Biblica® Open Punjabi Contemporary Version 2025
ਯਿਰਮਿਯਾਹ 48
ਮੋਆਬ ਬਾਰੇ ਇੱਕ ਸੁਨੇਹਾ
ਮੋਆਬ ਬਾਰੇ:
ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ:
“ਹਾਏ ਨਬੋ ਉੱਤੇ, ਕਿਉਂਕਿ ਇਹ ਤਬਾਹ ਹੋ ਜਾਵੇਗਾ।
ਕਿਰਯਾਤਾਇਮ ਬੇਇੱਜ਼ਤ ਕੀਤਾ ਜਾਵੇਗਾ ਅਤੇ ਫੜ ਲਿਆ ਜਾਵੇਗਾ;
ਕਿਲ੍ਹੇ ਨੂੰ ਬੇਇੱਜ਼ਤ ਕੀਤਾ ਜਾਵੇਗਾ ਅਤੇ ਚਕਨਾਚੂਰ ਕੀਤਾ ਜਾਵੇਗਾ।
ਮੋਆਬ ਦੀ ਕੋਈ ਹੋਰ ਉਸਤਤ ਨਹੀਂ ਕੀਤੀ ਜਾਵੇਗੀ;
ਹੇਸ਼ਬੋਨ ਵਿੱਚ ਲੋਕ ਉਸ ਦੀ ਬੁਰਿਆਈ ਦੀਆਂ ਸਾਜ਼ਿਸ਼ ਕਰਨਗੇ:
‘ਆਓ, ਅਸੀਂ ਉਸ ਕੌਮ ਨੂੰ ਖ਼ਤਮ ਕਰ ਦੇਈਏ।’
ਹੇ ਮਦਮੇਨ ਸ਼ਹਿਰ, ਤੂੰ ਵੀ ਚੁੱਪ ਕਰਾਇਆ ਜਾਵੇਂਗਾ,
ਤਲਵਾਰ ਤੇਰਾ ਪਿੱਛਾ ਕਰੇਗੀ।
ਹੋਰੋਨਾਇਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼,
ਵੱਡੀ ਤਬਾਹੀ ਅਤੇ ਵਿਨਾਸ਼ ਦੀ ਪੁਕਾਰ।
ਮੋਆਬ ਭੰਨਿਆ ਤੋੜਿਆ ਗਿਆ,
ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ।
ਉਹ ਪਹਾੜੀ ਉੱਤੇ ਲੂਹੀਥ ਨੂੰ ਜਾਂਦੇ ਹਨ,
ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋਂਦੇ ਹਨ;
ਹੋਰੋਨਾਇਮ ਦੇ ਰਸਤੇ
ਤਬਾਹੀ ਦੇ ਕਾਰਨ ਦੁੱਖ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ।
ਭੱਜੋ! ਆਪਣੇ ਜੀਵਨ ਲਈ ਦੌੜੋ;
ਉਜਾੜ ਵਿੱਚ ਇੱਕ ਸੁੱਖੇ ਰੁੱਖ ਵਾਂਗ ਹੋ ਜਾਓ।
ਕਿਉਂਕਿ ਤੁਸੀਂ ਆਪਣੇ ਕੰਮਾਂ ਅਤੇ ਧਨ ਉੱਤੇ ਭਰੋਸਾ ਰੱਖਦੇ ਹੋ,
ਤੁਹਾਨੂੰ ਵੀ ਬੰਦੀ ਬਣਾ ਲਿਆ ਜਾਵੇਗਾ,
ਅਤੇ ਕਮੋਸ਼ ਆਪਣੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਗ਼ੁਲਾਮੀ ਵਿੱਚ ਚਲਾ ਜਾਵੇਗਾ।
ਤਬਾਹ ਕਰਨ ਵਾਲਾ ਹਰ ਕਸਬੇ ਦੇ ਵਿਰੁੱਧ ਆਵੇਗਾ,
ਅਤੇ ਕੋਈ ਵੀ ਨਗਰ ਨਹੀਂ ਬਚੇਗਾ।
ਘਾਟੀ ਤਬਾਹ ਹੋ ਜਾਵੇਗੀ
ਅਤੇ ਪਠਾਰ ਤਬਾਹ ਹੋ ਜਾਵੇਗਾ,
ਕਿਉਂਕਿ ਯਾਹਵੇਹ ਨੇ ਬੋਲਿਆ ਹੈ।
ਮੋਆਬ ਉੱਤੇ ਲੂਣ ਪਾ,
ਕਿਉਂ ਜੋ ਉਹ ਬਰਬਾਦ ਹੋ ਜਾਵੇਗੀ।
ਉਸ ਦੇ ਨਗਰ ਵਿਰਾਨ ਹੋ ਜਾਣਗੇ,
ਉਹਨਾਂ ਵਿੱਚ ਰਹਿਣ ਵਾਲਾ ਕੋਈ ਨਹੀਂ ਹੋਵੇਗਾ।
“ਸਰਾਪੀ ਹੈ ਉਹ ਜਿਹੜਾ ਯਾਹਵੇਹ ਦਾ ਕੰਮ ਆਲਸੀ ਨਾਲ ਕਰਦਾ ਹੈ!
ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ!
“ਮੋਆਬ ਜੁਆਨੀ ਤੋਂ ਅਰਾਮ ਵਿੱਚ ਹੈ,
ਜਿਵੇਂ ਭਾਂਡੇ ਉੱਤੇ ਬਚੀ ਹੋਈ ਦਾਖ਼ਰਸ ਵਾਂਗ,
ਇੱਕ ਘੜੇ ਤੋਂ ਦੂਜੇ ਵਿੱਚ ਡੋਲ੍ਹਿਆ ਨਹੀਂ ਗਿਆ
ਉਹ ਗ਼ੁਲਾਮੀ ਵਿੱਚ ਨਹੀਂ ਗਈ ਹੈ।
ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ,
ਅਤੇ ਉਸਦੀ ਖੁਸ਼ਬੂ ਬਦਲੀ ਨਹੀਂ ਹੈ।
ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ,
“ਜਦੋਂ ਮੈਂ ਘੜੇ ਵਿੱਚੋਂ ਡੋਲ੍ਹਣ ਵਾਲੇ ਆਦਮੀਆਂ ਨੂੰ ਭੇਜਾਂਗਾ,
ਅਤੇ ਉਹ ਉਸਨੂੰ ਡੋਲ੍ਹ ਦੇਣਗੇ;
ਉਹ ਉਸ ਦੇ ਘੜੇ ਖਾਲੀ ਕਰ ਦੇਣਗੇ
ਅਤੇ ਉਹ ਦੇ ਘੜੇ ਭੰਨ ਦੇਣਗੇ।
ਤਦ ਮੋਆਬ ਕਮੋਸ਼ ਤੋਂ ਸ਼ਰਮਿੰਦਾ ਹੋਵੇਗਾ,
ਜਿਵੇਂ ਇਸਰਾਏਲ ਨੂੰ ਸ਼ਰਮਿੰਦਾ ਕੀਤਾ ਗਿਆ ਸੀ
ਜਦੋਂ ਉਹਨਾਂ ਨੇ ਬੈਤਏਲ ਉੱਤੇ ਭਰੋਸਾ ਰੱਖਿਆ ਸੀ।
“ਤੁਸੀਂ ਕਿਵੇਂ ਕਹਿ ਸਕਦੇ ਹੋ, ‘ਅਸੀਂ ਯੋਧੇ ਹਾਂ,
ਲੜਾਈ ਵਿੱਚ ਸੂਰਬੀਰ ਹਾਂ’?
ਮੋਆਬ ਤਬਾਹ ਹੋ ਜਾਵੇਗਾ ਅਤੇ ਉਸ ਦੇ ਨਗਰਾਂ ਉੱਤੇ ਹਮਲਾ ਕੀਤਾ ਜਾਵੇਗਾ।
ਉਸਦੇ ਸਭ ਤੋਂ ਵਧੀਆ ਜਵਾਨ ਕਤਲੇਆਮ ਹੋਣ ਲਈ ਹੇਠਾਂ ਜਾਣਗੇ,”
ਰਾਜੇ ਦਾ ਵਾਕ ਹੈ, ਜਿਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।
“ਮੋਆਬ ਦਾ ਡਿੱਗਣਾ ਨੇੜੇ ਹੈ;
ਉਸਦੀ ਬਿਪਤਾ ਜਲਦੀ ਆਵੇਗੀ।
ਉਸ ਲਈ ਸੋਗ ਕਰੋ, ਉਹ ਸਾਰੇ ਜੋ ਉਸ ਦੇ ਆਲੇ-ਦੁਆਲੇ ਰਹਿੰਦੇ ਹਨ,
ਉਹ ਸਾਰੇ ਜੋ ਉਸ ਦੀ ਪ੍ਰਸਿੱਧੀ ਨੂੰ ਜਾਣਦੇ ਹੋ;
‘ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ,
ਉਹ ਸੋਹਣਾ ਡੰਡਾ!’
“ਹੇ ਦੀਬੋਨ ਦੇ ਵਸਨੀਕ ਧੀਏ,
ਆਪਣੀ ਮਹਿਮਾ ਤੋਂ ਹੇਠਾਂ ਆ ਜਾਓ
ਅਤੇ ਸੁੱਕੀ ਜ਼ਮੀਨ ਉੱਤੇ ਬੈਠ,
ਕਿਉਂਕਿ ਮੋਆਬ ਨੂੰ ਤਬਾਹ ਕਰਨ ਵਾਲਾ ਤੁਹਾਡੇ ਵਿਰੁੱਧ ਆਵੇਗਾ
ਅਤੇ ਤੁਹਾਡੇ ਗੜ੍ਹ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।
ਸੜਕ ਦੇ ਕਿਨਾਰੇ ਖਲੋ ਕੇ ਦੇਖੋ,
ਤੁਸੀਂ ਜਿਹੜੇ ਅਰੋਏਰ ਵਿੱਚ ਰਹਿੰਦੇ ਹੋ।
ਭੱਜ ਰਹੇ ਆਦਮੀ ਅਤੇ ਭੱਜ ਰਹੀ ਔਰਤ ਨੂੰ ਪੁੱਛੋ,
ਉਹਨਾਂ ਨੂੰ ਪੁੱਛੋ, ‘ਕੀ ਹੋਇਆ ਹੈ?’
ਮੋਆਬ ਬੇਇੱਜ਼ਤ ਹੈ, ਕਿਉਂਕਿ ਉਹ ਚਕਨਾਚੂਰ ਹੋ ਗਈ ਹੈ।
ਰੋਵੋ ਅਤੇ ਚਿੱਲਾਓ!
ਅਰਨੋਨ ਦੁਆਰਾ ਘੋਸ਼ਣਾ ਕਰੋ
ਕਿ ਮੋਆਬ ਤਬਾਹ ਹੋ ਗਿਆ ਹੈ।
ਪੱਧਰੇ ਦੇਸ਼ ਉੱਤੇ ਨਿਆਂ ਆਇਆ ਹੈ
ਅਰਥਾਤ ਹੋਲੋਨ, ਯਹਜ਼ਾਹ ਅਤੇ ਮੇਫਾਅਥ,
ਦੀਬੋਨ ਉੱਤੇ, ਨਬੋ ਉੱਤੇ, ਬੈਥ-ਦਿਬਲਾਤਇਮ ਉੱਤੇ,
ਕਿਰਯਾਤਾਇਮ, ਬੈਥ-ਗਾਮੂਲ ਅਤੇ ਬੈਥ-ਮਾਓਨ ਉੱਤੇ,
ਕੇਰੀਯੋਥ ਉੱਤੇ ਅਤੇ ਬੋਸਰਾਹ,
ਮੋਆਬ ਦੇ ਸਾਰੇ ਦੂਰ ਅਤੇ ਨੇੜੇ ਦੇ ਕਸਬਿਆਂ ਉੱਤੇ।
ਮੋਆਬ ਦਾ ਸਿੰਗ1 ਕੱਟਿਆ ਗਿਆ ਹੈ;
ਉਸਦੀ ਬਾਂਹ ਟੁੱਟ ਗਈ ਹੈ,”
ਯਾਹਵੇਹ ਦਾ ਵਾਕ ਹੈ।
“ਉਸ ਨੂੰ ਸ਼ਰਾਬੀ ਬਣਾ,
ਕਿਉਂਕਿ ਉਸਨੇ ਯਾਹਵੇਹ ਦੀ ਨਿੰਦਿਆ ਕੀਤੀ ਹੈ।
ਮੋਆਬ ਆਪਣੀ ਉਲਟੀ ਵਿੱਚ ਡੁੱਬ ਜਾਵੇ।
ਉਸਨੂੰ ਮਖੌਲ ਦਾ ਵਿਸ਼ਾ ਬਣਨ ਦਿਓ।
ਕੀ ਇਸਰਾਏਲ ਤੁਹਾਡੇ ਮਖੌਲ ਦਾ ਵਿਸ਼ਾ ਨਹੀਂ ਸੀ?
ਕੀ ਉਹ ਚੋਰਾਂ ਵਿੱਚ ਫੜੀ ਗਈ ਸੀ,
ਕਿ ਜਦੋਂ ਵੀ ਤੁਸੀਂ ਉਸ ਬਾਰੇ ਗੱਲ ਕਰਦੇ ਹੋ
ਤਾਂ ਤੁਸੀਂ ਘਿਣ ਵਿੱਚ ਆਪਣਾ ਸਿਰ ਹਿਲਾ ਦਿੰਦੇ ਹੋ?
ਹੇ ਮੋਆਬ ਵਿੱਚ ਰਹਿਣ ਵਾਲਿਓ,
ਆਪਣੇ ਸ਼ਹਿਰਾਂ ਨੂੰ ਛੱਡ ਕੇ ਚੱਟਾਨਾਂ ਵਿੱਚ ਵੱਸੋ।
ਉਸ ਘੁੱਗੀ ਵਾਂਗ ਬਣੋ ਜੋ ਗੁਫ਼ਾ ਦੇ ਮੂੰਹ ਉੱਤੇ
ਆਪਣਾ ਆਲ੍ਹਣਾ ਬਣਾਉਂਦਾ ਹੈ।
“ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ,
ਉਸਦਾ ਹੰਕਾਰ ਕਿੰਨਾ ਵੱਡਾ ਹੈ!
ਉਸਦੀ ਬੇਵਕੂਫ਼ੀ, ਉਸਦਾ ਹੰਕਾਰ, ਉਸ ਦੀ ਘਮੰਡ
ਅਤੇ ਉਸਦੇ ਦਿਲ ਦੇ ਆਕੜ ਬਾਰੇ।
ਮੈਂ ਉਸਦੀ ਬੇਇੱਜ਼ਤੀ ਨੂੰ ਜਾਣਦਾ ਹਾਂ ਪਰ ਇਹ ਵਿਅਰਥ ਹੈ,”
ਯਾਹਵੇਹ ਦਾ ਵਾਕ ਹੈ,
“ਅਤੇ ਉਸਦੀ ਸ਼ੇਖੀ ਕੁਝ ਵੀ ਪੂਰਾ ਨਹੀਂ ਕਰਦੀ।
ਇਸ ਲਈ ਮੈਂ ਮੋਆਬ ਲਈ ਰੋਦਾ ਹਾਂ,
ਸਾਰੇ ਮੋਆਬ ਲਈ ਮੈਂ ਪੁਕਾਰਦਾ ਹਾਂ,
ਮੈਂ ਕੀਰ ਹੇਰਾਸੇਥ ਦੇ ਲੋਕਾਂ ਲਈ ਦੁਹਾਈ ਦਿੰਦਾ ਹਾਂ।
ਮੈਂ ਤੁਹਾਡੇ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ,
ਹੇ ਸਿਬਮਾਹ ਦੀਆਂ ਵੇਲਾਂ।
ਤੁਹਾਡੀਆਂ ਟਹਿਣੀਆਂ ਸੀਹ ਤੱਕ ਫੈਲੀਆਂ ਹੋਈਆਂ ਹਨ;
ਉਹ ਯਾਜ਼ਰ ਤੱਕ ਪਹੁੰਚੇ।
ਤਬਾਹ ਕਰਨ ਵਾਲਾ ਤੁਹਾਡੇ ਪੱਕੇ ਹੋਏ ਫਲਾਂ ਅਤੇ ਅੰਗੂਰਾਂ ਉੱਤੇ ਡਿੱਗ ਪਿਆ ਹੈ।
ਅਨੰਦ ਅਤੇ ਮੌਜ ਫਲਦਾਰ ਖੇਤ ਤੋਂ,
ਮੋਆਬ ਦੇ ਦੇਸ਼ ਤੋਂ ਚੁੱਕੇ ਗਏ।
ਮੈਂ ਚੁਬੱਚਿਆਂ ਤੋਂ ਮੈ ਬੰਦ ਕਰ ਦਿੱਤੀ,
ਕੋਈ ਲਲਕਾਰ ਕੇ ਨਾ ਲਤਾੜੇਗਾ,
ਉਹਨਾਂ ਦੀ ਲਲਕਾਰ,
ਲਲਕਾਰ ਨਾ ਹੋਵੇਗੀ।
“ਉਹਨਾਂ ਦੇ ਰੋਣ ਦੀ ਆਵਾਜ਼ ਹੇਸ਼ਬੋਨ ਤੋਂ ਅਲਾਲੇਹ
ਅਤੇ ਯਹਾਜ਼ ਤੱਕ, ਸੋਆਰ ਤੋਂ ਹੋਰੋਨਾਇਮ
ਅਤੇ ਏਗਲਥ ਸ਼ੈਲੀਸ਼ੀਯਾਹ ਤੱਕ,
ਕਿਉਂ ਜੋ ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ।
ਮੋਆਬ ਵਿੱਚ ਮੈਂ ਉਹਨਾਂ ਲੋਕਾਂ ਦਾ ਅੰਤ ਕਰ ਦਿਆਂਗਾ
ਜਿਹੜੇ ਉੱਚੇ ਸਥਾਨਾਂ ਉੱਤੇ ਚੜ੍ਹਾਵੇ ਚੜ੍ਹਾਉਂਦੇ ਹਨ
ਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੇ ਹਨ,”
ਯਾਹਵੇਹ ਦਾ ਵਾਕ ਹੈ।
“ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗ ਵਿਰਲਾਪ ਕਰਦਾ ਹੈ;
ਇਹ ਕੀਰ ਹੇਰਾਸੇਥ ਦੇ ਲੋਕਾਂ ਲਈ ਬੰਸਰੀਆਂ ਵਾਂਗ ਵਿਰਲਾਪ ਕਰਦਾ ਹੈ।
ਉਹਨਾਂ ਨੇ ਜੋ ਦੌਲਤ ਹਾਸਲ ਕੀਤੀ ਸੀ ਉਹ ਖਤਮ ਹੋ ਗਈ ਹੈ।
ਹਰ ਇੱਕ ਸਿਰ ਮੁੰਨਿਆ ਜਾਂਦਾ ਹੈ
ਅਤੇ ਹਰ ਦਾੜ੍ਹੀ ਕੱਟੀ ਜਾਂਦੀ ਹੈ;
ਹਰ ਹੱਥ ਕੱਟਿਆ ਹੋਇਆ ਹੈ
ਅਤੇ ਹਰ ਕਮਰ ਤੱਪੜ ਨਾਲ ਢੱਕੀ ਹੋਈ ਹੈ।
ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਸੋਗ ਦੇ ਸਿਵਾਏ ਕੁਝ ਨਹੀਂ ਹੈ,
ਕਿਉਂ ਜੋ ਮੈਂ ਮੋਆਬ ਨੂੰ ਇੱਕ ਘੜੇ ਵਾਂਗ ਤੋੜ ਦਿੱਤਾ ਹੈ ਜਿਸਨੂੰ ਕੋਈ ਨਹੀਂ ਚਾਹੁੰਦਾ ਹੈ,”
ਯਾਹਵੇਹ ਦਾ ਵਾਕ ਹੈ।
“ਉਹ ਕਿੰਨੀ ਟੁੱਟ ਗਈ ਹੈ! ਉਹ ਕਿਵੇਂ ਵਿਰਲਾਪ ਕਰਦੇ ਹਨ!
ਕਿੰਝ ਮੋਆਬ ਨੇ ਸ਼ਰਮ ਨਾਲ ਉਸ ਨੂੰ ਮੋੜ ਲਿਆ!
ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈ,
ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਦਹਿਸ਼ਤ ਦਾ ਵਿਸ਼ਾ ਬਣ ਗਿਆ ਹੈ।”
ਇਹ ਉਹ ਹੈ ਜੋ ਯਾਹਵੇਹ ਆਖਦਾ ਹੈ:
“ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ।
ਕੇਰੀਯੋਥ ਉੱਤੇ ਕਬਜ਼ਾ ਕਰ ਲਿਆ ਜਾਵੇਗਾ
ਅਤੇ ਗੜ੍ਹਾਂ ਉੱਤੇ ਅਧਕਾਰ ਕਰ ਲਿਆ ਜਾਵੇਗਾ।
ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲ
ਜਣੇਪੇ ਵਾਲੀ ਔਰਤ ਦੇ ਦਿਲ ਵਰਗੇ ਹੋਣਗੇ।
ਮੋਆਬ ਨੂੰ ਇੱਕ ਕੌਮ ਵਜੋਂ ਤਬਾਹ ਕਰ ਦਿੱਤਾ ਜਾਵੇਗਾ
ਕਿਉਂਕਿ ਉਸਨੇ ਯਾਹਵੇਹ ਦੀ ਉਲੰਘਣਾ ਕੀਤੀ ਸੀ।
ਹੇ ਮੋਆਬ ਦੇ ਲੋਕੋ,
ਡਰ, ਟੋਆ ਅਤੇ ਫੰਦਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ,”
ਯਾਹਵੇਹ ਦਾ ਵਾਕ ਹੈ।
“ਜੋ ਕੋਈ ਦਹਿਸ਼ਤ ਤੋਂ ਭੱਜਦਾ ਹੈ
ਇੱਕ ਟੋਏ ਵਿੱਚ ਡਿੱਗੇਗਾ,
ਜੋ ਕੋਈ ਟੋਏ ਵਿੱਚੋਂ ਬਾਹਰ ਨਿੱਕਲੇਗਾ
ਇੱਕ ਫਾਹੀ ਵਿੱਚ ਫਸ ਜਾਵੇਗਾ;
ਕਿਉਂ ਜੋ ਮੈਂ ਮੋਆਬ ਉੱਤੇ
ਉਸ ਦੀ ਸਜ਼ਾ ਦਾ ਸਾਲ ਲਿਆਵਾਂਗਾ,”
ਯਾਹਵੇਹ ਦਾ ਵਾਕ ਹੈ।
“ਹੇਸ਼ਬੋਨ ਦੇ ਸਾਯੇ ਵਿੱਚ
ਭਗੌੜੇ ਬੇਵੱਸ ਖੜ੍ਹੇ ਹਨ,
ਕਿਉਂ ਜੋ ਹਸ਼ਬੋਨ ਵਿੱਚੋਂ ਅੱਗ ਨਿਕਲੀ ਹੈ,
ਸੀਹੋਨ ਦੇ ਵਿਚਕਾਰੋਂ ਇੱਕ ਅੱਗ;
ਉਹ ਮੋਆਬ ਦੇ ਮੱਥੇ ਨੂੰ ਸਾੜ ਦਿੰਦੀ ਹੈ,
ਰੌਲਾ ਪਾਉਣ ਵਾਲਿਆਂ ਦੀਆਂ ਖੋਪੜੀਆਂ।
ਹੇ ਮੋਆਬ, ਤੇਰੇ ਉੱਤੇ ਹਾਏ!
ਕਮੋਸ਼ ਦੇ ਲੋਕ ਤਬਾਹ ਹੋ ਗਏ ਹਨ;
ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏ
ਅਤੇ ਤੇਰੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਲਿਜਾਇਆ ਗਿਆ ਹੈ।
“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਮੋਆਬ ਦੀ ਕਿਸਮਤ ਨੂੰ ਬਹਾਲ ਕਰਾਂਗਾ,”
ਯਾਹਵੇਹ ਦਾ ਵਾਕ ਹੈ।
ਇੱਥੇ ਮੋਆਬ ਦਾ ਨਿਆਂ ਖਤਮ ਹੁੰਦਾ ਹੈ।
Source notes (1)
- Footnote ਸਿੰਗ ਅਰਥ ਤਾਕਤ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.