Skip to content
BibleKenya

Biblica® Open Punjabi Contemporary Version 2025

ਉਤਪਤ 47

ਯੋਸੇਫ਼ ਨੇ ਜਾ ਕੇ ਫ਼ਿਰਾਊਨ ਨੂੰ ਕਿਹਾ, “ਮੇਰਾ ਪਿਤਾ ਅਤੇ ਭਰਾ ਆਪਣੇ ਇੱਜੜ ਅਤੇ ਵੱਗ ਸਭ ਕੁਝ ਦੇ ਸਮੇਤ, ਕਨਾਨ ਦੇਸ਼ ਤੋਂ ਆਏ ਹਨ ਅਤੇ ਹੁਣ ਗੋਸ਼ੇਨ ਵਿੱਚ ਹਨ।” ਉਸ ਨੇ ਆਪਣੇ ਪੰਜ ਭਰਾਵਾਂ ਨੂੰ ਚੁਣ ਕੇ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ।

ਫ਼ਿਰਾਊਨ ਨੇ ਭਰਾਵਾਂ ਨੂੰ ਪੁੱਛਿਆ, ਤੁਹਾਡਾ ਕੰਮ ਕੀ ਹੈ?

ਉਹਨਾਂ ਨੇ ਫ਼ਿਰਾਊਨ ਨੂੰ ਜਵਾਬ ਦਿੱਤਾ, “ਤੇਰੇ ਸੇਵਕ ਚਰਵਾਹੇ ਹਨ, ਜਿਵੇਂ ਸਾਡੇ ਪਿਉ-ਦਾਦੇ ਸਨ।” ਉਹਨਾਂ ਨੇ ਫ਼ਿਰਾਊਨ ਨੂੰ ਇਹ ਵੀ ਆਖਿਆ, “ਅਸੀਂ ਇੱਥੇ ਥੋੜ੍ਹੇ ਸਮੇਂ ਲਈ ਰਹਿਣ ਲਈ ਆਏ ਹਾਂ ਕਿਉਂ ਜੋ ਕਨਾਨ ਵਿੱਚ ਕਾਲ ਬਹੁਤ ਪਿਆ ਹੈ ਅਤੇ ਤੇਰੇ ਸੇਵਕਾਂ ਦੇ ਇੱਜੜਾਂ ਕੋਲ ਚਾਰਾ ਨਹੀਂ ਹੈ। ਇਸ ਲਈ ਹੁਣ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ।”

ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ, ਅਤੇ ਮਿਸਰ ਦੀ ਧਰਤੀ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਧਰਤੀ ਦੇ ਸਭ ਤੋਂ ਚੰਗੇ ਹਿੱਸੇ ਵਿੱਚ ਵਸਾ ਅਰਥਾਤ ਉਹਨਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ ਅਤੇ ਜੇਕਰ ਤੁਸੀਂ ਉਹਨਾਂ ਵਿੱਚੋਂ ਕਿਸੇ ਵਿਸ਼ੇਸ਼ ਯੋਗਤਾ ਵਾਲੇ ਨੂੰ ਜਾਣਦੇ ਹੋ, ਤਾਂ ਉਹਨਾਂ ਨੂੰ ਮੇਰੇ ਆਪਣੇ ਪਸ਼ੂਆਂ ਦਾ ਅਧਿਕਾਰੀ ਬਣਾ ਦਿਓ।”

ਤਦ ਯੋਸੇਫ਼ ਆਪਣੇ ਪਿਤਾ ਯਾਕੋਬ ਨੂੰ ਅੰਦਰ ਲਿਆਇਆ ਅਤੇ ਉਸ ਨੂੰ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ। ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ, ਫ਼ਿਰਾਊਨ ਨੇ ਯਾਕੋਬ ਨੂੰ ਪੁੱਛਿਆ, “ਤੇਰੀ ਉਮਰ ਕਿੰਨੀ ਹੈ?”

ਅਤੇ ਯਾਕੋਬ ਨੇ ਫ਼ਿਰਾਊਨ ਨੂੰ ਆਖਿਆ, “ਮੇਰੀ ਯਾਤਰਾ ਦੇ ਸਾਲ ਇੱਕ ਸੌ ਤੀਹ ਹਨ। ਮੇਰੇ ਸਾਲ ਥੋੜ੍ਹੇ ਅਤੇ ਔਖੇ ਸਨ, ਅਤੇ ਉਹ ਮੇਰੇ ਪਿਉ-ਦਾਦਿਆਂ ਦੀ ਯਾਤਰਾ ਦੇ ਸਾਲਾਂ ਦੇ ਬਰਾਬਰ ਨਹੀਂ ਹਨ।” ਤਦ ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ ਅਤੇ ਉਹ ਦੇ ਹਜ਼ੂਰੋਂ ਨਿੱਕਲ ਗਿਆ।

ਤਾਂ ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਮਿਸਰ ਵਿੱਚ ਵਸਾਇਆ ਅਤੇ ਉਹਨਾਂ ਨੂੰ ਜ਼ਮੀਨ ਦੇ ਉੱਤਮ ਹਿੱਸੇ ਵਿੱਚ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਕਿ ਫ਼ਿਰਾਊਨ ਨੇ ਕਿਹਾ ਸੀ, ਵਿਰਾਸਤ ਵਿੱਚ ਦਿੱਤੀ। ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਭੋਜਨ ਦਿੱਤਾ।

ਯੋਸੇਫ਼ ਅਤੇ ਕਾਲ

ਪਰ ਸਾਰੇ ਇਲਾਕੇ ਵਿੱਚ ਕੋਈ ਭੋਜਨ ਨਹੀਂ ਸੀ ਕਿਉਂਕਿ ਕਾਲ ਬਹੁਤ ਭਿਆਨਕ ਸੀ। ਕਾਲ ਦੇ ਕਾਰਨ ਮਿਸਰ ਅਤੇ ਕਨਾਨ ਦੋਵੇਂ ਬਰਬਾਦ ਹੋ ਗਏ। ਯੋਸੇਫ਼ ਨੇ ਉਹ ਸਾਰਾ ਧਨ ਜੋ ਮਿਸਰ ਅਤੇ ਕਨਾਨ ਵਿੱਚ ਉਹਨਾਂ ਦੇ ਖਰੀਦੇ ਹੋਏ ਅਨਾਜ ਦੇ ਬਦਲੇ ਮਿਲਣਾ ਸੀ ਇਕੱਠਾ ਕਰ ਲਿਆ ਅਤੇ ਉਹ ਫ਼ਿਰਾਊਨ ਦੇ ਮਹਿਲ ਵਿੱਚ ਲੈ ਆਇਆ। ਜਦੋਂ ਮਿਸਰ ਅਤੇ ਕਨਾਨ ਦੇ ਲੋਕਾਂ ਦਾ ਪੈਸਾ ਖਤਮ ਹੋ ਗਿਆ ਤਾਂ ਸਾਰਾ ਮਿਸਰ ਯੋਸੇਫ਼ ਕੋਲ ਆਇਆ ਅਤੇ ਆਖਿਆ, “ਸਾਨੂੰ ਭੋਜਨ ਦੇਹ। ਅਸੀਂ ਤੁਹਾਡੀਆਂ ਅੱਖਾਂ ਅੱਗੇ ਕਿਉਂ ਮਰੀਏ? ਸਾਡਾ ਸਾਰਾ ਪੈਸਾ ਖਤਮ ਹੋ ਗਿਆ ਹੈ।”

ਯੋਸੇਫ਼ ਨੇ ਆਖਿਆ, “ਫਿਰ ਆਪਣੇ ਪਸ਼ੂ ਲਿਆਓ ਅਤੇ ਮੈਂ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਬਦਲੇ ਭੋਜਨ ਵੇਚ ਦਿਆਂਗਾ, ਕਿਉਂਕਿ ਤੁਹਾਡਾ ਪੈਸਾ ਖਤਮ ਹੋ ਗਿਆ ਹੈ।” ਸੋ ਉਹ ਆਪਣੇ ਪਸ਼ੂ ਯੋਸੇਫ਼ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਘੋੜਿਆਂ, ਉਹਨਾਂ ਦੀਆਂ ਭੇਡਾਂ ਅਤੇ ਬੱਕਰੀਆਂ, ਉਹਨਾਂ ਦੇ ਪਸ਼ੂਆਂ ਅਤੇ ਗਧਿਆਂ ਦੇ ਬਦਲੇ ਭੋਜਨ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਸ਼ੂਆਂ ਦੇ ਬਦਲੇ ਉਹਨਾਂ ਨੂੰ ਭੋਜਨ ਖਵਾਇਆ।

ਜਦੋਂ ਉਹ ਸਾਲ ਬੀਤ ਗਿਆ ਤਾਂ ਅਗਲੇ ਸਾਲ ਉਹ ਉਸ ਦੇ ਕੋਲ ਆਏ ਅਤੇ ਕਿਹਾ, “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਨਹੀਂ ਛੁਪਾ ਸਕਦੇ ਕਿਉਂਕਿ ਸਾਡਾ ਧਨ ਖਤਮ ਹੋ ਗਿਆ ਹੈ ਅਤੇ ਸਾਡੇ ਪਸ਼ੂ ਤੁਹਾਡੇ ਹਨ, ਇਸ ਲਈ ਸਾਡੇ ਸੁਆਮੀ ਲਈ ਕੁਝ ਵੀ ਨਹੀਂ ਬਚਿਆ। ਸਾਡੇ ਸਰੀਰਾਂ ਅਤੇ ਸਾਡੀ ਧਰਤੀ ਨੂੰ ਛੱਡ ਕੇ। ਅਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਨਾਸ ਹੋਈਏ ਅਸੀਂ ਅਤੇ ਸਾਡੀ ਧਰਤੀ ਵੀ? ਸਾਨੂੰ ਅਤੇ ਸਾਡੀ ਧਰਤੀ ਨੂੰ ਭੋਜਨ ਦੇ ਬਦਲੇ ਮੁੱਲ ਲੈ ਲਓ, ਅਤੇ ਅਸੀਂ ਆਪਣੀ ਧਰਤੀ ਦੇ ਨਾਲ ਫ਼ਿਰਾਊਨ ਦੀ ਗ਼ੁਲਾਮੀ ਵਿੱਚ ਰਹਾਂਗੇ। ਸਾਨੂੰ ਬੀਜ ਦਿਓ ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਨਾ ਮਰੀਏ ਅਤੇ ਧਰਤੀ ਵਿਰਾਨ ਨਾ ਹੋ ਜਾਵੇ।”

ਇਸ ਲਈ ਯੋਸੇਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਾਊਨ ਲਈ ਖ਼ਰੀਦ ਲਈ। ਮਿਸਰੀਆਂ ਨੇ ਆਪਣੇ ਖੇਤ ਵੇਚ ਦਿੱਤੇ ਕਿਉਂਕਿ ਕਾਲ ਉਹਨਾਂ ਲਈ ਬਹੁਤ ਭਿਆਨਕ ਸੀ। ਧਰਤੀ ਫ਼ਿਰਾਊਨ ਦੀ ਹੋ ਗਈ, ਅਤੇ ਯੋਸੇਫ਼ ਨੇ ਮਿਸਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੋਕਾਂ ਨੂੰ ਗੁਲਾਮ ਬਣਾ ਦਿੱਤਾ। ਪਰ ਉਸ ਨੇ ਜਾਜਕਾਂ ਦੀ ਜ਼ਮੀਨ ਨਾ ਖਰੀਦੀ ਕਿਉਂ ਜੋ ਜਾਜਕਾਂ ਨੂੰ ਫਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਫ਼ਿਰਾਊਨ ਵੱਲੋਂ ਉਹਨਾਂ ਨੂੰ ਜੋ ਵੰਡ ਦਿੱਤੀ ਜਾਂਦੀ ਸੀ ਉਸ ਵਿੱਚੋਂ ਉਹਨਾਂ ਕੋਲ ਕਾਫ਼ੀ ਭੋਜਨ ਹੁੰਦਾ ਸੀ। ਇਸ ਲਈ ਉਹਨਾਂ ਨੇ ਆਪਣੀ ਜ਼ਮੀਨ ਨਹੀਂ ਵੇਚੀ।

ਯੋਸੇਫ਼ ਨੇ ਲੋਕਾਂ ਨੂੰ ਆਖਿਆ, “ਹੁਣ ਜਦੋਂ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਅੱਜ ਫ਼ਿਰਾਊਨ ਲਈ ਖਰੀਦ ਲਈ ਹੈ, ਇੱਥੇ ਤੁਹਾਡੇ ਲਈ ਬੀਜ ਹੈ ਤਾਂ ਜੋ ਤੁਸੀਂ ਜ਼ਮੀਨ ਬੀਜ ਸਕੋ। ਪਰ ਜਦੋਂ ਫ਼ਸਲ ਆਵੇ ਤਾਂ ਉਸ ਦਾ ਪੰਜਵਾਂ ਹਿੱਸਾ ਫ਼ਿਰਾਊਨ ਨੂੰ ਦੇ ਦਿਓ। ਬਾਕੀ ਦੇ ਚਾਰ-ਪੰਜਵੇਂ ਹਿੱਸੇ ਨੂੰ ਤੁਸੀਂ ਖੇਤਾਂ ਲਈ ਬੀਜ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਭੋਜਨ ਵਜੋਂ ਰੱਖ ਸਕਦੇ ਹੋ।”

ਉਹਨਾਂ ਆਖਿਆ, “ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਨੂੰ ਆਪਣੇ ਸੁਆਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਮਿਲੇ; ਅਸੀਂ ਫ਼ਿਰਾਊਨ ਦੇ ਗ਼ੁਲਾਮੀ ਵਿੱਚ ਰਹਾਂਗੇ।”

ਇਸ ਲਈ ਯੋਸੇਫ਼ ਨੇ ਮਿਸਰ ਵਿੱਚ ਜ਼ਮੀਨ ਦੇ ਸੰਬੰਧ ਵਿੱਚ ਇੱਕ ਕਾਨੂੰਨ ਬਣਾਇਆ ਜੋ ਅੱਜ ਵੀ ਲਾਗੂ ਹੈ, ਕਿ ਉਪਜ ਦਾ ਪੰਜਵਾਂ ਹਿੱਸਾ ਫ਼ਿਰਾਊਨ ਦਾ ਹੈ। ਪਰ ਸਿਰਫ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਉਹ ਫ਼ਿਰਾਊਨ ਦੀ ਨਹੀਂ ਹੋਈ।

ਹੁਣ ਇਸਰਾਏਲੀ ਮਿਸਰ ਵਿੱਚ ਗੋਸ਼ੇਨ ਦੇ ਇਲਾਕੇ ਵਿੱਚ ਵੱਸ ਗਏ। ਉਹਨਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਫਲਦਾਇਕ ਸਨ ਅਤੇ ਗਿਣਤੀ ਵਿੱਚ ਬਹੁਤ ਵਾਧਾ ਹੋਇਆ।

ਯਾਕੋਬ ਮਿਸਰ ਵਿੱਚ ਸਤਾਰਾਂ ਸਾਲ ਰਿਹਾ ਅਤੇ ਉਸ ਦੀ ਉਮਰ ਇੱਕ ਸੌ ਸੰਤਾਲੀ ਸਾਲ ਸੀ। ਜਦੋਂ ਇਸਰਾਏਲ ਦੇ ਮਰਨ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਆਪਣੇ ਪੁੱਤਰ ਯੋਸੇਫ਼ ਨੂੰ ਸੱਦ ਕੇ ਉਹ ਨੂੰ ਆਖਿਆ, “ਜੇ ਮੈਂ ਤੇਰੀ ਨਿਗਾਹ ਵਿੱਚ ਮਿਹਰਬਾਨੀ ਪਾਈ ਹੈ ਤਾਂ ਆਪਣਾ ਹੱਥ ਮੇਰੇ ਪੱਟ ਦੇ ਹੇਠਾਂ ਰੱਖ ਅਤੇ ਵਾਅਦਾ ਕਰ ਕਿ ਤੂੰ ਮੇਰੇ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਵੇਂਗਾ। ਮੈਨੂੰ ਮਿਸਰ ਵਿੱਚ ਨਾ ਦਫ਼ਨਾਓ, ਪਰ ਜਦੋਂ ਮੈਂ ਆਪਣੇ ਪਿਉ-ਦਾਦਿਆਂ ਨਾਲ ਮਿਲ ਜਾਵਾਂ, ਤਾਂ ਮੈਨੂੰ ਮਿਸਰ ਵਿੱਚੋਂ ਬਾਹਰ ਲੈ ਜਾਵੀ ਅਤੇ ਜਿੱਥੇ ਉਹ ਦੱਬੇ ਹੋਏ ਹਨ, ਉੱਥੇ ਮੈਨੂੰ ਦਫ਼ਨਾਓ।”

ਯੋਸੇਫ਼ ਨੇ ਕਿਹਾ, “ਮੈਂ ਉਹੀ ਕਰਾਂਗਾ ਜੋ ਤੁਸੀਂ ਕਹੋਗੇ।”

ਉਸ ਨੇ ਕਿਹਾ, “ਮੇਰੇ ਅੱਗੇ ਸਹੁੰ ਖਾਓ।” ਤਦ ਯੋਸੇਫ਼ ਨੇ ਉਸ ਨਾਲ ਸਹੁੰ ਖਾਧੀ, ਅਤੇ ਇਸਰਾਏਲ ਨੇ ਆਪਣੇ ਮੰਜੇ ਦੇ ਸਿਰਹਾਣੇ ਉੱਤੇ ਸਿਰ ਝੁਕਾ ਕੇ ਮੱਥਾ ਟੇਕਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.