Skip to content
BibleKenya

Biblica® Open Punjabi Contemporary Version 2025

ਯਿਰਮਿਯਾਹ 47

ਫ਼ਲਿਸਤੀਆਂ ਬਾਰੇ ਇੱਕ ਸੁਨੇਹਾ

ਇਹ ਯਾਹਵੇਹ ਦਾ ਬਚਨ ਹੈ ਜੋ ਫ਼ਿਰਾਊਨ ਦੁਆਰਾ ਗਾਜ਼ਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਫ਼ਲਿਸਤੀਆਂ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

ਯਾਹਵੇਹ ਇਸ ਤਰ੍ਹਾਂ ਆਖਦਾ ਹੈ:

“ਦੇਖੋ ਉੱਤਰ ਵਿੱਚ ਪਾਣੀ ਕਿਵੇਂ ਵੱਧ ਰਿਹਾ ਹੈ;

ਉਹ ਇੱਕ ਵਹਿਣ ਵਾਲਾ ਪਾਣੀ ਬਣ ਜਾਵੇਗਾ।

ਉਹ ਧਰਤੀ ਅਤੇ ਉਸ ਵਿੱਚ ਦੀ ਹਰ ਚੀਜ਼ ਨੂੰ, ਕਸਬਿਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਰ ਦੇਣਗੇ।

ਲੋਕ ਪੁਕਾਰਨਗੇ;

ਸਾਰੇ ਲੋਕ ਜਿਹੜੇ ਧਰਤੀ ਵਿੱਚ ਵੱਸਦੇ ਹਨ।

ਘੋੜਿਆਂ ਦੇ ਖੁਰਾਂ ਦੀ ਆਵਾਜ਼ ਦੇ ਕਾਰਨ,

ਉਸ ਦੇ ਰਥਾਂ ਦੀ ਆਵਾਜ਼ ਦੇ ਕਾਰਨ,

ਉਹਨਾਂ ਦੇ ਪਹੀਆਂ ਦੀ ਗੜਗੜਾਹਟ ਦੇ ਕਾਰਨ,

ਮਾਤਾ-ਪਿਤਾ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਨਹੀਂ ਮੁੜਨਗੇ;

ਕਿਉਂਕਿ ਉਨ੍ਹਾਂ ਦੇ ਹੱਥ ਢਿੱਲੇ ਹੋ ਗਏ ਹਨ।

ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ,

ਅਤੇ ਸੂਰ ਅਤੇ ਸੀਦੋਨ ਵਿੱਚ

ਹਰ ਬਚੇ ਹੋਏ ਸਹਾਇਕ ਨੂੰ

ਤਬਾਹ ਕਰਨ ਦਾ ਦਿਨ ਆ ਗਿਆ ਹੈ।

ਯਾਹਵੇਹ ਫ਼ਲਿਸਤੀਆਂ ਨੂੰ ਤਬਾਹ ਕਰਨ ਵਾਲਾ ਹੈ,

ਅਤੇ ਕਫ਼ਤੋਰ1 ਦੇ ਤੱਟੀ ਖੇਤਰਾਂ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰਨ ਲਈ ਤਿਆਰ ਹਨ।

ਗਾਜ਼ਾ ਸੋਗ ਵਿੱਚ ਆਪਣਾ ਸਿਰ ਮੁਨਾਵੇਗਾ;

ਅਸ਼ਕਲੋਨ ਨੂੰ ਚੁੱਪ ਕਰ ਦਿੱਤਾ ਜਾਵੇਗਾ।

ਤੁਸੀਂ ਮੈਦਾਨ ਵਿੱਚ ਬਚੇ ਹੋਏ ਹੋ,

ਤੁਸੀਂ ਕਦ ਤੱਕ ਆਪਣੇ ਆਪ ਨੂੰ ਵੱਢੋਗੇ?

“ ‘ਹਾਏ, ਯਾਹਵੇਹ ਦੀ ਤਲਵਾਰ,

ਕਦੋਂ ਤੂੰ ਆਰਾਮ ਕਰੇਗੀ?

ਆਪਣੇ ਮਿਆਨ ਵਿੱਚ ਵਾਪਸ ਆ;

ਰੁਕ ਅਤੇ ਸ਼ਾਂਤ ਰਹਿ।’

ਪਰ ਇਹ ਕਿਵੇਂ ਆਰਾਮ ਕਰ ਸਕਦੀ ਹੈ

ਜਦੋਂ ਯਾਹਵੇਹ ਨੇ ਇਸਨੂੰ ਹੁਕਮ ਦਿੱਤਾ ਹੈ,

ਜਦੋਂ ਉਸਨੇ ਇਸਨੂੰ ਅਸ਼ਕਲੋਨ ਅਤੇ ਤੱਟ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੈ?”

Source notes (1)
  1. Footnote ਕਫ਼ਤੋਰ ਅਰਥਾਤ ਕਰੇਤ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.