Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 23

ਸੂਰ ਦੇ ਵਿਰੁੱਧ ਇੱਕ ਭਵਿੱਖਬਾਣੀ

ਸੂਰ ਦੇ ਵਿਰੁੱਧ ਇੱਕ ਭਵਿੱਖਬਾਣੀ:

ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ!

ਕਿਉਂਕਿ ਸੂਰ ਤਬਾਹ ਹੋ ਗਿਆ ਹੈ

ਅਤੇ ਉੱਥੇ ਨਾ ਕੋਈ ਘਰ ਨਾ ਕੋਈ ਬੰਦਰਗਾਹ ਬਚੀ ਹੈ।

ਕਿੱਤੀਮ ਦੀ ਧਰਤੀ ਤੋਂ

ਇਹ ਬਚਨ ਉਨ੍ਹਾਂ ਕੋਲ ਆਇਆ ਹੈ।

ਹੇ ਟਾਪੂ ਦੇ ਲੋਕੋ, ਚੁੱਪ ਰਹੋ

ਅਤੇ ਹੇ ਸੀਦੋਨ ਦੇ ਵਪਾਰੀਓ, ਜਿਨ੍ਹਾਂ ਨੂੰ ਮਲਾਹਾਂ ਨੇ ਧਨਵਾਨ ਕੀਤਾ ਹੈ।

ਬਹੁਤਿਆਂ ਪਾਣੀਆਂ ਦੇ ਕਾਰਨ

ਸ਼ਿਹੋਰ ਦਾ ਅੰਨ,

ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਉਹ ਦੀ ਆਮਦਨ ਸੀ,

ਅਤੇ ਉਹ ਕੌਮਾਂ ਦੀ ਮੰਡੀ ਹੋਇਆ।

ਹੇ ਸੀਦੋਨ ਸ਼ਰਮ ਕਰੋ,

ਕਿਉਂ ਜੋ ਸਮੁੰਦਰ ਅਰਥਾਤ ਸਮੁੰਦਰ ਦੇ ਗੜ੍ਹ ਨੇ ਬੋਲਿਆ ਹੈ,

“ਨਾ ਤਾਂ ਮੈਨੂੰ ਪੀੜਾ ਲੱਗੀਆਂ ਅਤੇ ਨਾ ਹੀ ਮੈਂ ਜਨਮ ਦਿੱਤਾ,

ਮੈਂ ਨਾ ਤਾਂ ਪੁੱਤਰ ਪਾਲੇ ਹਨ ਨਾ ਹੀ ਧੀਆਂ ਪਾਲੀਆ ਹਨ।”

ਜਦੋਂ ਮਿਸਰ ਦੀ ਗੱਲ ਆਵੇਗੀ,

ਉਹ ਸੂਰ ਦੀ ਖ਼ਬਰ ਤੋਂ ਦੁਖੀ ਹੋਣਗੇ।

ਤਰਸ਼ੀਸ਼ ਨੂੰ ਪਾਰ ਕਰੋ;

ਹੇ ਟਾਪੂ ਦੇ ਲੋਕੋ, ਰੋਵੋ।

ਕੀ ਇਹ ਤੁਹਾਡਾ ਅਨੰਦਮਈ ਸ਼ਹਿਰ ਹੈ,

ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ,

ਜਿਸ ਦੇ ਪੈਰਾਂ ਨੇ ਉਹ ਨੂੰ ਦੂਰ-ਦੁਰਾਡੇ ਦੇ ਵਿੱਚ ਵੱਸਣ ਲਈ ਲਿਆ ਹੈ?

ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ

ਮੁਕਟ ਰੱਖਣ ਵਾਲਾ ਹੈ,

ਜਿਸ ਦੇ ਵਪਾਰੀ ਰਾਜਕੁਮਾਰ ਹਨ

ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?

ਸਰਬਸ਼ਕਤੀਮਾਨ ਯਾਹਵੇਹ ਨੇ ਇਸ ਦੀ ਯੋਜਨਾ ਬਣਾਈ,

ਆਪਣੀ ਸਾਰੀ ਸ਼ਾਨ ਵਿੱਚ ਉਸ ਦੇ ਹੰਕਾਰ ਨੂੰ ਘਟਾਉਣ

ਅਤੇ ਧਰਤੀ ਦੇ ਸਾਰੇ ਪ੍ਰਸਿੱਧ ਲੋਕਾਂ ਨੂੰ ਨਿਮਰ ਕਰੇ।

ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ,

ਹੇ ਤਰਸ਼ੀਸ਼ ਦੀ ਧੀਏ

ਕਿਉਂ ਜੋ ਹੁਣ ਤੇਰੇ ਕੋਲ ਕੋਈ ਬੰਦਰਗਾਹ ਨਹੀਂ ਹੈ।

ਯਾਹਵੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ

ਅਤੇ ਉਸ ਦੇ ਰਾਜਾਂ ਨੂੰ ਹਿਲਾਇਆ ਹੈ।

ਉਸ ਨੇ ਕਨਾਨ ਦੇ ਬਾਰੇ ਹੁਕਮ ਦਿੱਤਾ ਹੈ

ਕਿ ਉਹ ਦੇ ਕਿਲ੍ਹੇ ਨਸ਼ਟ ਕੀਤੇ ਜਾਣ।

ਉਸ ਨੇ ਆਖਿਆ,

ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ!

ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ!

ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।

ਕਸਦੀਆਂ ਦੇ ਦੇਸ ਵੱਲ ਵੇਖੋ,

ਇਸ ਪਰਜਾ ਦਾ ਹੁਣ ਕੋਈ ਲੇਖਾ ਨਹੀਂ ਹੈ!

ਅੱਸ਼ੂਰੀਆਂ ਨੇ ਇਸ ਨੂੰ ਜੰਗਲੀ ਜਾਨਵਰਾਂ ਲਈ ਜਗ੍ਹਾ ਬਣਾ ਦਿੱਤਾ ਹੈ;

ਉਨ੍ਹਾਂ ਨੇ ਆਪਣੇ ਘੇਰੇ ਵਾਲੇ ਬੁਰਜਾਂ ਨੂੰ ਖੜਾ ਕੀਤਾ,

ਉਨ੍ਹਾਂ ਨੇ ਉਸ ਦੇ ਕਿਲ੍ਹੇ ਨੂੰ ਨੰਗਾ ਕਰ ਦਿੱਤਾ ਅਤੇ ਉਸ ਨੂੰ ਖੰਡਰ ਬਣਾ ਦਿੱਤਾ।

ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ।

ਤੇਰਾ ਗੜ੍ਹ ਤਬਾਹ ਹੋ ਗਿਆ ਹੈ!

ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ:

“ਹੇ ਵਿਸਰੀ ਹੋਈ ਵੇਸਵਾ,

ਬਰਬਤ ਲੈ, ਸ਼ਹਿਰ ਵਿੱਚ ਫਿਰ!

ਸੁਰੀਲੇ ਸੁਰ ਚੁੱਕ, ਬਹੁਤੇ ਗੀਤ ਗਾ,

ਤਾਂ ਜੋ ਤੂੰ ਯਾਦ ਕੀਤੀ ਜਾਵੇਂ।”

ਸੱਤਰ ਸਾਲਾਂ ਦੇ ਅੰਤ ਵਿੱਚ, ਯਾਹਵੇਹ ਸੂਰ ਨਾਲ ਨਜਿੱਠੇਗਾ। ਉਹ ਆਪਣੀ ਲਾਹੇਵੰਦ ਵੇਸਵਾਗਮਨੀ ਵੱਲ ਵਾਪਸ ਆ ਜਾਵੇਗੀ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੇ ਰਾਜਾਂ ਨਾਲ ਆਪਣਾ ਵਪਾਰ ਕਰੇਗੀ। ਉਸ ਦਾ ਲਾਭ ਅਤੇ ਉਸ ਦੀ ਕਮਾਈ ਯਾਹਵੇਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਸ ਦੀ ਕਮਾਈ ਦਾ ਲਾਭ ਯਾਹਵੇਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.