Biblica® Open Punjabi Contemporary Version 2025
ਯਿਰਮਿਯਾਹ 11
ਨੇਮ ਦਾ ਟੁੱਟਣਾ
ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ: “ਇਸ ਨੇਮ ਦੀਆਂ ਗੱਲਾਂ ਨੂੰ ਸੁਣੋ ਅਤੇ ਉਹਨਾਂ ਨੂੰ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੱਸੋ। ਉਹਨਾਂ ਨੂੰ ਦੱਸੋ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਇਸ ਨੇਮ ਦੀਆਂ ਗੱਲਾਂ ਨੂੰ ਨਹੀਂ ਮੰਨਦਾ, ਉਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ ਜਦੋਂ ਮੈਂ ਉਹਨਾਂ ਨੂੰ ਮਿਸਰ ਦੀ ਲੋਹੇ ਦੀ ਭੱਠੀ ਵਿੱਚੋਂ ਬਾਹਰ ਲਿਆਇਆ ਸੀ।’ ਮੈਂ ਕਿਹਾ, ‘ਮੇਰੀ ਗੱਲ ਮੰਨੋ ਅਤੇ ਉਹ ਸਭ ਕੁਝ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ। ਫਿਰ ਮੈਂ ਉਸ ਸਹੁੰ ਨੂੰ ਪੂਰਾ ਕਰਾਂਗਾ ਜੋ ਮੈਂ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਉਹਨਾਂ ਨੂੰ ਦੁੱਧ ਅਤੇ ਸ਼ਹਿਦ’ ਵਗਣ ਵਾਲੀ ਧਰਤੀ ਦੇਵਾਂਗਾ।” ਜਿਵੇਂ ਅੱਜ ਦੇ ਦਿਨ ਹੈ।
ਮੈਂ ਉੱਤਰ ਦਿੱਤਾ ਅਤੇ ਆਖਿਆ, “ਹੇ ਯਾਹਵੇਹ, ਆਮੀਨ।”
ਯਾਹਵੇਹ ਨੇ ਮੈਨੂੰ ਆਖਿਆ, “ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਇਹ ਸਾਰੇ ਸ਼ਬਦ ਸੁਣਾਓ: ‘ਇਸ ਨੇਮ ਦੀਆਂ ਗੱਲਾਂ ਨੂੰ ਸੁਣੋ ਅਤੇ ਉਹਨਾਂ ਦੀ ਪਾਲਣਾ ਕਰੋ। ਜਦੋਂ ਤੋਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਇਆ, ਅੱਜ ਤੱਕ, ਮੈਂ ਉਹਨਾਂ ਨੂੰ ਵਾਰ-ਵਾਰ ਚੇਤਾਵਨੀ ਦਿੰਦਾ ਰਿਹਾ ਅਤੇ ਕਹਿੰਦਾ ਰਿਹਾ, “ਮੇਰੀ ਗੱਲ ਮੰਨੋ।” ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਇਸ ਦੀ ਬਜਾਏ, ਉਹ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦਾ ਅਨੁਸਾਰ ਚਲਦੇ ਰਹੇ। ਇਸ ਲਈ ਮੈਂ ਉਹਨਾਂ ਉੱਤੇ ਉਸ ਨੇਮ ਦੇ ਸਾਰੇ ਸਰਾਪ ਲਿਆਂਦੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ।’ ”
ਤਦ ਯਾਹਵੇਹ ਨੇ ਮੈਨੂੰ ਆਖਿਆ, “ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਵਿੱਚ ਇੱਕ ਸਾਜ਼ਿਸ਼ ਹੈ। ਉਹ ਆਪਣੇ ਪੁਰਖਿਆਂ ਦੇ ਪਾਪਾਂ ਵੱਲ ਮੁੜ ਗਏ ਹਨ, ਜਿਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ। ਉਹਨਾਂ ਨੇ ਦੂਸਰੇ ਦੇਵਤਿਆਂ ਦੀ ਪਿੱਛੇ ਚਲੇ ਗਏ ਹਨ ਅਤੇ ਹੋਰ ਦੇਵਤਿਆਂ ਦੀ ਪੂਜਾ ਕੀਤੀ ਹੈ। ਇਸਰਾਏਲ ਅਤੇ ਯਹੂਦਾਹ ਦੋਹਾਂ ਨੇ ਉਸ ਨੇਮ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ। ਇਸ ਲਈ ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਉੱਤੇ ਇੱਕ ਬਿਪਤਾ ਲਿਆਵਾਂਗਾ ਜਿਸ ਤੋਂ ਉਹ ਬਚ ਨਹੀਂ ਸਕਦੇ। ਭਾਵੇਂ ਉਹ ਮੈਨੂੰ ਪੁਕਾਰਨ, ਪਰ ਮੈਂ ਉਹਨਾਂ ਦੀ ਗੱਲ ਨਹੀਂ ਸੁਣਾਂਗਾ। ਯਹੂਦਾਹ ਦੇ ਕਸਬੇ ਅਤੇ ਯੇਰੂਸ਼ਲੇਮ ਦੇ ਲੋਕ ਜਾਣਗੇ ਅਤੇ ਉਹਨਾਂ ਦੇਵਤਿਆਂ ਨੂੰ ਪੁਕਾਰਨਗੇ ਜਿਨ੍ਹਾਂ ਦੇ ਅੱਗੇ ਉਹ ਧੂਪ ਧੁਖਾਉਂਦੇ ਹਨ, ਪਰ ਬਿਪਤਾ ਦੇ ਸਮੇਂ ਉਹ ਉਹਨਾਂ ਦੀ ਮਦਦ ਨਹੀਂ ਕਰਨਗੇ। ਯਹੂਦਾਹ, ਤੇਰੇ ਕੋਲ ਜਿੰਨੇ ਕਸਬੇ ਹਨ, ਓਨੇ ਦੇਵਤੇ ਹਨ ਅਤੇ ਜਿਹੜੀਆਂ ਜਗਵੇਦੀਆਂ ਤੁਸੀਂ ਉਸ ਸ਼ਰਮਨਾਕ ਦੇਵਤੇ ਬਆਲ ਲਈ ਧੂਪ ਧੁਖਾਉਣ ਲਈ ਬਣਾਈਆਂ ਹਨ ਉਹ ਯੇਰੂਸ਼ਲੇਮ ਦੀਆਂ ਗਲੀਆਂ ਜਿੰਨੀਆਂ ਹਨ।’
“ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਨਾ ਇਨ੍ਹਾਂ ਲਈ ਕੋਈ ਬੇਨਤੀ ਅਤੇ ਨਾ ਤਰਲਾਂ ਕਰ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ।
“ਮੇਰੀ ਪ੍ਰੀਤਮ ਮੇਰੇ ਘਰ ਵਿੱਚ ਕੀ ਕਰ ਰਹੀ ਹੈ
ਜਦੋਂ ਉਸ ਨੇ ਹੋਰ ਬਹੁਤ ਸਾਰਿਆਂ ਨਾਲ ਭੈੜੇ ਕੰਮ ਕੀਤੇ?
ਕੀ ਪਵਿੱਤਰ ਮਾਸ ਤੁਹਾਡੀ ਸਜ਼ਾ ਨੂੰ ਟਾਲ ਸਕਦਾ ਹੈ?
ਜਦੋਂ ਤੁਸੀਂ ਆਪਣੀਆਂ ਬੁਰਾਈਆਂ ਵਿੱਚ ਰੁੱਝ ਜਾਂਦੇ ਹੋ,
ਤਦ ਤੁਸੀਂ ਖੁਸ਼ ਹੁੰਦੇ ਹੋ।”
ਯਾਹਵੇਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ,
ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ,
ਜਿਸਦਾ ਫਲ ਸੁੰਦਰ ਰੂਪ ਵਿੱਚ ਹੈ।
ਪਰ ਇੱਕ ਵੱਡੇ ਤੂਫ਼ਾਨ ਦੀ ਗਰਜ ਨਾਲ
ਉਹ ਉਸ ਨੂੰ ਅੱਗ ਲਾ ਦੇਵੇਗਾ,
ਅਤੇ ਉਹ ਦੀਆਂ ਟਹਿਣੀਆਂ ਟੁੱਟ ਜਾਣਗੀਆਂ।
ਸਰਬਸ਼ਕਤੀਮਾਨ ਯਾਹਵੇਹ ਨੇ, ਜਿਸ ਨੇ ਤੁਹਾਨੂੰ ਲਾਇਆ, ਤੁਹਾਡੇ ਲਈ ਤਬਾਹੀ ਦਾ ਹੁਕਮ ਦਿੱਤਾ ਹੈ, ਕਿਉਂਕਿ ਇਸਰਾਏਲ ਅਤੇ ਯਹੂਦਾਹ ਦੋਹਾਂ ਦੇ ਲੋਕਾਂ ਨੇ ਬੁਰਾਈ ਕੀਤੀ ਹੈ ਅਤੇ ਬਆਲ ਲਈ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਇਆ ਹੈ।
ਯਿਰਮਿਯਾਹ ਦੇ ਵਿਰੁੱਧ ਸਾਜ਼ਿਸ਼
ਕਿਉਂਕਿ ਯਾਹਵੇਹ ਨੇ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ, ਮੈਂ ਇਹ ਜਾਣਦਾ ਸੀ, ਕਿਉਂਕਿ ਉਸ ਸਮੇਂ ਉਸਨੇ ਮੈਨੂੰ ਦਿਖਾਇਆ ਕਿ ਉਹ ਕੀ ਕਰ ਰਹੇ ਸਨ। ਮੈਨੂੰ ਕਤਲ ਕਰਨ ਲਈ ਇੱਕ ਕੋਮਲ ਲੇਲੇ ਵਾਂਗ ਲੈਜਾਇਆ ਗਿਆ ਸੀ; ਮੈਨੂੰ ਅਹਿਸਾਸ ਨਹੀਂ ਹੋਇਆ ਕਿ ਉਹਨਾਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚੀ ਸੀ,
“ਆਓ ਅਸੀਂ ਰੁੱਖ ਅਤੇ ਇਸਦੇ ਫਲ ਨੂੰ ਨਸ਼ਟ ਕਰੀਏ;
ਆਓ ਅਸੀਂ ਉਸ ਨੂੰ ਜੀਉਂਦਿਆਂ ਦੀ ਧਰਤੀ ਤੋਂ ਕੱਟ ਦੇਈਏ,
ਤਾਂ ਜੋ ਉਸ ਦਾ ਨਾਮ ਹੋਰ ਚੇਤੇ ਨਾ ਕੀਤਾ ਜਾਵੇ।”
ਪਰ ਤੂੰ, ਸਰਬਸ਼ਕਤੀਮਾਨ ਯਾਹਵੇਹ, ਜੋ ਧਰਮੀ ਨਿਆਂ ਕਰਦਾ ਹੈ
ਅਤੇ ਦਿਲ ਅਤੇ ਦਿਮਾਗ ਦੀ ਪਰਖ ਕਰਦਾ ਹੈ,
ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ,
ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ।
ਇਸ ਲਈ ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਅਨਾਥੋਥ ਕਸਬੇ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ, “ਕਿ ਯਾਹਵੇਹ ਦੇ ਨਾਮ ਦਾ ਅਗੰਮਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ” ਇਸ ਲਈ ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਉਹਨਾਂ ਨੂੰ ਸਜ਼ਾ ਦਿਆਂਗਾ। ਉਹਨਾਂ ਦੇ ਜਵਾਨ ਤਲਵਾਰ ਨਾਲ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ। ਉਹਨਾਂ ਵਿੱਚੋਂ ਕੋਈ ਨਾ ਬਚੇਗਾ ਕਿਉਂ ਜੋ ਮੈਂ ਅਨਾਥੋਥ ਦੇ ਮਨੁੱਖਾਂ ਉੱਤੇ ਬਦੀ ਉਹਨਾਂ ਦੇ ਖ਼ਬਰ ਲੈਣ ਦੇ ਸਾਲ ਵਿੱਚ ਲਿਆਵਾਂਗਾ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.