Biblica® Open Punjabi Contemporary Version 2025
ਯਿਰਮਿਯਾਹ 12
ਯਿਰਮਿਯਾਹ ਦੀ ਬੇਨਤੀ
ਹੇ ਯਾਹਵੇਹ, ਤੂੰ ਹਮੇਸ਼ਾ ਧਰਮੀ ਹੈ,
ਜਦੋਂ ਮੈਂ ਤੇਰੇ ਸਾਹਮਣੇ ਦਲੀਲ ਲਿਆਉਂਦਾ ਹਾਂ।
ਤਾਂ ਵੀ ਮੈਂ ਤੇਰੇ ਨਾਲ ਤੇਰੇ ਨਿਆਂ ਬਾਰੇ ਗੱਲ ਕਰਾਂਗਾ:
ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ?
ਸਾਰੇ ਅਵਿਸ਼ਵਾਸੀ ਆਰਾਮ ਨਾਲ ਕਿਉਂ ਰਹਿੰਦੇ ਹਨ?
ਤੂੰ ਉਹਨਾਂ ਨੂੰ ਲਾਇਆ ਅਤੇ ਉਹਨਾਂ ਨੇ ਜੜ੍ਹ ਵੀ ਫੜ ਲਈ;
ਉਹ ਵਧਦੇ ਅਤੇ ਫਲ ਦਿੰਦੇ ਹਨ।
ਤੂੰ ਸਦਾ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ
ਪਰ ਉਹਨਾਂ ਦੇ ਦਿਲਾਂ ਤੋਂ ਦੂਰ ਹੈ।
ਪਰ ਹੇ ਯਾਹਵੇਹ, ਤੂੰ ਮੈਨੂੰ ਜਾਣਦਾ ਹੈ;
ਤੂੰ ਮੈਨੂੰ ਜਾਚਦਾ ਹੈ ਅਤੇ ਮੇਰੇ ਵਿਚਾਰਾਂ ਨੂੰ ਪਰਖਦਾ ਹੈ ਜਿਹੜੇ ਤੇਰੇ ਬਾਰੇ ਹਨ।
ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ,
ਉਹਨਾਂ ਨੂੰ ਕਤਲ ਦੇ ਦਿਨ ਲਈ ਵੱਖਰਾ ਰੱਖ!
ਕਦ ਤੱਕ ਧਰਤੀ ਸੁੱਕੀ ਰਹੇਗੀ
ਅਤੇ ਹਰ ਖੇਤ ਦਾ ਘਾਹ ਕੁਮਲਾਇਆ ਰਹੇਗਾ?
ਕਿਉਂ ਜੋ ਉਸ ਵਿੱਚ ਰਹਿਣ ਵਾਲੇ ਦੁਸ਼ਟ ਹਨ,
ਜਾਨਵਰ ਅਤੇ ਪੰਛੀ ਨਾਸ ਹੋ ਗਏ ਹਨ।
ਇਸ ਤੋਂ ਇਲਾਵਾ, ਲੋਕ ਕਹਿ ਰਹੇ ਹਨ,
“ਉਹ ਨਹੀਂ ਵੇਖੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”
ਪਰਮੇਸ਼ਵਰ ਵੱਲੋਂ ਉੱਤਰ
“ਜੇਕਰ ਤੂੰ ਆਦਮੀਆਂ ਨਾਲ ਦੌੜ ਕੇ,
ਥੱਕ ਗਿਆ ਹੈ,
ਤਾਂ ਤੂੰ ਘੋੜਿਆਂ ਨਾਲ ਕਿਵੇਂ ਮੁਕਾਬਲਾ ਕਰੇਂਗਾ?
ਜੇਕਰ ਤੂੰ ਮੈਦਾਨ ਵਿੱਚ ਖੜਾ ਨਹੀਂ ਹੋ ਸਕਦਾ,
ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ?
ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ,
ਇਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ;
ਉਹਨਾਂ ਨੇ ਤੇਰੇ ਵਿਰੁੱਧ ਉੱਚੀ ਆਵਾਜ਼ ਉਠਾਈ ਹੈ।
ਉਹਨਾਂ ਤੇ ਭਰੋਸਾ ਨਾ ਕਰੋ,
ਭਾਵੇਂ ਉਹ ਤੁਹਾਡੇ ਬਾਰੇ ਚੰਗਾ ਬੋਲਣ।
“ਮੈਂ ਆਪਣਾ ਘਰ ਛੱਡ ਦਿਆਂਗਾ,
ਆਪਣੀ ਵਿਰਾਸਤ ਨੂੰ ਛੱਡ ਦਿਆਂਗਾ;
ਮੈਂ ਜਿਸ ਨੂੰ ਪਿਆਰ ਕਰਦਾ ਹਾਂ
ਉਸਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ।
ਮੇਰੀ ਵਿਰਾਸਤ ਮੇਰੇ ਲਈ
ਜੰਗਲ ਵਿੱਚ ਸ਼ੇਰ ਵਰਗੀ ਹੋ ਗਈ ਹੈ।
ਉਹ ਮੇਰੇ ਉੱਤੇ ਗਰਜਦੀ ਹੈ;
ਇਸ ਲਈ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ।
ਕੀ ਮੇਰੀ ਵਿਰਾਸਤ ਮੇਰੇ ਲਈ
ਸ਼ਿਕਾਰੀ ਪੰਛੀ ਵਾਂਗ ਨਹੀਂ ਹੋ ਗਈ
ਜਿਸ ਨੂੰ ਹੋਰ ਸ਼ਿਕਾਰੀ ਪੰਛੀ ਘੇਰ ਕੇ ਹਮਲਾ ਕਰਦੇ ਹਨ?
ਜਾਓ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਇਕੱਠਾ ਕਰੋ;
ਉਹਨਾਂ ਨੂੰ ਨਿਗਲਣ ਲਈ ਲਿਆਓ।
ਬਹੁਤ ਸਾਰੇ ਚਰਵਾਹੇ ਮੇਰੇ ਅੰਗੂਰੀ ਬਾਗ਼ ਨੂੰ ਤਬਾਹ ਕਰ ਦੇਣਗੇ
ਅਤੇ ਮੇਰੇ ਖੇਤ ਨੂੰ ਮਿੱਧਣਗੇ।
ਉਹ ਮੇਰੇ ਸੁਹਾਵਣੇ ਖੇਤ ਨੂੰ ਉਜਾੜ ਵਿੱਚ ਬਦਲ ਦੇਣਗੇ।
ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ,
ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ,
ਸਾਰੀ ਧਰਤੀ ਵਿਰਾਨ ਕੀਤੀ ਗਈ ਹੈ
ਕਿਉਂਕਿ ਕੋਈ ਪਰਵਾਹ ਕਰਨ ਵਾਲਾ ਨਹੀਂ ਹੈ।
ਉਜਾੜ ਦੀਆਂ ਸਾਰੀਆਂ ਬੰਜਰ ਉਚਾਈਆਂ ਉੱਤੇ
ਵਿਨਾਸ਼ਕਾਰੀ ਟਹਿਲਣਗੇ,
ਕਿਉਂਕਿ ਯਾਹਵੇਹ ਦੀ ਤਲਵਾਰ ਧਰਤੀ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਿਗਲ ਜਾਵੇਗੀ;
ਕੋਈ ਵੀ ਸੁਰੱਖਿਅਤ ਨਹੀਂ ਬਚੇਗਾ।
ਉਹ ਕਣਕ ਬੀਜਣਗੇ ਪਰ ਕੰਡੇ ਵੱਢਣਗੇ;
ਉਹ ਆਪਣੇ ਆਪ ਨੂੰ ਥਕਾ ਲੈਣਗੇ ਪਰ ਕੁਝ ਹਾਸਲ ਨਹੀਂ ਕਰਨਗੇ।
ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ
ਉਹ ਆਪਣੀ ਵਾਢੀ ਦੀ ਸ਼ਰਮ ਨੂੰ ਝੱਲਣਗੇ।”
ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਜਿਵੇਂ ਕਿ ਮੇਰੇ ਸਾਰੇ ਦੁਸ਼ਟ ਗੁਆਂਢੀ ਜੋ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਦਿੱਤੀ ਹੈ ਉਸ ਨੂੰ ਖੋਹ ਲੈਂਦੇ ਹਨ, ਮੈਂ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਉਖਾੜ ਸੁੱਟਾਂਗਾ ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਉਖਾੜ ਸੁੱਟਾਂਗਾ। ਪਰ ਜਦੋਂ ਮੈਂ ਉਹਨਾਂ ਨੂੰ ਉਖਾੜ ਸੁੱਟਾਂਗਾ, ਮੈਂ ਫਿਰ ਤਰਸ ਕਰਾਂਗਾ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਉਹਨਾਂ ਦੀ ਆਪਣੀ ਵਿਰਾਸਤ ਅਤੇ ਆਪਣੇ ਦੇਸ਼ ਵਿੱਚ ਵਾਪਸ ਲਿਆਵਾਂਗਾ। ਤਦ ਇਸ ਤਰ੍ਹਾਂ ਹੋਵੇਗਾ ਕਿ ਜੇ ਉਹ ਦਿਲ ਲਾ ਕੇ ਮੇਰੇ ਲੋਕਾਂ ਦੇ ਮਾਰਗਾਂ ਨੂੰ ਸਿੱਖਣ ਅਤੇ ‘ਮੇਰੇ ਨਾਮ ਦੀ ਸਹੁੰ ਖਾਣ ਕਿ ਯਾਹਵੇਹ ਜੀਉਂਦਾ ਹੈ’ ਜਿਵੇਂ ਉਹਨਾਂ ਨੇ ਮੇਰੇ ਲੋਕਾਂ ਨੂੰ ਬਆਲ ਦੀ ਸਹੁੰ ਖਾਣੀ ਸਿਖਾਈ ਤਾਂ ਉਹ ਮੇਰੇ ਲੋਕਾਂ ਵਿੱਚ ਮਿਲ ਕੇ ਬਣ ਜਾਣਗੇ। ਪਰ ਜੇ ਕੋਈ ਕੌਮ ਨਾ ਸੁਣੇ, ਤਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਾਂਗਾ ਅਤੇ ਨਸ਼ਟ ਕਰ ਦਿਆਂਗਾ,” ਯਾਹਵੇਹ ਦਾ ਇਹ ਬਚਨ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.