Skip to content
BibleKenya

Biblica® Open Punjabi Contemporary Version 2025

ਵਿਰਲਾਪ 1

ਕਿਵੇਂ ਉਹ ਇਕੱਲੀ ਨਗਰੀ ਉਜਾੜ ਵਾਂਗ ਹੋ ਗਈ,

ਜਿਹੜੀ ਪਹਿਲਾਂ ਲੋਕਾਂ ਨਾਲ ਭਰੀ ਹੋਈ ਸੀ!

ਉਹ ਵਿਧਵਾ ਵਾਂਗੂੰ ਹੋ ਗਈ,

ਕਦੇ ਉਹ ਕੌਮਾਂ ਵਿੱਚ ਮਹਾਨ ਸੀ!

ਉਹ ਸੂਬਿਆਂ ਦੀ ਰਾਜਕੁਮਾਰੀ ਸੀ,

ਹੁਣ ਉਹ ਗੁਲਾਮ ਬਣ ਗਈ।

ਉਹ ਰਾਤ ਨੂੰ ਰੋਂਦੀ ਹੈ,

ਹੰਝੂ ਉਸ ਦੀਆਂ ਗੱਲ੍ਹਾਂ ਉੱਤੇ ਛਲਕਦੇ ਹਨ।

ਉਸ ਦੇ ਸਾਰੇ ਪ੍ਰੇਮੀਆਂ ਵਿੱਚ

ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।

ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਧੋਖਾ ਦਿੱਤਾ ਹੈ;

ਉਹ ਉਸ ਦੇ ਦੁਸ਼ਮਣ ਬਣ ਗਏ ਹਨ।

ਯਹੂਦਾਹ ਦੇ ਕਸ਼ਟ ਅਤੇ ਕਠੋਰ ਮਿਹਨਤ ਤੋਂ ਬਾਅਦ,

ਉਹ ਗ਼ੁਲਾਮੀ ਵਿੱਚ ਚਲੀ ਗਈ।

ਉਹ ਕੌਮਾਂ ਵਿੱਚ ਵੱਸਦੀ ਹੈ;

ਉਸ ਨੂੰ ਕੋਈ ਆਰਾਮ ਕਰਨ ਦੀ ਥਾਂ ਨਹੀਂ ਮਿਲਦੀ।

ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ

ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ।

ਸੀਯੋਨ ਦੇ ਰਾਹ ਸੋਗ ਕਰਦੇ ਹਨ,

ਕਿਉਂਕਿ ਕੋਈ ਵੀ ਉਸ ਦੇ ਠਹਿਰਾਏ ਹੋਏ ਤਿਉਹਾਰਾਂ ਵਿੱਚ ਨਹੀਂ ਆਉਂਦਾ।

ਉਹ ਦੇ ਸਾਰੇ ਦਰਵਾਜ਼ੇ ਵਿਰਾਨ ਹਨ,

ਉਹ ਦੇ ਜਾਜਕ ਹਾਉਂਕੇ ਭਰਦੇ ਹਨ,

ਉਸ ਦੀਆਂ ਮੁਟਿਆਰਾਂ ਸੋਗ ਕਰਦੀਆਂ ਹਨ,

ਅਤੇ ਉਹ ਬਹੁਤ ਦੁਖੀ ਹੈ।

ਉਸਦੇ ਦੁਸ਼ਮਣ ਉਸਦੇ ਮਾਲਕ ਬਣ ਗਏ ਹਨ;

ਉਸਦੇ ਦੁਸ਼ਮਣ ਸੌਖੇ ਹਨ।

ਯਾਹਵੇਹ ਨੇ ਉਸ ਦੇ ਬਹੁਤ ਸਾਰੇ ਗੁਨਾਹਾਂ ਦੇ ਕਾਰਨ

ਉਸ ਨੂੰ ਦੁੱਖ ਦਿੱਤਾ ਹੈ।

ਉਸਦੇ ਬੱਚੇ ਗ਼ੁਲਾਮੀ ਵਿੱਚ ਚਲੇ ਗਏ ਹਨ,

ਉਹ ਦੁਸ਼ਮਣ ਦੇ ਅੱਗੇ ਗ਼ੁਲਾਮ ਹਨ।

ਸੀਯੋਨ ਦੀ ਧੀ ਤੋਂ ਸਾਰੀ ਸ਼ਾਨ ਚਲੀ ਗਈ ਹੈ,

ਉਸ ਦੇ ਸਾਰੇ ਹਾਕਮ ਹਿਰਨੀਆਂ ਵਰਗੇ ਹੋ ਗਏ ਹਨ

ਜਿਨ੍ਹਾਂ ਨੂੰ ਕੋਈ ਚਾਰਾ ਨਹੀਂ ਮਿਲਦਾ।

ਕਮਜ਼ੋਰੀ ਵਿੱਚ ਉਹ ਪਿੱਛਾ ਕਰਨ ਵਾਲੇ

ਦੇ ਅੱਗੇ ਭੱਜ ਗਏ ਹਨ।

ਆਪਣੇ ਦੁੱਖ ਅਤੇ ਭਟਕਣ ਦੇ ਦਿਨਾਂ ਵਿੱਚ

ਯੇਰੂਸ਼ਲੇਮ ਨੇ ਆਪਣੇ ਸਾਰੇ ਮਨਭਾਉਂਦੇ ਪਦਾਰਥਾਂ ਨੂੰ ਯਾਦ ਕੀਤਾ,

ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ,

ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ।

ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ,

ਅਤੇ ਉਹ ਦੀ ਬਰਬਾਦੀ ਦਾ ਮਖ਼ੌਲ ਉਡਾਇਆ।

ਯੇਰੂਸ਼ਲੇਮ ਨੇ ਵੱਡਾ ਪਾਪ ਕੀਤਾ ਹੈ

ਅਤੇ ਇਸ ਤਰ੍ਹਾਂ ਉਹ ਅਸ਼ੁੱਧ ਹੋ ਗਈ।

ਜਿਨ੍ਹਾਂ ਨੇ ਉਸ ਦਾ ਆਦਰ ਕੀਤਾ ਉਹ ਉਸ ਨੂੰ ਤੁੱਛ ਸਮਝਦੇ ਹਨ,

ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨੂੰ ਨੰਗੀ ਵੇਖਿਆ ਹੈ।

ਉਹ ਆਪ ਹਾਉਂਕੇ ਭਰਦੀ ਹੈ,

ਅਤੇ ਮੂੰਹ ਮੋੜ ਲੈਂਦੀ ਹੈ।

ਉਸ ਦੀ ਗੰਦਗੀ ਉਸ ਦੇ ਕੱਪੜਿਆਂ ਨਾਲ ਚਿਪਕ ਗਈ ਸੀ;

ਉਸ ਨੇ ਆਪਣੇ ਭਵਿੱਖ ਬਾਰੇ ਨਹੀਂ ਸੋਚਿਆ।

ਉਸਦਾ ਖਤਮ ਹੋਣਾ ਹੈਰਾਨ ਕਰਨ ਵਾਲਾ ਸੀ;

ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।

“ਹੇ ਯਾਹਵੇਹ! ਮੇਰੀ ਮੁਸੀਬਤ ਨੂੰ ਵੇਖ,

ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”

ਦੁਸ਼ਮਣ ਨੇ ਆਪਣਾ ਹੱਥ

ਉਸ ਦੇ ਸਾਰੇ ਖਜ਼ਾਨਿਆਂ ਉੱਤੇ ਵਧਾਇਆ;

ਉਸਨੇ ਮੂਰਤੀ-ਪੂਜਕ ਕੌਮਾਂ ਨੂੰ

ਉਸ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੁੰਦੇ ਵੇਖਿਆ

ਜਿਨ੍ਹਾਂ ਨੂੰ ਤੁਸੀਂ ਆਪਣੀ ਸਭਾ ਵਿੱਚ

ਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।

ਉਹ ਦੇ ਸਾਰੇ ਲੋਕ ਹਾਉਂਕੇ ਭਰਦੇ ਹਨ,

ਉਹ ਰੋਟੀ ਦੀ ਭਾਲ ਕਰਦੇ ਹਨ,

ਉਹਨਾਂ ਨੇ ਆਪਣੇ ਆਪ ਨੂੰ ਜਿੰਦਾ ਰੱਖਣ ਲਈ

ਭੋਜਨ ਲਈ ਆਪਣੇ ਖਜ਼ਾਨਿਆਂ ਨੂੰ ਵੇਚਿਆ।

“ਹੇ ਯਾਹਵੇਹ! ਵੇਖੋ ਅਤੇ ਵਿਚਾਰ ਕਰ,

ਕਿਉਂਕਿ ਮੈਂ ਤੁੱਛ ਹੋ ਗਈ ਹਾਂ।”

“ਤੁਸੀਂ ਸਾਰੇ ਜਿਹੜੇ ਲੰਘਦੇ ਹੋ, ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ?

ਆਲੇ-ਦੁਆਲੇ ਦੇਖੋ ਅਤੇ ਧਿਆਨ ਦਿਓ।

ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ

ਜੋ ਮੇਰੇ ਉੱਤੇ ਆਇਆ,

ਜੋ ਯਾਹਵੇਹ ਨੇ ਆਪਣੇ ਭਿਆਨਕ ਕ੍ਰੋਧ ਦੇ ਦਿਨ

ਮੇਰੇ ਉੱਤੇ ਲਿਆਇਆ?

“ਉਚਿਆਈ ਤੋਂ ਉਸਨੇ ਅੱਗ ਭੇਜੀ,

ਮੇਰੀਆਂ ਹੱਡੀਆਂ ਵਿੱਚ ਸੁੱਟ ਦਿੱਤੀ।

ਉਸ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ

ਅਤੇ ਮੈਨੂੰ ਮੋੜ ਦਿੱਤਾ।

ਉਸ ਨੇ ਮੈਨੂੰ ਉਜਾੜ ਦਿੱਤਾ,

ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ।

“ਮੇਰੇ ਪਾਪ ਨੇ ਮੇਰੇ ਲਈ ਜੂਲੇ ਬਣਾ ਦਿੱਤਾ ਹੈ;

ਉਸ ਦੇ ਹੱਥਾਂ ਨਾਲ ਇਕੱਠੇ ਬੰਨੇ ਹੋਏ ਹਨ।

ਉਹ ਮੇਰੀ ਗਰਦਨ ਉੱਤੇ ਟੰਗ ਦਿੱਤੇ ਗਏ ਹਨ,

ਅਤੇ ਯਾਹਵੇਹ ਨੇ ਮੇਰੀ ਤਾਕਤ ਨੂੰ ਛੁਪਾਇਆ ਹੈ।

ਉਸ ਨੇ ਮੈਨੂੰ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ

ਜਿਨ੍ਹਾਂ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ।

“ਯਾਹਵੇਹ ਨੇ ਮੇਰੇ ਵਿੱਚ ਸਾਰੇ

ਯੋਧਿਆਂ ਨੂੰ ਰੱਦ ਕਰ ਦਿੱਤਾ ਹੈ;

ਉਸ ਨੇ ਮੇਰੇ ਜੁਆਨਾਂ ਨੂੰ ਕੁਚਲਣ ਲਈ

ਮੇਰੇ ਵਿਰੁੱਧ ਫ਼ੌਜ ਬੁਲਾਈ ਹੈ।

ਯਾਹਵੇਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ

ਜਾਣੋ ਹੌਦ ਵਿੱਚ ਮਿੱਧਿਆ ਹੈ।

“ਇਸੇ ਕਰਕੇ ਮੈਂ ਰੋਂਦੀ ਹਾਂ

ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।

ਕਿਉਂ ਜੋ ਮੈਨੂੰ ਦਿਲਾਸਾ ਦੇਣ ਵਾਲਾ ਦੂਰ ਹੈ,

ਮੇਰੀ ਆਤਮਾ ਨੂੰ ਬਹਾਲ ਕਰਨ ਵਾਲਾ ਕੋਈ ਨਹੀਂ ਹੈ।

ਮੇਰੇ ਬੱਚੇ ਬੇਸਹਾਰਾ ਹਨ

ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”

ਸੀਯੋਨ ਨੇ ਆਪਣੇ ਹੱਥ ਫੈਲਾਏ ਹਨ,

ਪਰ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।

ਯਾਹਵੇਹ ਨੇ ਯਾਕੋਬ ਲਈ ਹੁਕਮ ਦਿੱਤਾ ਹੈ

ਕਿ ਉਸਦੇ ਗੁਆਂਢੀ ਉਸਦੇ ਦੁਸ਼ਮਣ ਬਣ ਜਾਣ;

ਯੇਰੂਸ਼ਲੇਮ ਉਹਨਾਂ ਵਿੱਚ

ਇੱਕ ਅਸ਼ੁੱਧ ਵਸਤੂ ਵਾਂਗ ਬਣ ਗਿਆ ਹੈ।

“ਯਾਹਵੇਹ ਧਰਮੀ ਹੈ,

ਫਿਰ ਵੀ ਮੈਂ ਉਸਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ।

ਹੁਣ ਹੇ ਸਾਰੇ ਲੋਕੋ ਇਹ ਸੁਣੋ;

ਮੇਰੇ ਦੁੱਖ ਨੂੰ ਵੇਖੋ,

ਮੇਰੇ ਜਵਾਨ ਅਤੇ ਮੁਟਿਆਰਾਂ

ਗ਼ੁਲਾਮੀ ਵਿੱਚ ਚਲੇ ਗਏ ਹਨ।

“ਮੈਂ ਆਪਣੇ ਸਹਿਯੋਗੀਆਂ ਨੂੰ ਬੁਲਾਇਆ

ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ।

ਮੇਰੇ ਜਾਜਕ ਅਤੇ ਮੇਰੇ ਬਜ਼ੁਰਗ

ਸ਼ਹਿਰ ਵਿੱਚ ਮਾਰੇ ਗਏ

ਜਦੋਂ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ

ਭੋਜਨ ਦੀ ਭਾਲ ਕਰਦੇ ਸਨ।

“ਵੇਖੋ, ਯਾਹਵੇਹ, ਮੈਂ ਕਿੰਨਾ ਦੁਖੀ ਹਾਂ!

ਮੈਂ ਅੰਦਰੋਂ ਕਸ਼ਟ ਵਿੱਚ ਹਾਂ,

ਅਤੇ ਮੇਰੇ ਮਨ ਵਿੱਚ ਮੈਂ ਦੁਖੀ ਹਾਂ,

ਕਿਉਂ ਜੋ ਮੈਂ ਸਭ ਤੋਂ ਵੱਧ ਬਗਾਵਤ ਕੀਤੀ ਹਾਂ।

ਬਾਹਰ, ਤਲਵਾਰ ਸੋਗ ਕਰਦੀ ਹੈ;

ਅੰਦਰ, ਕੇਵਲ ਮੌਤ ਹੈ।

“ਲੋਕਾਂ ਨੇ ਮੇਰੇ ਹਾਉਂਕੇ ਸੁਣੇ ਹਨ,

ਪਰ ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।

ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ;

ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ।

ਤੁਸੀਂ ਉਹ ਦਿਨ ਲਿਆਓ ਜਿਸਦਾ ਤੁਸੀਂ ਐਲਾਨ ਕੀਤਾ ਹੈ

ਤਾਂ ਜੋ ਉਹ ਮੇਰੇ ਵਰਗੇ ਬਣ ਜਾਣ।

“ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ,

ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰ

ਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ,

ਕਿਉਂ ਜੋ ਮੈਂ ਬਹੁਤ ਹਾਉਂਕੇ ਭਰਦੀ ਹਾਂ,

ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.