Skip to content
BibleKenya

Biblica® Open Punjabi Contemporary Version 2025

ਯਿਰਮਿਯਾਹ 49

ਅਮੋਨ ਬਾਰੇ ਇੱਕ ਸੁਨੇਹਾ

ਅੰਮੋਨੀਆਂ ਬਾਰੇ:

ਯਾਹਵੇਹ ਇਹ ਆਖਦਾ ਹੈ:

“ਕੀ ਇਸਰਾਏਲ ਦੇ ਕੋਈ ਪੁੱਤਰ ਨਹੀਂ ਹਨ?

ਕੀ ਇਸਰਾਏਲ ਦਾ ਕੋਈ ਵਾਰਸ ਹੈ?

ਫਿਰ ਮਲਕਾਮ ਨੇ ਗਾਦ ਉੱਤੇ ਕਬਜ਼ਾ ਕਿਉਂ ਕੀਤਾ ਹੈ?

ਉਸ ਦੇ ਲੋਕ ਉਸ ਦੇ ਨਗਰਾਂ ਵਿੱਚ ਕਿਉਂ ਰਹਿੰਦੇ ਹਨ?

ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ,

“ਜਦੋਂ ਮੈਂ ਅੰਮੋਨੀਆਂ ਦੇ ਰਬਾਹ ਦੇ ਵਿਰੁੱਧ ਲੜਾਈ ਦੀ ਪੁਕਾਰ ਸੁਣਾਵਾਂਗਾ;

ਇਹ ਖੰਡਰ ਦਾ ਟਿੱਲਾ ਬਣ ਜਾਵੇਗਾ,

ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਅੱਗ ਲਾ ਦਿੱਤੀ ਜਾਵੇਗੀ।

ਫਿਰ ਇਸਰਾਏਲ ਉਹਨਾਂ ਨੂੰ ਬਾਹਰ ਕੱਢ ਦੇਵੇਗਾ

ਜਿਨ੍ਹਾਂ ਨੇ ਉਸ ਨੂੰ ਬਾਹਰ ਕੱਢਿਆ ਸੀ,”

ਯਾਹਵੇਹ ਆਖਦਾ ਹੈ।

“ਹੇ ਹੇਸ਼ਬੋਨ, ਰੋਵੋ ਕਿਉਂ ਜੋ ਅਈ ਤਬਾਹ ਹੋ ਗਿਆ ਹੈ!

ਹੇ ਰਬਾਹ ਦੇ ਵਾਸੀਓ, ਪੁਕਾਰੋ!

ਆਪਣੇ ਤੇੜ ਤੱਪੜ ਪਾਓ, ਸੋਗ ਕਰੋ,

ਵਾੜਿਆਂ ਵਿੱਚ ਇਧਰ ਉੱਧਰ ਦੌੜੋ!

ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ,

ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।

ਤੂੰ ਆਪਣੀਆਂ ਵਾਦੀਆਂ ਉੱਤੇ ਕਿਉਂ ਮਾਣ ਕਰਦਾ ਹੈ,

ਤੇਰੀ ਵਾਦੀ ਵਗਣ ਵਾਲੀ ਹੈ,

ਤੇਰਾ ਭਰੋਸਾ ਤੇਰੇ ਖ਼ਜ਼ਾਨਿਆਂ ਉੱਤੇ ਹੈ,

‘ਮੇਰੇ ਵਿਰੁੱਧ ਕੌਣ ਆਵੇਗਾ?’

ਮੈਂ ਤੁਹਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਤੋਂ ਤੁਹਾਡੇ ਉੱਤੇ ਦਹਿਸ਼ਤ ਲਿਆਵਾਂਗਾ,”

ਯਾਹਵੇਹ, ਸਰਬਸ਼ਕਤੀਮਾਨ ਯਾਹਵੇਹ ਵਾਕ ਦਾ ਹੈ।

“ਤੁਹਾਡੇ ਵਿੱਚੋਂ ਹਰ ਇੱਕ ਨੂੰ ਭਜਾ ਦਿੱਤਾ ਜਾਵੇਗਾ,

ਅਤੇ ਕੋਈ ਵੀ ਭਗੌੜਿਆਂ ਨੂੰ ਇਕੱਠਾ ਨਹੀਂ ਕਰੇਗਾ।

“ਫਿਰ ਵੀ ਬਾਅਦ ਵਿੱਚ, ਮੈਂ ਅੰਮੋਨੀਆਂ ਦੀ ਗੁਲਾਮੀ ਨੂੰ ਬਹਾਲ ਕਰਾਂਗਾ,”

ਯਾਹਵੇਹ ਦਾ ਵਾਕ ਹੈ।

ਅਦੋਮ ਬਾਰੇ ਇੱਕ ਸੁਨੇਹਾ

ਅਦੋਮ ਬਾਰੇ:

ਯਾਹਵੇਹ ਇਸ ਤਰ੍ਹਾਂ ਆਖਦਾ ਹੈ:

“ਕੀ ਤੇਮਾਨ ਵਿੱਚ ਹੁਣ ਬੁੱਧ ਨਹੀਂ ਹੈ?

ਕੀ ਸੂਝਵਾਨਾਂ ਤੋਂ ਸਲਾਹ ਨਾਸ ਹੋ ਗਈ ਹੈ?

ਕੀ ਉਹਨਾਂ ਦੀ ਬੁੱਧੀ ਨਸ਼ਟ ਹੋ ਗਈ ਹੈ?

ਹੇ ਦਦਾਨ ਵਿੱਚ ਰਹਿਣ ਵਾਲਿਓ,

ਮੁੜੋ ਅਤੇ ਭੱਜੋ, ਡੂੰਘੀਆਂ ਗੁਫ਼ਾਂਵਾਂ ਵਿੱਚ ਲੁਕ ਜਾਓ,

ਕਿਉਂ ਜੋ ਮੈਂ ਏਸਾਓ ਉੱਤੇ ਉਸ ਵੇਲੇ ਤਬਾਹੀ ਲਿਆਵਾਂਗਾ

ਜਦੋਂ ਮੈਂ ਉਹ ਨੂੰ ਸਜ਼ਾ ਦਿਆਂਗਾ।

ਜੇਕਰ ਅੰਗੂਰ ਤੋੜਣ ਵਾਲੇ ਤੁਹਾਡੇ ਕੋਲ ਆਉਣ,

ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ?

ਜੇ ਚੋਰ ਰਾਤ ਨੂੰ ਆ ਜਾਣ,

ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?

ਪਰ ਮੈਂ ਏਸਾਓ ਨੂੰ ਨੰਗਾ ਕਰ ਦਿਆਂਗਾ;

ਮੈਂ ਉਸ ਦੇ ਛੁਪਣ ਦੇ ਸਥਾਨਾਂ ਦਾ ਪਰਦਾਫਾਸ਼ ਕਰ ਦਿਆਂਗਾ,

ਤਾਂ ਜੋ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ।

ਉਸ ਦੇ ਹਥਿਆਰਬੰਦ ਆਦਮੀ,

ਉਸ ਦੇ ਸਹਿਯੋਗੀ ਅਤੇ ਗੁਆਂਢੀ ਵੀ ਤਬਾਹ ਹੋ ਗਏ,

ਇਸ ਲਈ ਕੋਈ ਇਹ ਕਹਿਣ ਵਾਲਾ ਨਹੀਂ ਹੈ,

‘ਆਪਣੇ ਯਤੀਮਾਂ ਨੂੰ ਛੱਡ। ਮੈਂ ਉਹਨਾਂ ਨੂੰ ਜਿਉਂਦਾ ਰੱਖਾਂਗਾ।

ਤੁਹਾਡੀਆਂ ਵਿਧਵਾਵਾਂ ਵੀ ਮੇਰੇ ਉੱਤੇ ਨਿਰਭਰ ਹੋਣ।’ ”

ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ ਹੈ? ਤੂੰ ਬੇਦੋਸ਼ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ। ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਕਿ ਬੋਸਰਾਹ ਇੱਕ ਖੰਡਰ ਅਤੇ ਸਰਾਪ ਬਣ ਜਾਵੇਗਾ, ਇੱਕ ਦਹਿਸ਼ਤ ਅਤੇ ਬਦਨਾਮੀ ਦੀ ਇੱਕ ਵਸਤੂ ਬਣ ਜਾਵੇਗਾ; ਅਤੇ ਇਸਦੇ ਸਾਰੇ ਕਸਬੇ ਸਦਾ ਲਈ ਤਬਾਹ ਹੋ ਜਾਣਗੇ।”

ਮੈਂ ਯਾਹਵੇਹ ਤੋਂ ਇੱਕ ਸੰਦੇਸ਼ ਸੁਣਿਆ ਹੈ;

ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ,

“ਇਸ ਉੱਤੇ ਹਮਲਾ ਕਰਨ ਲਈ ਇਕੱਠੇ ਹੋਵੋ!

ਲੜਾਈ ਲਈ ਖੜ੍ਹੇ ਹੋਵੋ!”

“ਹੁਣ ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ,

ਮਨੁੱਖਜਾਤੀ ਦੁਆਰਾ ਤੁੱਛ ਜਾਣਿਆ ਜਾਵੇਗਾ।

ਉਹ ਡਰ ਜੋ ਤੁਸੀਂ ਪ੍ਰੇਰਦੇ ਹੋ

ਅਤੇ ਤੁਹਾਡੇ ਦਿਲ ਦੇ ਹੰਕਾਰ ਨੇ ਤੁਹਾਨੂੰ ਧੋਖਾ ਦਿੱਤਾ ਹੈ,

ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ,

ਜੋ ਪਹਾੜ ਦੀਆਂ ਉਚਾਈਆਂ ਉੱਤੇ ਕਬਜ਼ਾ ਕਰਦੇ ਹੋ।

ਭਾਵੇਂ ਤੁਸੀਂ ਆਪਣਾ ਆਲ੍ਹਣਾ ਉਕਾਬਾਂ ਵਾਂਗ ਉੱਚਾ ਬਣਾਓ,

ਉੱਥੋਂ ਮੈਂ ਤੁਹਾਨੂੰ ਹੇਠਾਂ ਲਿਆਵਾਂਗਾ,”

ਯਾਹਵੇਹ ਦਾ ਵਾਕ ਹੈ।

“ਅਦੋਮ ਡਰਾਉਣੀ ਵਸਤੂ ਬਣ ਜਾਵੇਗਾ;

ਸਾਰੇ ਜੋ ਉਸਦੇ ਵੱਲ ਦੀ ਹੋ ਕੇ ਲੰਘਦੇ ਹਨ, ਘਬਰਾ ਜਾਣਗੇ

ਅਤੇ ਇਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।

ਜਿਵੇਂ ਕਿ ਸੋਦੋਮ ਅਤੇ ਗਾਮੂਰਾਹ ਨੂੰ ਉਜਾੜ ਦਿੱਤਾ ਗਿਆ ਸੀ,

ਉਹਨਾਂ ਦੇ ਗੁਆਂਢੀ ਕਸਬਿਆਂ ਦੇ ਨਾਲ,”

ਯਾਹਵੇਹ ਦਾ ਵਾਕ ਹੈ,

“ਇਸ ਲਈ ਉੱਥੇ ਕੋਈ ਨਹੀਂ ਰਹੇਗਾ;

ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।

“ਜਿਵੇਂ ਇੱਕ ਸ਼ੇਰ ਯਰਦਨ ਦੀਆਂ ਝਾੜੀਆਂ ਵਿੱਚੋਂ

ਇੱਕ ਪੱਕੇ ਵਸੇਬੇ ਵੱਲ ਆਉਂਦਾ ਹੈ,

ਮੈਂ ਇੱਕ ਪਲ ਵਿੱਚ ਅਦੋਮ ਨੂੰ ਉਸ ਦੀ ਧਰਤੀ ਤੋਂ ਭਜਾ ਦਿਆਂਗਾ।

ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਲਈ ਨਿਯੁਕਤ ਕਰਾਂਗਾ?

ਮੇਰੇ ਵਰਗਾ ਕੌਣ ਹੈ ਅਤੇ ਕੌਣ ਮੈਨੂੰ ਵੰਗਾਰ ਸਕਦਾ ਹੈ?

ਅਤੇ ਕਿਹੜਾ ਆਜੜੀ ਮੇਰੇ ਵਿਰੁੱਧ ਖੜਾ ਹੋ ਸਕਦਾ ਹੈ?”

ਇਸ ਲਈ, ਸੁਣੋ ਕਿ ਯਾਹਵੇਹ ਨੇ ਅਦੋਮ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ,

ਉਸਦੇ ਵਿਚਾਰਾ ਬਾਰੇ ਜਿਹੜੇ ਉਸਨੇ ਤੇਮਾਨ ਵਿੱਚ ਰਹਿਣ ਵਾਲਿਆਂ ਲਈ ਕੀਤੇ ਹਨ:

ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਵੀ ਧੂ ਕੇ ਲੈ ਜਾਣਗੇ,

ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ।

ਉਹਨਾਂ ਦੇ ਡਿੱਗਣ ਦੀ ਆਵਾਜ਼ ਨਾਲ ਧਰਤੀ ਕੰਬ ਜਾਵੇਗੀ;

ਉਹਨਾਂ ਦੀ ਦੁਹਾਈ ਲਾਲ ਸਾਗਰ ਤੱਕ ਗੂੰਜੇਗੀ।

ਦੇਖੋ! ਉਹ ਉਕਾਬ ਵਾਂਗੂੰ ਚੜ੍ਹੇਗਾ

ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬੋਸਰਾਹ ਦੇ ਉੱਤੇ ਖਿਲਾਰੇਗਾ

ਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ

ਜਿੰਨ੍ਹਾਂ ਨੂੰ ਪੀੜਾਂ ਲੱਗੀਆਂ ਹਨ।

ਦਮਿਸ਼ਕ ਬਾਰੇ ਇੱਕ ਸੁਨੇਹਾ

ਦੰਮਿਸ਼ਕ ਬਾਰੇ:

“ਹਮਾਥ ਅਤੇ ਅਰਪਾਦ ਘਬਰਾ ਗਏ ਹਨ,

ਕਿਉਂਕਿ ਉਹਨਾਂ ਨੇ ਬੁਰੀ ਖ਼ਬਰ ਸੁਣੀ ਹੈ।

ਉਹ ਨਿਰਾਸ਼ ਹਨ,

ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ।

ਦੰਮਿਸ਼ਕ ਕਮਜ਼ੋਰ ਹੋ ਗਿਆ ਹੈ,

ਉਹ ਭੱਜਣ ਲਈ ਮੁੜੀ ਹੈ

ਅਤੇ ਘਬਰਾਹਟ ਨੇ ਉਸਨੂੰ ਜਕੜ ਲਿਆ ਹੈ;

ਕਸ਼ਟ ਅਤੇ ਪੀੜ ਨੇ ਉਸ ਨੂੰ ਜਕੜ ਲਿਆ ਹੈ,

ਜਣੇਪੇ ਵਾਲੀ ਔਰਤ ਵਰਗਾ ਦਰਦ।

ਉਹ ਨਗਰੀ ਜਿਸ ਵਿੱਚ ਮੈਂ ਪ੍ਰਸੰਨ ਹਾਂ,

ਕਿਉਂ ਨਾ ਛੱਡਿਆ ਗਿਆ?

ਯਕੀਨਨ, ਉਹ ਦੇ ਜੁਆਨ ਗਲੀਆਂ ਵਿੱਚ ਡਿੱਗ ਪੈਣਗੇ।

ਉਸ ਦਿਨ ਉਸ ਦੇ ਸਾਰੇ ਸਿਪਾਹੀ ਚੁੱਪ ਕਰ ਦਿੱਤੇ ਜਾਣਗੇ,”

ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

“ਮੈਂ ਦੰਮਿਸ਼ਕ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ;

ਇਹ ਬਨ-ਹਦਦ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ।”

ਕੇਦਾਰ ਅਤੇ ਹਾਸੋਰ ਬਾਰੇ ਇੱਕ ਸੁਨੇਹਾ

ਕੇਦਾਰ ਅਤੇ ਹਾਸੋਰ ਦੇ ਰਾਜਾਂ ਬਾਰੇ, ਜਿਨ੍ਹਾਂ ਉੱਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਹਮਲਾ ਕੀਤਾ ਸੀ:

ਯਾਹਵੇਹ ਇਹ ਆਖਦਾ ਹੈ:

“ਉੱਠ ਅਤੇ ਕੇਦਾਰ ਤੇ ਹਮਲਾ ਕਰ

ਅਤੇ ਪੂਰਬ ਦੇ ਲੋਕਾਂ ਨੂੰ ਤਬਾਹ ਕਰ।

ਉਹਨਾਂ ਦੇ ਤੰਬੂ ਅਤੇ ਇੱਜੜ ਲੈ ਲਏ ਜਾਣਗੇ।

ਉਹਨਾਂ ਦੇ ਪਨਾਹਗਾਹਾਂ ਨੂੰ ਉਹਨਾਂ ਦੇ ਸਾਰੇ ਮਾਲ ਅਤੇ ਊਠਾਂ ਸਮੇਤ ਲਿਜਾਇਆ ਜਾਵੇਗਾ।

ਲੋਕ ਉਹਨਾਂ ਨੂੰ ਚੀਕਣਗੇ,

‘ਹਰ ਪਾਸੇ ਦਹਿਸ਼ਤ!’

“ਛੇਤੀ ਭੱਜੋ!

ਤੁਸੀਂ ਜੋ ਹਾਸੋਰ ਵਿੱਚ ਰਹਿੰਦੇ ਹੋ, ਡੂੰਘੀਆਂ ਗੁਫ਼ਾਂਵਾਂ ਵਿੱਚ ਰਹੋ,”

ਯਾਹਵੇਹ ਦਾ ਵਾਕ ਹੈ।

“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਾਜ਼ਿਸ਼ ਰਚੀ ਹੈ;

ਉਸ ਨੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾਈ ਹੈ।

“ਉੱਠੋ ਇੱਕ ਨਿਸ਼ਚਿਤ ਕੌਮ ਉੱਤੇ ਚੜ੍ਹਾਈ ਕਰੋ,

ਜਿਹੜੀ ਭਰੋਸੇ ਨਾਲ ਵੱਸਦੀ ਹੈ,”

ਯਾਹਵੇਹ ਦਾ ਵਾਕ ਹੈ,

“ਇੱਕ ਅਜਿਹੀ ਕੌਮ ਜਿਸ ਕੋਲ ਨਾ ਤਾਂ ਦਰਵਾਜ਼ੇ ਹਨ ਅਤੇ ਨਾ ਹੀ ਅਰਲ ਹਨ;

ਇਸ ਦੇ ਲੋਕ ਖ਼ਤਰੇ ਤੋਂ ਦੂਰ ਰਹਿੰਦੇ ਹਨ।

ਉਹਨਾਂ ਦੇ ਊਠ ਲੁੱਟੇ ਜਾਣਗੇ,

ਅਤੇ ਉਹਨਾਂ ਦੇ ਵੱਡੇ ਇੱਜੜ ਜੰਗ ਦਾ ਮਾਲ ਬਣ ਜਾਣਗੇ।

ਮੈਂ ਉਹਨਾਂ ਨੂੰ ਹਵਾਵਾਂ ਵਿੱਚ ਖਿਲਾਰ ਦਿਆਂਗਾ ਜੋ ਦੂਰ-ਦੁਰਾਡੇ ਵਿੱਚ ਹਨ

ਅਤੇ ਉਹਨਾਂ ਤੇ ਹਰ ਪਾਸਿਓਂ ਤਬਾਹੀ ਲਿਆਵਾਂਗਾ,”

ਯਾਹਵੇਹ ਦਾ ਵਾਕ ਹੈ।

“ਹਾਸੋਰ ਗਿੱਦੜਾਂ ਦਾ ਅੱਡਾ ਬਣ ਜਾਵੇਗਾ,

ਸਦਾ ਲਈ ਵਿਰਾਨ ਥਾਂ।

ਉੱਥੇ ਕੋਈ ਨਹੀਂ ਰਹੇਗਾ;

ਕੋਈ ਵੀ ਲੋਕ ਉਸ ਵਿੱਚ ਨਹੀਂ ਰਹਿਣਗੇ।”

ਏਲਾਮ ਲਈ ਇੱਕ ਸੁਨੇਹਾ

ਇਹ ਯਾਹਵੇਹ ਦਾ ਬਚਨ ਹੈ ਜੋ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿੱਚ, ਏਲਾਮ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:

“ਵੇਖੋ, ਮੈਂ ਏਲਾਮ ਦੇ ਕਮਾਨ ਨੂੰ ਤੋੜ ਦਿਆਂਗਾ,

ਉਹਨਾਂ ਦੀ ਤਾਕਤ ਦਾ ਮੁੱਖ ਅਧਾਰ।

ਮੈਂ ਏਲਾਮ ਦੇ ਵਿਰੁੱਧ ਅਕਾਸ਼ ਦੇ ਚੌਹਾਂ ਪਾਸਿਆਂ ਤੋਂ

ਚਾਰ ਹਵਾਵਾਂ ਲਿਆਵਾਂਗਾ।

ਮੈਂ ਉਹਨਾਂ ਨੂੰ ਚੌਹਾਂ ਹਵਾਵਾਂ ਵਿੱਚ ਖਿਲਾਰ ਦਿਆਂਗਾ,

ਅਤੇ ਕੋਈ ਕੌਮ ਨਹੀਂ ਹੋਵੇਗੀ

ਜਿੱਥੇ ਏਲਾਮ ਦੇ ਗ਼ੁਲਾਮ ਨਹੀਂ ਜਾਂਦੇ।

ਮੈਂ ਏਲਾਮ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਸਾਮ੍ਹਣੇ ਭੰਨ ਸੁੱਟਾਂਗਾ,

ਉਹਨਾਂ ਦੇ ਸਾਮ੍ਹਣੇ ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ।

ਮੈਂ ਉਹਨਾਂ ਉੱਤੇ ਤਬਾਹੀ ਲਿਆਵਾਂਗਾ,

ਇੱਥੋਂ ਤੱਕ ਕਿ ਮੇਰਾ ਭਿਆਨਕ ਕ੍ਰੋਧ ਵੀ,”

ਯਾਹਵੇਹ ਦਾ ਵਾਕ ਹੈ।

“ਮੈਂ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ

ਜਦ ਤੱਕ ਮੈਂ ਉਹਨਾਂ ਦਾ ਅੰਤ ਨਾ ਕਰ ਲਵਾਂ।

ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਸਥਾਪਿਤ ਕਰਾਂਗਾ

ਅਤੇ ਉਸਦੇ ਰਾਜੇ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ,

ਯਾਹਵੇਹ ਦਾ ਵਾਕ ਹੈ।

“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਏਲਾਮ ਦੀ ਕਿਸਮਤ ਨੂੰ ਬਹਾਲ ਕਰਾਂਗਾ,”

ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.