Biblica® Open Punjabi Contemporary Version 2025
ਯਿਰਮਿਯਾਹ 37
ਜੇਲ ਵਿੱਚ ਯਿਰਮਿਯਾਹ
ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯਹੂਦਾਹ ਦਾ ਰਾਜਾ ਬਣਾਇਆ ਗਿਆ ਸੀ; ਉਸਨੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨਾ ਦੀ ਥਾਂ ਰਾਜ ਕੀਤਾ। ਨਾ ਤਾਂ ਉਸ ਨੇ, ਨਾ ਉਸ ਦੇ ਸੇਵਾਦਾਰਾਂ ਨੇ ਅਤੇ ਨਾ ਹੀ ਦੇਸ਼ ਦੇ ਲੋਕਾਂ ਨੇ ਉਹਨਾਂ ਸ਼ਬਦਾਂ ਵੱਲ ਧਿਆਨ ਦਿੱਤਾ ਜੋ ਯਾਹਵੇਹ ਨੇ ਨਬੀ ਯਿਰਮਿਯਾਹ ਦੁਆਰਾ ਕਹੇ ਸਨ।
ਹਾਲਾਂਕਿ, ਰਾਜਾ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨੂੰ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਦੇ ਨਾਲ ਯਿਰਮਿਯਾਹ ਨਬੀ ਕੋਲ ਇਸ ਸੰਦੇਸ਼ ਦੇ ਨਾਲ ਭੇਜਿਆ: “ਕਿਰਪਾ ਕਰਕੇ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ।”
ਯਿਰਮਿਯਾਹ ਲੋਕਾਂ ਵਿੱਚ ਅੰਦਰ-ਬਾਹਰ ਆਉਂਦਾ ਜਾਂਦਾ ਸੀ ਅਤੇ ਉਹਨਾਂ ਨੇ ਉਹ ਨੂੰ ਅਜੇ ਕੈਦ ਵਿੱਚ ਨਹੀਂ ਸੀ ਪਾਇਆ। ਫ਼ਿਰਾਊਨ ਦੀ ਫ਼ੌਜ ਮਿਸਰ ਵਿੱਚੋਂ ਨਿੱਕਲ ਚੁੱਕੀ ਸੀ ਅਤੇ ਜਦ ਯੇਰੂਸ਼ਲੇਮ ਨੂੰ ਘੇਰਾ ਪਾਉਣ ਵਾਲੇ ਕਸਦੀਆਂ ਨੇ ਉਹਨਾਂ ਦੀ ਖ਼ਬਰ ਸੁਣੀ ਤਾਂ ਉਹ ਯੇਰੂਸ਼ਲੇਮ ਤੋਂ ਤੁਰ ਪਏ।
ਤਦ ਯਾਹਵੇਹ ਦਾ ਬਚਨ ਯਿਰਮਿਯਾਹ ਨਬੀ ਕੋਲ ਆਇਆ: “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਯਹੂਦਾਹ ਦੇ ਰਾਜੇ ਨੂੰ ਦੱਸ, ਜਿਸ ਨੇ ਤੁਹਾਨੂੰ ਮੇਰੇ ਕੋਲ ਮੇਰੇ ਬਚਨ ਦੱਸਣ ਲਈ ਭੇਜਿਆ ਹੈ, ਤੈਨੂੰ ਦੇਖਣਾ ਚਾਹੀਦਾ ਹੈ, ‘ਕਿ ਫ਼ਿਰਾਊਨ ਦੀ ਫ਼ੌਜ ਜੋ ਤੁਹਾਡੀ ਮਦਦ ਕਰਨ ਲਈ ਆਈ ਹੈ ਉਹ ਆਪਣੇ ਦੇਸ਼ ਮਿਸਰ ਨੂੰ ਪਰਤ ਜਾਵੇਗੀ। ਫਿਰ ਕਸਦੀ ਵਾਪਸ ਆਉਣਗੇ ਅਤੇ ਇਸ ਸ਼ਹਿਰ ਉੱਤੇ ਹਮਲਾ ਕਰਨਗੇ। ਉਹ ਇਸ ਨੂੰ ਫੜ ਕੇ ਸਾੜ ਦੇਣਗੇ।’
“ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਆਪਣੀਆਂ ਜਾਨਾਂ ਨੂੰ ਇਹ ਆਖ ਕੇ ਧੋਖਾ ਨਾ ਦਿਓ ਕਿ ਕਸਦੀ ਸੱਚ-ਮੁੱਚ ਸਾਡੇ ਕੋਲੋਂ ਚੱਲੇ ਜਾਣਗੇ। ਉਹ ਤਾਂ ਨਾ ਜਾਣਗੇ! ਭਾਵੇਂ ਤੁਸੀਂ ਬਾਬੇਲ ਦੀ ਉਸ ਸਾਰੀ ਫ਼ੌਜ ਨੂੰ ਹਰਾਉਣ ਦੇ ਯੋਗ ਸੀ, ਜਿਹੜੀ ਤੁਹਾਡੇ ਉੱਤੇ ਹਮਲਾ ਕਰ ਰਹੀ ਹੈ, ਪਰ ਤਾਂ ਵੀ ਕੁਝ ਜ਼ਖਮੀ ਬੰਦੇ ਉਨ੍ਹਾਂ ਦੇ ਤੰਬੂਆਂ ਵਿੱਚ ਬਚੇ ਰਹਿਣਗੇ। ਉਹ ਕੁਝ ਜ਼ਖਮੀ ਬੰਦੇ ਵੀ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਯੇਰੂਸ਼ਲੇਮ ਨਗਰ ਨੂੰ ਸਾੜ ਸੁੱਟਣਗੇ।”
ਤਾਂ ਇਸ ਤਰ੍ਹਾਂ ਹੋਇਆ ਕਿ ਜਦ ਕਸਦੀਆਂ ਦੀ ਸਾਰੀ ਫੌਜ ਫ਼ਿਰਾਊਨ ਦੀ ਫੌਜ ਦੇ ਅੱਗੋਂ ਯੇਰੂਸ਼ਲੇਮ ਤੋਂ ਚਲੀ ਗਈ ਸੀ, ਯਿਰਮਿਯਾਹ ਸ਼ਹਿਰ ਛੱਡ ਕੇ ਬਿਨਯਾਮੀਨ ਦੇ ਇਲਾਕੇ ਵਿੱਚ ਜਾਣ ਲੱਗਾ ਤਾਂ ਜੋ ਉੱਥੇ ਦੇ ਲੋਕਾਂ ਵਿੱਚ ਆਪਣੀ ਜਾਇਦਾਦ ਦਾ ਹਿੱਸਾ ਪ੍ਰਾਪਤ ਕੀਤਾ ਜਾ ਸਕੇ। ਜਦ ਉਹ ਬਿਨਯਾਮੀਨ ਦੇ ਫਾਟਕ ਉੱਤੇ ਆਇਆ ਤਾਂ ਉੱਥੇ ਪਹਿਰੇਦਾਰਾਂ ਦੇ ਕਪਤਾਨ ਨੇ ਜਿਹ ਦਾ ਨਾਮ ਇਰੀਯਾਹ ਸੀ ਜੋ ਹਨਨਯਾਹ ਦਾ ਪੋਤਾ ਅਤੇ ਸ਼ਲਮਯਾਹ ਦਾ ਪੁੱਤਰ ਸੀ ਯਿਰਮਿਯਾਹ ਨਬੀ ਨੂੰ ਇਹ ਆਖ ਕੇ ਫੜ ਲਿਆ ਕਿ ਯਿਰਮਿਯਾਹ “ਤੂੰ ਸਾਨੂੰ ਛੱਡ ਕੇ ਕਸਦੀਆਂ ਨਾਲ ਰਲਣ ਲਈ ਜਾ ਰਿਹਾ ਹੈ!”
ਯਿਰਮਿਯਾਹ ਨੇ ਕਿਹਾ, “ਇਹ ਸੱਚ ਨਹੀਂ ਹੈ! ਮੈਂ ਕਸਦੀਆਂ ਨਾਲ ਰਲਣ ਜਾ ਰਿਹਾ ਹੈ।” ਪਰ ਇਰੀਯਾਹ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਦੀ ਬਜਾਏ, ਉਸਨੇ ਯਿਰਮਿਯਾਹ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸਨੂੰ ਅਧਿਕਾਰੀਆਂ ਕੋਲ ਲੈ ਆਇਆ। ਉਹ ਯਿਰਮਿਯਾਹ ਨਾਲ ਨਾਰਾਜ਼ ਸਨ ਅਤੇ ਉਹਨਾਂ ਨੇ ਉਸ ਨੂੰ ਕੁੱਟਿਆ ਅਤੇ ਯੋਨਾਥਾਨ ਲਿਖਾਰੀ ਦੇ ਘਰ ਵਿੱਚ ਕੈਦ ਕਰ ਦਿੱਤਾ, ਜਿਸ ਨੂੰ ਉਹਨਾਂ ਨੇ ਜੇਲ੍ਹ ਬਣਾ ਦਿੱਤਾ ਸੀ।
ਯਿਰਮਿਯਾਹ ਨੂੰ ਇੱਕ ਕੋਠੜੀ ਵਿੱਚ ਰੱਖਿਆ ਗਿਆ ਸੀ, ਜਿੱਥੇ ਉਹ ਲੰਮਾ ਸਮਾਂ ਰਿਹਾ। ਤਦ ਰਾਜੇ ਸਿਦਕੀਯਾਹ ਨੇ ਉਸਨੂੰ ਬੁਲਾਇਆ ਅਤੇ ਉਸਨੂੰ ਮਹਿਲ ਵਿੱਚ ਲਿਆਇਆ, ਜਿੱਥੇ ਉਸਨੇ ਉਸਨੂੰ ਇਕਾਂਤ ਵਿੱਚ ਪੁੱਛਿਆ, “ਕੀ ਯਾਹਵੇਹ ਤੋਂ ਕੋਈ ਬਚਨ ਹੈ?”
ਯਿਰਮਿਯਾਹ ਨੇ ਜਵਾਬ ਦਿੱਤਾ, “ਹਾਂ, ਤੂੰ ਕਸਦੀਆਂ ਦੇ ਰਾਜੇ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ।”
ਤਦ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਮੈਂ ਤੇਰੇ ਜਾਂ ਤੇਰੇ ਸੇਵਕਾਂ ਜਾਂ ਇਸ ਲੋਕਾਂ ਦੇ ਵਿਰੁੱਧ ਕੀ ਅਪਰਾਧ ਕੀਤਾ ਹੈ ਜੋ ਤੂੰ ਮੈਨੂੰ ਕੈਦ ਵਿੱਚ ਪਾ ਦਿੱਤਾ ਹੈ? ਤੁਹਾਡੇ ਨਬੀ ਕਿੱਥੇ ਹਨ ਜਿਨ੍ਹਾਂ ਨੇ ਤੁਹਾਡੇ ਲਈ ਭਵਿੱਖਬਾਣੀ ਕੀਤੀ ਸੀ, ‘ਬਾਬੇਲ ਦਾ ਰਾਜਾ ਤੁਹਾਡੇ ਉੱਤੇ ਜਾਂ ਇਸ ਧਰਤੀ ਉੱਤੇ ਹਮਲਾ ਨਹੀਂ ਕਰੇਗਾ’? ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਜ਼ਰਾ ਮੇਰੀ ਸੁਣ ਅਤੇ ਮੇਰੀ ਬੇਨਤੀ ਤੇਰੇ ਹਜ਼ੂਰ ਕਬੂਲ ਹੋਵੇ। ਤੂੰ ਮੈਨੂੰ ਯੋਨਾਥਾਨ ਲਿਖਾਰੀ ਦੇ ਘਰ ਮੁੜ ਕੇ ਨਾ ਘੱਲੀਂ ਭਈ ਮੈਂ ਕੀਤੇ ਉੱਥੇ ਮਰ ਨਾ ਜਾਂਵਾਂ।”
ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿੱਚ ਰੱਖਣ ਦਾ ਹੁਕਮ ਦਿੱਤਾ ਅਤੇ ਹਰ ਰੋਜ਼ ਪਕਵਾਨਾਂ ਦੀ ਗਲੀ ਵਿੱਚੋਂ ਇੱਕ ਰੋਟੀ ਦਿੱਤੀ ਜਦੋਂ ਤੱਕ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਖਤਮ ਨਹੀਂ ਹੋ ਜਾਂਦੀਆਂ। ਇਸ ਲਈ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਹੀ ਰਿਹਾ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.