Biblica® Open Punjabi Contemporary Version 2025
ਯਿਰਮਿਯਾਹ 36
ਯਹੋਯਾਕੀਮ ਨੇ ਯਿਰਮਿਯਾਹ ਦੀ ਪੋਥੀ ਨੂੰ ਸਾੜ ਦਿੱਤਾ
ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ ਵਿੱਚ, ਯਿਰਮਿਯਾਹ ਨੂੰ ਇਹ ਬਚਨ ਯਾਹਵੇਹ ਵੱਲੋਂ ਆਇਆ: “ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਬਾਰੇ ਅਤੇ ਸਾਰੀਆਂ ਕੌਮਾਂ ਦੇ ਬਾਰੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖੀਆਂ ਉਹ ਦੇ ਵਿੱਚ ਲਿਖ ਲੈ। ਸ਼ਾਇਦ ਜਦੋਂ ਯਹੂਦਾਹ ਦੇ ਲੋਕ ਉਸ ਸਾਰੀ ਬਿਪਤਾ ਬਾਰੇ ਸੁਣੇ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ਼ ਕਰ ਦੇਵਾਂ।”
ਇਸ ਲਈ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ, ਅਤੇ ਜਦੋਂ ਯਿਰਮਿਯਾਹ ਨੇ ਉਹ ਸਾਰੇ ਸ਼ਬਦ ਬੋਲੇ ਜੋ ਯਾਹਵੇਹ ਨੇ ਉਸ ਨਾਲ ਬੋਲੇ ਸਨ, ਬਾਰੂਕ ਨੇ ਉਹਨਾਂ ਨੂੰ ਲਪੇਟਵੀਂ ਪੱਤਰੀ ਵਿੱਚ ਲਿਖਿਆ। ਤਦ ਯਿਰਮਿਯਾਹ ਨੇ ਬਾਰੂਕ ਨੂੰ ਕਿਹਾ, “ਮੈਂ ਰੋਕਿਆ ਗਿਆ ਹਾਂ; ਮੈਨੂੰ ਯਾਹਵੇਹ ਦੇ ਭਵਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਤੁਸੀਂ ਵਰਤ ਵਾਲੇ ਦਿਨ ਯਾਹਵੇਹ ਦੇ ਘਰ ਵਿੱਚ ਜਾ ਅਤੇ ਲੋਕਾਂ ਨੂੰ ਪੱਤਰੀ ਵਿੱਚੋਂ ਯਾਹਵੇਹ ਦੇ ਸ਼ਬਦ ਪੜ੍ਹ ਕੇ ਸੁਣਾਉਂਦੇ ਹੋ ਜੋ ਤੁਸੀਂ ਲਿਖਿਆ ਸੀ ਜਿਵੇਂ ਮੈਂ ਕਿਹਾ ਸੀ। ਉਹਨਾਂ ਨੂੰ ਯਹੂਦਾਹ ਦੇ ਉਹਨਾਂ ਸਾਰੇ ਲੋਕਾਂ ਨੂੰ ਪੜ੍ਹੋ ਜਿਹੜੇ ਉਹਨਾਂ ਦੇ ਸ਼ਹਿਰਾਂ ਤੋਂ ਆਉਂਦੇ ਹਨ। ਹੋ ਸਕਦਾ ਹੈ ਕਿ ਉਹ ਯਾਹਵੇਹ ਦੇ ਅੱਗੇ ਆਪਣੀ ਬੇਨਤੀ ਲੈ ਕੇ ਆਉਣ ਅਤੇ ਹਰ ਇੱਕ ਆਪਣੇ ਦੁਸ਼ਟ ਰਾਹਾਂ ਤੋਂ ਮੁੜੇ, ਕਿਉਂਕਿ ਯਾਹਵੇਹ ਦੁਆਰਾ ਇਨ੍ਹਾਂ ਲੋਕਾਂ ਦੇ ਵਿਰੁੱਧ ਬੋਲਿਆ ਗਿਆ ਕ੍ਰੋਧ ਅਤੇ ਗੁੱਸਾ ਮਹਾਨ ਹੈ।”
ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਉਹ ਸਭ ਕੁਝ ਕੀਤਾ ਜੋ ਯਿਰਮਿਯਾਹ ਨਬੀ ਨੇ ਉਸਨੂੰ ਕਰਨ ਲਈ ਕਿਹਾ ਸੀ; ਯਾਹਵੇਹ ਦੇ ਭਵਨ ਵਿੱਚ ਉਸਨੇ ਪੱਤਰੀ ਵਿੱਚੋਂ ਯਾਹਵੇਹ ਦੇ ਸ਼ਬਦ ਪੜ੍ਹੇ। ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਪੰਜਵੇਂ ਵਰ੍ਹੇ ਦੇ ਨੌਵੇਂ ਮਹੀਨੇ ਵਿੱਚ, ਯੇਰੂਸ਼ਲੇਮ ਦੇ ਸਾਰੇ ਲੋਕਾਂ ਅਤੇ ਯਹੂਦਾਹ ਦੇ ਕਸਬਿਆਂ ਤੋਂ ਆਏ ਲੋਕਾਂ ਲਈ ਯਾਹਵੇਹ ਦੇ ਅੱਗੇ ਵਰਤ ਰੱਖਣ ਦਾ ਐਲਾਨ ਕੀਤਾ ਗਿਆ ਸੀ। ਤਦ ਬਾਰੂਕ ਨੇ ਯਾਹਵੇਹ ਦੇ ਭਵਨ ਵਿੱਚ ਯਿਰਮਿਯਾਹ ਦੀਆਂ ਗੱਲਾਂ ਪੱਤਰੀ ਵਿੱਚੋਂ ਸ਼ਾਫਾਨ ਦੇ ਪੁੱਤਰ ਗਮਰਯਾਹ ਲਿਖਾਰੀ ਦੇ ਕਮਰੇ ਦੇ ਵਿੱਚ ਉੱਪਰਲੇ ਵਿਹੜੇ ਦੇ ਵਿਚਕਾਰ ਯਾਹਵੇਹ ਦੇ ਭਵਨ ਨੇ ਨਵੇਂ ਫਾਟਕ ਦੇ ਦਰ ਉੱਤੇ ਸਾਰੀ ਪਰਜਾ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈਆਂ।
ਜਦੋਂ ਸ਼ਾਫਾਨ ਦੇ ਪੁੱਤਰ ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਪੱਤਰੀ ਵਿੱਚੋਂ ਯਾਹਵੇਹ ਦੀਆਂ ਸਾਰੀਆਂ ਗੱਲਾਂ ਸੁਣੀਆਂ, ਤਾਂ ਉਹ ਸ਼ਾਹੀ ਮਹਿਲ ਵਿੱਚ ਸਕੱਤਰ ਦੇ ਕਮਰੇ ਵਿੱਚ ਗਿਆ ਜਿੱਥੇ ਸਾਰੇ ਅਧਿਕਾਰੀ ਬੈਠੇ ਸਨ: ਅਲੀਸ਼ਾਮਾ ਸਕੱਤਰ, ਸ਼ਮਅਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲਨਾਥਾਨ, ਸ਼ਾਫਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਅਧਿਕਾਰੀ। ਜਦੋਂ ਮੀਕਾਯਾਹ ਨੇ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਬਾਰੂਕ ਨੇ ਪੱਤਰੀ ਵਿੱਚੋਂ ਪੜ੍ਹੀਆਂ ਅਤੇ ਲੋਕਾਂ ਦੇ ਕੰਨੀਂ ਸੁਣਾਈਆਂ ਸਨ, ਤਾਂ ਸਾਰੇ ਸਰਦਾਰਾਂ ਨੇ ਕੂਸ਼ੀ ਦੇ ਪੜਪੋਤੇ ਸ਼ਲਮਯਾਹ ਦੇ ਪੋਤੇ ਨਥਾਨਯਾਹ ਦੇ ਪੁੱਤਰ ਯਹੂਦੀ ਨੂੰ ਬਾਰੂਕ ਕੋਲ ਭੇਜਿਆ ਕਿ ਉਹ ਲਪੇਟਿਆ ਹੋਇਆ ਪੱਤਰ ਜਿਹੜਾ ਤੂੰ ਪੜ੍ਹ ਕੇ ਲੋਕਾਂ ਦੇ ਕੰਨੀਂ ਸੁਣਾਇਆ ਹੈ ਆਪਣੇ ਹੱਥ ਵਿੱਚ ਲੈ ਕੇ ਤੁਰ ਆ। ਤਾਂ ਨੇਰੀਯਾਹ ਦਾ ਪੁੱਤਰ ਬਾਰੂਕ ਉਹ ਲਪੇਟਿਆ ਹੋਇਆ ਪੱਤਰ ਆਪਣੇ ਹੱਥ ਵਿੱਚ ਲੈ ਕੇ ਉਹਨਾਂ ਕੋਲ ਗਿਆ। ਉਹਨਾਂ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਬੈਠ ਜਾਉ ਅਤੇ ਸਾਨੂੰ ਪੜ੍ਹ ਕੇ ਸੁਣਾ।”
ਇਸ ਲਈ ਬਾਰੂਕ ਨੇ ਉਹਨਾਂ ਨੂੰ ਇਹ ਪੜ੍ਹ ਕੇ ਸੁਣਾਇਆ। ਜਦੋਂ ਉਹਨਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਡਰ ਨਾਲ ਇੱਕ-ਦੂਜੇ ਵੱਲ ਵੇਖਿਆ ਅਤੇ ਬਾਰੂਕ ਨੂੰ ਕਿਹਾ, “ਸਾਨੂੰ ਇਹ ਸਾਰੀਆਂ ਗੱਲਾਂ ਰਾਜੇ ਨੂੰ ਦੱਸਣੀਆਂ ਚਾਹੀਦੀਆਂ ਹਨ।” ਤਦ ਉਹਨਾਂ ਨੇ ਬਾਰੂਕ ਨੂੰ ਪੁੱਛਿਆ, “ਸਾਨੂੰ ਦੱਸ, ਤੂੰ ਇਹ ਸਭ ਕੁਝ ਲਿਖਣ ਲਈ ਕਿਵੇਂ ਆਇਆ? ਕੀ ਯਿਰਮਿਯਾਹ ਨੇ ਇਹ ਹੁਕਮ ਦਿੱਤਾ ਸੀ?”
ਬਾਰੂਕ ਨੇ ਜਵਾਬ ਦਿੱਤਾ, “ਹਾਂ ਉਸਨੇ ਇਹ ਸਾਰੇ ਸ਼ਬਦ ਮੈਨੂੰ ਲਿਖਵਾਏ ਅਤੇ ਮੈਂ ਇਨ੍ਹਾਂ ਨੂੰ ਸਿਆਹੀ ਨਾਲ ਪੱਤਰੀ ਉੱਤੇ ਲਿਖ ਦਿੱਤਾ।”
ਫਿਰ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, “ਤੂੰ ਅਤੇ ਯਿਰਮਿਯਾਹ, ਜਾ ਕੇ ਲੁਕ ਜਾਓ। ਕਿਸੇ ਨੂੰ ਇਹ ਨਾ ਦੱਸੋ ਕਿ ਤੁਸੀਂ ਕਿੱਥੇ ਹੋ।”
ਜਦੋਂ ਉਹਨਾਂ ਨੇ ਪੱਤਰੀ ਨੂੰ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚ ਰੱਖਿਆ, ਤਾਂ ਉਹ ਵਿਹੜੇ ਵਿੱਚ ਰਾਜੇ ਕੋਲ ਗਏ ਅਤੇ ਉਸ ਨੂੰ ਸਾਰੀ ਗੱਲ ਦੱਸੀ। ਰਾਜੇ ਨੇ ਯੇਹੂਦੀ ਨੂੰ ਪੱਤਰੀ ਲੈਣ ਲਈ ਭੇਜਿਆ ਅਤੇ ਯਹੂਦੀ ਨੇ ਇਸ ਨੂੰ ਸਕੱਤਰ ਅਲੀਸ਼ਾਮਾ ਦੇ ਕਮਰੇ ਵਿੱਚੋਂ ਲਿਆਇਆ ਅਤੇ ਪਾਤਸ਼ਾਹ ਅਤੇ ਉਸਦੇ ਕੋਲ ਖੜੇ ਸਾਰੇ ਅਧਿਕਾਰੀਆਂ ਨੂੰ ਪੜ੍ਹ ਕੇ ਸੁਣਾਇਆ। ਇਹ ਨੌਵਾਂ ਮਹੀਨਾ ਸੀ ਅਤੇ ਰਾਜਾ ਸਰਦੀਆਂ ਦੇ ਚੁਬਾਰੇ ਵਿੱਚ ਬੈਠਾ ਸੀ ਅਤੇ ਉਹ ਦੇ ਸਾਹਮਣੇ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ। ਜਦੋਂ ਵੀ ਯਹੂਦੀ ਪੱਤਰੀ ਦੇ ਤਿੰਨ ਜਾਂ ਚਾਰ ਕਾਂਡ ਪੜ੍ਹ ਚੁੱਕਾ ਸੀ, ਤਾਂ ਰਾਜੇ ਨੇ ਲਿਖਾਰੀ ਦੇ ਚਾਕੂ ਨਾਲ ਪੱਤਰੀ ਨੂੰ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਅਤੇ ਉਹ ਪੱਤਰ ਅੱਗ ਵਿੱਚ ਭਸਮ ਹੋ ਗਿਆ। ਰਾਜੇ ਅਤੇ ਉਸ ਦੇ ਸਾਰੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਸਨ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ, ਨਾ ਉਹ ਡਰੇ ਅਤੇ ਨਾ ਹੀ ਉਨ੍ਹਾਂ ਵਿੱਚੋਂ ਕਿਸੇ ਨੇ ਸੋਗ ਵਿੱਚ ਆਪਣੇ ਕੱਪੜੇ ਪਾੜੇ। ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ। ਇਸ ਦੀ ਬਜਾਏ, ਰਾਜੇ ਨੇ ਰਾਜੇ ਦੇ ਪੁੱਤਰ ਯਰਹਮਏਲ, ਅਜ਼ਰੀਏਲ ਦੇ ਪੁੱਤਰ ਸਰਾਯਾਹ ਅਤੇ ਅਬਦੀਲ ਦੇ ਪੁੱਤਰ ਸ਼ਲਮਯਾਹ ਨੂੰ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਪਰ ਯਾਹਵੇਹ ਨੇ ਉਹਨਾਂ ਨੂੰ ਲੁਕਾ ਦਿੱਤਾ ਸੀ।
ਜਦੋਂ ਰਾਜੇ ਨੇ ਬਾਰੂਕ ਦੁਆਰਾ ਯਿਰਮਿਯਾਹ ਦੇ ਹੁਕਮ ਉੱਤੇ ਲਿਖੇ ਹੋਏ ਸ਼ਬਦਾਂ ਵਾਲੀ ਪੱਤਰੀ ਨੂੰ ਸਾੜ ਦਿੱਤਾ, ਤਾਂ ਯਾਹਵੇਹ ਦਾ ਬਚਨ ਯਿਰਮਿਯਾਹ ਨੂੰ ਆਇਆ: “ਇੱਕ ਹੋਰ ਲਪੇਟਿਆਂ ਹੋਇਆ ਪੱਤਰ ਲੈ ਅਤੇ ਉਸ ਉੱਤੇ ਉਹ ਸਾਰੇ ਸ਼ਬਦ ਲਿਖ ਜੋ ਪਹਿਲੀ ਪੋਥੀ ਉੱਤੇ ਸਨ। ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ। ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਇਹ ਵੀ ਦੱਸ, ‘ਯਾਹਵੇਹ ਇਹ ਆਖਦਾ ਹੈ: ਤੂੰ ਇਹ ਲਪੇਟਿਆ ਹੋਇਆ ਪੱਤਰ ਇਹ ਆਖ, “ਕੇ ਸਾੜ ਸੁੱਟਿਆ ਭਈ ਤੂੰ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬੇਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ਼ ਦਾ ਨਾਸ ਕਰੇਗਾ ਅਤੇ ਇਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ?” ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯਹੋਯਾਕੀਮ ਬਾਰੇ ਇਹ ਆਖਦਾ ਹੈ: ਦਾਵੀਦ ਦੇ ਸਿੰਘਾਸਣ ਉੱਤੇ ਬੈਠਣ ਵਾਲਾ ਕੋਈ ਨਹੀਂ ਹੋਵੇਗਾ। ਉਸ ਦੇ ਸਰੀਰ ਨੂੰ ਬਾਹਰ ਸੁੱਟ ਦਿੱਤਾ ਜਾਵੇਗਾ ਅਤੇ ਦਿਨ ਨੂੰ ਗਰਮੀ ਅਤੇ ਰਾਤ ਨੂੰ ਠੰਡ ਦਾ ਸਾਹਮਣਾ ਕੀਤਾ ਜਾਵੇਗਾ। ਮੈਂ ਉਸਨੂੰ ਅਤੇ ਉਸਦੇ ਬੱਚਿਆਂ ਅਤੇ ਉਸਦੇ ਸੇਵਕਾਂ ਨੂੰ ਉਹਨਾਂ ਦੀ ਬੁਰਾਈ ਲਈ ਸਜ਼ਾ ਦਿਆਂਗਾ; ਮੈਂ ਉਹਨਾਂ ਉੱਤੇ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਅਤੇ ਯਹੂਦਾਹ ਦੇ ਲੋਕਾਂ ਉੱਤੇ ਹਰ ਬਿਪਤਾ ਲਿਆਵਾਂਗਾ ਜੋ ਮੈਂ ਉਹਨਾਂ ਦੇ ਵਿਰੁੱਧ ਸੁਣਾਇਆ ਹੈ, ਕਿਉਂਕਿ ਉਹਨਾਂ ਨੇ ਨਹੀਂ ਸੁਣਿਆ।’ ”
ਇਸ ਲਈ ਯਿਰਮਿਯਾਹ ਨੇ ਇੱਕ ਹੋਰ ਪੱਤਰੀ ਲੈ ਕੇ ਨੇਰੀਯਾਹ ਦੇ ਪੁੱਤਰ ਬਾਰੂਕ ਦੇ ਲਿਖਾਰੀ ਨੂੰ ਦਿੱਤੀ ਅਤੇ ਜਿਵੇਂ ਯਿਰਮਿਯਾਹ ਨੇ ਕਿਹਾ, ਬਾਰੂਕ ਨੇ ਉਸ ਪੱਤਰੀ ਦੇ ਉਹ ਸਾਰੇ ਸ਼ਬਦ ਲਿਖੇ ਜੋ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤੇ ਸਨ। ਅਤੇ ਉਹਨਾਂ ਵਿੱਚ ਬਹੁਤ ਸਾਰੇ ਸਮਾਨ ਸ਼ਬਦ ਜੋੜ ਦਿੱਤੇ ਗਏ ਸਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.