Skip to content
BibleKenya

Biblica® Open Punjabi Contemporary Version 2025

ਲੇਵਿਆਂ 14

ਚਮੜੀ ਦੇ ਰੋਗਾਂ ਨੂੰ ਪਲੀਤ ਕਰਨ ਤੋਂ ਸਾਫ਼ ਕਰਨਾ

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਕਿਸੇ ਵੀ ਰੋਗੀ ਵਿਅਕਤੀ ਨੂੰ ਉਸ ਦੀ ਰਸਮੀ ਸ਼ੁੱਧਤਾ ਦੇ ਸਮੇਂ, ਜਦੋਂ ਉਹ ਜਾਜਕ ਕੋਲ ਲਿਆਏ ਜਾਂਦੇ ਹਨ ਤਾਂ ਇਹ ਨਿਯਮ ਹਨ: ਜਾਜਕ ਡੇਰੇ ਤੋਂ ਬਾਹਰ ਜਾਵੇ ਅਤੇ ਉਹਨਾਂ ਦੀ ਜਾਂਚ ਕਰੇ। ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ, ਤਾਂ ਜਾਜਕ ਉਸਨੂੰ ਜੋ ਚੰਗਾ ਹੋ ਗਿਆ ਹੋਵੇ ਹੁਕਮ ਦੇਵੇ ਕਿ ਦੋ ਜੀਵਤ ਸ਼ੁੱਧ ਪੰਛੀ ਅਤੇ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਲਿਆਵੇ। ਤਦ ਜਾਜਕ ਕਿਸੇ ਪੰਛੀਆਂ ਵਿੱਚੋਂ ਇੱਕ ਨੂੰ ਵਗਦੇ ਪਾਣੀ ਦੇ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿੱਚ ਵੱਢਣ ਦਾ ਹੁਕਮ ਦੇਵੇ। ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵਗਦੇ ਪਾਣੀ ਉੱਤੇ ਵੱਢਿਆ ਗਿਆ ਸੀ। ਅਤੇ ਉਹ ਉਸ ਦੇ ਉੱਤੇ ਜੋ ਕੋੜ੍ਹ ਤੋਂ ਸ਼ੁੱਧ ਹੋਣ ਵਾਲਾ ਹੈ, ਸੱਤ ਵਾਰ ਛਿੜਕੇ ਅਤੇ ਉਸ ਨੂੰ ਸ਼ੁੱਧ ਠਹਿਰਾਵੇ ਅਤੇ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ।

“ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਆਪਣੇ ਕੱਪੜੇ ਧੋਣ, ਆਪਣੇ ਸਾਰੇ ਵਾਲ ਕਟਵਾਉਣ ਅਤੇ ਪਾਣੀ ਨਾਲ ਨਹਾਉਣ ਤਦ ਉਹ ਰਸਮੀ ਤੌਰ ਤੇ ਸ਼ੁੱਧ ਹੋ ਜਾਣਗੇ। ਇਸ ਤੋਂ ਬਾਅਦ ਉਹ ਡੇਰੇ ਵਿੱਚ ਆ ਸਕਦੇ ਹਨ, ਪਰ ਉਹ ਸੱਤ ਦਿਨਾਂ ਤੱਕ ਆਪਣੇ ਤੰਬੂ ਤੋਂ ਬਾਹਰ ਰੱਖਣ। ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ, ਆਪਣੇ ਭਰਵੱਟੇ ਅਤੇ ਬਾਕੀ ਦੇ ਵਾਲ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਪਾਣੀ ਨਾਲ ਨਹਾਉਣ, ਤਦ ਉਹ ਸ਼ੁੱਧ ਹੋ ਜਾਣਗੇ।

“ਅੱਠਵੇਂ ਦਿਨ ਉਹ ਦੋ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣ, ਹਰ ਇੱਕ ਦੋਸ਼ ਰਹਿਤ ਹੋਵੇ, ਅਤੇ ਅਨਾਜ ਦੀ ਭੇਟ ਲਈ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਗਏ ਉੱਤਮ ਆਟੇ ਦੇ ਤਿੰਨ-ਦਸਵੇਂ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ। ਜਿਹੜਾ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਉਂਦਾ ਹੈ, ਉਹ ਪਵਿੱਤਰ ਕੀਤੇ ਜਾਣ ਵਾਲੇ ਨੂੰ ਅਤੇ ਉਹਨਾਂ ਦੀਆਂ ਭੇਟਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਯਾਹਵੇਹ ਦੇ ਅੱਗੇ ਪੇਸ਼ ਕਰੇ।

“ਫ਼ੇਰ ਜਾਜਕ ਲੇਲੇ ਵਿੱਚੋਂ ਇੱਕ ਨੂੰ ਲੈ ਕੇ ਉਸਨੂੰ ਦੋਸ਼ ਦੀ ਭੇਟ ਵਜੋਂ ਚੜ੍ਹਾਵੇ ਅਤੇ ਉਹ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ। ਉਹ ਪਵਿੱਤਰ ਸਥਾਨ ਵਿੱਚ ਲੇਲੇ ਨੂੰ ਵੱਢਣ ਜਿੱਥੇ ਪਾਪ ਦੀ ਭੇਟ ਅਤੇ ਹੋਮ ਬਲੀ ਨੂੰ ਵੱਢਿਆ ਜਾਂਦਾ ਹੈ ਕਿਉਂਕਿ ਜਿਵੇਂ ਪਾਪ ਬਲੀ1 ਦੀ ਭੇਟ ਜਾਜਕ ਦੀ ਹੈ ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਇਹ ਅੱਤ ਪਵਿੱਤਰ ਹੈ। ਜਾਜਕ ਦੋਸ਼ ਦੀ ਭੇਟ ਦੇ ਲਹੂ ਵਿੱਚੋਂ ਕੁਝ ਲਵੇ ਅਤੇ ਇਸਨੂੰ ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ। ਫ਼ੇਰ ਜਾਜਕ ਨੂੰ ਤੇਲ ਦਾ ਕੁਝ ਹਿੱਸਾ ਲੈ ਕੇ, ਅਤੇ ਇਸਨੂੰ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਡੋਲ੍ਹਣ ਦੇਵੇ। ਜਾਜਕ ਆਪਣੀ ਸੱਜੀ ਉਂਗਲੀ ਨੂੰ ਆਪਣੀ ਹਥੇਲੀ ਦੇ ਤੇਲ ਵਿੱਚ ਡੁਬੋ ਕੇ, ਅਤੇ ਆਪਣੀ ਉਂਗਲੀ ਨਾਲ ਇਸ ਵਿੱਚੋਂ ਕੁਝ ਨੂੰ ਯਾਹਵੇਹ ਦੇ ਅੱਗੇ ਸੱਤ ਵਾਰੀ ਛਿੜਕੇ। ਜਾਜਕ ਨੂੰ ਆਪਣੀ ਹਥੇਲੀ ਵਿੱਚ ਬਚੇ ਹੋਏ ਤੇਲ ਵਿੱਚੋਂ ਕੁਝ ਨੂੰ ਸ਼ੁੱਧ ਕੀਤੇ ਜਾਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਹਨਾਂ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ। ਜੋ ਤੇਲ ਜਾਜਕ ਦੇ ਹੱਥ ਵਿੱਚ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ੍ਹ ਦੇਵੇ ਅਤੇ ਜਾਜਕ ਉਸ ਦੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ।

“ਫਿਰ ਜਾਜਕ ਪਾਪ ਦੀ ਭੇਟ ਦੀ ਬਲੀ ਚੜ੍ਹਾਵੇ ਅਤੇ ਪ੍ਰਾਸਚਿਤ ਕਰੇ ਤਾਂ ਜੋ ਉਸ ਵਿਅਕਤੀ ਨੂੰ ਉਹਨਾਂ ਦੀ ਅਸ਼ੁੱਧਤਾ ਤੋਂ ਸ਼ੁੱਧ ਕੀਤਾ ਜਾ ਸਕੇ। ਉਸ ਤੋਂ ਬਾਅਦ, ਜਾਜਕ ਹੋਮ ਦੀ ਭੇਟ ਨੂੰ ਵੱਢ ਦੇਵੇ, ਅਤੇ ਜਾਜਕ ਜਗਵੇਦੀ ਉੱਤੇ ਹੋਮ ਬਲੀ ਦੀ ਭੇਟ ਅਤੇ ਅਨਾਜ਼ ਦੀ ਭੇਟ ਚੜ੍ਹਾਵੇ ਅਤੇ ਉਹਨਾਂ ਲਈ ਪ੍ਰਾਸਚਿਤ ਕਰੇ ਤਾਂ ਉਹ ਸ਼ੁੱਧ ਹੋ ਜਾਣਗੇ।

“ਜੇਕਰ ਉਹ ਕੰਗਾਲ ਹੋਵੇ ਅਤੇ ਇਨ੍ਹਾਂ ਸਭਨਾਂ ਵਿੱਚੋਂ ਕੁਝ ਨਾ ਲਿਆ ਸਕੇ ਤਾਂ ਉਹ ਆਪਣੇ ਲਈ ਪ੍ਰਾਸਚਿਤ ਕਰਨ ਲਈ ਦੋਸ਼ ਬਲੀ ਦੇ ਲਈ ਇੱਕ ਲੇਲਾ ਹਿਲਾਉਣ ਦੀ ਭੇਟ ਕਰਕੇ, ਅਤੇ ਤੇਲ ਰਲਿਆ ਹੋਇਆ ਏਫਾਹ ਦਾ ਦਸਵਾਂ ਹਿੱਸਾ2 ਮੈਦਾ, ਮੈਦੇ ਦੀ ਭੇਟ ਲਈ ਅਤੇ ਇੱਕ ਪਾਉ ਤੇਲ ਲਿਆਵੇ, ਅਤੇ ਦੋ ਘੁੱਗੀਆਂ ਜਾਂ ਦੋ ਕਬੂਤਰ ਇੱਕ ਪਾਪ ਦੀ ਭੇਟ ਲਈ ਅਤੇ ਇੱਕ ਹੋਮ ਦੀ ਭੇਟ ਲਈ; ਉਸਨੂੰ ਇਨ੍ਹਾਂ ਵਿੱਚੋਂ ਜੋ ਵੀ ਦੇ ਸਕਦਾ ਹੈ, ਉਹ ਲੈ ਲੈਣਾ ਚਾਹੀਦਾ ਹੈ।

“ਅੱਠਵੇਂ ਦਿਨ ਉਹਨਾਂ ਨੂੰ ਆਪਣੀ ਸ਼ੁੱਧਤਾ ਲਈ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ, ਯਾਹਵੇਹ ਦੇ ਅੱਗੇ ਲਿਆਉਣਾ ਚਾਹੀਦਾ ਹੈ। ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਾਹਵੇਹ ਦੇ ਅੱਗੇ ਹਿਲਾਵੇ। ਜਾਜਕ ਦੋਸ਼ ਦੀ ਭੇਟ ਲਈ ਲੇਲੇ ਨੂੰ ਵੱਢੇ ਅਤੇ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਸ਼ੁੱਧ ਕੀਤੇ ਜਾਣ ਵਾਲੇ ਦੇ ਸੱਜੇ ਕੰਨ ਦੀ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਹਨਾਂ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ। ਜਾਜਕ ਨੂੰ ਕੁਝ ਤੇਲ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਪਾਵੇ। ਅਤੇ ਜਾਜਕ ਆਪਣੀ ਸੱਜੀ ਉਂਗਲੀ ਨਾਲ ਆਪਣੀ ਹਥੇਲੀ ਵਿੱਚੋਂ ਕੁਝ ਤੇਲ ਨੂੰ ਯਾਹਵੇਹ ਅੱਗੇ ਸੱਤ ਵਾਰ ਛਿੜਕੇ। ਫਿਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ। ਅਤੇ ਬਾਕੀ ਦਾ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸਨੂੰ ਉਹ ਸ਼ੁੱਧ ਹੋਣ ਵਾਲੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ। ਫਿਰ ਉਹ ਕਬੂਤਰਾਂ ਜਾਂ ਘੁੱਗੀਆਂ ਦੇ ਬੱਚਿਆਂ ਵਿੱਚੋਂ ਜੋ ਇਹ ਲਿਆ ਸਕਿਆ, ਕਿਸੇ ਇੱਕ ਨੂੰ ਚੜ੍ਹਾਵੇ, ਇੱਕ ਪਾਪ ਦੀ ਭੇਟ ਵਜੋਂ ਅਤੇ ਦੂਸਰਾ ਹੋਮ ਦੀ ਭੇਟ ਵਜੋਂ, ਅਨਾਜ ਦੀ ਭੇਟ ਦੇ ਸਮੇਤ ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ।”

ਇਹ ਨਿਯਮ ਹਰ ਉਸ ਵਿਅਕਤੀ ਲਈ ਹਨ ਜਿਨ੍ਹਾਂ ਨੂੰ ਚਮੜੀ ਦੀ ਅਸ਼ੁੱਧ ਬੀਮਾਰੀ ਹੈ ਅਤੇ ਜੋ ਆਪਣੀ ਸ਼ੁੱਧਤਾ ਲਈ ਨਿਯਮਤ ਭੇਟਾਂ ਨੂੰ ਲਿਆ ਸਕੇ।

ਘਰ ਵਿੱਚ ਲੱਗੀ ਉੱਲੀ ਦੇ ਲਈ ਨਿਯਮ

ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਜਦੋਂ ਤੁਸੀਂ ਕਨਾਨ ਦੇਸ਼ ਵਿੱਚ ਦਾਖਲ ਹੋਵੋਂਗੇ, ਜੋ ਮੈਂ ਤੁਹਾਨੂੰ ਤੁਹਾਡੀ ਮਲਕੀਅਤ ਵਜੋਂ ਦੇ ਰਿਹਾ ਹਾਂ, ਤਾਂ ਜੇਕਰ ਮੈਂ ਉਸ ਦੇਸ਼ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ, ਘਰ ਦਾ ਮਾਲਕ ਜਾਜਕ ਨੂੰ ਜਾ ਕੇ ਦੱਸੇ, ‘ਮੈਨੂੰ ਅਜਿਹਾ ਲਗਦਾ ਹੈ ਕਿ ਮੇਰੇ ਘਰ ਵਿੱਚ ਕੋਈ ਰੋਗ ਹੈ।’ ਤਦ ਜਾਜਕ ਉਸ ਘਰ ਦੀ ਜਾਂਚ ਕਰਨ ਤੋਂ ਪਹਿਲਾ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਅੰਦਰ ਜਾ ਕੇ ਘਰ ਦੀ ਜਾਂਚ ਕਰੇ। ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ। ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਉਸ ਘਰ ਨੂੰ ਸੱਤ ਦਿਨਾਂ ਲਈ ਬੰਦ ਕਰ ਦੇਵੇ। ਸੱਤਵੇਂ ਦਿਨ ਜਾਜਕ ਘਰ ਦੀ ਜਾਂਚ ਕਰਨ ਲਈ ਵਾਪਸ ਆਵੇਗਾ ਅਤੇ ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ, ਜਾਜਕ ਹੁਕਮ ਦੇਵੇ ਕਿ ਉਹ ਉਹਨਾਂ ਪੱਥਰਾਂ ਨੂੰ ਜਿਨ੍ਹਾਂ ਵਿੱਚ ਰੋਗ ਹੈ ਪਾੜ ਕੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਸੁੱਟ ਦਿੱਤਾ ਜਾਵੇ। ਉਸ ਨੂੰ ਘਰ ਦੀਆਂ ਸਾਰੀਆਂ ਅੰਦਰਲੀਆਂ ਕੰਧਾਂ ਨੂੰ ਖੁਰਚਿਆ ਜਾਵੇ ਅਤੇ ਉਹ ਮਿੱਟੀ ਜੋ ਛਿੱਲੀ ਗਈ ਹੈ, ਉਸ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਵਿੱਚ ਸੁੱਟ ਦਿੱਤਾ ਜਾਵੇ। ਉਹ ਦੂਸਰੇ ਪੱਥਰ ਲੈ ਕੇ ਉਹਨਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾਂ ਲੈ ਕੇ ਘਰ ਨੂੰ ਲਿੱਪੇ।

“ਜੇ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਦੁਬਾਰਾ ਘਰ ਵਿੱਚ ਦਿਖਾਈ ਦੇਵੇ, ਜਾਜਕ ਨੂੰ ਜਾ ਕੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਰੋਗ ਘਰ ਵਿੱਚ ਫੈਲ ਜਾਵੇ, ਤਾਂ ਇਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ। ਉਹ ਉਸ ਘਰ ਨੂੰ ਢਾਹ ਦੇਵੇ ਇਸ ਦੇ ਪੱਥਰ, ਲੱਕੜਾਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਤੇ ਸੁੱਟ ਦਿੱਤਾ ਜਾਵੇ।

“ਕੋਈ ਵੀ ਵਿਅਕਤੀ ਜਿਹੜਾ ਘਰ ਦੇ ਅੰਦਰ ਜਾਂਦਾ ਹੈ ਜਦੋਂ ਉਹ ਬੰਦ ਹੁੰਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ। ਜਿਹੜਾ ਵੀ ਵਿਅਕਤੀ ਘਰ ਵਿੱਚ ਸੌਂਦਾ ਜਾਂ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ।

“ਪਰ ਜੇ ਜਾਜਕ ਇਸ ਦੀ ਜਾਂਚ ਕਰਨ ਲਈ ਆਉਂਦਾ ਹੈ ਅਤੇ ਘਰ ਨੂੰ ਲਿੱਪਣ ਤੋਂ ਬਾਅਦ ਰੋਗ ਉਸ ਵਿੱਚ ਨਹੀਂ ਫੈਲਿਆ ਹੈ, ਤਾਂ ਉਸ ਘਰ ਨੂੰ ਸ਼ੁੱਧ ਕਰਾਰ ਦੇਵੇ, ਕਿਉਂਕਿ ਰੋਗ ਚੰਗਾ ਹੋ ਗਿਆ ਹੈ। ਘਰ ਨੂੰ ਸ਼ੁੱਧ ਕਰਨ ਲਈ ਉਸਨੂੰ ਦੋ ਪੰਛੀ ਅਤੇ ਕੁਝ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ। ਉਹ ਪੰਛੀਆਂ ਵਿੱਚੋਂ ਇੱਕ ਨੂੰ ਮਿੱਟੀ ਦੇ ਘੜੇ ਵਿੱਚ ਵਗਦੇ ਪਾਣੀ ਉੱਤੇ ਵੱਡੇ। ਫਿਰ ਉਹ ਦਿਆਰ ਦੀ ਲੱਕੜ, ਜੂਫ਼ਾ, ਕਿਰਮਚੀ ਕੱਪੜੇ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਸ ਮਰੇ ਹੋਏ ਪੰਛੀ ਦੇ ਲਹੂ ਅਤੇ ਤਾਜ਼ੇ ਪਾਣੀ ਵਿੱਚ ਡੋਬੇ ਅਤੇ ਘਰ ਉੱਤੇ ਸੱਤ ਵਾਰ ਛਿੜਕੇ। ਉਹ ਘਰ ਨੂੰ ਪੰਛੀਆਂ ਦੇ ਲਹੂ, ਤਾਜ਼ੇ ਪਾਣੀ, ਜੀਵਤ ਪੰਛੀ, ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਨਾਲ ਸ਼ੁੱਧ ਕਰੇ। ਫਿਰ ਉਹ ਜਿਉਂਦੇ ਪੰਛੀ ਨੂੰ ਸ਼ਹਿਰ ਦੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਉਡਾ ਦੇਵੇ। ਇਸ ਤਰ੍ਹਾਂ ਉਹ ਘਰ ਲਈ ਪ੍ਰਾਸਚਿਤ ਕਰੇਗਾ ਅਤੇ ਉਹ ਸ਼ੁੱਧ ਹੋ ਜਾਵੇਗਾ।”

ਇਹ ਕਿਸੇ ਵੀ ਅਪਵਿੱਤਰ ਚਮੜੀ ਦੇ ਰੋਗ ਲਈ ਨਿਯਮ ਹਨ, ਇੱਕ ਫੋੜੇ ਲਈ, ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ, ਅਤੇ ਸੋਜ, ਧੱਫੜ ਜਾਂ ਚਮਕਦਾਰ ਥਾਂ ਲਈ, ਸ਼ੁੱਧ ਅਤੇ ਅਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ।

ਇਹ ਚਮੜੀ ਦੇ ਰੋਗਾਂ ਅਤੇ ਉੱਲੀ ਨੂੰ ਪਲੀਤ ਕਰਨ ਲਈ ਨਿਯਮ ਹਨ।

Source notes (2)
  1. Footnote ਪਾਪ ਬਲੀ ਅਰਥਾਤ ਸ਼ੁੱਧੀਕਰਨ ਦੀ ਭੇਟ
  2. Footnote ਦਸਵਾਂ ਹਿੱਸਾ ਲਗਭਗ ਤਿੰਨ ਕਿਲੋ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.