Biblica® Open Punjabi Contemporary Version 2025
ਹੋਸ਼ੇਆ 13
ਯਾਹਵੇਹ ਦਾ ਇਸਰਾਏਲ ਉੱਤੇ ਕ੍ਰੋਧ
ਜਦੋਂ ਇਫ਼ਰਾਈਮ ਬੋਲਿਆ, ਲੋਕ ਕੰਬ ਗਏ।
ਉਹ ਇਸਰਾਏਲ ਵਿੱਚ ਉੱਚਾ ਹੋਇਆ।
ਪਰ ਉਹ ਬਆਲ ਦੀ ਉਪਾਸਨਾ ਦਾ ਦੋਸ਼ੀ ਹੋ ਗਿਆ ਅਤੇ ਮਰ ਗਿਆ।
ਹੁਣ ਉਹ ਵੱਧ ਤੋਂ ਵੱਧ ਪਾਪ ਕਰਦੇ ਹਨ।
ਉਹ ਆਪਣੀ ਚਾਂਦੀ ਤੋਂ ਆਪਣੇ ਲਈ ਮੂਰਤੀਆਂ ਬਣਾਉਂਦੇ ਹਨ,
ਚਤੁਰਾਈ ਨਾਲ ਬਣਾਈਆਂ ਗਈਆਂ ਮੂਰਤੀਆਂ,
ਇਹ ਸਭ ਕਾਰੀਗਰਾਂ ਦਾ ਕੰਮ ਹਨ।
ਇਨ੍ਹਾਂ ਲੋਕਾਂ ਬਾਰੇ ਕਿਹਾ ਗਿਆ ਹੈ,
“ਇਹ ਮਨੁੱਖਾਂ ਦੀਆਂ ਬਲੀਆਂ ਚੜ੍ਹਾਉਂਦੇ ਹਨ!
ਉਹ ਵੱਛੇ ਦੀਆਂ ਮੂਰਤੀਆਂ ਨੂੰ ਚੁੰਮਦੇ ਹਨ!”
ਇਸ ਲਈ ਉਹ ਸਵੇਰ ਦੀ ਧੁੰਦ ਵਰਗੇ ਹੋਣਗੇ,
ਤੜਕੇ ਦੀ ਤ੍ਰੇਲ ਵਰਗੇ ਹੋਣਗੇ ਜੋ ਗਾਇਬ ਹੋ ਜਾਂਦੀ ਹੈ,
ਪਿੜ ਵਿੱਚੋਂ ਤੂੜੀ ਵਾਂਗ,
ਖਿੜਕੀ ਵਿੱਚੋਂ ਨਿਕਲਦਾ ਧੂੰਆਂ ਵਰਗਾ ਹੋਵੇਗਾ।
“ਪਰ ਜਦੋਂ ਤੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਹੋ,
ਮੈਂ ਤੁਹਾਡਾ ਯਾਹਵੇਹ ਤੁਹਾਡਾ ਪਰਮੇਸ਼ਵਰ ਰਿਹਾ ਹਾਂ।
ਤੁਸੀਂ ਮੇਰੇ ਤੋਂ ਬਿਨਾਂ ਕਿਸੇ ਪਰਮੇਸ਼ਵਰ ਨੂੰ ਨਹੀਂ ਮੰਨੋਗੇ,
ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।
ਮੈਂ ਉਜਾੜ ਵਿੱਚ ਅਤੇ
ਤਪਦੀ ਧਰਤੀ ਵਿੱਚ ਤੇਰੀ ਪਰਵਾਹ ਕੀਤੀ।
ਜਦੋਂ ਮੈਂ ਉਨ੍ਹਾਂ ਨੂੰ ਖੁਆਇਆ ਤਾਂ ਉਹ ਰੱਜ ਗਏ।
ਜਦੋਂ ਉਹ ਸੰਤੁਸ਼ਟ ਹੋਏ, ਉਹ ਹੰਕਾਰੀ ਹੋਏ;
ਫਿਰ ਉਹ ਮੈਨੂੰ ਭੁੱਲ ਗਏ।
ਇਸ ਲਈ ਮੈਂ ਉਨ੍ਹਾਂ ਲਈ ਸ਼ੇਰ ਵਾਂਗੂੰ ਹੋਵਾਂਗਾ,
ਚੀਤੇ ਵਾਂਗੂੰ ਮੈਂ ਰਾਹ ਵਿੱਚ ਲੁਕਿਆ ਰਹਾਂਗਾ।
ਜਿਵੇਂ ਇੱਕ ਰਿੱਛ ਆਪਣੇ ਬੱਚਿਆਂ ਨੂੰ ਲੁਟ ਲੈਂਦਾ ਹੈ,
ਮੈਂ ਉਨ੍ਹਾਂ ਉੱਤੇ ਹਮਲਾ ਕਰਾਂਗਾ ਅਤੇ ਉਨ੍ਹਾਂ ਨੂੰ ਪਾੜ ਸੁੱਟਾਂਗਾ।
ਸ਼ੇਰ ਵਾਂਗੂੰ ਮੈਂ ਉਨ੍ਹਾਂ ਨੂੰ ਨਿਗਲ ਲਵਾਂਗਾ,
ਇੱਕ ਜੰਗਲੀ ਜਾਨਵਰ ਉਨ੍ਹਾਂ ਨੂੰ ਪਾੜ ਸੁੱਟੇਗਾ।
“ਹੇ ਇਸਰਾਏਲ, ਤੂੰ ਤਬਾਹ ਹੋ ਗਿਆ ਹੈ,
ਕਿਉਂਕਿ ਤੂੰ ਮੇਰੇ ਵਿਰੁੱਧ ਹੈ, ਆਪਣੇ ਸਹਾਇਕ ਦੇ ਵਿਰੁੱਧ ਹੈ।
ਤੇਰਾ ਰਾਜਾ ਕਿੱਥੇ ਹੈ ਜੋ ਤੈਨੂੰ ਬਚਾਵੇ?
ਤੁਹਾਡੇ ਸਾਰੇ ਨਗਰਾਂ ਵਿੱਚ ਤੁਹਾਡੇ ਹਾਕਮ ਕਿੱਥੇ ਹਨ,
ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ,
‘ਮੈਨੂੰ ਇੱਕ ਰਾਜਾ ਅਤੇ ਸਰਦਾਰ ਦਿਓ’?
ਇਸ ਲਈ ਮੈਂ ਆਪਣੇ ਕ੍ਰੋਧ ਵਿੱਚ ਤੁਹਾਨੂੰ ਇੱਕ ਰਾਜਾ ਦਿੱਤਾ,
ਅਤੇ ਆਪਣੇ ਕ੍ਰੋਧ ਵਿੱਚ ਮੈਂ ਉਹ ਨੂੰ ਖੋਹ ਲਿਆ।
ਇਫ਼ਰਾਈਮ ਦਾ ਦੋਸ਼ ਸੰਭਾਲਿਆ ਹੋਇਆ ਹੈ,
ਉਹ ਦੇ ਪਾਪ ਲੇਖ ਵਿੱਚ ਰੱਖੇ ਗਏ ਹਨ।
ਜਣੇਪੇ ਵਿੱਚ ਔਰਤ ਵਾਂਗ ਦੁੱਖ ਉਸ ਨੂੰ ਆਉਂਦੇ ਹਨ,
ਪਰ ਉਹ ਬੁੱਧੀ ਤੋਂ ਰਹਿਤ ਬੱਚਾ ਹੈ।
ਜਦੋਂ ਸਮਾਂ ਆਉਂਦਾ ਹੈ,
ਉਸ ਨੂੰ ਕੁੱਖ ਵਿੱਚੋਂ ਬਾਹਰ ਆਉਣ ਦੀ ਸਮਝ ਨਹੀਂ ਹੁੰਦੀ।
“ਮੈਂ ਇਨ੍ਹਾਂ ਲੋਕਾਂ ਨੂੰ ਕਬਰ ਦੀ ਸ਼ਕਤੀ ਤੋਂ ਬਚਾਵਾਂਗਾ।
ਮੈਂ ਉਨ੍ਹਾਂ ਨੂੰ ਮੌਤ ਤੋਂ ਛੁਡਾਵਾਂਗਾ।
ਹੇ ਮੌਤ, ਤੇਰੀਆਂ ਬਿਪਤਾਵਾਂ ਕਿੱਥੇ ਹਨ?
ਹੇ ਕਬਰ, ਤੇਰੀ ਤਬਾਹੀ ਕਿੱਥੇ ਹੈ?
“ਮੈਨੂੰ ਕੋਈ ਤਰਸ ਨਹੀਂ ਹੋਵੇਗਾ,
ਭਾਵੇਂ ਉਹ ਆਪਣੇ ਭਰਾਵਾਂ ਵਿੱਚ ਵਧਦਾ-ਫੁੱਲਦਾ ਹੈ।
ਯਾਹਵੇਹ ਵੱਲੋਂ ਇੱਕ ਪੂਰਬੀ ਹਵਾ ਆਵੇਗੀ,
ਮਾਰੂਥਲ ਵਿੱਚੋਂ ਵਗਦੀ ਹੈ;
ਉਹ ਦਾ ਝਰਨਾ ਮੁੱਕ ਜਾਵੇਗਾ
ਅਤੇ ਉਹ ਦਾ ਖੂਹ ਸੁੱਕ ਜਾਵੇਗਾ।
ਉਸ ਦਾ ਭੰਡਾਰਾ ਉਸ ਦੇ ਸਾਰੇ ਖ਼ਜ਼ਾਨਿਆਂ ਵਿੱਚੋਂ ਲੁੱਟਿਆ ਜਾਵੇਗਾ।
ਸਾਮਰਿਯਾ ਦੇ ਲੋਕਾਂ ਨੂੰ ਆਪਣਾ ਗੁਨਾਹ ਭੁਗਤਣਾ ਪਵੇਗਾ,
ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ।
ਉਹ ਤਲਵਾਰ ਨਾਲ ਡਿੱਗਣਗੇ;
ਉਨ੍ਹਾਂ ਦੇ ਨਿਆਣੇ ਜ਼ਮੀਨ ਤੇ ਚਕਨਾਚੂਰ ਕੀਤੇ ਜਾਣਗੇ,
ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਫਾੜ ਦਿੱਤਾ ਜਾਵੇਗਾ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.