Biblica® Open Punjabi Contemporary Version 2025
ਯਿਰਮਿਯਾਹ 38
ਯਿਰਮਿਯਾਹ ਦਾ ਟੋਏ ਵਿੱਚ ਸੁੱਟਿਆ ਜਾਣਾ
ਮੱਤਾਨ ਦੇ ਪੁੱਤਰ ਸ਼ਫਾਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੇ ਉਹ ਗੱਲਾਂ ਜਿਹੜੀਆਂ ਯਿਰਮਿਯਾਹ ਸਾਰੇ ਲੋਕਾਂ ਨੂੰ ਬੋਲਦਾ ਸੀ ਸੁਣੀਆਂ ਕਿ, “ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੋ ਕੋਈ ਵੀ ਇਸ ਸ਼ਹਿਰ ਵਿੱਚ ਰਹੇਗਾ ਉਹ ਤਲਵਾਰ, ਕਾਲ ਮਹਾਂਮਾਰੀ ਨਾਲ ਮਰ ਜਾਵੇਗਾ, ਪਰ ਜੋ ਕੋਈ ਕਸਦੀਆਂ ਵੱਲ ਜਾਵੇਗਾ ਉਹ ਜੀਉਂਦਾ ਰਹੇਗਾ। ਉਹ ਆਪਣੀਆਂ ਜਾਨਾਂ ਲੈ ਕੇ ਬਚ ਜਾਣਗੇ; ਉਹ ਜਿਉਂਦੇ ਰਹਿਣਗੇ।’ ਅਤੇ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਹ ਸ਼ਹਿਰ ਜ਼ਰੂਰ ਬਾਬੇਲ ਦੇ ਰਾਜੇ ਦੀ ਫ਼ੌਜ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ, ਉਹ ਇਸ ਉੱਤੇ ਕਬਜ਼ਾ ਕਰ ਲੈਣਗੇ।’ ”
ਤਦ ਅਧਿਕਾਰੀਆਂ ਨੇ ਰਾਜੇ ਨੂੰ ਕਿਹਾ, “ਇਸ ਆਦਮੀ ਨੂੰ ਮਾਰਿਆ ਜਾਣਾ ਚਾਹੀਦਾ ਹੈ। ਉਹ ਉਹਨਾਂ ਸਿਪਾਹੀਆਂ ਨੂੰ ਜੋ ਇਸ ਸ਼ਹਿਰ ਵਿੱਚ ਰਹਿ ਗਏ ਸਨ, ਅਤੇ ਨਾਲ ਹੀ ਸਾਰੇ ਲੋਕਾਂ ਨੂੰ ਉਹਨਾਂ ਗੱਲਾਂ ਦੁਆਰਾ ਨਿਰਾਸ਼ ਕਰ ਰਿਹਾ ਹੈ ਜੋ ਉਹ ਉਹਨਾਂ ਨੂੰ ਕਹਿ ਰਿਹਾ ਹੈ। ਇਹ ਬੰਦਾ ਇਹਨਾਂ ਲੋਕਾਂ ਦਾ ਭਲਾ ਨਹੀਂ ਸਗੋਂ ਉਹਨਾਂ ਦੀ ਬਰਬਾਦੀ ਚਾਹੁੰਦਾ ਹੈ।”
ਅੱਗੋਂ ਸਿਦਕੀਯਾਹ ਰਾਜਾ ਨੇ ਆਖਿਆ, ਵੇਖੋ, ਇਹ ਤੁਹਾਡੇ ਹੱਥ ਵਿੱਚ ਹੈ, “ਅਤੇ ਰਾਜਾ ਮੈਂ ਤੁਹਾਡੇ ਵਿਰੁੱਧ ਕੁਝ ਨਹੀਂ ਕਰਾਂਗਾ।”
ਇਸ ਲਈ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਉਸ ਦੀ ਕੋਠੜੀ ਵਿੱਚੋਂ ਲਿਆ ਅਤੇ ਜੇਲ੍ਹ ਦੇ ਵਿਹੜੇ ਵਿੱਚ ਇੱਕ ਖਾਲੀ ਟੋਏ ਵਿੱਚ ਰੱਸੀਆਂ ਨਾਲ ਹੇਠਾਂ ਉਤਾਰ ਦਿੱਤਾ। ਇਹ ਸ਼ਾਹੀ ਪਰਿਵਾਰ ਦੇ ਮੈਂਬਰ ਮਲਕੀਯਾਹ ਦਾ ਸੀ। ਇਸ ਵਿੱਚ ਪਾਣੀ ਨਹੀਂ ਸੀ, ਸਿਰਫ ਚਿੱਕੜ ਸੀ, ਅਤੇ ਯਿਰਮਿਯਾਹ ਚਿੱਕੜ ਵਿੱਚ ਖੁੱਭ ਗਿਆ।
ਪਰ ਅਬਦ-ਮਲਕ, ਇੱਕ ਕੂਸ਼ੀ1, ਜੋ ਸ਼ਾਹੀ ਮਹਿਲ ਵਿੱਚ ਇੱਕ ਅਧਿਕਾਰੀ ਸੀ, ਸੁਣਿਆ ਕਿ ਉਹਨਾਂ ਨੇ ਯਿਰਮਿਯਾਹ ਨੂੰ ਟੋਏ ਵਿੱਚ ਪਾ ਦਿੱਤਾ ਹੈ। ਅਤੇ ਜਦੋਂ ਰਾਜਾ ਬਿਨਯਾਮੀਨ ਦੇ ਦਰਵਾਜ਼ੇ ਵਿੱਚ ਬੈਠਾ ਹੋਇਆ ਸੀ, ਤਦ ਅਬਦ-ਮਲਕ ਮਹਿਲ ਤੋਂ ਬਾਹਰ ਗਿਆ ਅਤੇ ਰਾਜੇ ਨੂੰ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ, ਇਨ੍ਹਾਂ ਮਨੁੱਖਾਂ ਨੇ ਯਿਰਮਿਯਾਹ ਨਬੀ ਨਾਲ ਜੋ ਕੁਝ ਕੀਤਾ ਹੈ ਉਹ ਸਭ ਬੁਰਿਆਈ ਨਾਲ ਕੀਤਾ ਹੈ। ਉਹਨਾਂ ਨੇ ਉਸਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ ਹੈ, ਜਿੱਥੇ ਉਹ ਭੁੱਖਾ ਮਰ ਜਾਵੇਗਾ, ਕਿਉਂਕਿ ਸ਼ਹਿਰ ਵਿੱਚ ਲਗਭਗ ਸਾਰੀਆਂ ਰੋਟੀਆਂ ਖਤਮ ਹੋ ਗਈਆਂ ਹਨ।”
ਤਦ ਰਾਜੇ ਨੇ ਕੂਸ਼ੀ ਅਬਦ-ਮਲਕ ਨੂੰ ਹੁਕਮ ਦਿੱਤਾ, “ਇੱਥੋਂ ਆਪਣੇ ਨਾਲ ਤੀਹ ਆਦਮੀਆਂ ਨੂੰ ਲੈ ਜਾ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਟੋਏ ਵਿੱਚੋਂ ਬਾਹਰ ਕੱਢ ਲੈ।”
ਇਸ ਲਈ ਅਬਦ-ਮਲਕ ਆਦਮੀਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਮਹਿਲ ਦੇ ਖ਼ਜ਼ਾਨੇ ਦੇ ਹੇਠਾਂ ਇੱਕ ਕਮਰੇ ਵਿੱਚ ਗਿਆ। ਉਸ ਨੇ ਉੱਥੋਂ ਕੁਝ ਪੁਰਾਣੇ ਚੀਥੜੇ ਅਤੇ ਫਟੇ ਹੋਏ ਕੱਪੜੇ ਲਏ ਅਤੇ ਉਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਨੂੰ ਟੋਏ ਵਿੱਚ ਉਤਾਰ ਦਿੱਤਾ। ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਕਿਹਾ, “ਇਹ ਪੁਰਾਣੇ ਚੀਥੜੇ ਅਤੇ ਫਟੇ ਹੋਏ ਕੱਪੜਿਆਂ ਨੂੰ ਰੱਸੀਆਂ ਨਾਲ ਬੰਨ੍ਹਣ ਲਈ ਆਪਣੀਆਂ ਬਾਹਾਂ ਦੇ ਹੇਠਾਂ ਰੱਖੋ।” ਸੋ ਯਿਰਮਿਯਾਹ ਨੇ ਅਜਿਹਾ ਹੀ ਕੀਤਾ, ਅਤੇ ਉਹਨਾਂ ਨੇ ਉਸ ਨੂੰ ਰੱਸੀਆਂ ਨਾਲ ਖਿੱਚਿਆ ਅਤੇ ਟੋਏ ਵਿੱਚੋਂ ਬਾਹਰ ਕੱਢਿਆ। ਅਤੇ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਰਿਹਾ।
ਸਿਦਕੀਯਾਹ ਨੇ ਯਿਰਮਿਯਾਹ ਨੂੰ ਸਵਾਲ ਕੀਤਾ
ਤਦ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨਬੀ ਨੂੰ ਬੁਲਾਇਆ ਅਤੇ ਉਸਨੂੰ ਯਾਹਵੇਹ ਦੇ ਭਵਨ ਦੇ ਤੀਜੇ ਪ੍ਰਵੇਸ਼ ਦੁਆਰ ਤੇ ਲਿਆਏ। ਰਾਜੇ ਨੇ ਯਿਰਮਿਯਾਹ ਨੂੰ ਕਿਹਾ, “ਮੈਂ ਤੈਥੋਂ ਕੁਝ ਪੁੱਛਣ ਜਾ ਰਿਹਾ ਹਾਂ। ਮੇਰੇ ਤੋਂ ਕੁਝ ਨਾ ਲੁਕਾਓ।”
ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਜੇ ਮੈਂ ਤੈਨੂੰ ਦੱਸਾਂ ਤਾਂ ਕੀ ਤੂੰ ਜ਼ਰੂਰ ਮੈਨੂੰ ਨਾ ਮਾਰੇਂਗਾ? “ਅਤੇ ਜੇ ਮੈਂ ਤੈਨੂੰ ਸਲਾਹ ਦਿਆਂ ਤਾਂ ਤੂੰ ਮੇਰੀ ਨਾ ਸੁਣੇਂਗਾ।”
ਪਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਗੁਪਤ ਰੂਪ ਵਿੱਚ ਇਹ ਸਹੁੰ ਖਾਧੀ: “ਜਿਉਂਦਾ ਯਾਹਵੇਹ ਦੀ ਸਹੁੰ, ਜਿਸ ਨੇ ਸਾਨੂੰ ਸਾਹ ਦਿੱਤਾ ਹੈ, ਮੈਂ ਨਾ ਤਾਂ ਤੈਨੂੰ ਮਾਰਾਂਗਾ ਅਤੇ ਨਾ ਹੀ ਤੈਨੂੰ ਉਹਨਾਂ ਦੇ ਹਵਾਲੇ ਕਰਾਂਗਾ ਜਿਹੜੇ ਤੈਨੂੰ ਮਾਰਨਾ ਚਾਹੁੰਦੇ ਹਨ।”
ਫਿਰ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, “ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ‘ਜੇਕਰ ਤੂੰ ਬਾਬੇਲ ਦੇ ਰਾਜੇ ਦੇ ਅਧਿਕਾਰੀਆਂ ਦੇ ਅੱਗੇ ਸਮਰਪਣ ਕਰ ਦੇਵੇਂ, ਤਾਂ ਤੇਰੀ ਜਾਨ ਅਤੇ ਤੇਰੇ ਬਚ ਪਰਿਵਾਰ ਦੀ ਜਾਨ ਬਚ ਜਾਵੇਗੀ ਅਤੇ ਸ਼ਹਿਰ ਨੂੰ ਸੜਿਆ ਨਹੀਂ ਜਾਵੇਗਾ। ਪਰ ਜੇ ਤੁਸੀਂ ਬਾਬੇਲ ਦੇ ਰਾਜੇ ਦੇ ਅਫ਼ਸਰਾਂ ਅੱਗੇ ਸਮਰਪਣ ਨਹੀਂ ਕਰੋਗੇ, ਤਾਂ ਇਹ ਸ਼ਹਿਰ ਬਾਬੇਲ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਅਤੇ ਉਹ ਇਸਨੂੰ ਸਾੜ ਦੇਣਗੇ ਅਤੇ ਤੁਸੀਂ ਵੀ ਉਨ੍ਹਾਂ ਦੇ ਹੱਥੋਂ ਨਹੀਂ ਬਚ ਸਕੋਗੇ।’ ”
ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਕਿਹਾ, “ਮੈਂ ਉਹਨਾਂ ਯਹੂਦੀਆਂ ਤੋਂ ਡਰਦਾ ਹਾਂ ਜਿਹੜੇ ਕਸਦੀਆਂ ਦੇ ਕੋਲ ਗਏ ਹਨ, ਕਿਉਂਕਿ ਕਸਦੀ ਮੈਨੂੰ ਉਹਨਾਂ ਦੇ ਹਵਾਲੇ ਕਰ ਦੇਣਗੇ ਅਤੇ ਉਹ ਮੇਰੇ ਨਾਲ ਬਦਸਲੂਕੀ ਕਰਨਗੇ।”
ਯਿਰਮਿਯਾਹ ਨੇ ਜਵਾਬ ਦਿੱਤਾ, “ਉਹ ਤੈਨੂੰ ਉਹਨਾਂ ਦੇ ਹਵਾਲੇ ਨਹੀਂ ਕਰਨਗੇ, ਜੋ ਮੈਂ ਤੁਹਾਨੂੰ ਦੱਸਦਾ ਹਾਂ ਉਹ ਕਰ ਕੇ ਯਾਹਵੇਹ ਦਾ ਹੁਕਮ ਮੰਨੋ। ਤਦ ਇਹ ਤੁਹਾਡੇ ਨਾਲ ਚੰਗਾ ਹੋਵੇਗਾ, ਅਤੇ ਤੁਹਾਡੀ ਜਾਨ ਬਚ ਜਾਵੇਗੀ। ਪਰ ਜੇ ਤੁਸੀਂ ਸਮਰਪਣ ਕਰਨ ਤੋਂ ਇਨਕਾਰ ਕਰਦੇ ਹੋ, ਤਾਂ ਯਾਹਵੇਹ ਨੇ ਮੈਨੂੰ ਇਹ ਪ੍ਰਗਟ ਕੀਤਾ ਹੈ। ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਗਈਆਂ ਸਾਰੀਆਂ ਔਰਤਾਂ ਨੂੰ ਬਾਬੇਲ ਦੇ ਰਾਜੇ ਦੇ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਉਹ ਔਰਤਾਂ ਕਹਿਣਗੀਆਂ:
“ ‘ਤੇਰੇ ਆਪਣੇ ਭਰੋਸੇਮੰਦ ਦੋਸਤ ਨੇ ਤੈਨੂੰ ਗੁਮਰਾਹ ਕੀਤਾ,
ਅਤੇ ਤੈਨੂੰ ਦੁਬਾ ਲਿਆ।
ਤੇਰੇ ਪੈਰ ਚਿੱਕੜ ਵਿੱਚ ਡੁੱਬ ਗਏ ਹਨ।
ਤੁਹਾਡੇ ਦੋਸਤਾਂ ਨੇ ਤੁਹਾਨੂੰ ਛੱਡ ਦਿੱਤਾ ਹੈ।’
“ਤੁਹਾਡੀਆਂ ਸਾਰੀਆਂ ਪਤਨੀਆਂ ਅਤੇ ਬੱਚਿਆਂ ਨੂੰ ਕਸਦੀਆਂ ਕੋਲ ਲਿਆਂਦਾ ਜਾਵੇਗਾ। ਤੂੰ ਆਪ ਉਹਨਾਂ ਦੇ ਹੱਥੋਂ ਨਹੀਂ ਬਚੇਗਾ ਪਰ ਬਾਬੇਲ ਦੇ ਰਾਜੇ ਦੁਆਰਾ ਫੜ ਲਿਆ ਜਾਵੇਗਾ; ਅਤੇ ਇਹ ਸ਼ਹਿਰ ਸਾੜ ਦਿੱਤਾ ਜਾਵੇਗਾ।”
ਫਿਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਇਸ ਗੱਲਬਾਤ ਬਾਰੇ ਕਿਸੇ ਨੂੰ ਪਤਾ ਨਾ ਲੱਗੇ, ਨਹੀਂ ਤਾਂ ਤੁਸੀਂ ਮਰ ਜਾਵੋਂਗੇ। ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਉਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਸਾਨੂੰ ਜ਼ਰਾ ਦੱਸ ਤਾਂ, ਤੂੰ ਰਾਜਾ ਨਾਲ ਕੀ ਗੱਲਾਂ ਕੀਤੀਆਂ ਹਨ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਰਾਂਗੇ। ਰਾਜਾ ਤੈਨੂੰ ਕੀ ਬੋਲਿਆ ਹੈ, ਤਦ ਤੂੰ ਉਹਨਾਂ ਨੂੰ ਆਖਣਾ, ‘ਮੈਂ ਰਾਜੇ ਨੂੰ ਬੇਨਤੀ ਕੀਤੀ ਸੀ ਕਿ ਉਹ ਮੈਨੂੰ ਯੋਨਾਥਾਨ ਦੇ ਘਰ ਵਾਪਸ ਨਾ ਭੇਜੇ ਤਾਂ ਜੋ ਮੈਂ ਉੱਥੇ ਮਰ ਨਾ ਜਾਵਾਂ।’ ”
ਸਾਰੇ ਅਧਿਕਾਰੀ ਯਿਰਮਿਯਾਹ ਕੋਲ ਆਏ ਅਤੇ ਉਸਨੂੰ ਸਵਾਲ ਕੀਤਾ ਅਤੇ ਉਸਨੇ ਉਹਨਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਰਾਜੇ ਨੇ ਉਸਨੂੰ ਕਹਿਣ ਦਾ ਹੁਕਮ ਦਿੱਤਾ ਸੀ। ਇਸ ਲਈ ਉਹਨਾਂ ਨੇ ਉਸ ਨੂੰ ਹੋਰ ਨਾ ਕਿਹਾ ਕਿਉਂ ਜੋ ਕਿਸੇ ਨੇ ਉਸ ਦੀ ਗੱਲ ਰਾਜੇ ਨਾਲ ਨਹੀਂ ਸੁਣੀ ਸੀ।
ਅਤੇ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਉਸ ਦਿਨ ਤੱਕ ਟਿਕਿਆਂ ਰਿਹਾ ਜਦੋਂ ਤੱਕ ਯੇਰੂਸ਼ਲੇਮ ਉੱਤੇ ਕਬਜ਼ਾ ਨਹੀਂ ਕੀਤਾ ਗਿਆ।
ਯੇਰੂਸ਼ਲੇਮ ਦਾ ਪਤਨ
ਯੇਰੂਸ਼ਲੇਮ ਨੂੰ ਇਸ ਤਰ੍ਹਾਂ ਲਿਆ ਗਿਆ ਸੀ:
Source notes (1)
- Footnote ਕੂਸ਼ੀ ਅਰਥਾਤ ਸ਼ਾਇਦ ਨੀਲ ਨਦੀ ਦੇ ਉੱਪਰਲੇ ਖੇਤਰ ਤੋਂ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.