Skip to content
BibleKenya

Biblica® Open Punjabi Contemporary Version 2025

ਲੇਵਿਆਂ 15

ਸਰੀਰ ਤੋਂ ਵਗਣ ਵਾਲੇ ਅਸ਼ੁੱਧ ਪ੍ਰਮੇਹ

ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਆਖੋ, ‘ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ। ਭਾਵੇਂ ਇਹ ਉਸਦੇ ਸਰੀਰ ਵਿੱਚੋਂ ਵਗਦਾ ਰਹੇ ਜਾਂ ਬੰਦ ਰਹੇ ਤਾਂ ਵੀ ਇਹ ਉਸਨੂੰ ਅਸ਼ੁੱਧ ਕਰ ਦੇਵੇਗਾ, ਇਸ ਤਰ੍ਹਾਂ ਉਸਦਾ ਪ੍ਰਮੇਹ ਅਸ਼ੁੱਧ ਹੈ।

“ ‘ਜਿਸ ਵੀ ਬਿਸਤਰੇ ਉੱਤੇ ਪ੍ਰਮੇਹ ਹੁੰਦਾ ਹੈ, ਉਹ ਅਸ਼ੁੱਧ ਹੋਵੇਗਾ ਅਤੇ ਜਿਸ ਚੀਜ਼ ਉੱਤੇ ਉਹ ਬੈਠਦਾ ਹੈ, ਉਹ ਅਸ਼ੁੱਧ ਹੋਵੇਗੀ। ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜੋ ਕੋਈ ਕਿਸੇ ਅਜਿਹੀ ਚੀਜ਼ ਉੱਤੇ ਬੈਠਦਾ ਹੈ ਜਿਸ ਉੱਤੇ ਪ੍ਰਮੇਹ ਵਾਲਾ ਆਦਮੀ ਬੈਠਾ ਸੀ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇ।

“ ‘ਜੋ ਕੋਈ ਉਸ ਆਦਮੀ ਨੂੰ ਛੂਹ ਲਵੇ ਜਿਸਨੂੰ ਪ੍ਰਮੇਹ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

“ ‘ਜੇਕਰ ਉਹ ਆਦਮੀ ਕਿਸੇ ਸ਼ੁੱਧ ਵਿਅਕਤੀ ਉੱਤੇ ਥੁੱਕਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

“ ‘ਸਵਾਰੀ ਵੇਲੇ ਆਦਮੀ ਜਿਸ ਚੀਜ਼ ਉੱਤੇ ਬੈਠਦਾ ਹੈ, ਉਹ ਹਰ ਚੀਜ਼ ਅਸ਼ੁੱਧ ਹੋਵੇਗੀ। ਅਤੇ ਜੇਕਰ ਕੋਈ ਵਿਅਕਤੀ ਉਸਦੇ ਅਧੀਨ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜੋ ਕੋਈ ਇਨ੍ਹਾਂ ਚੀਜ਼ਾਂ ਨੂੰ ਚੁੱਕਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

“ ‘ਜਿਹੜਾ ਆਦਮੀ ਜਿਸਨੂੰ ਪ੍ਰਮੇਹ ਹੈ, ਉਹ ਆਪਣੇ ਹੱਥਾਂ ਨੂੰ ਪਾਣੀ ਨਾਲ ਧੋਤੇ ਬਿਨਾਂ ਛੂਹ ਲਵੇ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

“ ‘ਇੱਕ ਮਿੱਟੀ ਦਾ ਘੜਾ ਜਿਸਨੂੰ ਆਦਮੀ ਛੂਹਦਾ ਹੈ ਤੋੜਿਆ ਜਾਣਾ ਚਾਹੀਦਾ ਹੈ ਅਤੇ ਲੱਕੜ ਦੀ ਕਿਸੇ ਵੀ ਵਸਤੂ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ।

“ ‘ਜਦੋਂ ਇੱਕ ਆਦਮੀ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਂਦਾ ਹੈ, ਤਾਂ ਉਸਨੂੰ ਆਪਣੀ ਰਸਮੀ ਸ਼ੁੱਧਤਾ ਲਈ ਸੱਤ ਦਿਨਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਅਤੇ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਤਾਜ਼ੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਤਾਂ ਉਹ ਸ਼ੁੱਧ ਹੋ ਜਾਵੇਗਾ। ਅੱਠਵੇਂ ਦਿਨ ਉਸਨੂੰ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਦੇ ਬੱਚੇ ਲੈ ਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਯਾਹਵੇਹ ਦੇ ਅੱਗੇ ਆਉਣਾ ਚਾਹੀਦਾ ਹੈ ਅਤੇ ਜਾਜਕ ਨੂੰ ਦੇਣਾ ਚਾਹੀਦਾ ਹੈ। ਜਾਜਕ ਨੂੰ ਉਹਨਾਂ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ, ਇੱਕ ਨੂੰ ਪਾਪ ਦੀ ਭੇਟ ਲਈ ਅਤੇ ਦੂਜਾ ਹੋਮ ਦੀ ਭੇਟ ਲਈ। ਇਸ ਤਰ੍ਹਾਂ ਉਹ ਆਪਣੇ ਪ੍ਰਮੇਹ ਦੇ ਕਾਰਨ ਉਸ ਆਦਮੀ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇਗਾ।

“ ‘ਜਦੋਂ ਕਿਸੇ ਮਨੁੱਖ ਦਾ ਵੀਰਜ ਨਿਕਲਦਾ ਹੈ, ਤਾਂ ਉਸਨੂੰ ਆਪਣੇ ਸਾਰੇ ਸਰੀਰ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਿਸ ਕੱਪੜੇ ਜਾਂ ਚਮੜੇ ਉੱਤੇ ਵੀਰਜ ਹੋਵੇ, ਉਸ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਦੋਂ ਕੋਈ ਆਦਮੀ ਕਿਸੇ ਔਰਤ ਨਾਲ ਜਿਨਸੀ ਸੰਬੰਧ ਰੱਖਦਾ ਹੈ ਅਤੇ ਉਸ ਵਿੱਚੋਂ ਵੀਰਜ ਨਿਕਲਦਾ ਹੈ, ਤਾਂ ਦੋਹਾਂ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

“ ‘ਜਦੋਂ ਕਿਸੇ ਔਰਤ ਦਾ ਖੂਨ ਨਿਯਮਤ ਤੌਰ ਤੇ ਵਗਦਾ ਹੈ, ਤਾਂ ਉਸਦੀ ਮਾਹਵਾਰੀ ਦੀ ਅਸ਼ੁੱਧਤਾ ਸੱਤ ਦਿਨਾਂ ਤੱਕ ਰਹੇਗੀ ਅਤੇ ਜੋ ਕੋਈ ਉਸਨੂੰ ਛੂਹੇਗਾ ਸ਼ਾਮ ਤੱਕ ਅਸ਼ੁੱਧ ਰਹੇਗਾ।

“ ‘ਮਾਹਵਾਰੀ ਦੇ ਦੌਰਾਨ ਉਹ ਜਿਸ ਚੀਜ਼ ਉੱਤੇ ਲੇਟਦੀ ਹੈ ਉਹ ਅਸ਼ੁੱਧ ਹੋਵੇਗੀ ਅਤੇ ਜਿਸ ਚੀਜ਼ ਉੱਤੇ ਉਹ ਬੈਠਦੀ ਹੈ ਉਹ ਅਸ਼ੁੱਧ ਹੋਵੇਗੀ। ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ, ਉਹ ਅਸ਼ੁੱਧ ਹੋਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ। ਜੇਕਰ ਕੋਈ ਵਿਅਕਤੀ ਕਿਸੇ ਵੀ ਚੀਜ਼ ਨੂੰ ਛੂੰਹਦਾ ਹੈ ਜਿਸ ਤੇ ਉਹ ਬੈਠਦੀ ਹੈ, ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ। ਭਾਵੇਂ ਉਹ ਬਿਸਤਰਾ ਹੋਵੇ ਜਾਂ ਕੋਈ ਚੀਜ਼ ਜਿਸ ਉੱਤੇ ਉਹ ਬੈਠੀ ਸੀ, ਜਦੋਂ ਕੋਈ ਉਸਨੂੰ ਛੂਹ ਲਵੇ, ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

“ ‘ਜੇਕਰ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦਾ ਲਹੂ ਲੱਗ ਜਾਵੇ ਤਾਂ ਉਹ ਮਨੁੱਖ ਸੱਤ ਦਿਨ ਤੱਕ ਅਸ਼ੁੱਧ ਰਹੇ ਅਤੇ ਜਿਸ ਕਿਸੇ ਬਿਸਤਰੇ ਉੱਤੇ ਉਹ ਲੰਮਾ ਪੈਂਦਾ ਹੈ, ਉਹ ਅਸ਼ੁੱਧ ਠਹਿਰੇ।

“ ‘ਜਦੋਂ ਕਿਸੇ ਔਰਤ ਨੂੰ ਮਾਹਵਾਰੀ ਤੋਂ ਇਲਾਵਾ ਕਿਸੇ ਹੋਰ ਸਮੇਂ ਵਿੱਚ ਕਈ ਦਿਨਾਂ ਤੱਕ ਖੂਨ ਆਉਂਦਾ ਹੈ ਜਾਂ ਮਾਹਵਾਰੀ ਤੋਂ ਬਾਅਦ ਵੀ ਖੂਨ ਨਿਕਲਦਾ ਹੈ, ਤਾਂ ਉਹ ਉਸ ਸਮੇਂ ਤੱਕ ਅਸ਼ੁੱਧ ਰਹੇਗੀ ਜਿੰਨਾ ਚਿਰ ਉਸ ਨੂੰ ਮਾਹਵਾਰੀ ਦੇ ਦਿਨਾਂ ਵਿੱਚ ਖੂਨ ਆਉਂਦਾ ਹੈ। ਕੋਈ ਵੀ ਬਿਸਤਰਾ ਜਿਸ ਤੇ ਉਹ ਲੇਟਦੀ ਹੈ, ਜਦੋਂ ਤੱਕ ਕਿ ਉਸ ਦਾ ਪ੍ਰਮੇਹ ਜਾਰੀ ਰਹਿੰਦਾ ਹੈ, ਅਸ਼ੁੱਧ ਹੋਵੇਗਾ ਜਿਵੇਂ ਕਿ ਉਸ ਦੇ ਮਾਸਿਕ ਮਾਹਵਾਰੀ ਦੌਰਾਨ ਉਸ ਦਾ ਬਿਸਤਰਾ ਅਤੇ ਜਿੱਥੇ ਵੀ ਉਹ ਬੈਠਦੀ ਹੈ, ਉਹ ਅਸ਼ੁੱਧ ਹੋਵੇਗੀ ਜਿਵੇਂ ਕਿ ਉਸ ਦੀ ਮਾਹਵਾਰੀ ਦੇ ਦੌਰਾਨ। ਕੋਈ ਵੀ ਜੋ ਉਹਨਾਂ ਨੂੰ ਛੂੰਹਦਾ ਹੈ ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।

“ ‘ਜਦੋਂ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਂਦੀ ਹੈ, ਤਾਂ ਉਸ ਨੂੰ ਸੱਤ ਦਿਨਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਉਹ ਰਸਮੀ ਤੌਰ ਤੇ ਸ਼ੁੱਧ ਹੋ ਜਾਵੇਗੀ। ਅੱਠਵੇਂ ਦਿਨ ਉਸਨੂੰ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਲੈ ਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਕੋਲ ਲਿਆਉਣਾ ਚਾਹੀਦਾ ਹੈ। ਜਾਜਕ ਨੂੰ ਇੱਕ ਪਾਪ ਦੀ ਭੇਟ ਲਈ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾਉਣਾ ਹੈ। ਇਸ ਤਰ੍ਹਾਂ ਉਹ ਉਸ ਦੇ ਨਿਕਾਸ ਦੀ ਅਸ਼ੁੱਧਤਾ ਲਈ ਯਾਹਵੇਹ ਦੇ ਅੱਗੇ ਉਸ ਲਈ ਪ੍ਰਾਸਚਿਤ ਕਰੇਗਾ।

“ ‘ਤੁਹਾਨੂੰ ਇਸਰਾਏਲੀਆਂ ਨੂੰ ਉਹਨਾਂ ਚੀਜ਼ਾਂ ਤੋਂ ਵੱਖਰਾ ਰੱਖਣਾ ਚਾਹੀਦਾ ਹੈ ਜਿਹੜੀਆਂ ਉਹਨਾਂ ਨੂੰ ਅਸ਼ੁੱਧ ਕਰਦੀਆਂ ਹਨ, ਇਸ ਲਈ ਉਹ ਆਪਣੀ ਅਸ਼ੁੱਧਤਾ ਵਿੱਚ ਮੇਰੇ ਨਿਵਾਸ ਸਥਾਨ ਨੂੰ ਅਸ਼ੁੱਧ ਕਰਨ ਲਈ ਨਹੀਂ ਮਰਨਗੇ।’ ”

ਇਹ ਬਿਧੀਆਂ ਹਨ ਉਸ ਮਨੁੱਖ ਲਈ ਜਿਸ ਨੂੰ ਪ੍ਰਮੇਹ ਹੋਵੇ, ਅਤੇ ਜੋ ਪੁਰਖ ਵੀਰਜ ਨਿੱਕਲਣ ਦੇ ਕਾਰਨ ਅਸ਼ੁੱਧ ਹੋਵੇ, ਅਤੇ ਜੋ ਔਰਤ ਮਾਹਵਾਰੀ ਵਿੱਚ ਹੋਵੇ, ਅਤੇ ਉਹ ਮਨੁੱਖ ਜਾਂ ਔਰਤ ਜਿਸ ਨੂੰ ਪ੍ਰਮੇਹ ਹੋਵੇ ਅਤੇ ਉਹ ਮਨੁੱਖ ਜੋ ਅਸ਼ੁੱਧ ਔਰਤ ਨਾਲ ਸੰਗ ਕਰੇ, ਉਨ੍ਹਾਂ ਸਾਰਿਆਂ ਦੇ ਲਈ ਇਹੋ ਹੀ ਬਿਵਸਥਾ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.