Skip to content
BibleKenya

Biblica® Open Punjabi Contemporary Version 2025

ਯਿਰਮਿਯਾਹ 52

ਯੇਰੂਸ਼ਲੇਮ ਦਾ ਪਤਨ

ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਉਹ ਲਿਬਨਾਹ ਨਗਰ ਤੋਂ ਸੀ ਅਤੇ ਯਿਰਮਿਯਾਹ ਦੀ ਧੀ ਸੀ। ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਯਹੋਯਾਕੀਮ ਨੇ ਕੀਤੀ ਸੀ। ਇਹ ਯਾਹਵੇਹ ਦੇ ਗੁੱਸੇ ਦੇ ਕਾਰਨ ਸੀ ਕਿ ਇਹ ਸਭ ਕੁਝ ਯੇਰੂਸ਼ਲੇਮ ਅਤੇ ਯਹੂਦਾਹ ਨਾਲ ਵਾਪਰਿਆ, ਅਤੇ ਅੰਤ ਵਿੱਚ ਉਸਨੇ ਉਹਨਾਂ ਨੂੰ ਆਪਣੀ ਮੌਜ਼ੂਦਗੀ ਤੋਂ ਬਾਹਰ ਕੱਢ ਦਿੱਤਾ।

ਹੁਣ ਸਿਦਕੀਯਾਹ ਨੇ ਬਾਬੇਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।

ਇਸ ਲਈ ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਫ਼ੌਜ ਨਾਲ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ। ਉਹਨਾਂ ਨੇ ਸ਼ਹਿਰ ਦੇ ਬਾਹਰ ਡੇਰੇ ਲਾਏ ਅਤੇ ਚਾਰੇ ਪਾਸੇ ਘੇਰਾਬੰਦੀ ਕੀਤੀ। ਰਾਜੇ ਸਿਦਕੀਯਾਹ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਨੂੰ ਘੇਰਾਬੰਦੀ ਵਿੱਚ ਰੱਖਿਆ ਗਿਆ।

ਚੌਥੇ ਮਹੀਨੇ ਦੇ ਨੌਵੇਂ ਦਿਨ ਤੱਕ ਸ਼ਹਿਰ ਵਿੱਚ ਕਾਲ ਇੰਨਾ ਭਿਆਨਕ ਹੋ ਗਿਆ ਸੀ ਕਿ ਲੋਕਾਂ ਦੇ ਖਾਣ ਲਈ ਭੋਜਨ ਨਹੀਂ ਸੀ। ਤਦ ਸ਼ਹਿਰ ਦੀ ਕੰਧ ਢਾਹ ਦਿੱਤੀ ਗਈ ਅਤੇ ਸਾਰੀ ਫ਼ੌਜ ਰਾਤ ਨੂੰ ਰਾਜੇ ਦੇ ਬਾਗ਼ ਦੇ ਕੋਲ ਦੋ ਕੰਧਾਂ ਦੇ ਵਿਚਕਾਰਲੇ ਫਾਟਕ ਵਿੱਚੋਂ ਭੱਜ ਗਈ, ਭਾਵੇਂ ਬਾਬੇਲ ਦੇ ਲੋਕ ਸ਼ਹਿਰ ਨੂੰ ਘੇਰ ਰਹੇ ਸਨ। ਉਹ ਅਰਾਬਾਹ ਵੱਲ ਭੱਜੇ, ਪਰ ਕਸਦੀਆਂ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਉਸਨੂੰ ਫੜ ਲਿਆ। ਉਹ ਦੇ ਸਾਰੇ ਸਿਪਾਹੀ ਉਸ ਤੋਂ ਵੱਖ ਹੋ ਗਏ ਅਤੇ ਖਿੰਡ ਗਏ, ਅਤੇ ਉਹ ਫੜਿਆ ਗਿਆ।

ਉਸਨੂੰ ਹਮਾਥ ਦੀ ਧਰਤੀ ਵਿੱਚ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲਿਜਾਇਆ ਗਿਆ, ਜਿੱਥੇ ਉਸਨੇ ਉਸਨੂੰ ਸਜ਼ਾ ਸੁਣਾਈ। ਉੱਥੇ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ। ਉਸਨੇ ਯਹੂਦਾਹ ਦੇ ਸਾਰੇ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ। ਤਦ ਬਾਬੇਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬੇਲ ਵਿੱਚ ਲੈ ਗਿਆ ਜਿੱਥੇ ਉਸ ਨੇ ਉਸ ਨੂੰ ਮੌਤ ਦੇ ਦਿਨ ਤੱਕ ਕੈਦ ਵਿੱਚ ਰੱਖਿਆ।

ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਉਨ੍ਹੀਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਦਸਵੇਂ ਦਿਨ, ਸ਼ਾਹੀ ਪਹਿਰੇਦਾਰਾਂ ਦਾ ਸੈਨਾਪਤੀ ਨਬੂਜ਼ਰਦਾਨ, ਜੋ ਬਾਬੇਲ ਦੇ ਰਾਜੇ ਦੀ ਸੇਵਾ ਕਰਦਾ ਸੀ, ਯੇਰੂਸ਼ਲੇਮ ਵਿੱਚ ਆਇਆ। ਉਸਨੇ ਯਾਹਵੇਹ ਦੇ ਹੈਕਲ, ਸ਼ਾਹੀ ਮਹਿਲ ਅਤੇ ਯੇਰੂਸ਼ਲੇਮ ਦੇ ਸਾਰੇ ਘਰਾਂ ਨੂੰ ਅੱਗ ਲਗਾ ਦਿੱਤੀ। ਹਰ ਮਹੱਤਵਪੂਰਨ ਇਮਾਰਤ ਉਸ ਨੇ ਸਾੜ ਦਿੱਤੀ। ਅਤੇ ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ। ਅਤੇ ਲੋਕਾਂ ਦੇ ਅੱਤ ਗਰੀਬਾਂ ਵਿੱਚੋਂ ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜਿਹੜੇ ਬਾਬੇਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਕਾਰੀਗਰਾਂ ਦੇ ਬਚੇ ਹੋਏ ਲੋਕਾਂ ਨੂੰ ਪਹਿਰੇਦਾਰਾਂ ਦਾ ਸਰਦਾਰ ਨਬੂਜ਼ਰਦਾਨ ਗ਼ੁਲਾਮ ਬਣਾ ਕੇ ਲੈ ਗਿਆ। ਪਰ ਨਬੂਜ਼ਰਦਾਨ ਨੇ ਅੰਗੂਰੀ ਬਾਗਾਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਦੇਸ਼ ਦੇ ਬਾਕੀ ਗਰੀਬ ਲੋਕਾਂ ਨੂੰ ਪਿੱਛੇ ਛੱਡ ਦਿੱਤਾ।

ਕਸਦੀਆਂ ਨੇ ਕਾਂਸੀ ਦੇ ਥੰਮ੍ਹਾਂ, ਖੰਭਿਆਂ ਅਤੇ ਕਾਂਸੀ ਦੇ ਸਮੁੰਦਰ ਨੂੰ ਤੋੜ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ ਅਤੇ ਉਹ ਸਾਰਾ ਪਿੱਤਲ ਬਾਬੇਲ ਦੇਸ਼ ਵਿੱਚ ਲੈ ਗਏ। ਅਤੇ ਉਹ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਲੈ ਗਏ। ਸ਼ਾਹੀ ਪਹਿਰੇਦਾਰਾਂ ਦੇ ਅਧਿਕਾਰੀਆਂ ਨੇ ਕਟੋਰੇ, ਧੂਪਦਾਨ, ਛਿੜਕਣ ਵਾਲੇ ਕਟੋਰੇ, ਬਰਤਨ, ਸ਼ਮਾਦਾਨ, ਪਕਵਾਨ ਅਤੇ ਪੀਣ ਦੀਆਂ ਭੇਟਾਂ ਲਈ ਵਰਤੇ ਗਏ, ਕਟੋਰੇ ਉਹ ਸਭ ਕੁਝ ਜੋ ਸ਼ੁੱਧ ਸੋਨੇ ਜਾਂ ਚਾਂਦੀ ਦੇ ਬਣੇ ਹੋਏ ਸਨ ਲੈ ਗਏ।

ਰਹੇ ਦੋ ਥੰਮ੍ਹ, ਵੱਡਾ ਹੌਦ, ਉਹ ਦੇ ਹੇਠਾਂ ਦੇ ਬਾਰਾਂ ਬਲਦਾਂ, ਅਤੇ ਕੁਰਸੀਆਂ ਜਿਨ੍ਹਾਂ ਨੂੰ ਰਾਜਾ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ। ਹਰ ਥੰਮ੍ਹ ਅਠਾਰਾਂ ਹੱਥ ਉੱਚਾ ਅਤੇ ਘੇਰੇ ਵਿੱਚ ਬਾਰਾਂ ਹੱਥ ਸੀ। ਹਰ ਇੱਕ ਚਾਰ ਉਂਗਲਾਂ ਮੋਟਾ ਅਤੇ ਖੋਖਲਾ ਸੀ। ਉਸ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਪੰਜ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਸਰੇ ਥੰਮ੍ਹ ਉੱਤੇ ਵੀ ਇਸੇ ਤਰ੍ਹਾਂ ਅਨਾਰ ਸਨ। ਛਿਆਨਵੇਂ ਅਨਾਰ ਉਸ ਦੇ ਪਾਸੇ ਉੱਤੇ ਸਨ ਅਤੇ ਜਾਲੀ ਦੇ ਦੁਆਲੇ ਦੇ ਸਾਰੇ ਅਨਾਰ ਇੱਕ ਸੌ ਸਨ।

ਪਹਿਰੇਦਾਰਾਂ ਦੇ ਸਰਦਾਰ ਨੇ ਮੁੱਖ ਜਾਜਕ ਸਰਾਯਾਹ, ਸਫ਼ਨਯਾਹ ਜਾਜਕ ਅਤੇ ਤਿੰਨ ਦਰਬਾਨਾਂ ਨੂੰ ਕੈਦੀ ਬਣਾ ਲਿਆ। ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਲੜਨ ਵਾਲਿਆ ਸੂਰਮਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਪੰਜ ਸ਼ਾਹੀ ਸਲਾਹਕਾਰਾਂ ਨੂੰ ਵੀ ਲਿਆ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ਼ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ਼ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ। ਸੈਨਾਪਤੀ ਨਬੂਜ਼ਰਦਾਨ ਉਹਨਾਂ ਸਾਰਿਆਂ ਨੂੰ ਲੈ ਕੇ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲੈ ਆਇਆ। ਉੱਥੇ ਹਮਾਥ ਦੇ ਦੇਸ਼ ਵਿੱਚ ਰਿਬਲਾਹ ਵਿੱਚ ਰਾਜੇ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਲਈ ਯਹੂਦਾਹ ਆਪਣੀ ਧਰਤੀ ਤੋਂ ਦੂਰ, ਗ਼ੁਲਾਮੀ ਵਿੱਚ ਚਲਾ ਗਿਆ।

ਇਹ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਨੂੰ ਨਬੂਕਦਨੱਸਰ ਨੇ ਗ਼ੁਲਾਮੀ ਵਿੱਚ ਲਿਆਂਦਾ:

ਸੱਤਵੇਂ ਸਾਲ ਵਿੱਚ,

3,023 ਯਹੂਦੀ;

ਨਬੂਕਦਨੱਸਰ ਦੇ ਅਠਾਰਵੇਂ ਸਾਲ ਵਿੱਚ, ਯੇਰੂਸ਼ਲੇਮ ਤੋਂ 832 ਲੋਕ;

ਨਬੂਕਦਨੱਸਰ ਦੇ ਤੇਈਵੇਂ ਸਾਲ,

ਨਬੂਜ਼ਰਦਾਨ ਪਹਿਰੇਦਾਰਾ ਦਾ ਸਰਦਾਰ 745 ਯਹੂਦੀ ਗ਼ੁਲਾਮ ਕਰ ਕੇ ਲੈ ਗਿਆ।

ਕੁੱਲ ਮਿਲਾ ਕੇ 4,600 ਲੋਕ ਸਨ।

ਯਹੋਯਾਕੀਨ ਦੀ ਅਜ਼ਾਦੀ

ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ, ਜਿਸ ਸਾਲ ਆਵੇਲ-ਮਾਰਦੂਕ ਬਾਬੇਲ ਦਾ ਰਾਜਾ ਬਣਿਆ, ਬਾਰ੍ਹਵੇਂ ਮਹੀਨੇ ਦੇ ਪੱਚੀਵੇਂ ਦਿਨ, ਉਸਨੇ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਤੋਂ ਰਿਹਾ ਕਰ ਦਿੱਤਾ। ਉਸ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਅਤੇ ਉਸ ਨੂੰ ਬਾਕੀ ਰਾਜਿਆਂ ਨਾਲੋਂ ਉੱਚਾ ਸਨਮਾਨ ਦਿੱਤਾ ਜੋ ਬਾਬੇਲ ਵਿੱਚ ਉਸ ਦੇ ਨਾਲ ਸਨ। ਇਸ ਲਈ ਯਹੋਯਾਕੀਨ ਨੇ ਜੇਲ੍ਹ ਦੇ ਕੱਪੜੇ ਲਾਹ ਸੁੱਟੇ ਅਤੇ ਸਾਰੀ ਉਮਰ ਰਾਜੇ ਦੇ ਮੇਜ਼ ਉੱਤੇ ਖਾਧਾ। ਬਾਬੇਲ ਦਾ ਰਾਜਾ ਯਹੋਯਾਕੀਨ ਨੂੰ ਜਿੰਨਾ ਚਿਰ ਉਹ ਜਿਉਂਦਾ ਰਿਹਾ, ਉਸਦੀ ਮੌਤ ਦੇ ਦਿਨ ਤੀਕ, ਹਰ ਰੋਜ਼ ਇੱਕ ਨਿਯਮਤ ਭੱਤਾ ਦਿੰਦਾ ਰਿਹਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.