Biblica® Open Punjabi Contemporary Version 2025
ਉਤਪਤ 48
ਮਨੱਸ਼ੇਹ ਅਤੇ ਇਫ਼ਰਾਈਮ
ਕੁਝ ਸਮੇਂ ਬਾਅਦ ਯੋਸੇਫ਼ ਨੂੰ ਦੱਸਿਆ ਗਿਆ ਕਿ ਤੇਰਾ ਪਿਤਾ ਬਿਮਾਰ ਹੈ। ਇਸ ਲਈ ਉਹ ਆਪਣੇ ਦੋ ਪੁੱਤਰਾਂ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲੈ ਗਿਆ। ਜਦੋਂ ਯਾਕੋਬ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਯੋਸੇਫ਼ ਤੇਰੇ ਕੋਲ ਆਇਆ ਹੈ। ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰਕੇ ਮੰਜੇ ਉੱਤੇ ਬੈਠ ਗਿਆ।
ਯਾਕੋਬ ਨੇ ਯੋਸੇਫ਼ ਨੂੰ ਆਖਿਆ, “ਸਰਵਸ਼ਕਤੀਮਾਨ ਪਰਮੇਸ਼ਵਰ ਨੇ ਕਨਾਨ ਦੇਸ਼ ਵਿੱਚ ਲੂਜ਼ ਕੋਲ ਮੈਨੂੰ ਦਰਸ਼ਨ ਦਿੱਤਾ ਅਤੇ ਉੱਥੇ ਉਸ ਨੇ ਮੈਨੂੰ ਬਰਕਤ ਦਿੱਤੀ ਹੈ। ਅਤੇ ਮੈਨੂੰ ਆਖਿਆ, ‘ਮੈਂ ਤੈਨੂੰ ਫਲਦਾਰ ਬਣਾਵਾਂਗਾ ਅਤੇ ਤੇਰੀ ਗਿਣਤੀ ਵਧਾਵਾਂਗਾ। ਮੈਂ ਤੁਹਾਨੂੰ ਲੋਕਾਂ ਦਾ ਇੱਕ ਸਮੂਹ ਬਣਾ ਦਿਆਂਗਾ, ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦਿਆਂਗਾ।’
“ਹੁਣ, ਤੇਰੇ ਦੋ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾ ਪੈਦਾ ਹੋਏ ਹਨ। ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ੇਹ ਮੇਰੇ ਹੀ ਪੁੱਤਰ ਹਨ। ਹੁਣ ਉਨ੍ਹਾਂ ਤੋਂ ਬਾਅਦ ਜੋ ਵੀ ਬੱਚੇ ਪੈਦਾ ਹੋਣਗੇ ਉਹ ਤੇਰੇ ਹੀ ਹੋਣਗੇ। ਉਹਨਾਂ ਨੂੰ ਵਿਰਾਸਤ ਵਿੱਚ ਮਿਲੇ ਇਲਾਕੇ ਵਿੱਚ ਉਹਨਾਂ ਦੇ ਭਰਾਵਾਂ ਦੇ ਨਾਂ ਨਾਲ ਗਿਣਿਆ ਜਾਵੇਗਾ। ਜਦੋਂ ਮੈਂ ਪਦਨ ਤੋਂ ਆ ਰਿਹਾ ਸੀ ਅਤੇ ਅਫ਼ਰਾਥ ਨੂੰ ਪਹੁੰਚਣ ਵਾਲਾ ਸੀ, ਤਾਂ ਰਾਖ਼ੇਲ ਦੀ ਮੌਤ ਦਾ ਸੋਗ ਮੇਰੇ ਉੱਤੇ ਆ ਪਿਆ। ਮੈਂ ਉਸਨੂੰ ਇਫ਼ਰਾਥ ਦੇ ਰਸਤੇ ਵਿੱਚ ਬੈਤਲਹਮ ਵਿੱਚ ਦਫ਼ਨਾਇਆ।”
ਜਦੋਂ ਇਸਰਾਏਲ ਨੇ ਯੋਸੇਫ਼ ਦੇ ਪੁੱਤਰਾਂ ਨੂੰ ਵੇਖਿਆ ਤਾਂ ਉਸ ਨੇ ਪੁੱਛਿਆ, “ਇਹ ਕੌਣ ਹਨ?”
ਯੋਸੇਫ਼ ਨੇ ਆਪਣੇ ਪਿਤਾ ਨੂੰ ਕਿਹਾ, “ਇਹ ਉਹ ਪੁੱਤਰ ਹਨ ਜੋ ਪਰਮੇਸ਼ਵਰ ਨੇ ਮੈਨੂੰ ਇੱਥੇ ਦਿੱਤੇ ਹਨ।”
ਤਦ ਇਸਰਾਏਲ ਨੇ ਆਖਿਆ, “ਉਹਨਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਹਨਾਂ ਨੂੰ ਬਰਕਤ ਦੇਵਾਂ।”
ਹੁਣ ਇਸਰਾਏਲ ਦੀਆਂ ਅੱਖਾਂ ਬੁੱਢੇ ਹੋਣ ਦੇ ਕਾਰਨ ਕਮਜ਼ੋਰ ਹੋ ਗਈਆਂ ਸਨ ਅਤੇ ਉਹ ਮੁਸ਼ਕਿਲ ਨਾਲ ਵੇਖ ਸਕਦਾ ਸੀ। ਇਸ ਲਈ ਯੋਸੇਫ਼ ਆਪਣੇ ਪੁੱਤਰਾਂ ਨੂੰ ਉਸਦੇ ਨੇੜੇ ਲਿਆਇਆ ਅਤੇ ਉਸਦੇ ਪਿਤਾ ਨੇ ਉਹਨਾਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਗਲੇ ਲਗਾਇਆ।
ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਮੈਂ ਕਦੇ ਵੀ ਤੇਰਾ ਮੂੰਹ ਫੇਰ ਵੇਖਣ ਦੀ ਉਮੀਦ ਨਹੀਂ ਕੀਤੀ ਅਤੇ ਹੁਣ ਪਰਮੇਸ਼ਵਰ ਨੇ ਮੈਨੂੰ ਤੇਰੇ ਬੱਚਿਆਂ ਨੂੰ ਵੀ ਵੇਖਣ ਦੀ ਇਜਾਜ਼ਤ ਦਿੱਤੀ ਹੈ।
ਤਦ ਯੋਸੇਫ਼ ਨੇ ਉਹਨਾਂ ਨੂੰ ਇਸਰਾਏਲ ਦੇ ਗੋਡਿਆਂ ਤੋਂ ਲਾਹ ਦਿੱਤਾ ਅਤੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ। ਅਤੇ ਯੋਸੇਫ਼ ਨੇ ਉਹਨਾਂ ਦੋਹਾਂ ਨੂੰ ਅਰਥਾਤ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਇਸਰਾਏਲ ਦੇ ਖੱਬੇ ਹੱਥ ਵੱਲ ਅਤੇ ਮਨੱਸ਼ੇਹ ਨੂੰ ਆਪਣੇ ਖੱਬੇ ਪਾਸੇ ਇਸਰਾਏਲ ਦੇ ਸੱਜੇ ਹੱਥ ਵੱਲ ਲਿਆ ਅਤੇ ਉਹਨਾਂ ਨੂੰ ਉਸਦੇ ਨੇੜੇ ਕੀਤਾ। ਪਰ ਇਸਰਾਏਲ ਨੇ ਆਪਣਾ ਸੱਜਾ ਹੱਥ ਵਧਾ ਕੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਭਾਵੇਂ ਉਹ ਛੋਟਾ ਸੀ ਅਤੇ ਆਪਣਾ ਖੱਬਾ ਹੱਥ ਮਨੱਸ਼ੇਹ ਦੇ ਸਿਰ ਉੱਤੇ ਰੱਖਿਆ। ਉਸਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਉਹ ਪਹਿਲੌਠਾ ਸੀ।
ਤਦ ਉਸ ਨੇ ਯੋਸੇਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,
ਉਹ ਪਰਮੇਸ਼ਵਰ ਜਿਸ ਦੇ ਅੱਗੇ ਮੇਰੇ ਪਿਉ-ਦਾਦਿਆਂ
ਅਬਰਾਹਾਮ ਅਤੇ ਇਸਹਾਕ ਵਫ਼ਾਦਾਰੀ ਨਾਲ ਚੱਲੇ,
ਉਹ ਪਰਮੇਸ਼ਵਰ ਜੋ ਅੱਜ ਤੱਕ ਮੇਰੀ ਸਾਰੀ ਉਮਰ ਮੇਰਾ ਚਰਵਾਹਾ ਰਿਹਾ ਹੈ। ਉਹ ਦੂਤ ਜਿਸ ਨੇ ਮੈਨੂੰ ਸਾਰੇ ਦੁੱਖਾਂ ਤੋਂ ਬਚਾਇਆ ਹੈ
ਉਹ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।
ਉਹ ਮੇਰੇ ਨਾਮ
ਅਤੇ ਮੇਰੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦੇ ਨਾਵਾਂ ਨਾਲ ਬੁਲਾਏ ਜਾਣ,
ਅਤੇ ਧਰਤੀ ਉੱਤੇ ਉਹ ਬਹੁਤ ਵੱਧਣ।
ਜਦੋਂ ਯੋਸੇਫ਼ ਨੇ ਆਪਣੇ ਪਿਤਾ ਨੂੰ ਇਫ਼ਰਾਈਮ ਦੇ ਸਿਰ ਉੱਤੇ ਸੱਜਾ ਹੱਥ ਰੱਖਦਿਆਂ ਵੇਖਿਆ ਤਾਂ ਉਸਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ। ਇਸ ਲਈ ਉਸਨੇ ਆਪਣੇ ਪਿਤਾ ਦਾ ਹੱਥ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹੱਥ ਹਟਾ ਕੇ ਮਨੱਸ਼ੇਹ ਦੇ ਸਿਰ ਉੱਤੇ ਰੱਖ ਦੇਵੇ। ਯੋਸੇਫ਼ ਨੇ ਉਹ ਨੂੰ ਆਖਿਆ, “ਨਹੀਂ ਮੇਰੇ ਪਿਤਾ ਜੀ ਇਹ ਜੇਠਾ ਹੈ। ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ।”
ਪਰ ਉਸ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੇਰੇ ਪੁੱਤਰ, ਮੈਂ ਜਾਣਦਾ ਹਾਂ। ਇਸ ਤੋਂ ਇੱਕ ਕੌਮ ਹੋਵੇਗੀ, ਅਤੇ ਉਹ ਵੀ ਮਹਾਨ ਬਣ ਜਾਵੇਗਾ। ਫਿਰ ਵੀ, ਇਸਦਾ ਛੋਟਾ ਭਰਾ ਇਸ ਨਾਲੋਂ ਵੱਡਾ ਹੋਵੇਗਾ, ਅਤੇ ਉਸਦੀ ਸੰਤਾਨ ਤੋਂ ਬਹੁਤ ਸਾਰੀਆਂ ਕੌਮਾਂ ਹੋਣਗੀਆਂ।” ਉਸ ਦਿਨ ਉਸ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਆਖਿਆ,
“ਇਸਰਾਏਲ ਤੇਰਾ ਨਾਮ ਲੈ ਕੇ ਅਤੇ ਇਹ ਆਖ ਕੇ ਬਰਕਤ ਦਿਆ ਕਰੇਗਾ:
‘ਪਰਮੇਸ਼ਵਰ ਤੁਹਾਨੂੰ ਇਫ਼ਰਾਈਮ ਅਤੇ ਮਨੱਸ਼ੇਹ ਵਰਗਾ ਬਣਾਵੇ।’ ”
ਇਸ ਲਈ ਉਸ ਨੇ ਇਫ਼ਰਾਈਮ ਨੂੰ ਮਨੱਸ਼ੇਹ ਤੋਂ ਅੱਗੇ ਰੱਖਿਆ।
ਤਦ ਇਸਰਾਏਲ ਨੇ ਯੋਸੇਫ਼ ਨੂੰ ਆਖਿਆ, “ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ਵਰ ਤੁਹਾਡੇ ਅੰਗ-ਸੰਗ ਹੋਵੇਗਾ ਅਤੇ ਤੁਹਾਨੂੰ ਤੁਹਾਡੇ ਪਿਉ ਦਾਦਿਆਂ ਦੇ ਦੇਸ਼ ਵਿੱਚ ਵਾਪਸ ਲੈ ਆਵੇਗਾ। ਅਤੇ ਮੈਂ ਤੈਨੂੰ ਤੇਰੇ ਭਰਾਵਾਂ ਨਾਲੋਂ ਇੱਕ ਜ਼ਮੀਨ ਦਾ ਇੱਕ ਵੱਧ ਉਪਜਾਊ ਹਿੱਸਾ ਦਿੱਤਾ ਹੈ, ਜੋ ਮੈਂ ਯੁੱਧ ਵਿੱਚ ਆਪਣੀ ਤਲਵਾਰ ਅਤੇ ਧਨੁੱਖ ਨਾਲ ਅਮੋਰੀਆਂ ਦੇ ਹੱਥੋਂ ਲੈ ਲਿਆ ਸੀ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.