Skip to content
BibleKenya

Biblica® Open Punjabi Contemporary Version 2025

ਯਿਰਮਿਯਾਹ 51

ਯਾਹਵੇਹ ਇਸ ਤਰ੍ਹਾਂ ਆਖਦਾ ਹੈ,

ਵੇਖ, ਮੈਂ ਬਾਬੇਲ ਦੇ ਵਿਰੁੱਧ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ,

ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ।

ਮੈਂ ਪਰਦੇਸੀਆਂ ਨੂੰ ਬਾਬੇਲ ਵਿੱਚ ਭੇਜਾਂਗਾ

ਕਿ ਉਹ ਉਸਨੂੰ ਜਿੱਤਣ ਅਤੇ ਉਸਦੀ ਧਰਤੀ ਨੂੰ ਤਬਾਹ ਕਰਨ;

ਉਹ ਉਸ ਦੀ ਬਿਪਤਾ ਦੇ ਦਿਨ ਵਿੱਚ ਹਰ ਪਾਸਿਓਂ

ਉਸ ਦਾ ਵਿਰੋਧ ਕਰਨਗੇ।

ਤੀਰਅੰਦਾਜ਼ ਨੂੰ ਆਪਣਾ ਧਣੁੱਖ ਨਾ ਬੰਨ੍ਹਣ ਦਿਓ,

ਨਾ ਹੀ ਉਹ ਆਪਣੇ ਸ਼ਸਤਰ ਪਹਿਨੇ।

ਉਹ ਦੇ ਜੁਆਨਾਂ ਨੂੰ ਨਾ ਬਖਸ਼ੋ;

ਉਸਦੀ ਫੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।

ਉਹ ਬਾਬੇਲ ਵਿੱਚ ਮਾਰੇ ਗਏ,

ਉਸ ਦੀਆਂ ਗਲੀਆਂ ਵਿੱਚ ਘਾਤਕ ਜ਼ਖਮੀ ਹੋ ਕੇ ਡਿੱਗਣਗੇ।

ਕਿਉਂ ਜੋ ਇਸਰਾਏਲ ਅਤੇ ਯਹੂਦਾਹ,

ਆਪਣੇ ਸਰਬਸ਼ਕਤੀਮਾਨ ਯਾਹਵੇਹ ਵੱਲੋ ਤਿਆਗਿਆ ਨਹੀਂ ਗਿਆ,

ਭਾਵੇਂ ਉਹਨਾਂ ਦੀ ਧਰਤੀ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ

ਦੋਸ਼ਾਂ ਨਾਲ ਭਰੀ ਹੋਈ ਹੈ।

“ਬਾਬੇਲ ਤੋਂ ਭੱਜੋ!

ਆਪਣੀਆਂ ਜਾਨਾਂ ਲਈ ਦੌੜੋ!

ਉਸ ਦੇ ਪਾਪਾਂ ਦੇ ਕਾਰਨ ਨਾਸ ਨਾ ਹੋਵੋ।

ਇਹ ਯਾਹਵੇਹ ਦੇ ਬਦਲਾ ਲੈਣ ਦਾ ਸਮਾਂ ਹੈ;

ਉਹ ਉਸ ਨੂੰ ਉਹੀ ਬਦਲਾ ਦੇਵੇਗਾ ਜਿਸਦੀ ਉਹ ਹੱਕਦਾਰ ਹੈ।

ਬਾਬੇਲ ਯਾਹਵੇਹ ਦੇ ਹੱਥ ਵਿੱਚ ਇੱਕ ਸੋਨੇ ਦਾ ਪਿਆਲਾ ਸੀ;

ਉਸ ਨੇ ਸਾਰੀ ਧਰਤੀ ਨੂੰ ਮਸਤ ਕਰ ਦਿੱਤਾ।

ਕੌਮਾਂ ਨੇ ਉਹ ਦੀ ਦਾਖ਼ਰਸ ਪੀਤੀ।

ਇਸ ਲਈ ਉਹ ਹੁਣ ਪਾਗਲ ਹਨ।

ਬਾਬੇਲ ਅਚਾਨਕ ਡਿੱਗ ਜਾਵੇਗਾ ਅਤੇ ਟੁੱਟ ਜਾਵੇਗਾ।

ਉਸ ਲਈ ਰੋਵੋ!

ਉਸ ਦੇ ਦਰਦ ਲਈ ਮਲ੍ਹਮ ਲਓ;

ਸ਼ਾਇਦ ਉਹ ਠੀਕ ਹੋ ਜਾਵੇ।

“ ‘ਅਸੀਂ ਬਾਬੇਲ ਨੂੰ ਚੰਗਾ ਕਰ ਦਿੰਦੇ,

ਪਰ ਉਹ ਚੰਗੀ ਨਹੀਂ ਹੋ ਸਕਦੀ;

ਆਓ ਅਸੀਂ ਉਸ ਨੂੰ ਛੱਡ ਦੇਈਏ ਅਤੇ ਹਰ ਇੱਕ ਆਪੋ-ਆਪਣੀ ਧਰਤੀ ਨੂੰ ਚੱਲੀਏ,

ਕਿਉਂਕਿ ਉਹ ਦਾ ਨਿਆਂ ਅਕਾਸ਼ ਤੱਕ ਪਹੁੰਚਦਾ ਹੈ,

ਇਹ ਅਕਾਸ਼ ਵਾਂਙੁ ਉੱਚਾ ਉੱਠਦਾ ਹੈ।’

“ ‘ਯਾਹਵੇਹ ਨੇ ਸਾਨੂੰ ਸਹੀ ਠਹਿਰਾਇਆ ਹੈ;

ਆਓ, ਅਸੀਂ ਸੀਯੋਨ ਵਿੱਚ ਦੱਸੀਏ

ਸਾਡੇ ਪਰਮੇਸ਼ਵਰ ਨੇ ਕੀ ਕੀਤਾ ਹੈ।’

“ਤੀਰਾਂ ਨੂੰ ਤਿੱਖਾ ਕਰੋ,

ਢਾਲ ਚੁੱਕੋ!

ਯਾਹਵੇਹ ਨੇ ਮਾਦੀਆਂ ਦੇ ਰਾਜਿਆਂ ਨੂੰ ਭੜਕਾਇਆ ਹੈ,

ਕਿਉਂਕਿ ਉਸਦਾ ਮਕਸਦ ਬਾਬੇਲ ਨੂੰ ਤਬਾਹ ਕਰਨਾ ਹੈ।

ਯਾਹਵੇਹ ਬਦਲਾ ਲਵੇਗਾ,

ਆਪਣੀ ਹੈਕਲ ਦਾ ਬਦਲਾ ਲਵੇਗਾ।

ਬਾਬੇਲ ਦੀਆਂ ਕੰਧਾਂ ਉੱਤੇ ਇੱਕ ਝੰਡਾ ਚੁੱਕੋ!

ਪਹਿਰੇਦਾਰ ਨੂੰ ਮਜ਼ਬੂਤ ਕਰੋ,

ਚੌਕੀਦਾਰ ਨੂੰ ਠਹਿਰਾਓ,

ਘਾਤ ਲਗਾਓ!

ਯਾਹਵੇਹ ਆਪਣੇ ਮਕਸਦ ਨੂੰ ਅਤੇ

ਬਾਬੇਲ ਦੇ ਲੋਕਾਂ ਦੇ ਵਿਰੁੱਧ ਆਪਣਾ ਫ਼ਰਮਾਨ ਪੂਰਾ ਕਰੇਗਾ।

ਤੂੰ ਜਿਹੜੀ ਬਹੁਤੇ ਪਾਣੀਆਂ ਦੇ ਕੋਲ ਰਹਿੰਦੇ ਹੋ

ਅਤੇ ਧਨ ਨਾਲ ਭਰਪੂਰ ਹੈ,

ਤੇਰਾ ਅੰਤ ਆ ਗਿਆ ਹੈ,

ਤੁਹਾਡੇ ਨਾਸ ਹੋਣ ਦਾ ਸਮਾਂ ਆ ਗਿਆ ਹੈ।

ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ:

ਮੈਂ ਤੈਨੂੰ ਜ਼ਰੂਰ ਟਿੱਡੀਆਂ ਦੇ ਝੁੰਡ ਵਾਂਗ ਫੌਜਾਂ ਨਾਲ ਭਰ ਦਿਆਂਗਾ,

ਅਤੇ ਉਹ ਤੁਹਾਡੇ ਉੱਤੇ ਜਿੱਤ ਦੇ ਜੈਕਾਰੇ ਲਾਉਂਣਗੇ।

“ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ;

ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀ

ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ।

ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ;

ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ,

ਉਹ ਵਰਖਾ ਲਈ ਬਿਜਲੀਆਂ ਬਣਾਉਂਦਾ ਹੈ,

ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।

“ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ;

ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ।

ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ;

ਉਹਨਾਂ ਵਿੱਚ ਸਾਹ ਨਹੀਂ ਹੈ।

ਉਹ ਵਿਅਰਥ ਅਤੇ ਮਖੌਲ ਦੀਆਂ ਵਸਤਾਂ ਹਨ;

ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।

ਉਹ ਜੋ ਯਾਕੋਬ ਦਾ ਹਿੱਸਾ ਹੈ, ਉਹ ਇਨ੍ਹਾਂ ਵਰਗਾ ਨਹੀਂ ਹੈ,

ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ,

ਉਸ ਦੀ ਵਿਰਾਸਤ ਦੇ ਲੋਕਾਂ ਸਮੇਤ

ਯਾਹਵੇਹ ਉਸਦਾ ਨਾਮ ਹੈ।

“ਤੂੰ ਮੇਰੇ ਲਈ ਹਥੌੜਾ

ਅਤੇ ਲੜਾਈ ਦਾ ਹਥਿਆਰ ਹੈ,

ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ,

ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ,

ਮੈਂ ਤੇਰੇ ਨਾਲ ਘੋੜੇ ਅਤੇ ਸਵਾਰਾਂ ਨੂੰ ਚਕਨਾਚੂਰ ਕਰ ਦਿਆਂਗਾ ਹਾਂ,

ਤੇਰੇ ਨਾਲ ਮੈਂ ਰੱਥ ਅਤੇ ਚਾਲਕ ਨੂੰ ਤੋੜਦਾ ਹਾਂ,

ਤੇਰੇ ਨਾਲ ਮੈਂ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ ਹਾਂ,

ਤੇਰੇ ਨਾਲ ਮੈਂ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ,

ਤੇਰੇ ਨਾਲ ਮੈਂ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨ ਸੁੱਟਾਂਗਾ,

ਤੇਰੇ ਨਾਲ ਮੈਂ ਆਜੜੀ ਅਤੇ ਇੱਜੜ ਨੂੰ ਭੰਨ ਸੁੱਟਾਂਗਾ,

ਤੇਰੇ ਨਾਲ ਮੈਂ ਕਿਸਾਨਾਂ ਅਤੇ ਬਲਦਾਂ ਨੂੰ ਭੰਨ ਸੁੱਟਾਂਗਾ,

ਤੇਰੇ ਨਾਲ ਮੈਂ ਰਾਜਪਾਲਾਂ ਅਤੇ ਅਧਿਕਾਰੀਆਂ ਨੂੰ ਭੰਨ ਸੁੱਟਾਂਗਾ।

“ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮੈਂ ਬਾਬੇਲ ਅਤੇ ਕਸਦੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਗਲਤੀਆਂ ਦਾ ਬਦਲਾ ਦਿਆਂਗਾ ਜੋ ਉਹਨਾਂ ਨੇ ਸੀਯੋਨ ਵਿੱਚ ਕੀਤੇ ਹਨ,” ਯਾਹਵੇਹ ਦਾ ਵਾਕ ਹੈ।

“ਮੈਂ ਤੇਰੇ ਵਿਰੁੱਧ ਹਾਂ, ਹੇ ਤਬਾਹ ਕਰਨ ਵਾਲੇ ਪਰਬਤ,

ਤੂੰ ਜੋ ਸਾਰੀ ਧਰਤੀ ਨੂੰ ਤਬਾਹ ਕਰਦਾ ਹੈ,”

ਯਾਹਵੇਹ ਦਾ ਵਾਕ ਹੈ।

“ਮੈਂ ਆਪਣਾ ਹੱਥ ਤੇਰੇ ਉੱਤੇ ਪਸਾਰਾਂਗਾ,

ਤੈਨੂੰ ਚੱਟਾਨਾਂ ਤੋਂ ਉਤਾਰ ਦਿਆਂਗਾ,

ਅਤੇ ਤੈਨੂੰ ਸੜਿਆ ਹੋਇਆ ਪਹਾੜ ਬਣਾ ਦਿਆਂਗਾ।

ਤੁਹਾਡੇ ਕੋਲੋਂ ਖੂੰਜੇ ਦੇ ਪੱਥਰ ਲਈ ਕੋਈ ਚੱਟਾਨ ਨਹੀਂ ਲਿਆ ਜਾਵੇਗਾ, ਨਾ ਹੀ ਨੀਂਹ ਲਈ ਕੋਈ ਪੱਥਰ,

ਕਿਉਂ ਜੋ ਤੁਸੀਂ ਸਦਾ ਲਈ ਵਿਰਾਨ ਹੋ ਜਾਵੋਂਗੇ,” ਯਾਹਵੇਹ ਦਾ ਵਾਕ ਹੈ।

“ਦੇਸ਼ ਵਿੱਚ ਇੱਕ ਝੰਡਾ ਖੜ੍ਹਾਂ ਕਰੋ!

ਕੌਮਾਂ ਵਿੱਚ ਤੁਰ੍ਹੀ ਵਜਾਓ!

ਕੌਮਾਂ ਨੂੰ ਉਹ ਦੇ ਵਿਰੁੱਧ ਲੜਾਈ ਲਈ ਤਿਆਰ ਕਰੋ;

ਉਸਦੇ ਵਿਰੁੱਧ ਇਹਨਾਂ ਰਾਜਾਂ ਨੂੰ ਬੁਲਾਓ:

ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਾਜ਼।

ਉਸ ਦੇ ਵਿਰੁੱਧ ਇੱਕ ਸੈਨਾਪਤੀ ਨਿਯੁਕਤ ਕਰੋ;

ਟਿੱਡੀਆਂ ਦੇ ਝੁੰਡ ਵਾਂਗ ਘੋੜਿਆਂ ਨੂੰ ਭੇਜੋ।

ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ,

ਮਾਦੀ ਰਾਜਿਆਂ ਨੂੰ,

ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ,

ਉਹਨਾਂ ਦੀ ਹਕੂਮਤ ਦੇ ਹਰੇਕ ਦੇਸ਼ ਨੂੰ।

ਉਹ ਧਰਤੀ ਕੰਬਦੀ ਹੈ ਡਰਦੀ ਹੈ

ਬਾਬੇਲ ਦੇ ਵਿਰੁੱਧ ਯਾਹਵੇਹ ਦੇ ਉਦੇਸ਼ ਕਾਇਮ ਹਨ

ਕਿ ਬਾਬੇਲ ਦੀ ਧਰਤੀ ਨੂੰ ਬਰਬਾਦ ਕਰ ਦੇਵੇ

ਤਾਂ ਜੋ ਉੱਥੇ ਕੋਈ ਵੀ ਨਾ ਵੱਸੇ।

ਬਾਬੇਲ ਦੇ ਯੋਧਿਆਂ ਨੇ ਲੜਨਾ ਬੰਦ ਕਰ ਦਿੱਤਾ ਹੈ;

ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ।

ਉਹਨਾਂ ਦੀ ਤਾਕਤ ਥੱਕ ਗਈ ਹੈ;

ਉਹ ਕਮਜ਼ੋਰ ਹੋ ਗਏ ਹਨ।

ਉਹ ਦੇ ਘਰਾਂ ਨੂੰ ਅੱਗ ਲੱਗ ਲਾ ਦਿੱਤੀ ਜਾਂਦੀ ਹੈ।

ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟ ਗਈਆਂ ਹਨ।

ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਨੱਠੇਗਾ,

ਅਤੇ ਇੱਕ ਸੁਨੇਹਾ ਦੇਣ ਵਾਲਾ ਦੂਜੇ ਸੁਨੇਹਾ ਦੇਣ ਵਾਲੇ ਨੂੰ ਮਿਲਣ ਲਈ ਨੱਠੇਗਾ

ਕਿ ਬਾਬੇਲ ਦੇ ਰਾਜੇ ਨੂੰ ਇਹ ਐਲਾਨ ਕਰੇ ਕਿ ਉਸਦਾ ਸਾਰਾ ਸ਼ਹਿਰ ਕਬਜ਼ਾ ਕਰ ਲਿਆ ਗਿਆ ਹੈ,

ਦਰਿਆ ਦੇ ਪਾਰ ਜ਼ਬਤ ਕਰ ਲਏ ਗਏ ਹਨ,

ਦਲਦਲ ਨੂੰ ਅੱਗ ਲਗਾ ਦਿੱਤੀ ਗਈ ਹੈ,

ਅਤੇ ਸਿਪਾਹੀ ਘਬਰਾ ਗਏ।”

ਇਸਰਾਏਲ ਦਾ ਸਰਬਸ਼ਕਤੀਮਾਨ ਯਾਹਵੇਹ, ਇਹੀ ਆਖਦਾ ਹੈ:

“ਧੀ ਬਾਬੇਲ ਇੱਕ ਪਿੜ ਵਾਂਗ ਹੈ

ਜਦੋਂ ਇਸਨੂੰ ਮਿੱਧਿਆ ਜਾਂਦਾ ਹੈ;

ਉਸ ਦੀ ਵਾਢੀ ਦਾ ਸਮਾਂ ਛੇਤੀ ਹੀ ਆਵੇਗਾ।”

“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਸਾਨੂੰ ਖਾ ਲਿਆ ਹੈ,

ਉਸਨੇ ਸਾਨੂੰ ਉਲਝਣ ਵਿੱਚ ਪਾ ਦਿੱਤਾ ਹੈ,

ਉਸਨੇ ਸਾਨੂੰ ਇੱਕ ਖਾਲੀ ਘੜਾ ਬਣਾ ਦਿੱਤਾ ਹੈ।

ਉਸ ਨੇ ਸੱਪ ਵਾਂਗ ਸਾਨੂੰ ਨਿਗਲ ਲਿਆ ਹੈ,

ਅਤੇ ਸਾਡੇ ਪਕਵਾਨਾਂ ਨਾਲ ਆਪਣਾ ਪੇਟ ਭਰ ਲਿਆ ਹੈ,

ਅਤੇ ਫਿਰ ਸਾਨੂੰ ਬਾਹਰ ਕੱਢ ਦਿੱਤਾ ਹੈ।

ਸੀਯੋਨ ਦੇ ਵੱਸਣ ਵਾਲੀ ਆਖੇਗੀ,

ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬੇਲ ਉੱਤੇ ਹੋਵੇ!”

ਯੇਰੂਸ਼ਲੇਮ ਆਖੇਗੀ,

“ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ।”

ਇਸ ਲਈ ਯਾਹਵੇਹ ਇਹ ਆਖਦਾ ਹੈ:

“ਵੇਖੋ, ਮੈਂ ਤੁਹਾਡੇ ਹੱਕ ਦੀ ਰੱਖਿਆ ਕਰਾਂਗਾ

ਅਤੇ ਤੁਹਾਡਾ ਬਦਲਾ ਲਵਾਂਗਾ;

ਮੈਂ ਉਹ ਦੇ ਸਮੁੰਦਰ ਨੂੰ ਸੁਕਾ ਦਿਆਂਗਾ

ਅਤੇ ਉਹ ਦੇ ਚਸ਼ਮੇ ਸੁਕਾ ਦਿਆਂਗਾ।

ਬਾਬੇਲ ਥੇਹ ਹੋ ਜਾਵੇਗਾ,

ਉਹ ਗਿੱਦੜਾਂ ਦੀ ਖੋਹ ਹੋਵੇਗਾ,

ਡਰ ਅਤੇ ਘਿਣਾਉਣੀ ਵਸਤੂ,

ਇੱਕ ਅਜਿਹੀ ਥਾਂ ਜਿੱਥੇ ਕੋਈ ਨਹੀਂ ਰਹਿੰਦਾ।

ਉਹ ਦੇ ਸਾਰੇ ਲੋਕ ਸ਼ੇਰਾਂ ਵਾਂਗ ਗਰਜਦੇ ਹਨ,

ਉਹ ਸ਼ੇਰ ਦੇ ਬੱਚਿਆਂ ਵਾਂਗੂੰ ਗਰਜਦੇ ਹਨ।

ਪਰ ਜਦੋਂ ਉਹ ਜਗਾਏ ਜਾਂਦੇ ਹਨ,

ਮੈਂ ਉਹਨਾਂ ਲਈ ਇੱਕ ਦਾਵਤ ਰੱਖਾਂਗਾ

ਅਤੇ ਉਹਨਾਂ ਨੂੰ ਸ਼ਰਾਬੀ ਕਰਾਂਗਾ,

ਤਾਂ ਜੋ ਉਹ ਹਾਸੇ ਨਾਲ ਚੀਕਣ,

ਤਦ ਸਦਾ ਲਈ ਸੌਂਦੇ ਹਨ ਅਤੇ ਜਾਗਦੇ ਨਹੀਂ,”

ਯਾਹਵੇਹ ਦਾ ਵਾਕ ਹੈ।

“ਮੈਂ ਉਹਨਾਂ ਨੂੰ ਵੱਢੇ ਜਾਣ ਲਈ ਲੇਲਿਆਂ ਵਾਂਗ,

ਭੇਡੂਆਂ ਅਤੇ ਬੱਕਰੀਆਂ ਵਾਂਗ ਹੇਠਾਂ ਲਿਆਵਾਂਗਾ।

“ਸ਼ੇਸ਼ਕ ਕਿਵੇਂ ਫੜਿਆ ਜਾਵੇਗਾ,

ਸਾਰੀ ਧਰਤੀ ਦਾ ਸ਼ੇਖ਼ੀ ਖੋਹ ਲਿਆ ਜਾਵੇਗਾ!

ਬਾਬੇਲ ਕਿਵੇਂ ਕੌਮਾਂ ਵਿੱਚ

ਵਿਰਾਨ ਹੋ ਗਿਆ।

ਸਮੁੰਦਰ ਬਾਬੇਲ ਉੱਤੇ ਚੜ੍ਹ ਜਾਵੇਗਾ;

ਇਸ ਦੀਆਂ ਗਰਜਦੀਆਂ ਲਹਿਰਾਂ ਉਸਨੂੰ ਢੱਕ ਲੈਣਗੀਆਂ।

ਉਹ ਦੇ ਕਸਬੇ ਵਿਰਾਨ ਹੋ ਜਾਣਗੇ,

ਇੱਕ ਸੁੱਕੀ ਅਤੇ ਮਾਰੂਥਲ,

ਇੱਕ ਅਜਿਹੀ ਧਰਤੀ ਜਿੱਥੇ ਕੋਈ ਨਹੀਂ ਰਹਿੰਦਾ,

ਜਿਸ ਵਿੱਚੋਂ ਕੋਈ ਨਹੀਂ ਲੰਘਦਾ।

ਮੈਂ ਬਾਬੇਲ ਵਿੱਚ ਬੇਲ ਨੂੰ ਸਜ਼ਾ ਦਿਆਂਗਾ

ਅਤੇ ਜੋ ਕੁਝ ਉਸਨੇ ਨਿਗਲਿਆ ਹੈ ਉਸਨੂੰ ਉਗਲਾਂਗਾ।

ਕੌਮਾਂ ਹੁਣ ਉਸ ਵੱਲ ਨਹੀਂ ਆਉਣਗੀਆਂ।

ਅਤੇ ਬਾਬੇਲ ਦੀ ਕੰਧ ਡਿੱਗ ਜਾਵੇਗੀ।

“ਹੇ ਮੇਰੇ ਲੋਕੋ, ਉਸ ਵਿੱਚੋਂ ਬਾਹਰ ਆਓ!

ਆਪਣੀਆਂ ਜਾਨਾਂ ਲਈ ਦੌੜੋ!

ਯਾਹਵੇਹ ਦੇ ਭਿਆਨਕ ਕ੍ਰੋਧ ਤੋਂ ਭੱਜੋ।

ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ,

ਦੇਸ਼ ਦੇ ਅਫਵਾਹਾਂ ਦੇ ਸੁਣਨ ਕਰਕੇ,

ਇੱਕ ਸਾਲ ਇੱਕ ਅਫਵਾਹ ਆਉਂਦੀ ਹੈ,

ਉਹ ਦੇ ਪਿੱਛੋਂ ਅਗਲੇ ਸਾਲ ਵਿੱਚ ਹੋਰ ਅਫਵਾਹਾਂ,

ਦੇਸ਼ ਵਿੱਚ ਧੱਕਾ ਧੋੜਾ ਅਤੇ ਹਾਕਮ,

ਹਾਕਮ ਦੇ ਵਿਰੁੱਧ ਹੋਵੇਗਾ।

ਕਿਉਂਕਿ ਉਹ ਸਮਾਂ ਜ਼ਰੂਰ ਆਵੇਗਾ

ਜਦੋਂ ਮੈਂ ਬਾਬੇਲ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ।

ਉਸ ਦੀ ਸਾਰੀ ਧਰਤੀ ਬੇਇੱਜ਼ਤ ਕੀਤੀ ਜਾਵੇਗੀ

ਅਤੇ ਉਸ ਦੇ ਮਾਰੇ ਹੋਏ ਸਾਰੇ ਉਸ ਦੇ ਅੰਦਰ ਪਏ ਹੋਣਗੇ।

ਤਦ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਨਾਂ ਵਿੱਚ ਹੈ

ਬਾਬੇਲ ਉੱਤੇ ਜੈਕਾਰਾ ਗਜਾਉਣਗੇ,

ਕਿਉਂ ਜੋ ਉੱਤਰ ਵੱਲੋਂ

ਵਿਨਾਸ਼ਕਾਰੀ ਉਸ ਉੱਤੇ ਹਮਲਾ ਕਰਨਗੇ,”

ਯਾਹਵੇਹ ਦਾ ਵਾਕ ਹੈ।

“ਜਿਵੇਂ ਬਾਬੇਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ,

ਉਸੇ ਤਰ੍ਹਾਂ ਸਾਰੇ ਦੇਸ਼ ਦੇ ਵੱਢੇ ਹੋਏ

ਬਾਬੇਲ ਲਈ ਡਿੱਗਣਗੇ।

ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ,

ਜਾਓ ਅਤੇ ਨਾ ਖਲੋਵੋ!

ਦੂਰ ਦੇਸ਼ ਵਿੱਚ ਯਾਹਵੇਹ ਨੂੰ ਯਾਦ ਕਰੋ,

ਅਤੇ ਯੇਰੂਸ਼ਲੇਮ ਨੂੰ ਆਪਣੇ ਦਿਲਾਂ ਤੇ ਰੱਖੋ।”

“ਅਸੀਂ ਸ਼ਰਮਿੰਦਾ ਹਾਂ,

ਕਿਉਂਕਿ ਸਾਡੀ ਬੇਇੱਜ਼ਤੀ ਹੋਈ ਹੈ

ਅਤੇ ਸਾਡੇ ਮੂੰਹ ਸ਼ਰਮ ਨਾਲ ਢੱਕੇ ਹੋਏ ਹਨ,

ਕਿਉਂਕਿ ਪਰਦੇਸੀ

ਯਾਹਵੇਹ ਦੇ ਘਰ ਦੇ ਪਵਿੱਤਰ ਸਥਾਨਾਂ ਵਿੱਚ ਦਾਖਲ ਹੋਏ ਹਨ।”

“ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ,

“ਜਦੋਂ ਮੈਂ ਉਸ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ,

ਅਤੇ ਉਸ ਦੇ ਸਾਰੇ ਦੇਸ਼ ਵਿੱਚ

ਜ਼ਖਮੀ ਲੋਕ ਚੀਕਣਗੇ।

ਭਾਵੇਂ ਬਾਬੇਲ ਸਵਰਗ ਉੱਤੇ ਚੜ੍ਹ ਜਾਵੇ

ਅਤੇ ਆਪਣੇ ਉੱਚੇ ਗੜ੍ਹ ਨੂੰ ਮਜ਼ਬੂਤ ਕਰ ਲਵੇ,

ਮੈਂ ਉਸ ਦੇ ਵਿਰੁੱਧ ਵਿਨਾਸ਼ ਕਰਨ ਵਾਲਿਆਂ ਨੂੰ ਭੇਜਾਂਗਾ,”

ਯਾਹਵੇਹ ਦਾ ਵਾਕ ਹੈ।

“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ,

ਵੱਡੀ ਤਬਾਹੀ ਦੀ ਆਵਾਜ਼

ਕਸਦੀਆਂ ਦੀ ਧਰਤੀ ਤੋਂ।

ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ;

ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ।

ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ।

ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।

ਇੱਕ ਵਿਨਾਸ਼ਕਾਰੀ ਬਾਬੇਲ ਦੇ ਵਿਰੁੱਧ ਆਵੇਗਾ;

ਉਸ ਦੇ ਸੂਰਮੇ ਫੜ ਲਏ ਜਾਣਗੇ,

ਅਤੇ ਉਹਨਾਂ ਦੇ ਧਣੁੱਖ ਤੋੜ ਦਿੱਤੇ ਜਾਣਗੇ।

ਕਿਉਂਕਿ ਯਾਹਵੇਹ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ;

ਉਹ ਪੂਰਾ ਮੋੜ ਦੇਵੇਗਾ।

ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ,

ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ,”

ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ!

ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸਰਬਸ਼ਕਤੀਮਾਨ ਦਾ ਯਾਹਵੇਹ ਹੈ।

ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ:

“ਬਾਬੇਲ ਦੀ ਮੋਟੀ ਕੰਧ ਨੂੰ ਪੱਧਰਾ ਕੀਤਾ ਜਾਵੇਗਾ

ਅਤੇ ਉਸਦੇ ਉੱਚੇ ਦਰਵਾਜ਼ੇ ਅੱਗ ਲਗਾ ਦਿੱਤੇ ਜਾਣਗੇ;

ਕੌਮਾਂ ਆਪਣੇ ਆਪ ਨੂੰ ਬਿਨਾਂ ਕਿਸੇ ਕਾਰਨ ਥਕਾ ਦਿੰਦੀਆਂ ਹਨ,

ਕੌਮਾਂ ਦੀ ਮਿਹਨਤ ਅੱਗ ਦਾ ਬਾਲਣ ਹੈ।”

ਇਹ ਉਹ ਸੰਦੇਸ਼ ਹੈ ਜੋ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੁੱਤਰ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਕਰਮਚਾਰੀ ਅਧਿਕਾਰੀ ਨੂੰ ਦਿੱਤਾ ਸੀ, ਜਦੋਂ ਉਹ ਆਪਣੇ ਰਾਜ ਦੇ ਚੌਥੇ ਸਾਲ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਬਾਬੇਲ ਨੂੰ ਗਿਆ ਸੀ। ਯਿਰਮਿਯਾਹ ਨੇ ਬਾਬੇਲ ਉੱਤੇ ਆਉਣ ਵਾਲੀਆਂ ਸਾਰੀਆਂ ਬਿਪਤਾਵਾਂ ਬਾਰੇ ਇੱਕ ਪੱਤਰੀ ਉੱਤੇ ਲਿਖਿਆ ਸੀ ਉਹ ਸਭ ਜੋ ਬਾਬੇਲ ਦੇ ਬਾਰੇ ਵਿੱਚ ਦਰਜ ਕੀਤਾ ਗਿਆ ਸੀ। ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਜਦੋਂ ਤੂੰ ਬਾਬੇਲ ਨੂੰ ਜਾਵੇਂ, ਤਾਂ ਤੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ। ਤਦ ਆਖੋ, ‘ਯਾਹਵੇਹ, ਤੁਸੀਂ ਕਿਹਾ ਹੈ ਕਿ ਤੁਸੀਂ ਇਸ ਅਸਥਾਨ ਨੂੰ ਤਬਾਹ ਕਰ ਦਿਓਗੇ, ਇਸ ਲਈ ਨਾ ਤਾਂ ਮਨੁੱਖ ਅਤੇ ਨਾ ਜਾਨਵਰ ਇਸ ਵਿੱਚ ਰਹਿਣਗੇ। ਇਹ ਸਦਾ ਲਈ ਵਿਰਾਨ ਰਹੇਗਾ।’ ਜਦੋਂ ਤੁਸੀਂ ਇਸ ਪੱਤਰੀ ਨੂੰ ਪੜ੍ਹ ਕੇ ਪੂਰਾ ਕਰ ਲਓ, ਇਸ ਨੂੰ ਇੱਕ ਪੱਥਰ ਬੰਨ੍ਹੋ ਅਤੇ ਇਸਨੂੰ ਫ਼ਰਾਤ ਵਿੱਚ ਸੁੱਟ ਦਿਓ। ਤਾਂ ਤੂੰ ਆਖੀਂ, ‘ਬਾਬੇਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਿਰਮਿਯਾਹ ਦੀਆਂ ਗੱਲਾਂ ਇੱਥੋ ਤੱਕ ਹਨ।’ ”

ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.