Skip to content
BibleKenya

Biblica® Open Punjabi Contemporary Version 2025

ਲੇਵਿਆਂ 13

ਚਮੜੀ ਦੇ ਰੋਗਾਂ ਨੂੰ ਅਪਵਿੱਤਰ ਕਰਨ ਬਾਰੇ ਨਿਯਮ

ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਸੋਜ ਜਾਂ ਧੱਫੜ ਜਾਂ ਚਮਕਦਾਰ ਦਾਗ ਹੋਵੇ ਜੋ ਕਿ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਸਨੂੰ ਹਾਰੋਨ ਜਾਜਕ ਜਾਂ ਉਸਦੇ ਪੁੱਤਰਾਂ ਵਿੱਚੋਂ ਇੱਕ ਕੋਲ ਲਿਆਂਦਾ ਜਾਵੇ ਜੋ ਜਾਜਕ ਹੋਵੇ। ਜਾਜਕ ਨੂੰ ਚਮੜੀ ਦੇ ਫੋੜੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਫੋੜੇ ਦੇ ਵਾਲ ਚਿੱਟੇ ਹੋ ਗਏ ਹੋਣ ਅਤੇ ਜ਼ਖਮ ਚਮੜੀ ਨਾਲੋਂ ਡੂੰਘਾ ਦਿਖਾਈ ਦੇਵੇ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਜਦੋਂ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਤਾਂ ਉਸ ਨੂੰ ਵੇਖ ਕੇ ਅਸ਼ੁੱਧ ਆਖੇ। ਜੇਕਰ ਚਮੜੀ ਦਾ ਉਹ ਦਾਗ ਚਿੱਟਾ ਹੋਵੇ, ਪਰ ਚਮੜੀ ਤੋਂ ਜ਼ਿਆਦਾ ਡੂੰਘਾ ਦਿਖਾਈ ਨਾ ਦੇਵੇ, ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ। ਸੱਤਵੇਂ ਦਿਨ ਜਾਜਕ ਉਸ ਦੀ ਜਾਂਚ ਕਰੇ ਅਤੇ ਜੇ ਉਹ ਵੇਖੇ ਕਿ ਜ਼ਖਮ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਨਹੀਂ ਫੈਲਿਆ ਹੈ, ਤਾਂ ਉਸਨੂੰ ਹੋਰ ਸੱਤ ਦਿਨਾਂ ਲਈ ਅਲੱਗ ਕਰੇ। ਸੱਤਵੇਂ ਦਿਨ, ਜਾਜਕ ਉਸ ਦੀ ਦੁਬਾਰਾ ਜਾਂਚ ਕਰੇ, ਅਤੇ ਜੇਕਰ ਜ਼ਖਮ ਫਿੱਕਾ ਪੈ ਗਿਆ ਹੋਵੇ ਅਤੇ ਚਮੜੀ ਵਿੱਚ ਨਾ ਫੈਲਿਆ ਹੋਵੇ, ਤਾਂ ਜਾਜਕ ਉਸਨੂੰ ਸ਼ੁੱਧ ਐਲਾਨ ਕਰੇ। ਇਹ ਸਿਰਫ ਇੱਕ ਧੱਫੜ ਹੈ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ੁੱਧ ਹੋ ਜਾਵੇ। ਪਰ ਜੇ ਜਾਜਕ ਦੇ ਸ਼ੁੱਧ ਦੱਸਣ ਤੋਂ ਬਾਅਦ ਉਹਨਾਂ ਦੀ ਚਮੜੀ ਵਿੱਚ ਫਿਰ ਧੱਫੜ ਫੈਲ ਜਾਂਦੇ ਹਨ, ਤਾਂ ਉਹਨਾਂ ਨੂੰ ਦੁਬਾਰਾ ਜਾਜਕ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਜਾਜਕ ਉਸ ਮਨੁੱਖ ਦੀ ਜਾਂਚ ਕਰੇ ਅਤੇ ਜੇ ਚਮੜੀ ਵਿੱਚ ਧੱਫੜ ਫੈਲ ਗਏ ਹਨ, ਤਾਂ ਉਹ ਉਹਨਾਂ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਨੂੰ ਅਸ਼ੁੱਧ ਬੀਮਾਰੀ ਹੋਵੇ, ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ। ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਚਮੜੀ ਵਿੱਚ ਇੱਕ ਚਿੱਟੀ ਸੋਜ ਹੈ ਜਿਸ ਨਾਲ ਵਾਲ ਵੀ ਚਿੱਟੇ ਹੋ ਗਏ ਹੋਣ ਅਤੇ ਜੇ ਸੋਜ ਵਿੱਚ ਕੱਚਾ ਮਾਸ ਵੀ ਹੋਵੇ, ਤਾਂ ਜਾਜਕ ਜਾਣੇ ਉਸਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ ਅਤੇ ਜਾਜਕ ਉਸਨੂੰ ਅਸ਼ੁੱਧ ਠਹਿਰਾਵੇ, ਪਰ ਉਸਨੂੰ ਅਲੱਗ ਨਾ ਰੱਖੇ ਕਿਉਂਕਿ ਉਹ ਪਹਿਲਾਂ ਹੀ ਅਸ਼ੁੱਧ ਹਨ।

“ਜੇ ਕੋੜ੍ਹ ਉਹਨਾਂ ਦੀ ਸਾਰੀ ਚਮੜੀ ਉੱਤੇ ਫੈਲ ਜਾਂਦਾ ਹੈ, ਅਤੇ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਪੈਰਾਂ ਤੱਕ ਸਾਰੀ ਚਮੜੀ ਨੂੰ ਕੋੜ੍ਹ ਨੇ ਢੱਕ ਲਿਆ ਹੈ, ਤਾਂ ਜਾਜਕ ਉਸ ਦੀ ਜਾਂਚ ਕਰੇ, ਅਤੇ ਜੇਕਰ ਬਿਮਾਰੀ ਨੇ ਉਸ ਦਾ ਸਾਰਾ ਸਰੀਰ ਢੱਕਿਆ ਹੋਇਆ ਹੈ, ਤਾਂ ਉਹ ਉਸ ਨੂੰ ਸ਼ੁੱਧ ਘੋਸ਼ਿਤ ਕਰੇ ਕਿਉਂਕਿ ਉਹ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ। ਪਰ ਜਦੋਂ ਵੀ ਉਹਨਾਂ ਉੱਤੇ ਕੱਚਾ ਮਾਸ ਦਿਖਾਈ ਦੇਵੇਗਾ, ਉਹ ਅਸ਼ੁੱਧ ਹੋ ਜਾਣਗੇ। ਜਦੋਂ ਜਾਜਕ ਕੱਚਾ ਮਾਸ ਵੇਖੇ, ਤਾਂ ਉਸਨੂੰ ਅਸ਼ੁੱਧ ਐਲਾਨ ਕਰੇ। ਕੱਚਾ ਮਾਸ ਅਸ਼ੁੱਧ ਹੈ, ਉਹ ਇੱਕ ਕੋੜ੍ਹ ਦੀ ਬਿਮਾਰੀ ਹੈ। ਜੇਕਰ ਕੱਚਾ ਮਾਸ ਬਦਲ ਜਾਂਦਾ ਹੈ ਅਤੇ ਚਿੱਟਾ ਹੋ ਜਾਂਦਾ ਹੈ, ਤਾਂ ਉਹ ਜਾਜਕ ਕੋਲ ਫਿਰ ਆਵੇ। ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ ਅਤੇ ਜੇ ਜ਼ਖਮ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਵਿਅਕਤੀ ਨੂੰ ਸ਼ੁੱਧ ਠਹਿਰਾਵੇਗਾ, ਫਿਰ ਉਹ ਸਾਫ਼ ਹੋ ਜਾਵੇਗਾ।

“ਜਦੋਂ ਕਿਸੇ ਦੀ ਚਮੜੀ ਉੱਤੇ ਫੋੜਾ ਆ ਜਾਂਦਾ ਹੈ ਅਤੇ ਉਹ ਠੀਕ ਹੋ ਜਾਂਦਾ ਹੈ, ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ। ਜਾਜਕ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਸੋਜ ਚਮੜੀ ਤੋਂ ਜ਼ਿਆਦਾ ਡੂੰਘੀ ਜਾਪਦੀ ਹੈ ਅਤੇ ਉਸ ਦੇ ਵਾਲ ਚਿੱਟੇ ਹੋ ਗਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਅਸ਼ੁੱਧ ਕਰਾਰ ਦੇਵੇ ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ। ਪਰ ਜੇ ਜਾਜਕ ਉਸ ਦੀ ਜਾਂਚ ਕਰੇ, ਉਸ ਵਿੱਚ ਕੋਈ ਚਿੱਟੇ ਵਾਲ ਨਹੀਂ ਹੈ ਅਤੇ ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਹੈ ਅਤੇ ਫਿੱਕਾ ਪੈ ਗਿਆ ਹੈ, ਤਾਂ ਜਾਜਕ ਉਸ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ। ਜੇਕਰ ਇਹ ਚਮੜੀ ਵਿੱਚ ਫੈਲਦਾ ਹੈ ਤਾਂ ਜਾਜਕ ਉਹਨਾਂ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ। ਪਰ ਜੇਕਰ ਉਹ ਦਾਗ ਨਾ ਬਦਲਿਆ ਹੋਵੇ ਅਤੇ ਨਾ ਫੈਲਿਆ ਹੋਵੇ, ਤਾਂ ਇਹ ਫੋੜੇ ਦਾ ਇੱਕ ਦਾਗ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ।

“ਜਦੋਂ ਕਿਸੇ ਦੀ ਚਮੜੀ ਤੇ ਜਲਣ ਦਾ ਦਾਗ ਹੋਵੇ ਅਤੇ ਸੜੇ ਹੋਏ ਜ਼ਖਮ ਵਿੱਚ ਚਿੱਟਾ ਜਾਂ ਕੁਝ ਲਾਲ-ਚਿੱਟਾ ਦਾਗ ਹੋਵੇ, ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ, ਅਤੇ ਜੇਕਰ ਉਸ ਦਾਗ ਵਾਲੇ ਸਥਾਨ ਦੇ ਵਾਲ ਚਿੱਟੇ ਹੋ ਗਏ ਹਨ ਅਤੇ ਉਹ ਚਮੜੀ ਨਾਲੋਂ ਡੂੰਘੇ ਜਾਪਦੇ ਹਨ, ਤਾਂ ਇਹ ਇੱਕ ਅਸ਼ੁੱਧ ਰੋਗ ਹੈ ਜੋ ਸੜਨ ਨਾਲ ਫੁੱਟਿਆ ਹੈ। ਜਾਜਕ ਉਸ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ। ਪਰ ਜੇ ਜਾਜਕ ਉਸ ਦੀ ਜਾਂਚ ਕਰੇ ਅਤੇ ਉਸ ਥਾਂ ਉੱਤੇ ਕੋਈ ਚਿੱਟੇ ਵਾਲ ਨਹੀਂ ਹਨ ਅਤੇ ਜੇ ਉਹ ਚਮੜੀ ਤੋਂ ਵੱਧ ਡੂੰਘੇ ਨਹੀਂ ਹਨ ਅਤੇ ਫਿੱਕੇ ਪੈ ਗਏ ਹਨ, ਤਾਂ ਜਾਜਕ ਉਹਨਾਂ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ। ਸੱਤਵੇਂ ਦਿਨ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਅਤੇ ਜੇਕਰ ਇਹ ਚਮੜੀ ਵਿੱਚ ਫੈਲੀ ਹੋਈ ਹੈ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇਗਾ। ਇਹ ਇੱਕ ਕੋੜ੍ਹ ਦੀ ਬਿਮਾਰੀ ਹੈ। ਪਰ, ਜੇ ਦਾਗ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਫੈਲਿਆ ਨਹੀਂ ਹੈ ਪਰ ਫਿੱਕਾ ਪੈ ਗਿਆ ਹੈ, ਇਹ ਸੜਨ ਤੋਂ ਇੱਕ ਸੋਜ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਵੇ, ਇਹ ਦਾਗ ਸਾੜਨ ਦੇ ਕਾਰਨ ਹੈ।

“ਜੇਕਰ ਕਿਸੇ ਆਦਮੀ ਜਾਂ ਔਰਤ ਦੇ ਸਿਰ ਜਾਂ ਠੋਡੀ ਉੱਤੇ ਫੋੜਾ ਹੈ, ਤਾਂ ਜਾਜਕ ਉਸ ਜ਼ਖਮ ਦੀ ਜਾਂਚ ਕਰੇ ਅਤੇ ਜੇਕਰ ਉਹ ਚਮੜੀ ਨਾਲੋਂ ਡੂੰਘਾ ਜਾਪਦਾ ਹੈ ਅਤੇ ਉਸ ਦੇ ਵਾਲ ਪੀਲੇ ਅਤੇ ਪਤਲੇ ਹਨ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ। ਪਰ ਜਦੋਂ ਜਾਜਕ ਜ਼ਖਮ ਦੀ ਜਾਂਚ ਕਰਦਾ ਹੈ, ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਅਤੇ ਉਸ ਵਿੱਚ ਕਾਲੇ ਵਾਲ ਨਹੀਂ ਹਨ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ। ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇਕਰ ਉਹ ਫ਼ੈਲਿਆ ਨਹੀਂ ਹੈ ਅਤੇ ਉਸ ਵਿੱਚ ਪੀਲੇ ਵਾਲ ਨਹੀਂ ਹਨ ਅਤੇ ਉਹ ਚਮੜੀ ਤੋਂ ਵੱਧ ਡੂੰਘਾ ਨਹੀਂ ਦਿਸਦਾ ਹੈ। ਫਿਰ ਉਹ ਆਦਮੀ ਆਪਣਾ ਸਿਰ ਮੁਨਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਜ਼ਖਮ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸਦੇ ਜ਼ਖਮ ਹੈ, ਹੋਰ ਸੱਤ ਦਿਨ ਅਲੱਗ ਰੱਖੇ। ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇ ਉਹ ਚਮੜੀ ਵਿੱਚ ਫੈਲਿਆ ਨਹੀਂ ਹੈ ਅਤੇ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਹੈ ਤਾਂ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ, ਉਹ ਆਪਣੇ ਕੱਪੜੇ ਧੋਣ ਅਤੇ ਉਹ ਸ਼ੁੱਧ ਹੋ ਜਾਵੇ। ਪਰ ਜੇ ਉਹ ਸਾਫ਼ ਹੋਣ ਤੋਂ ਬਾਅਦ ਚਮੜੀ ਵਿੱਚ ਫੋੜਾ ਫੈਲਦਾ ਹੈ, ਤਾਂ ਜਾਜਕ ਉਹਨਾਂ ਦੀ ਜਾਂਚ ਕਰੇ ਅਤੇ ਜੇ ਉਸਨੂੰ ਪਤਾ ਲੱਗੇ ਕਿ ਜ਼ਖਮ ਚਮੜੀ ਵਿੱਚ ਫੈਲਿਆ ਹੋਇਆ ਹੈ ਤਾਂ ਉਸਨੂੰ ਪੀਲੇ ਵਾਲਾਂ ਦੀ ਖੋਜ ਕਰਨ ਦੀ ਲੋੜ ਨਹੀਂ ਹੈ, ਉਹ ਅਸ਼ੁੱਧ ਹੈ। ਜੇਕਰ ਜਾਜਕ ਦੇ ਦੇਖਣ ਵਿੱਚ ਉਹ ਦਾਗ ਉੱਥੇ ਹੀ ਰਹੇ ਅਤੇ ਉਸਦੇ ਵਿੱਚ ਕਾਲੇ ਵਾਲ ਆ ਗਏ ਹੋਣ ਤਾਂ ਉਹ ਦਾਗ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸਨੂੰ ਸ਼ੁੱਧ ਠਹਿਰਾਵੇ।

“ਜਦੋਂ ਕਿਸੇ ਆਦਮੀ ਜਾਂ ਔਰਤ ਦੀ ਚਮੜੀ ਤੇ ਚਿੱਟੇ ਧੱਬੇ ਹੁੰਦੇ ਹਨ, ਤਾਂ ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਦਾਗ ਧੱਬੇ ਚਿੱਟੇ ਹਨ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ।

“ਇੱਕ ਆਦਮੀ ਜਿਸ ਦੇ ਸਿਰ ਤੋਂ ਵਾਲ ਝੜ ਗਏ ਹੋਣ ਅਤੇ ਉਹ ਗੰਜਾ ਤਾਂ ਹੈ, ਪਰ ਉਹ ਸ਼ੁੱਧ ਹੈ। ਜੇਕਰ ਉਹ ਦੀ ਖੋਪੜੀ ਦੇ ਅੱਗੇ ਤੋਂ ਵਾਲ ਝੜ ਗਏ ਹੋਣ ਅਤੇ ਮੱਥੇ ਦਾ ਗੰਜਾ ਹੋਵੇ ਤਾਂ ਉਹ ਸ਼ੁੱਧ ਹੈ। ਪਰ ਜੇ ਉਸ ਦੇ ਗੰਜੇ ਸਿਰ ਜਾਂ ਮੱਥੇ ਤੇ ਲਾਲ-ਚਿੱਟੇ ਰੰਗ ਦਾ ਫੋੜਾ ਹੈ, ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ। ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ, ਤਾਂ ਉਹ ਮਨੁੱਖ ਕੋੜ੍ਹੀ ਅਤੇ ਅਸ਼ੁੱਧ ਹੈ। ਜਾਜਕ ਉਸਨੂੰ ਉਸਦੇ ਸਿਰ ਵਿੱਚ ਜ਼ਖਮ ਦੇ ਕਾਰਨ ਅਸ਼ੁੱਧ ਕਰਾਰ ਦੇਵੇ।

“ਇਸ ਤਰ੍ਹਾਂ ਦੀ ਅਸ਼ੁੱਧ ਬਿਮਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਫਟੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ, ਉਸਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ ‘ਅਸ਼ੁੱਧ! ਅਸ਼ੁੱਧ!’ ਪੁਕਾਰਿਆ ਕਰੇ। ਜਿੰਨਾ ਚਿਰ ਉਹਨਾਂ ਦੇ ਸਰੀਰ ਵਿੱਚ ਇਹ ਰੋਗ ਰਹੇਗਾ ਤਦ ਤੱਕ ਉਹ ਅਸ਼ੁੱਧ ਰਹਿਣਗੇ ਅਤੇ ਇਕੱਲੇ ਰਹਿਣਗੇ, ਉਹਨਾਂ ਦੇ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੀ ਹੋਵੇਗਾ।

ਬਸਤਰ ਜਾਂ ਚਮੜੇ ਦੀ ਵਸਤੂ ਦਾ ਕੋੜ੍ਹ

“ਫੇਰ ਜਿਸ ਬਸਤਰ ਵਿੱਚ ਕੋੜ੍ਹ ਦਾ ਰੋਗ ਹੋਵੇ, ਭਾਵੇਂ ਉੱਨ ਦਾ ਹੋਵੇ, ਭਾਵੇਂ ਕਤਾਨ ਦਾ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਕਤਾਨ ਦਾ, ਭਾਵੇਂ ਉੱਨ ਦਾ, ਭਾਵੇਂ ਚਮੜੇ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਹੋਵੇ। ਜੇਕਰ ਉਹ ਰੋਗ ਕਿਸੇ ਕੱਪੜੇ ਵਿੱਚ, ਭਾਵੇਂ ਚਮੜੇ ਵਿੱਚ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਕੁਝ ਹਰਾ ਜਾਂ ਲਾਲ ਜਿਹਾ ਹੋਵੇ, ਤਾਂ ਉਹ ਕੋੜ੍ਹ ਦਾ ਰੋਗ ਹੈ ਅਤੇ ਉਹ ਜਾਜਕ ਨੂੰ ਵਿਖਾਇਆ ਜਾਵੇ। ਜਾਜਕ ਉਸ ਰੋਗ ਦੀ ਜਾਂਚ ਕਰੇ ਅਤੇ ਸੱਤ ਦਿਨਾਂ ਲਈ ਉਸ ਵਸਤੂ ਨੂੰ ਅਲੱਗ ਰੱਖੇ। ਸੱਤਵੇਂ ਦਿਨ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਰੋਗ ਉਸ ਕੱਪੜੇ ਦੇ ਤਾਣੀ ਵਿੱਚ, ਜਾਂ ਉੱਣਨੀ ਵਿੱਚ, ਜਾਂ ਚਮੜੇ ਵਿੱਚ, ਜਾਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਫੈਲਿਆ ਹੋਇਆ ਹੋਵੇ, ਤਾਂ ਉਹ ਰੋਗ ਇੱਕ ਫੈਲਣ ਵਾਲਾ ਕੋੜ੍ਹ ਹੈ, ਇਸ ਲਈ ਉਹ ਵਸਤੂ ਅਸ਼ੁੱਧ ਹੈ। ਉਹ ਉਸ ਕੱਪੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਚਮੜੇ ਦੀ ਕੋਈ ਵਸਤੂ ਹੋਵੇ ਜਿਸ ਦੇ ਵਿੱਚ ਰੋਗ ਹੈ, ਸਾੜ ਦੇਵੇ ਕਿਉਂ ਜੋ ਉਹ ਫੈਲਣ ਵਾਲਾ ਕੋੜ੍ਹ ਹੈ, ਉਹ ਅੱਗ ਵਿੱਚ ਸਾੜਿਆ ਜਾਵੇ।

“ਪਰ ਜਦੋਂ ਜਾਜਕ ਇਸ ਦੀ ਜਾਂਚ ਕਰਦਾ ਹੈ, ਅਤੇ ਵੇਖੇ ਕਿ ਉਹ ਰੋਗ ਉਸ ਕੱਪੜੇ ਵਿੱਚ, ਨਾ ਤਾਣੀ, ਨਾ ਉੱਣਨੀ, ਨਾ ਚਮੜੇ ਦੀ ਕਿਸੇ ਵਸਤੂ ਵਿੱਚ ਫੈਲਿਆ ਨਹੀਂ ਹੈ। ਤਾਂ ਜਾਜਕ ਹੁਕਮ ਦੇਵੇਗਾ ਕਿ ਰੋਗ ਵਾਲੀ ਵਸਤੂ ਨੂੰ ਧੋ ਦਿੱਤਾ ਜਾਵੇ, ਫਿਰ ਉਸਨੂੰ ਹੋਰ ਸੱਤ ਦਿਨਾਂ ਲਈ ਇਸ ਨੂੰ ਅਲੱਗ ਰੱਖੇ। ਵਸਤੂ ਨੂੰ ਧੋਣ ਤੋਂ ਬਾਅਦ, ਜਾਜਕ ਦੁਬਾਰਾ ਜਾਂਚ ਕਰੇ, ਅਤੇ ਜੇਕਰ ਰੋਗ ਦਾ ਰੰਗ ਨਾ ਬਦਲਿਆ ਹੋਵੇ ਅਤੇ ਨਾ ਹੀ ਰੋਗ ਫੈਲਿਆ ਹੋਵੇ, ਤਾਂ ਇਹ ਅਸ਼ੁੱਧ ਹੈ। ਤੂੰ ਉਸ ਨੂੰ ਅੱਗ ਵਿੱਚ ਸਾੜੀ, ਕਿਉਂ ਜੋ ਭਾਵੇਂ ਉਹ ਰੋਗ ਅੰਦਰੂਨੀ ਭਾਵੇਂ ਬਾਹਰੀ ਹੋਵੇ। ਪਰ ਜੇਕਰ ਜਾਜਕ ਜਾਂਚੇ ਕਰੇ ਅਤੇ ਉਸ ਨੂੰ ਧੋਣ ਤੋਂ ਬਾਅਦ ਉਹ ਰੋਗ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਉਹ ਉਸ ਕੱਪੜੇ ਵਿੱਚੋਂ, ਭਾਵੇਂ ਤਾਣੀ ਜਾਂ ਉੱਣਨੀ ਵਿੱਚੋਂ ਜਾ ਚਮੜੀ ਵਿੱਚੋਂ ਪਾੜ ਕੇ ਉਸ ਨੂੰ ਕੱਢੇ, ਪਰ ਜੇ ਉਹ ਰੋਗ ਫਿਰ ਵੀ ਉਸ ਕੱਪੜੇ ਦੀ ਤਾਣੀ ਵਿੱਚ ਜਾਂ ਉੱਣਨੀ ਵਿੱਚ, ਜਾਂ ਚਮੜੇ ਦੀ ਉਸ ਵਸਤੂ ਵਿੱਚ ਵਿਖਾਈ ਦੇਵੇ ਤਾਂ ਉਸ ਵਧਣ ਵਾਲਾ ਰੋਗ ਹੈ, ਤੂੰ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੋਵੇ, ਅੱਗ ਵਿੱਚ ਸਾੜ ਦੇਣਾ। ਪਰ ਉਹ ਕੱਪੜਾ ਜਿਸ ਤਾਣੀ ਜਾਂ ਉੱਣਨੀ ਵਿੱਚ ਕੋਈ ਰੋਗ ਹੋਵੇ ਜਾਂ ਚਮੜੇ ਦੀ ਕੋਈ ਵਸਤੂ ਹੋਵੇ, ਜਦ ਉਹ ਧੋਤੀ ਜਾਵੇ ਅਤੇ ਰੋਗ ਉਸ ਵਿੱਚੋਂ ਹੱਟ ਜਾਵੇ ਤਾਂ ਉਹ ਦੂਸਰੀ ਵਾਰ ਧੋਤੀ ਜਾਵੇ ਅਤੇ ਉਹ ਸ਼ੁੱਧ ਹੋ ਜਾਵੇਗੀ।”

ਕਿਸੇ ਕੱਪੜੇ ਵਿੱਚ ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਤਾਣੀ ਵਿੱਚ ਜਾਂ ਉੱਣਨੀ ਵਿੱਚ, ਚਮੜੇ ਦੀ ਕਿਸੇ ਵਸਤੂ ਵਿੱਚ ਕੋੜ੍ਹ ਦਾ ਰੋਗ ਹੋਵੇ, ਤਾਂ ਉਸਨੂੰ ਸ਼ੁੱਧ ਅਤੇ ਅਸ਼ੁੱਧ ਠਹਿਰਾਉਣ ਦੀ ਇਹੋ ਬਿਵਸਥਾ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.