਮੂੰਹ ਮੋੜ ਲਿਆ ਹੈ, ਉਹ ਤੁਹਾਡੇ ਨਾਲ ਨਹੀਂ ਰਹੇਗਾ ਅਤੇ ਤੁਸੀਂ ਤਲਵਾਰ ਨਾਲ ਡਿੱਗ ਜਾਓਗੇ।”

ਤਾਂ ਵੀ, ਉਹ ਆਪਣੀ ਧਾਰਣਾ ਵਿੱਚ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਵੱਲ ਚਲੇ ਗਏ, ਭਾਵੇਂ ਨਾ ਤਾਂ ਮੋਸ਼ੇਹ ਅਤੇ ਨਾ ਹੀ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਤੋਂ ਹਟਿਆ। ਤਦ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜੀ ਦੇਸ਼ ਵਿੱਚ ਰਹਿੰਦੇ ਸਨ ਉੱਤਰ ਆਏ ਅਤੇ ਉਹਨਾਂ ਉੱਤੇ ਹਮਲਾ ਕੀਤਾ ਅਤੇ ਹੋਰਮਾਹ ਤੱਕ ਉਹਨਾਂ ਨੂੰ ਮਾਰਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.