Biblica® Open Punjabi Contemporary Version 2025
ਯੇਹੋਸ਼ੁਆ 7
ਆਕਾਨ ਦਾ ਪਾਪ
ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀਆਂ ਚੀਜ਼ਾ ਦੇ ਪ੍ਰਤੀ ਅਪਰਾਧ ਕੀਤਾ; ਕਿਉ ਜੋ ਯਹੂਦਾਹ ਦੇ ਗੋਤ ਵਿੱਚੋਂ ਕਰਮੀ ਦੇ ਪੁੱਤਰ ਆਕਾਨ ਨੇ, ਜ਼ੇਰਾਹ ਦੇ ਪੁੱਤਰ, ਜ਼ਿਮਰੀ ਦੇ ਪੁੱਤਰ ਨੇ ਚੜ੍ਹਾਵੇ ਦੀਆਂ ਕੁਝ ਚੀਜ਼ਾਂ ਆਪਣੇ ਲਈ ਰੱਖ ਲਈਆਂ ਸੀ। ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।
ਹੁਣ ਯੇਹੋਸ਼ੁਆ ਨੇ ਯਰੀਹੋ ਤੋਂ ਅਈ ਨੂੰ ਜੋ ਬੈਤਏਲ ਦੇ ਪੂਰਬ ਵੱਲ ਬੈਤ-ਆਵਨ ਦੇ ਨੇੜੇ ਹੈ, ਆਦਮੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ, “ਉੱਪਰ ਜਾਓ ਅਤੇ ਇਸ ਇਲਾਕੇ ਦੀ ਜਾਸੂਸੀ ਕਰੋ।” ਇਸ ਲਈ ਆਦਮੀ ਉੱਪਰ ਗਏ ਅਤੇ ਅਈ ਦੀ ਜਾਸੂਸੀ ਕੀਤੀ।
ਜਦੋਂ ਉਹ ਯੇਹੋਸ਼ੁਆ ਕੋਲ ਵਾਪਸ ਆਏ ਤਾਂ ਉਨ੍ਹਾਂ ਨੇ ਆਖਿਆ, “ਸਾਰੀ ਸੈਨਾਂ ਨੂੰ ਅਈ ਦੇ ਵਿਰੁੱਧ ਜਾਣ ਦੀ ਲੋੜ ਨਹੀਂ। ਦੋ ਜਾਂ ਤਿੰਨ ਹਜ਼ਾਰ ਆਦਮੀ ਉਤਾਹ ਜਾ ਕੇ ਅਈ ਨੂੰ ਜਿੱਤ ਲੈਣ, ਕਿਉਂਕਿ ਉੱਥੇ ਸਿਰਫ ਕੁਝ ਹੀ ਲੋਕ ਰਹਿੰਦੇ ਹਨ।” ਇਸ ਲਈ ਲਗਭਗ ਤਿੰਨ ਹਜ਼ਾਰ ਲੋਕ ਉੱਪਰ ਗਏ, ਪਰ ਉਨ੍ਹਾਂ ਨੂੰ ਅਈ ਦੇ ਬੰਦਿਆਂ ਨੇ ਹਰਾ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਛੱਤੀ ਮਨੁੱਖਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੇ ਸ਼ਹਿਰ ਦੇ ਦਰਵਾਜ਼ੇ ਤੋਂ ਲੈ ਕੇ ਪੱਥਰ ਦੀਆਂ ਖੱਡਾਂ ਤੱਕ ਪਿੱਛਾ ਕੀਤਾ ਅਤੇ ਢਲਾਣਾਂ ਉੱਤੇ ਉਨ੍ਹਾਂ ਨੂੰ ਮਾਰਿਆ। ਇਸ ਨਾਲ ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਪਾਣੀ ਵਾਂਗ ਹੋ ਗਏ।
ਤਦ ਯੇਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਯਾਹਵੇਹ ਦੇ ਸੰਦੂਕ ਦੇ ਅੱਗੇ ਧਰਤੀ ਉੱਤੇ ਡਿੱਗ ਪਿਆ, ਸ਼ਾਮ ਤੱਕ ਉੱਥੇ ਰਿਹਾ। ਇਸਰਾਏਲ ਦੇ ਬਜ਼ੁਰਗਾਂ ਨੇ ਵੀ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਮਿੱਟੀ ਛਿੜਕੀ। ਅਤੇ ਯੇਹੋਸ਼ੁਆ ਨੇ ਆਖਿਆ, “ਹਾਏ, ਯਾਹਵੇਹ ਪਰਮੇਸ਼ਵਰ, ਤੂੰ ਇਨ੍ਹਾਂ ਲੋਕਾਂ ਨੂੰ ਯਰਦਨ ਦੇ ਪਾਰ ਕਿਉਂ ਲਿਆਇਆ ਕਿ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਕੇ ਸਾਨੂੰ ਤਬਾਹ ਕਰ ਦੇਵੇ? ਕਾਸ਼ ਅਸੀਂ ਯਰਦਨ ਦੇ ਦੂਜੇ ਪਾਸੇ ਰਹਿਣ ਵਿੱਚ ਸੰਤੁਸ਼ਟ ਹੁੰਦੇ! ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ। ਮੈਂ ਕੀ ਕਹਿ ਸਕਦਾ ਹਾਂ, ਹੁਣ ਜਦੋਂ ਇਸਰਾਏਲ ਆਪਣੇ ਦੁਸ਼ਮਣਾਂ ਦੁਆਰਾ ਹਰਾ ਦਿੱਤਾ ਗਿਆ ਹੈ? ਕਨਾਨੀ ਅਤੇ ਦੇਸ਼ ਦੇ ਹੋਰ ਲੋਕ ਇਸ ਬਾਰੇ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਸਾਡਾ ਨਾਮ ਧਰਤੀ ਤੋਂ ਮਿਟਾ ਦੇਣਗੇ। ਫਿਰ ਤੂੰ ਆਪਣੇ ਮਹਾਨ ਨਾਮ ਲਈ ਕੀ ਕਰੇਂਗਾ?”
ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਖੜ੍ਹਾਂ ਹੋ! ਤੂੰ ਕਿਉਂ ਮੂੰਹ ਦੇ ਬਲ ਪਿਆ ਹੈ? ਇਸਰਾਏਲ ਨੇ ਪਾਪ ਕੀਤਾ ਹੈ ਅਤੇ ਉਨ੍ਹਾਂ ਨੇ ਮੇਰੇ ਇਕਰਾਰਨਾਮੇ ਦੀ ਉਲੰਘਣਾ ਕੀਤੀ ਹੈ, ਜਿਸ ਦੀ ਪਾਲਣਾ ਕਰਨ ਲਈ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਹ ਕੁਝ ਚੜ੍ਹਾਵੇ ਦੀਆਂ ਚੀਜ਼ਾਂ ਲੈ ਗਏ ਹਨ, ਉਹਨਾਂ ਨੇ ਚੋਰੀ ਕੀਤੀ ਹੈ, ਉਹਨਾਂ ਨੇ ਝੂਠ ਬੋਲਿਆ ਹੈ, ਉਹਨਾਂ ਨੇ ਉਹਨਾਂ ਨੂੰ ਆਪਣੇ ਮਾਲ ਨਾਲ ਰਲਾ ਲਿਆ ਹੈ। ਇਹੀ ਕਾਰਨ ਹੈ ਕਿ ਇਸਰਾਏਲੀ ਆਪਣੇ ਦੁਸ਼ਮਣਾਂ ਦਾ ਸਾਹਮਣਾ ਨਹੀਂ ਕਰ ਸਕੇ; ਅਤੇ ਪਿੱਠ ਵਿਖਾ ਕੇ ਭੱਜ ਗਏ ਕਿਉਂ ਜੋ ਉਹ ਸਰਾਪੇ ਗਏ ਹਨ। ਹੁਣ ਮੈਂ ਅੱਗੇ ਤੋਂ ਤੁਹਾਡੇ ਨਾਲ ਨਾ ਹੋਵਾਗਾ ਜਦ ਤੱਕ ਤੁਸੀਂ ਉਸ ਚੜ੍ਹਾਵੇ ਦੀ ਚੀਜ਼ਾਂ ਨੂੰ ਆਪਣੇ ਵਿੱਚੋਂ ਨਾਸ ਨਾ ਕਰ ਸੁੱਟੋ।
“ਜਾ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਉਨ੍ਹਾਂ ਨੂੰ ਆਖ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ ਕਿ ਹੇ ਇਸਰਾਏਲ, ਤੁਹਾਡੇ ਵਿੱਚ ਚੜ੍ਹਾਵੇ ਦੀਆਂ ਵਸਤੂਆਂ ਹਨ, ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਉਦੋਂ ਤੱਕ ਖੜ੍ਹੇ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਨਹੀਂ ਹਟਾ ਦਿੰਦੇ।
“ ‘ਸਵੇਰ ਨੂੰ, ਆਪਣੇ ਆਪ ਨੂੰ ਗੋਤਾਂ ਸਮੇਤ ਪੇਸ਼ ਕਰੋ ਅਤੇ ਜਿਸ ਗੋਤ ਨੂੰ ਯਾਹਵੇਹ ਚੁਣਦਾ ਹੈ, ਉਹ ਟੱਬਰ ਸਮੇਤ ਅੱਗੇ ਆਵੇਗਾ, ਜਿਸ ਟੱਬਰ ਨੂੰ ਯਾਹਵੇਹ ਨੇ ਚੁਣਿਆ ਹੈ, ਉਹ ਪਰਿਵਾਰ ਸਮੇਤ ਅੱਗੇ ਆਵੇਗਾ ਅਤੇ ਯਾਹਵੇਹ ਦੁਆਰਾ ਚੁਣਿਆ ਗਿਆ ਪਰਿਵਾਰ ਇੱਕ-ਇੱਕ ਕਰਕੇ ਅੱਗੇ ਆਵੇਗਾ। ਜੋ ਕੋਈ ਵੀ ਚੜ੍ਹਾਵੇ ਦੀਆਂ ਵਸਤੂਆਂ ਨਾਲ ਫੜਿਆ ਜਾਂਦਾ ਹੈ, ਅੱਗ ਵਿੱਚ ਉਸ ਦੇ ਸਾਰੇ ਸਮਾਨ ਸਮੇਤ ਸਾੜ ਦਿੱਤਾ ਜਾਵੇਗਾ ਕਿਉਂ ਜੋ ਉਸ ਨੇ ਯਾਹਵੇਹ ਦੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਹੈ!’ ”
ਅਗਲੀ ਸਵੇਰ ਯੇਹੋਸ਼ੁਆ ਨੇ ਇਸਰਾਏਲ ਨੂੰ ਗੋਤਾਂ ਸਮੇਤ ਅੱਗੇ ਆਉਣ ਲਈ ਕਿਹਾ ਅਤੇ ਯਹੂਦਾਹ ਨੂੰ ਚੁਣਿਆ ਗਿਆ। ਯਹੂਦਾਹ ਦੇ ਗੋਤ ਅੱਗੇ ਆਏ ਅਤੇ ਜ਼ੇਰਾਹੀਆਂ ਦੇ ਟੱਬਰ ਨੂੰ ਚੁਣਿਆ ਗਿਆ। ਉਸ ਨੇ ਜ਼ੇਰਾਹੀਆਂ ਦੇ ਗੋਤ ਨੂੰ ਪਰਿਵਾਰਾਂ ਸਮੇਤ ਅੱਗੇ ਲਿਆਇਆ ਅਤੇ ਜ਼ਿਮਰੀ ਨੂੰ ਚੁਣਿਆ ਗਿਆ। ਯੇਹੋਸ਼ੁਆ ਆਪਣੇ ਘਰਾਣੇ ਦੇ ਇੱਕ-ਇੱਕ ਮਨੁੱਖ ਨੂੰ ਅੱਗੇ ਲਿਆਇਆ ਅਤੇ ਆਕਾਨ, ਕਰਮੀ ਦਾ ਪੁੱਤਰ, ਜ਼ਿਮਰੀ ਦਾ ਪੁੱਤਰ, ਜ਼ੇਰਾਹ ਦਾ ਪੁੱਤਰ, ਯਹੂਦਾਹ ਦੇ ਗੋਤ ਵਿੱਚੋਂ ਚੁਣਿਆ ਗਿਆ।
ਫਿਰ ਯੇਹੋਸ਼ੁਆ ਨੇ ਆਕਾਨ ਨੂੰ ਆਖਿਆ, “ਮੇਰੇ ਪੁੱਤਰ, ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਮਹਿਮਾ ਕਰ ਅਤੇ ਉਸਦਾ ਆਦਰ ਕਰ। ਮੈਨੂੰ ਦੱਸੋ ਕਿ ਤੂੰ ਕੀ ਕੀਤਾ ਹੈ ਅਤੇ ਇਸ ਨੂੰ ਮੇਰੇ ਤੋਂ ਨਾ ਲੁਕਾ।”
ਆਕਾਨ ਨੇ ਯੇਹੋਸ਼ੁਆ ਨੂੰ ਜਵਾਬ ਦਿੱਤਾ, “ਇਹ ਸੱਚ ਹੈ! ਮੈਂ ਇਸਰਾਏਲ ਦੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਇਹ ਉਹ ਹੈ ਜੋ ਮੈਂ ਕੀਤਾ ਹੈ। ਜਦੋਂ ਮੈਂ ਲੁੱਟ ਵਿੱਚੋਂ ਸ਼ਿਨਾਰ ਦੇਸ ਦਾ ਇੱਕ ਸੁੰਦਰ ਚੋਗਾ ਵੇਖਿਆ, ਜਿਸ ਵਿੱਚ ਦੋ ਸੌ ਸ਼ੈਕੇਲ1 ਚਾਂਦੀ ਅਤੇ ਪੰਜਾਹ ਸ਼ੈਕੇਲ2 ਵਜ਼ਨ ਦਾ ਸੋਨੇ ਦੀ ਇੱਕ ਇੱਟ ਸੀ, ਤਾਂ ਮੈਨੂੰ ਲਾਲਚ ਆ ਗਿਆ ਅਤੇ ਉਨ੍ਹਾਂ ਨੂੰ ਲੈ ਲਿਆ। ਉਹ ਮੇਰੇ ਤੰਬੂ ਦੇ ਅੰਦਰ ਜ਼ਮੀਨ ਵਿੱਚ ਲੁਕੇ ਹੋਏ ਹਨ, ਚਾਂਦੀ ਉਹਨਾਂ ਦੇ ਹੇਠਾਂ ਹੈ।”
ਇਸ ਲਈ ਯੇਹੋਸ਼ੁਆ ਨੇ ਸੰਦੇਸ਼ਵਾਹਕ ਭੇਜੇ ਅਤੇ ਉਹ ਤੰਬੂ ਵੱਲ ਭੱਜੇ ਅਤੇ ਉੱਥੇ ਉਹ ਆਪਣੇ ਤੰਬੂ ਵਿੱਚ ਚਾਂਦੀ ਦੇ ਹੇਠਾਂ ਲੁਕਿਆ ਹੋਇਆ ਸੀ। ਉਹ ਤੰਬੂ ਵਿੱਚੋਂ ਚੀਜ਼ਾਂ ਲੈ ਕੇ ਯੇਹੋਸ਼ੁਆ ਅਤੇ ਸਾਰੇ ਇਸਰਾਏਲੀਆਂ ਦੇ ਕੋਲ ਲੈ ਆਏ ਅਤੇ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਰੱਖ ਦਿੱਤਾ।
ਤਦ ਯੇਹੋਸ਼ੁਆ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਜ਼ੇਰਾਹ ਦੇ ਪੁੱਤਰ ਆਕਾਨ ਨੂੰ, ਚਾਂਦੀ, ਚੋਗਾ, ਸੋਨੇ ਦੀ ਪੱਟੀ, ਉਹ ਦੇ ਪੁੱਤਰਾਂ ਅਤੇ ਧੀਆਂ, ਉਹ ਦੇ ਡੰਗਰ, ਗਧੇ ਅਤੇ ਭੇਡਾਂ, ਉਹ ਦੇ ਤੰਬੂ ਅਤੇ ਸਭ ਕੁਝ ਜੋ ਉਸ ਕੋਲ ਸੀ, ਆਕੋਰ ਦੀ ਵਾਦੀ ਵਿੱਚ ਲੈ ਗਿਆ।
ਯੇਹੋਸ਼ੁਆ ਨੇ ਆਖਿਆ, “ਤੂੰ ਸਾਡੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਯਾਹਵੇਹ ਅੱਜ ਤੇਰੇ ਉੱਤੇ ਮੁਸੀਬਤ ਲਿਆਵੇਗਾ।”
ਤਦ ਸਾਰੇ ਇਸਰਾਏਲ ਨੇ ਉਸ ਨੂੰ ਪਥਰਾਓ ਕੀਤਾ ਅਤੇ ਬਾਕੀਆਂ ਨੂੰ ਪਥਰਾਓ ਕਰ ਕੇ ਸਾੜ ਦਿੱਤਾ। ਆਕਾਨ ਉੱਤੇ ਉਨ੍ਹਾਂ ਨੇ ਚੱਟਾਨਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਤੱਕ ਕਾਇਮ ਹੈ, ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ। ਇਸ ਲਈ ਉਸ ਥਾਂ ਨੂੰ ਉਦੋਂ ਤੋਂ ਆਕੋਰ3 ਦੀ ਘਾਟੀ ਕਿਹਾ ਜਾਂਦਾ ਹੈ।
Source notes (3)
- Footnote ਇਹ ਲਗਭਗ 2.3 ਕਿਲੋਗ੍ਰਾਮ
- Footnote ਇਹ ਲਗਭਗ 575 ਗ੍ਰਾਮ
- Footnote ਆਕੋਰ ਮਤਲਬ ਮੁਸੀਬਤ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.