Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 24

ਪਰਮੇਸ਼ਵਰ ਧਰਤੀ ਦਾ ਨਿਆਂ ਕਰੇਗਾ

ਵੇਖੋ, ਯਾਹਵੇਹ ਧਰਤੀ ਸੁੰਨੀ ਕਰ ਦੇਵੇਗਾ,

ਅਤੇ ਉਹ ਨੂੰ ਵਿਰਾਨ ਕਰੇਗਾ;

ਉਹ ਇਸ ਦੇ ਮੂੰਹ ਨੂੰ ਤਬਾਹ ਕਰ ਦੇਵੇਗਾ

ਅਤੇ ਇਸ ਦੇ ਵਾਸੀਆਂ ਨੂੰ ਖਿੰਡਾ ਦੇਵੇਗਾ,

ਜਾਜਕ ਲਈ ਉਹੋ ਜਿਹਾ ਹੋਵੇਗਾ ਜੋ ਲੋਕਾਂ ਲਈ,

ਜਿਵੇਂ ਦਾਸ ਤਿਵੇਂ ਉਸ ਦਾ ਮਾਲਕ,

ਜਿਵੇਂ ਦਾਸੀ ਤਿਵੇਂ ਉਸ ਦੀ ਮਾਲਕਣ,

ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ,

ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ,

ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ।

ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ

ਅਤੇ ਪੂਰੀ ਤਰ੍ਹਾਂ ਲੁੱਟੀ ਜਾਵੇਗੀ।

ਯਾਹਵੇਹ ਨੇ ਇਹ ਸ਼ਬਦ ਬੋਲਿਆ ਹੈ।

ਧਰਤੀ ਸੁੱਕ ਜਾਂਦੀ ਹੈ ਅਤੇ ਕੁਮਲਾ ਜਾਂਦੀ ਹੈ,

ਸੰਸਾਰ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ,

ਧਰਤੀ ਦੇ ਨਾਲ ਅਕਾਸ਼ ਵੀ ਢਿੱਲੇ ਪੈ ਜਾਂਦੇ ਹਨ।

ਧਰਤੀ ਨੂੰ ਉਹ ਦੇ ਲੋਕਾਂ ਨੇ ਪਲੀਤ ਕੀਤਾ ਹੈ।

ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਕੀਤੀ,

ਅਤੇ ਬਿਧੀਆਂ ਨੂੰ ਤੋੜਿਆ ਹੈ

ਅਤੇ ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਸੁੱਟਿਆ।

ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਜਾਂਦਾ ਹੈ।

ਇਸ ਦੇ ਲੋਕਾਂ ਨੂੰ ਆਪਣਾ ਗੁਨਾਹ ਝੱਲਣਾ ਪਵੇਗਾ।

ਇਸ ਲਈ ਧਰਤੀ ਦੇ ਵਾਸੀ ਭਸਮ ਹੋਏ,

ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।

ਨਵੀਂ ਦਾਖ਼ਰਸ ਸੁੱਕ ਜਾਂਦੀ ਹੈ ਅਤੇ ਵੇਲ ਕੁਮਲਾ ਜਾਂਦੀ ਹੈ;

ਸਾਰੇ ਖੁਸ਼ ਦਿਲ ਹਾਉਂਕੇ ਭਰਦੇ ਹਨ।

ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ,

ਅਨੰਦ ਕਰਨ ਵਾਲਿਆਂ ਦਾ ਰੌਲ਼ਾ ਮੁੱਕ ਗਿਆ,

ਬਰਬਤ ਦੀ ਖੁਸ਼ੀ ਬੰਦ ਹੋ ਗਈ।

ਉਹ ਦਾਖ਼ਰਸ ਗੀਤ ਦੇ ਨਾਲ ਨਹੀਂ ਪੀਂਦੇ,

ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ।

ਬਰਬਾਦ ਹੋਇਆ ਸ਼ਹਿਰ ਵਿਰਾਨ ਪਿਆ ਹੈ;

ਹਰ ਘਰ ਦੇ ਪ੍ਰਵੇਸ਼ ਦੁਆਰ ਤੇ ਪਾਬੰਦੀ ਹੈ।

ਉਹ ਗਲੀਆਂ ਵਿੱਚ ਦਾਖ਼ਰਸ ਲਈ ਦੁਹਾਈ ਦਿੰਦੇ ਹਨ।

ਸਾਰੀ ਖੁਸ਼ੀ ਉਦਾਸੀ ਵਿੱਚ ਬਦਲ ਜਾਂਦੀ ਹੈ,

ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਧਰਤੀ ਤੋਂ ਦੂਰ ਹੋ ਜਾਂਦੀਆਂ ਹਨ।

ਸ਼ਹਿਰ ਉਜੜ ਕੇ ਰਹਿ ਗਿਆ ਹੈ,

ਉਸ ਦੇ ਫਾਟਕ ਦੇ ਟੁਕੜੇ-ਟੁਕੜੇ ਹੋ ਗਏ ਹਨ।

ਧਰਤੀ ਉੱਤੇ

ਅਤੇ ਕੌਮਾਂ ਵਿੱਚ ਅਜਿਹਾ ਹੀ ਹੋਵੇਗਾ,

ਜਿਵੇਂ ਜ਼ੈਤੂਨ ਦੇ ਰੁੱਖ ਨੂੰ ਕੁੱਟਿਆ ਜਾਂਦਾ ਹੈ,

ਜਾਂ ਜਿਵੇਂ ਅੰਗੂਰਾਂ ਦੀ ਵਾਢੀ ਤੋਂ ਬਾਅਦ ਝਾੜੀਆਂ ਛੱਡ ਦਿੱਤੀਆਂ ਜਾਂਦੀਆਂ ਹਨ।

ਉਹ ਆਪਣੀਆਂ ਆਵਾਜ਼ਾਂ ਉੱਚੀਆਂ ਕਰਦੇ ਹਨ, ਉਹ ਜੈਕਾਰੇ ਲਾਉਂਦੇ ਹਨ।

ਪੱਛਮ ਤੋਂ ਉਹ ਯਾਹਵੇਹ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ।

ਇਸ ਲਈ ਪੂਰਬ ਵਿੱਚ ਯਾਹਵੇਹ ਦੀ ਮਹਿਮਾ ਕਰੋ;

ਸਮੁੰਦਰ ਦੇ ਟਾਪੂਆਂ ਵਿੱਚ

ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੋ।

ਅਸੀਂ ਧਰਤੀ ਦੇ ਸਿਰੇ ਤੋਂ ਇਹ ਗਾਉਂਦੇ ਸੁਣਦੇ ਹਾਂ:

“ਧਰਮੀ ਦੀ ਮਹਿਮਾ।”

ਪਰ ਮੈਂ ਆਖਿਆ, “ਮੇਰੇ ਲਈ ਕੋਈ ਆਸ ਨਹੀਂ, ਮੇਰੇ ਲਈ ਕੋਈ ਆਸ ਨਹੀਂ!

ਹਾਏ ਮੇਰੇ ਉੱਤੇ!

ਠੱਗਾਂ ਨੇ ਠੱਗੀ ਕੀਤੀ!

ਹਾਂ, ਠੱਗਾਂ ਨੇ ਠੱਗੀ ਕੀਤੀ!”

ਹੇ ਧਰਤੀ ਦੇ ਲੋਕੋ,

ਡਰ, ਟੋਆ ਅਤੇ ਫੰਦਾ ਤੁਹਾਡੀ ਉਡੀਕ ਵਿੱਚ ਹਨ।

ਜੋ ਕੋਈ ਦਹਿਸ਼ਤ ਦੀ ਆਵਾਜ਼ ਵਿੱਚ ਭੱਜਦਾ ਹੈ

ਇੱਕ ਟੋਏ ਵਿੱਚ ਡਿੱਗ ਜਾਵੇਗਾ।

ਜੋ ਕੋਈ ਟੋਏ ਵਿੱਚੋਂ ਚੜ੍ਹੇਗਾ

ਉਹ ਫੰਦੇ ਵਿੱਚ ਫਸ ਜਾਵੇਗਾ।

ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ,

ਧਰਤੀ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ।

ਧਰਤੀ ਪੂਰੀ ਤਰ੍ਹਾਂ ਹੀ ਟੁੱਟ ਗਈ,

ਧਰਤੀ ਪੂਰੀ ਤਰ੍ਹਾਂ ਹੀ ਪਾਟ ਗਈ,

ਧਰਤੀ ਪੂਰੀ ਤਰ੍ਹਾਂ ਹੀ ਹਿਲਾਈ ਗਈ।

ਧਰਤੀ ਸ਼ਰਾਬੀ ਵਾਂਙੁ ਹਿੱਲਦੀ ਹੈ,

ਉਹ ਹਵਾ ਵਿੱਚ ਝੌਂਪੜੀ ਵਾਂਗੂੰ ਹਿੱਲਦੀ ਹੈ।

ਇਸ ਦੀ ਬਗਾਵਤ ਦਾ ਦੋਸ਼ ਇਸ ਉੱਤੇ ਇੰਨਾ ਭਾਰਾ ਹੈ

ਕਿ ਇਹ ਡਿੱਗਦਾ ਹੈ, ਦੁਬਾਰਾ ਕਦੇ ਵੀ ਉੱਠਣ ਲਈ ਨਹੀਂ।

ਉਸ ਦਿਨ ਯਾਹਵੇਹ

ਉੱਪਰ ਅਕਾਸ਼ ਵਿੱਚ ਸ਼ਕਤੀਆਂ ਨੂੰ ਅਤੇ ਹੇਠਾਂ ਧਰਤੀ ਦੇ ਰਾਜਿਆਂ ਨੂੰ ਸਜ਼ਾ ਦੇਵੇਗਾ।

ਜਿਵੇਂ ਗੁਲਾਮ ਭੋਹਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ,

ਉਹ ਇਕੱਠੇ ਕੀਤੇ ਜਾਣਗੇ,

ਉਹ ਕੈਦ ਵਿੱਚ ਕੈਦ ਕੀਤੇ ਜਾਣਗੇ,

ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਸੁੱਧ ਲਈ ਜਾਵੇਗੀ।

ਚੰਦ ਘਬਰਾ ਜਾਵੇਗਾ,

ਸੂਰਜ ਸ਼ਰਮਿੰਦਾ ਹੋ ਜਾਵੇਗਾ;

ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਸੀਯੋਨ ਪਰਬਤ ਉੱਤੇ ਅਤੇ ਯੇਰੂਸ਼ਲੇਮ ਵਿੱਚ,

ਅਤੇ ਇਸ ਦੇ ਬਜ਼ੁਰਗਾਂ ਦੇ ਸਾਹਮਣੇ ਬਹੁਤ ਮਹਿਮਾ ਨਾਲ ਰਾਜ ਕਰੇਗਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.