Biblica® Open Punjabi Contemporary Version 2025
ਯੇਹੋਸ਼ੁਆ 8
ਅਈ ਨਗਰ ਤੇ ਜਿੱਤ ਪਾਉਣਾ
ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਡਰੋ ਨਾ ਅਤੇ ਨਿਰਾਸ਼ ਨਾ ਹੋਵੋ। ਸਾਰੀ ਸੈਨਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਉੱਪਰ ਜਾ ਕੇ ਅਈ ਉੱਤੇ ਹਮਲਾ ਕਰੋ ਕਿਉਂ ਜੋ ਮੈਂ ਅਈ ਦੇ ਰਾਜੇ ਨੂੰ, ਉਸਦੇ ਲੋਕਾਂ ਨੂੰ, ਉਸਦੇ ਸ਼ਹਿਰ ਅਤੇ ਉਸਦੀ ਧਰਤੀ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ। ਤੁਸੀਂ ਅਈ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ, ਸਿਵਾਏ ਤੁਸੀਂ ਉਨ੍ਹਾਂ ਦੀ ਲੁੱਟ ਅਤੇ ਪਸ਼ੂ ਆਪਣੇ ਲਈ ਲੈ ਜਾਓ। ਸ਼ਹਿਰ ਦੇ ਪਿੱਛੇ ਇੱਕ ਘਾਤ ਲਗਾਓ।”
ਇਸ ਲਈ ਯੇਹੋਸ਼ੁਆ ਅਤੇ ਸਾਰੀ ਸੈਨਾਂ ਅਈ ਉੱਤੇ ਹਮਲਾ ਕਰਨ ਲਈ ਨਿਕਲ ਗਈ। ਉਸਨੇ ਆਪਣੇ ਸਭ ਤੋਂ ਵਧੀਆ ਲੜਾਕੂਆਂ ਵਿੱਚੋਂ ਤੀਹ ਹਜ਼ਾਰ ਚੁਣੇ ਅਤੇ ਉਨ੍ਹਾਂ ਨੂੰ ਰਾਤ ਨੂੰ ਬਾਹਰ ਭੇਜ ਦਿੱਤਾ ਯੇਹੋਸ਼ੁਆ ਨੇ ਉਹਨਾਂ ਨੂੰ ਇਨ੍ਹਾਂ ਹੁਕਮਾਂ ਨਾਲ ਕਿਹਾ, “ਧਿਆਨ ਨਾਲ ਸੁਣੋ, ਤੁਹਾਨੂੰ ਸ਼ਹਿਰ ਦੇ ਪਿੱਛੇ ਇੱਕ ਘਾਤ ਲਾਉਣਾ ਹੈ। ਇਸ ਤੋਂ ਬਹੁਤ ਦੂਰ ਨਾ ਜਾਓ। ਤੁਸੀਂ ਸਾਰੇ ਸੁਚੇਤ ਰਹੋ। ਮੈਂ ਅਤੇ ਮੇਰੇ ਨਾਲ ਦੇ ਸਾਰੇ ਸ਼ਹਿਰ ਉੱਤੇ ਅੱਗੇ ਵਧਾਂਗੇ, ਅਤੇ ਜਦੋਂ ਉਹ ਆਦਮੀ ਸਾਡੇ ਵਿਰੁੱਧ ਆਉਣਗੇ, ਜਿਵੇਂ ਉਹ ਪਹਿਲਾਂ ਕਰਦੇ ਸਨ, ਅਸੀਂ ਉਨ੍ਹਾਂ ਤੋਂ ਭੱਜ ਜਾਵਾਂਗੇ। ਉਹ ਉਦੋਂ ਤੱਕ ਸਾਡਾ ਪਿੱਛਾ ਕਰਨਗੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਨਹੀਂ ਕਰ ਦਿੰਦੇ, ਕਿਉਂਕਿ ਉਹ ਕਹਿਣਗੇ, ‘ਉਹ ਸਾਡੇ ਕੋਲੋਂ ਪਹਿਲਾਂ ਵਾਂਗ ਭੱਜ ਰਹੇ ਹਨ।’ ਇਸ ਲਈ ਜਦੋਂ ਅਸੀਂ ਉਨ੍ਹਾਂ ਤੋਂ ਭੱਜ ਜਾਂਦੇ ਹਾਂ, ਤੁਹਾਨੂੰ ਘਾਤ ਤੋਂ ਉੱਠਣਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰਨਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ। ਜਦੋਂ ਸ਼ਹਿਰ ਕਾਬੂ ਵਿੱਚ ਆ ਜਾਵੇ, ਤਾਂ ਇਸਨੂੰ ਅੱਗ ਲਗਾ ਦਿਓ। ਉਹੀ ਕਰੋ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ। ਵੇਖੋ, ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ।”
ਤਦ ਯੇਹੋਸ਼ੁਆ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਘਾਤ ਦੇ ਸਥਾਨ ਨੂੰ ਗਏ ਅਤੇ ਅਈ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਲੇਟ ਗਏ, ਪਰ ਯੇਹੋਸ਼ੁਆ ਨੇ ਉਹ ਰਾਤ ਲੋਕਾਂ ਦੇ ਨਾਲ ਬਿਤਾਈ।
ਅਗਲੀ ਸਵੇਰ ਯੇਹੋਸ਼ੁਆ ਨੇ ਆਪਣੀ ਸੈਨਾਂ ਇਕੱਠੀ ਕੀਤੀ ਅਤੇ ਉਹ ਅਤੇ ਇਸਰਾਏਲ ਦੇ ਆਗੂ ਉਨ੍ਹਾਂ ਦੇ ਅੱਗੇ-ਅੱਗੇ ਅਈ ਵੱਲ ਤੁਰ ਪਏ। ਸਾਰੀ ਸੈਨਾਂ ਜੋ ਉਸਦੇ ਨਾਲ ਸੀ, ਉੱਪਰ ਗਏ ਅਤੇ ਸ਼ਹਿਰ ਦੇ ਕੋਲ ਪਹੁੰਚੇ ਅਤੇ ਉਸਦੇ ਸਾਹਮਣੇ ਆ ਗਏ। ਉਨ੍ਹਾਂ ਨੇ ਅਈ ਦੇ ਉੱਤਰ ਵੱਲ ਡੇਰਾ ਲਾਇਆ ਜੋ ਉਨ੍ਹਾਂ ਦੇ ਅਤੇ ਸ਼ਹਿਰ ਦੇ ਵਿਚਕਾਰ ਘਾਟੀ ਸੀ। ਯੇਹੋਸ਼ੁਆ ਨੇ ਲਗਭਗ ਪੰਜ ਹਜ਼ਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਘਾਤ ਵਿੱਚ ਬਿਠਾਇਆ। ਇਸ ਲਈ ਸਿਪਾਹੀਆਂ ਨੇ ਸ਼ਹਿਰ ਦੇ ਉੱਤਰ ਵੱਲ ਮੁੱਖ ਡੇਰੇ ਅਤੇ ਇਸ ਦੇ ਪੱਛਮ ਵੱਲ ਘਾਟ ਦੇ ਨਾਲ-ਨਾਲ ਆਪਣੀਆਂ ਥਾਂਵਾਂ ਬਣਾ ਲਈਆਂ। ਉਸ ਰਾਤ ਯੇਹੋਸ਼ੁਆ ਵਾਦੀ ਵਿੱਚ ਗਿਆ।
ਜਦੋਂ ਅਈ ਦੇ ਰਾਜੇ ਨੇ ਇਹ ਵੇਖਿਆ, ਤਾਂ ਉਹ ਅਤੇ ਸ਼ਹਿਰ ਦੇ ਸਾਰੇ ਆਦਮੀ ਸਵੇਰੇ-ਸਵੇਰੇ ਹੀ ਇਸਰਾਏਲ ਨੂੰ ਅਰਾਬਾਹ ਦੇ ਨੇੜੇ ਇੱਕ ਥਾਂ ਉੱਤੇ ਲੜਾਈ ਵਿੱਚ ਮਿਲਣ ਲਈ ਤੁਰ ਪਏ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਸ਼ਹਿਰ ਦੇ ਪਿੱਛੇ ਉਸਦੇ ਵਿਰੁੱਧ ਇੱਕ ਘਾਤ ਲਗਾ ਦਿੱਤੀ ਗਈ ਸੀ। ਯੇਹੋਸ਼ੁਆ ਅਤੇ ਸਾਰੇ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਭੱਜੇ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਗਏ ਹੋਣ। ਅਈ ਦੇ ਸਾਰੇ ਆਦਮੀਆਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਯੇਹੋਸ਼ੁਆ ਦਾ ਪਿੱਛਾ ਕੀਤਾ ਅਤੇ ਸ਼ਹਿਰ ਤੋਂ ਦੂਰ ਚਲੇ ਗਏ। ਅਈ ਅਤੇ ਬੈਤਏਲ ਵਿੱਚ ਕੋਈ ਵੀ ਮਨੁੱਖ ਬਾਕੀ ਨਹੀਂ ਰਿਹਾ ਜੋ ਇਸਰਾਏਲ ਦੇ ਪਿੱਛੇ ਨਾ ਗਿਆ ਹੋਵੇ। ਉਨ੍ਹਾਂ ਨੇ ਸ਼ਹਿਰ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਇਸਰਾਏਲ ਦਾ ਪਿੱਛਾ ਕਰਨ ਲਈ ਚਲੇ ਗਏ।
ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਅਈ ਵੱਲ ਜੋ ਬਰਛੀ ਤੇਰੇ ਹੱਥ ਵਿੱਚ ਹੈ ਫੜ ਕਿਉਂ ਜੋ ਮੈਂ ਸ਼ਹਿਰ ਨੂੰ ਤੇਰੇ ਹੱਥ ਵਿੱਚ ਦੇਵਾਂਗਾ।” ਇਸ ਲਈ ਯੇਹੋਸ਼ੁਆ ਨੇ ਉਸ ਬਰਛੇ ਨੂੰ ਜੋ ਉਸਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ। ਜਿਵੇਂ ਹੀ ਉਸਨੇ ਅਜਿਹਾ ਕੀਤਾ, ਘਾਤ ਵਿੱਚ ਬੈਠੇ ਆਦਮੀ ਆਪਣੀ ਸਥਿਤੀ ਤੋਂ ਤੇਜ਼ੀ ਨਾਲ ਉੱਠੇ ਅਤੇ ਅੱਗੇ ਵਧੇ। ਉਨ੍ਹਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਜਲਦੀ ਅੱਗ ਲਗਾ ਦਿੱਤੀ।
ਅਈ ਦੇ ਆਦਮੀਆਂ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਸ਼ਹਿਰ ਦਾ ਧੂੰਆਂ ਅਕਾਸ਼ ਵਿੱਚ ਉੱਠਦਾ ਦੇਖਿਆ, ਪਰ ਉਨ੍ਹਾਂ ਨੂੰ ਕਿਸੇ ਵੀ ਦਿਸ਼ਾ ਵਿੱਚ ਭੱਜਣ ਦਾ ਕੋਈ ਮੌਕਾ ਨਹੀਂ ਸੀ ਅਤੇ ਇਸਰਾਏਲੀ ਜਿਹੜੇ ਉਜਾੜ ਵੱਲ ਭੱਜ ਰਹੇ ਸਨ, ਆਪਣੇ ਪਿੱਛਾ ਕਰਨ ਵਾਲਿਆਂ ਦੇ ਵਿਰੁੱਧ ਮੁੜ ਗਏ ਸਨ। ਕਿਉਂ ਜੋ ਜਦੋਂ ਯੇਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਲਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਵਿੱਚੋਂ ਧੂੰਆਂ ਉੱਠ ਰਿਹਾ ਹੈ, ਤਾਂ ਉਹ ਮੁੜੇ ਅਤੇ ਅਈ ਦੇ ਮਨੁੱਖਾਂ ਉੱਤੇ ਹਮਲਾ ਕੀਤਾ। ਜਿਹੜੇ ਘਾਤ ਵਿੱਚ ਸਨ ਉਹ ਵੀ ਉਨ੍ਹਾਂ ਦੇ ਵਿਰੁੱਧ ਸ਼ਹਿਰ ਤੋਂ ਬਾਹਰ ਆ ਗਏ, ਤਾਂ ਜੋ ਉਹ ਵਿਚਕਾਰੋਂ ਫੜੇ ਗਏ, ਦੋਵੇਂ ਪਾਸੇ ਇਸਰਾਏਲੀ ਸਨ। ਇਸਰਾਏਲ ਨੇ ਉਨ੍ਹਾਂ ਨੂੰ ਵੱਢ ਸੁੱਟਿਆ, ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ। ਪਰ ਉਹ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯੇਹੋਸ਼ੁਆ ਕੋਲ ਲੈ ਆਏ।
ਜਦੋਂ ਇਸਰਾਏਲ ਨੇ ਅਈ ਦੇ ਸਾਰੇ ਮਨੁੱਖਾਂ ਨੂੰ ਖੇਤਾਂ ਵਿੱਚ ਅਤੇ ਉਜਾੜ ਵਿੱਚ ਜਿੱਥੇ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਸੀ ਮਾਰ ਦਿੱਤਾ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਤਲਵਾਰ ਨਾਲ ਵੱਢਿਆ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜ ਗਏ ਅਤੇ ਉਹਨਾਂ ਨੂੰ ਜਿਹੜੇ ਉਸ ਵਿੱਚ ਸਨ ਮਾਰ ਦਿੱਤੇ। ਉਸ ਦਿਨ ਅਈ ਦੇ ਸਾਰੇ ਲੋਕ ਮਰ ਗਏ ਜਿਹਨਾਂ ਵਿੱਚ ਬਾਰਾਂ ਹਜ਼ਾਰ ਮਰਦ ਅਤੇ ਔਰਤਾਂ ਸਨ। ਕਿਉਂ ਜੋ ਯੇਹੋਸ਼ੁਆ ਨੇ ਉਹ ਹੱਥ ਪਿੱਛੇ ਨਾ ਖਿੱਚਿਆ ਜਿਸਨੇ ਆਪਣਾ ਬਰਛਾ ਫੜਿਆ ਹੋਇਆ ਸੀ ਜਦ ਤੱਕ ਉਹ ਅਈ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੰਦਾ। ਪਰ ਇਸਰਾਏਲੀਆਂ ਨੇ ਆਪਣੇ ਲਈ ਇਸ ਸ਼ਹਿਰ ਦੇ ਪਸ਼ੂ, ਧਨ ਅਤੇ ਲੁੱਟ ਦਾ ਮਾਲ ਲੈ ਲਿਆ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ।
ਇਸ ਲਈ ਯੇਹੋਸ਼ੁਆ ਨੇ ਅਈ1 ਨੂੰ ਸਾੜ ਦਿੱਤਾ ਅਤੇ ਇਸਨੂੰ ਖੰਡਰ ਦਾ ਇੱਕ ਸਥਾਈ ਢੇਰ ਬਣਾ ਦਿੱਤਾ, ਜੋ ਅੱਜ ਤੱਕ ਵਿਰਾਨ ਥਾਂ ਹੈ। ਉਸ ਨੇ ਅਈ ਦੇ ਰਾਜੇ ਦੀ ਲਾਸ਼ ਨੂੰ ਇੱਕ ਖੰਭੇ ਉੱਤੇ ਟੰਗ ਦਿੱਤਾ ਅਤੇ ਸ਼ਾਮ ਤੱਕ ਉੱਥੇ ਹੀ ਛੱਡ ਦਿੱਤਾ। ਸੂਰਜ ਡੁੱਬਣ ਵੇਲੇ, ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਲਾਸ਼ ਨੂੰ ਖੰਭੇ ਤੋਂ ਚੁੱਕ ਕੇ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦੇਣ ਅਤੇ ਉਨ੍ਹਾਂ ਨੇ ਉਸ ਉੱਤੇ ਚੱਟਾਨਾਂ ਦਾ ਇੱਕ ਵੱਡਾ ਢੇਰ ਖੜ੍ਹਾ ਕੀਤਾ, ਜੋ ਅੱਜ ਤੱਕ ਕਾਇਮ ਹੈ।
ਏਬਾਲ ਪਹਾੜ ਉੱਤੇ ਨੇਮ ਦਾ ਦੁਹਰਾਇਆ ਜਾਣਾ
ਫ਼ੇਰ ਯੇਹੋਸ਼ੁਆ ਨੇ ਏਬਾਲ ਪਹਾੜ ਉੱਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਲਈ ਇੱਕ ਜਗਵੇਦੀ ਬਣਾਈ। ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਸਨੇ ਇਸਨੂੰ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਬਣਾਇਆ ਇੱਕ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਇੱਕ ਜਗਵੇਦੀ, ਜਿਸ ਉੱਤੇ ਕੋਈ ਲੋਹੇ ਦਾ ਸੰਦ ਨਹੀਂ ਵਰਤਿਆ ਗਿਆ ਸੀ। ਇਸ ਤੇ ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੰਗਤੀ ਦੀਆਂ ਭੇਟਾਂ ਚੜ੍ਹਾਈਆਂ। ਉੱਥੇ, ਇਸਰਾਏਲੀਆਂ ਦੀ ਮੌਜੂਦਗੀ ਵਿੱਚ, ਯੇਹੋਸ਼ੁਆ ਨੇ ਮੋਸ਼ੇਹ ਦੇ ਕਾਨੂੰਨ ਦੀ ਇੱਕ ਨਕਲ ਪੱਥਰਾਂ ਉੱਤੇ ਲਿਖੀ। ਸਾਰੇ ਇਸਰਾਏਲੀ, ਆਪਣੇ ਬਜ਼ੁਰਗਾਂ, ਅਧਿਕਾਰੀਆਂ ਅਤੇ ਨਿਆਂਕਾਰਾਂ ਦੇ ਨਾਲ, ਯਾਹਵੇਹ ਦੇ ਨੇਮ ਦੇ ਸੰਦੂਕ ਦੇ ਦੋਵੇਂ ਪਾਸੇ ਖੜ੍ਹੇ ਸਨ, ਲੇਵੀ ਜਾਜਕਾਂ ਦੇ ਸਾਹਮਣੇ ਸਨ ਜੋ ਇਸਨੂੰ ਚੁੱਕਦੇ ਸਨ। ਉਨ੍ਹਾਂ ਵਿੱਚ ਰਹਿਣ ਵਾਲੇ ਵਿਦੇਸ਼ੀ ਅਤੇ ਦੇਸ਼ੀ ਜਨਮੇ ਦੋਵੇਂ ਹੀ ਸਨ। ਅੱਧੇ ਲੋਕ ਗਰਿੱਜ਼ੀਮ ਪਹਾੜ ਦੇ ਸਾਹਮਣੇ ਅਤੇ ਅੱਧੇ ਏਬਾਲ ਪਹਾੜ ਦੇ ਸਾਹਮਣੇ ਖੜ੍ਹੇ ਸਨ, ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਪਹਿਲਾਂ ਹੁਕਮ ਦਿੱਤਾ ਸੀ ਜਦੋਂ ਉਸਨੇ ਇਸਰਾਏਲ ਦੇ ਲੋਕਾਂ ਨੂੰ ਅਸੀਸ ਦੇਣ ਲਈ ਹਿਦਾਇਤਾਂ ਦਿੱਤੀਆਂ ਸਨ।
ਇਸ ਤੋਂ ਬਾਅਦ, ਯੇਹੋਸ਼ੁਆ ਨੇ ਬਿਵਸਥਾ ਦੇ ਸਾਰੇ ਸ਼ਬਦ ਪੜ੍ਹੇ ਜਿਸ ਵਿੱਚ ਬਰਕਤਾਂ ਅਤੇ ਸਰਾਪ ਦੋਵੇਂ ਪੜ੍ਹੇ, ਜਿਵੇਂ ਕਿ ਇਹ ਬਿਵਸਥਾ ਦੀ ਕਿਤਾਬ ਵਿੱਚ ਲਿਖੇ ਹੋਏ ਸਨ। ਮੋਸ਼ੇਹ ਨੇ ਜੋ ਹੁਕਮ ਦਿੱਤਾ ਸੀ ਉਸ ਦਾ ਇੱਕ ਵੀ ਸ਼ਬਦ ਨਹੀਂ ਸੀ ਜੋ ਯੇਹੋਸ਼ੁਆ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਨਾ ਪੜ੍ਹਿਆ, ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਅਤੇ ਜਿਹੜੇ ਵਿਦੇਸ਼ੀ ਉਸ ਦੇਸ਼ ਵਿੱਚ ਰਹਿੰਦੇ ਸਨ।
Source notes (1)
- Footnote ਅਈ ਅਰਥ ਬਰਬਾਦੀ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.