Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 22

ਯੇਰੂਸ਼ਲੇਮ ਬਾਰੇ ਇੱਕ ਭਵਿੱਖਬਾਣੀ

ਦਰਸ਼ਣ ਦੀ ਘਾਟੀ ਦੇ ਵਿਰੁੱਧ ਇੱਕ ਭਵਿੱਖਬਾਣੀ:

ਤੁਹਾਨੂੰ ਹੁਣ ਕੀ ਪਰੇਸ਼ਾਨੀ ਹੈ,

ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ,

ਹੇ ਸ਼ੋਰ ਨਾਲ ਭਰੇ ਹੋਏ ਰੌਲ਼ੇ ਵਾਲੇ ਸ਼ਹਿਰ!

ਹੇ ਅਨੰਦਮਈ ਨਗਰ!

ਤੁਹਾਡੇ ਵੱਢੇ ਨਾ ਤਲਵਾਰ ਨਾਲ ਮਾਰੇ ਗਏ,

ਨਾ ਉਹ ਲੜਾਈ ਵਿੱਚ ਮਰੇ।

ਤੁਹਾਡੇ ਸਾਰੇ ਆਗੂ ਇਕੱਠੇ ਭੱਜ ਗਏ,

ਉਹ ਕਮਾਨ ਦੀ ਵਰਤੋਂ ਕੀਤੇ ਬਿਨਾਂ ਫੜੇ ਗਏ ਹਨ।

ਤੁਸੀਂ ਸਾਰੇ ਜਿਹੜੇ ਫੜ੍ਹੇ ਗਏ ਸੀ, ਇੱਕਠੇ ਕੈਦੀ ਬਣਾਏ ਗਏ,

ਜਦੋਂ ਦੁਸ਼ਮਣ ਅਜੇ ਦੂਰ ਸੀ ਤਾਂ ਭੱਜ ਗਏ।

ਇਸ ਲਈ ਮੈਂ ਆਖਿਆ, “ਮੇਰੇ ਕੋਲੋਂ ਹਟ ਜਾਹ।

ਮੈ ਫੁੱਟ-ਫੁੱਟ ਕੇ ਰੋਵਾਂਗਾ।

ਮੇਰੇ ਲੋਕਾਂ ਦੀ ਤਬਾਹੀ ਉੱਤੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਨਾ ਕਰੋ।”

ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਦਾ ਠਹਿਰਾਇਆ ਹੋਇਆ ਇੱਕ ਦਿਨ ਹੈ,

ਦਰਸ਼ਣ ਵਾਲੀ ਘਾਟੀ ਵਿੱਚ ਰੌਲ਼ੇ

ਅਤੇ ਲਤਾੜਨ ਅਤੇ ਗੜਬੜ ਦਾ ਦਿਨ,

ਕੰਧਾਂ ਦਾ ਢੱਠਣਾ ਅਤੇ ਰੌਲ਼ਾ ਪਹਾੜਾਂ ਤੱਕ ਪਹੁੰਚਿਆ।

ਏਲਾਮ ਆਪਣੇ ਰਥਾਂ,

ਅਤੇ ਘੋੜਿਆਂ ਨਾਲ ਤਰਕਸ਼ ਚੁੱਕਦੀ ਹੈ,

ਕੀਰ ਢਾਲ਼ ਨੂੰ ਖੋਲ੍ਹਦਾ ਹੈ।

ਤੁਹਾਡੀਆਂ ਸਭ ਤੋਂ ਚੰਗੀਆਂ ਵਾਦੀਆਂ ਰਥਾਂ ਨਾਲ ਭਰੀਆਂ ਹੋਈਆਂ ਹਨ,

ਅਤੇ ਘੋੜਸਵਾਰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤਾਇਨਾਤ ਹਨ।

ਯਾਹਵੇਹ ਨੇ ਯਹੂਦਾਹ ਦੀ ਰੱਖਿਆ ਨੂੰ ਖੋਹ ਲਿਆ,

ਅਤੇ ਤੁਸੀਂ ਉਸ ਦਿਨ ਜੰਗਲ ਦੇ ਮਹਿਲ ਵਿੱਚ ਹਥਿਆਰਾਂ ਵੱਲ ਵੇਖਿਆ।

ਤੁਸੀਂ ਵੇਖਿਆ ਕਿ ਦਾਵੀਦ ਦੇ ਸ਼ਹਿਰ ਦੀਆਂ ਕੰਧਾਂ

ਬਹੁਤ ਥਾਵਾਂ ਤੋਂ ਟੁੱਟ ਗਈਆਂ ਸਨ,

ਤੁਸੀਂ ਹੇਠਲੇ ਤਲਾਬ ਵਿੱਚ ਪਾਣੀ

ਇਕੱਠਾ ਕੀਤਾ ਹੈ।

ਤੁਸੀਂ ਯੇਰੂਸ਼ਲੇਮ ਵਿੱਚ ਇਮਾਰਤਾਂ ਦੀ ਗਿਣਤੀ ਕੀਤੀ

ਅਤੇ ਕੰਧ ਨੂੰ ਮਜ਼ਬੂਤ ਕਰਨ ਲਈ ਘਰਾਂ ਨੂੰ ਢਾਹ ਦਿੱਤਾ।

ਤੁਸੀਂ ਦੋ ਕੰਧਾਂ ਦੇ ਵਿਚਕਾਰ

ਪੁਰਾਣੇ ਤਲਾਬ ਦੇ ਪਾਣੀ ਲਈ ਇੱਕ ਹੌਦ ਬਣਾਇਆ,

ਪਰ ਤੁਸੀਂ ਉਸ ਨੂੰ ਬਣਾਉਣ ਵਾਲੇ ਵੱਲ ਨਹੀਂ ਦੇਖਿਆ,

ਜਾਂ ਤੁਸੀਂ ਉਸ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਇਸ ਦੀ ਯੋਜਨਾ ਬਹੁਤ ਪਹਿਲਾਂ ਬਣਾਈ ਸੀ।

ਉਸ ਦਿਨ ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਨੇ

ਤੁਹਾਨੂੰ ਰੋਣ ਅਤੇ ਵਿਰਲਾਪ ਕਰਨ ਲਈ,

ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ।

ਪਰ ਵੇਖੋ, ਖੁਸ਼ੀ ਅਤੇ ਅਨੰਦ ਮਨਾਇਆ ਗਿਆ,

ਪਸ਼ੂਆਂ ਦਾ ਵੱਢਿਆ ਅਤੇ ਭੇਡਾਂ ਨੂੰ ਕੱਟਿਆ ਗਿਆ,

ਮਾਸ ਖਾ ਕੇ ਅਤੇ ਦਾਖਰਸ ਪੀ ਕੇ!

ਕਿਹਾ ਜਾ ਰਿਹਾ ਸੀ, “ਆਓ ਅਸੀਂ ਖਾਈਏ ਅਤੇ ਪੀਈਏ,

ਕਿਉਂ ਜੋ ਕੱਲ ਨੂੰ ਤਾਂ ਅਸੀਂ ਮਰਨਾ ਹੀ ਹੈ!”

ਸਰਬਸ਼ਕਤੀਮਾਨ ਯਾਹਵੇਹ ਨੇ ਇਹ ਮੇਰੇ ਸੁਣਨ ਵਿੱਚ ਪ੍ਰਗਟ ਕੀਤਾ ਹੈ, “ਤੁਹਾਡੇ ਮਰਨ ਦੇ ਦਿਨ ਤੱਕ ਇਸ ਪਾਪ ਨੂੰ ਮਾਫ਼ ਨਹੀਂ ਕੀਤਾ ਜਾਵੇਗਾ,” ਪ੍ਰਭੂ, ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ।

ਪ੍ਰਭੂ ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:

“ਇੱਕ ਭੰਡਾਰੀ ਕੋਲ ਅਰਥਾਤ ਸ਼ਬਨਾ ਕੋਲ ਜਾ,

ਜਿਹੜਾ ਇਸ ਘਰ ਉੱਤੇ ਹੈ ਅਤੇ ਆਖ:

ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰਾ ਕੌਣ ਹੈ? ਜੋ ਤੂੰ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ,

ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚੱਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਬਣਾਉਂਦਾ?

“ਹੇ ਬਲਵੰਤ ਮਨੁੱਖ, ਸਾਵਧਾਨ, ਯਾਹਵੇਹ ਤੈਨੂੰ ਮਜ਼ਬੂਤੀ ਨਾਲ ਫੜ੍ਹੇਗਾ

ਅਤੇ ਤੈਨੂੰ ਦੂਰ ਸੁੱਟ ਦੇਵੇਗਾ।

ਉਹ ਤੈਨੂੰ ਗੇਂਦ ਵਾਂਗੂੰ ਕੱਸ ਕੇ ਲਪੇਟੇਗਾ

ਅਤੇ ਤੈਨੂੰ ਇੱਕ ਵੱਡੇ ਦੇਸ਼ ਵਿੱਚ ਸੁੱਟ ਦੇਵੇਗਾ।

ਉੱਥੇ ਤੂੰ ਮਰੇਂਗਾ

ਅਤੇ ਉੱਥੇ ਜਿਨ੍ਹਾਂ ਰਥਾਂ ਉੱਤੇ ਤੁਸੀਂ ਬਹੁਤ ਮਾਣ ਕਰਦੇ ਸੀ

ਤੁਹਾਡੇ ਮਾਲਕ ਦੇ ਘਰ ਦੀ ਬੇਇੱਜ਼ਤੀ ਹੋ ਜਾਵੇਗੀ।

ਮੈਂ ਤੁਹਾਨੂੰ ਤੁਹਾਡੇ ਅਹੁਦੇ ਤੋਂ ਹਟਾ ਦਿਆਂਗਾ,

ਅਤੇ ਤੁਹਾਨੂੰ ਆਪਣੇ ਸਥਾਨ ਤੋਂ ਹਟਾ ਦਿੱਤਾ ਜਾਵੇਗਾ।

“ਉਸ ਦਿਨ ਮੈਂ ਆਪਣੇ ਸੇਵਕ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ। ਮੈਂ ਉਹ ਨੂੰ ਤੇਰਾ ਚੋਗਾ ਪਹਿਨਾਵਾਂਗਾ ਅਤੇ ਉਹ ਦੇ ਦੁਆਲੇ ਆਪਣੀ ਡੋਰੀ ਬੰਨ੍ਹਾਂਗਾ ਅਤੇ ਤੇਰਾ ਅਧਿਕਾਰ ਉਹ ਦੇ ਹਵਾਲੇ ਕਰ ਦਿਆਂਗਾ। ਉਹ ਯੇਰੂਸ਼ਲੇਮ ਅਤੇ ਯਹੂਦਾਹ ਦੇ ਲੋਕਾਂ ਲਈ ਪਿਤਾ ਹੋਵੇਗਾ। ਮੈਂ ਦਾਵੀਦ ਦੇ ਘਰ ਦੀ ਚਾਬੀ ਉਹ ਦੇ ਮੋਢੇ ਉੱਤੇ ਰੱਖਾਂਗਾ। ਜੋ ਉਹ ਖੋਲ੍ਹੇਗਾ, ਕੋਈ ਬੰਦ ਨਾ ਕਰ ਸਕੇਗਾ ਅਤੇ ਜੋ ਉਹ ਬੰਦ ਕਰੇਗਾ, ਕੋਈ ਖੋਲ੍ਹ ਨਾ ਸਕੇਗਾ। ਮੈਂ ਉਸ ਨੂੰ ਇੱਕ ਖੰਭੇ ਵਾਂਗ ਇੱਕ ਪੱਕੇ ਸਥਾਨ ਵਿੱਚ ਚਲਾ ਦਿਆਂਗਾ; ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ। ਉਹ ਦੇ ਘਰਾਣੇ ਦੀ ਸਾਰੀ ਸ਼ਾਨ ਉਹ ਦੇ ਉੱਤੇ ਟੰਗੀ ਰਹੇਗੀ ਅਰਥਾਤ ਉਹ ਦੀ ਔਲਾਦ ਅਤੇ ਟਹਿਣੀਆਂ—ਉਹ ਦੇ ਸਾਰੇ ਛੋਟੇ ਭਾਂਡਿਆਂ, ਕਟੋਰਿਆਂ ਤੋਂ ਲੈ ਕੇ ਸਾਰੇ ਘੜਿਆਂ ਤੱਕ।

“ਉਸ ਦਿਨ,” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਪੱਕੀ ਥਾਂ ਵਿੱਚ ਚਲਿਆ ਗਿਆ ਖੰਭ ਰਸਤਾ ਦੇਵੇਗਾ; ਉਹ ਕੱਟਿਆ ਜਾਵੇਗਾ ਅਤੇ ਡਿੱਗ ਜਾਵੇਗਾ, ਅਤੇ ਇਸ ਉੱਤੇ ਲਟਕਦਾ ਭਾਰ ਕੱਟਿਆ ਜਾਵੇਗਾ।” ਕਿਉਂ ਯਾਹਵੇਹ ਨੇ ਇਹ ਬੋਲਿਆ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.