Skip to content
BibleKenya

Biblica® Open Punjabi Contemporary Version 2025

ਉਤਪਤ 49

ਯਾਕੋਬ ਨੇ ਆਪਣੇ ਪੁੱਤਰਾਂ ਨੂੰ ਅਸੀਸ ਦਿੱਤੀ

ਤਦ ਯਾਕੋਬ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਅਤੇ ਕਿਹਾ, “ਇਕੱਠੇ ਹੋਵੋ ਤਾਂ ਜੋ ਮੈਂ ਤੁਹਾਨੂੰ ਦੱਸ ਸਕਾਂ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਕੀ ਵਾਪਰੇਗਾ।

“ਯਾਕੋਬ ਦੇ ਪੁੱਤਰੋ, ਇਕੱਠੇ ਹੋਵੋ ਅਤੇ ਸੁਣੋ;

ਆਪਣੇ ਪਿਤਾ ਇਸਰਾਏਲ ਨੂੰ ਸੁਣੋ।

“ਰਊਬੇਨ, ਤੂੰ ਮੇਰਾ ਜੇਠਾ ਹੈ,

ਮੇਰੀ ਸ਼ਕਤੀ, ਮੇਰੀ ਤਾਕਤ ਦਾ ਮੁੱਢ ਹੈ,

ਆਦਰ ਵਿੱਚ ਉੱਤਮ, ਸ਼ਕਤੀ ਵਿੱਚ ਉੱਤਮ ਹੈ।

ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਗਾ,

ਕਿਉਂ ਜੋ ਤੂੰ ਆਪਣੇ ਪਿਤਾ ਦੇ ਬਿਸਤਰੇ ਉੱਤੇ ਚੜ੍ਹ ਗਿਆ,

ਤੂੰ ਆਪਣੇ ਪਿਤਾ ਦੇ ਬਿਸਤਰੇ ਨੂੰ ਭ੍ਰਿਸ਼ਟ ਕੀਤਾ।

“ਸ਼ਿਮਓਨ ਅਤੇ ਲੇਵੀ ਭਰਾ ਹਨ,

ਉਹਨਾਂ ਦੀਆਂ ਤਲਵਾਰਾਂ ਜ਼ੁਲਮ ਦੇ ਹਥਿਆਰ ਹਨ।

ਮੈਨੂੰ ਉਹਨਾਂ ਦੀ ਸਭਾ ਵਿੱਚ ਨਾ ਜਾਣ ਦਿਓ,

ਮੈਨੂੰ ਉਹਨਾਂ ਦੀ ਸਭਾ ਵਿੱਚ ਸ਼ਾਮਲ ਨਾ ਹੋਣ ਦਿਓ,

ਕਿਉਂ ਜੋ ਉਹਨਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਮਾਰਿਆ ਹੈ

ਅਤੇ ਆਪਣੀ ਮਰਜ਼ੀ ਅਨੁਸਾਰ ਬਲਦਾਂ ਨੂੰ ਵੱਢ ਸੁੱਟਿਆ ਹੈ।

ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂ ਜੋ ਉਹ ਭਿਅੰਕਰ ਸੀ;

ਉਹਨਾਂ ਦਾ ਕਹਿਰ, ਇੰਨਾ ਜ਼ਾਲਮ ਸੀ!

ਮੈਂ ਉਹਨਾਂ ਨੂੰ ਯਾਕੋਬ ਵਿੱਚ ਖਿਲਾਰ ਦਿਆਂਗਾ

ਅਤੇ ਇਸਰਾਏਲ ਵਿੱਚ ਖਿਲਾਰ ਦਿਆਂਗਾ।

“ਹੇ ਯਹੂਦਾਹ1, ਤੇਰੇ ਭਰਾ ਤੇਰੀ ਉਸਤਤ ਕਰਨਗੇ,

ਤੇਰਾ ਹੱਥ ਤੇਰੇ ਵੈਰੀਆਂ ਦੀ ਗਰਦਨ ਉੱਤੇ ਹੋਵੇਗਾ;

ਤੇਰੇ ਪਿਉ ਦੇ ਪੁੱਤਰ ਤੈਨੂੰ ਮੱਥਾ ਟੇਕਣਗੇ।

ਹੇ ਯਹੂਦਾਹ, ਤੂੰ ਸ਼ੇਰ ਦਾ ਬੱਚਾ ਹੈ,

ਮੇਰੇ ਪੁੱਤਰ, ਤੂੰ ਸ਼ਿਕਾਰ ਮਾਰ ਕੇ ਆਇਆ ਹੈ।

ਸ਼ੇਰ ਵਾਂਗੂੰ ਝੁਕ ਕੇ ਲੇਟਦਾ ਹੈ,

ਸ਼ੇਰਨੀ ਵਾਂਗ, ਕੌਣ ਉਸ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ?

ਯਹੂਦਾਹ ਤੋਂ ਰਾਜਦੰਡ ਨਾ ਹਟੇਗਾ,

ਨਾ ਹਾਕਮ ਦੀ ਲਾਠੀ ਉਸ ਦੇ ਪੈਰਾਂ ਦੇ ਵਿਚਕਾਰੋਂ,

ਜਦ ਤੱਕ ਉਹ ਜਿਹ ਦੇ ਕੋਲ ਨਾ ਆਵੇ

ਅਤੇ ਕੌਮਾਂ ਦੀ ਆਗਿਆਕਾਰੀ ਉਹ ਦੀ ਹੋਵੇਗੀ।

ਉਹ ਆਪਣੇ ਖੋਤੇ ਨੂੰ ਅੰਗੂਰੀ ਵੇਲ ਨਾਲ,

ਆਪਣੀ ਗਧੀ ਦੇ ਬੱਚੇ ਨੂੰ ਸਭ ਤੋਂ ਵੱਧੀਆ ਦਾਖ ਦੇ ਬੂਟੇ ਨਾਲ ਬੰਨ੍ਹੇਗਾ।

ਉਹ ਆਪਣੇ ਬਸਤਰ ਮੈਅ ਵਿੱਚ ਧੋਵੇਗਾ,

ਅੰਗੂਰਾਂ ਦੇ ਲਹੂ ਵਿੱਚ ਆਪਣੇ ਬਸਤਰ ਧੋਵੇਗਾ।

ਉਹ ਦੀਆਂ ਅੱਖਾਂ ਦਾਖ਼ਰਸ ਨਾਲੋਂ ਗੂੜ੍ਹੀਆਂ ਹੋਣਗੀਆਂ,

ਉਸਦੇ ਦੰਦ ਦੁੱਧ ਨਾਲੋਂ ਚਿੱਟੇ ਹੋਣਗੇ।

“ਜ਼ਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ

ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ;

ਉਸਦੀ ਸਰਹੱਦ ਸੀਦੋਨ ਵੱਲ ਵੱਧੇਗੀ।

“ਯਿੱਸਾਕਾਰ ਬਲਵੰਤ ਗਧਾ ਹੈ

ਜਿਹੜਾ ਭੇਡਾਂ ਦੇ ਵਾੜੇ ਵਿਚਕਾਰ ਪਿਆ ਹੋਇਆ ਹੈ।

ਜਦੋਂ ਉਹ ਵੇਖਦਾ ਹੈ ਕਿ ਉਸਦਾ ਆਰਾਮ ਸਥਾਨ ਕਿੰਨਾ ਚੰਗਾ ਹੈ

ਅਤੇ ਉਸਦੀ ਧਰਤੀ ਕਿੰਨੀ ਸੁਹਾਵਣੀ ਹੈ,

ਉਹ ਆਪਣੇ ਮੋਢੇ ਨੂੰ ਬੋਝ ਚੁੱਕਣ ਵੱਲ ਮੋੜੇਗਾ

ਅਤੇ ਜਬਰੀ ਮਜ਼ਦੂਰੀ ਦੇ ਅਧੀਨ ਹੋਵੋ।

“ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ ਆਪਣੇ ਲੋਕਾਂ ਲਈ ਨਿਆਂ ਕਰੇਗਾ।

ਦਾਨ ਸੜਕ ਦੇ ਕਿਨਾਰੇ ਇੱਕ ਸੱਪ ਹੋਵੇਗਾ,

ਰਾਹ ਵਿੱਚ ਇੱਕ ਸੱਪ,

ਜੋ ਘੋੜੇ ਦੀ ਅੱਡੀ ਨੂੰ ਡੰਗ ਮਾਰਦਾ ਹੈ

ਤਾਂ ਜੋ ਉਸ ਦਾ ਸਵਾਰ ਪਿੱਛੇ ਡਿੱਗ ਜਾਵੇ।

“ਹੇ ਯਾਹਵੇਹ, ਮੈਂ ਤੇਰਾ ਛੁਟਕਾਰਾ ਭਾਲਦਾ ਹਾਂ।

“ਗਾਦ ਉੱਤੇ ਹਮਲਾਵਰਾਂ ਦੇ ਇੱਕ ਜੱਥੇ ਦੁਆਰਾ ਹਮਲਾ ਕੀਤਾ ਜਾਵੇਗਾ,

ਪਰ ਉਹ ਉਹਨਾਂ ਦੀ ਅੱਡੀ ਉੱਤੇ ਹਮਲਾ ਕਰੇਗਾ।

“ਆਸ਼ੇਰ ਦਾ ਭੋਜਨ ਉੱਤਮ ਹੋਵੇਗਾ;

ਉਹ ਸੁਆਦਲੇ ਸ਼ਾਹੀ ਭੋਜਨ ਦੇਵੇਗਾ।

“ਨਫ਼ਤਾਲੀ ਇੱਕ ਸੁਤੰਤਰ ਹਿਰਨੀ ਹੈ,

ਉਹ ਸੁੰਦਰ ਗੱਲਾਂ ਬੋਲਦਾ ਹੈ।

ਯੋਸੇਫ਼ ਇੱਕ ਫਲਦਾਇਕ ਦਾਖ਼ਲਤਾ ਹੈ,

ਜੋ ਸੋਤੇ ਕੋਲ ਲੱਗੀ ਹੋਈ ਇੱਕ ਫਲਦਾਇਕ ਦਾਖ਼ਲਤਾ,

ਜਿਸ ਦੀਆ ਟਾਹਣੀਆਂ ਕੰਧ ਉੱਤੇ ਚੜ੍ਹ ਜਾਂਦੀਆਂ ਹਨ।

ਤੀਰ-ਅੰਦਾਜ਼ਾਂ ਨੇ ਉਹ ਨੂੰ ਸਤਾਇਆ

ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।

ਪਰ ਉਹ ਦਾ ਧਣੁੱਖ ਤਕੜਾ ਰਿਹਾ,

ਉਹ ਦੀਆਂ ਬਾਹਾਂ ਤਕੜੀਆਂ ਰਹੀਆਂ,

ਇਹ ਯਾਕੋਬ ਦੇ ਸਰਵਸ਼ਕਤੀਮਾਨ ਦੇ ਹੱਥ ਦੇ ਕਾਰਨ ਸੀ,

ਜੋ ਇਸਰਾਏਲ ਦਾ ਅਯਾਲੀ ਅਤੇ ਚੱਟਾਨ ਹੈ,

ਤੇਰੇ ਪਿਤਾ ਦੇ ਪਰਮੇਸ਼ਵਰ ਜੋ ਤੇਰੀ ਮਦਦ ਕਰਦਾ ਹੈ,

ਸਰਵਸ਼ਕਤੀਮਾਨ ਦੇ ਕਾਰਨ ਜੋ ਤੈਨੂੰ ਬਰਕਤਾਂ ਦਿੰਦਾ ਹੈ,

ਉਹ ਤੁਹਾਨੂੰ ਉੱਪਰ ਅਕਾਸ਼ ਦੀਆਂ ਬਰਕਤਾਂ ਨਾਲ,

ਹੇਠਾਂ ਡੂੰਘੇ ਚਸ਼ਮੇ ਦੀਆਂ ਬਰਕਤਾਂ,

ਛਾਤੀ ਅਤੇ ਗਰਭ ਦੀਆਂ ਬਰਕਤਾਂ ਨਾਲ ਅਸੀਸ ਦੇਵੇ।

ਤੁਹਾਡੇ ਪਿਤਾ ਦੀਆਂ ਬਰਕਤਾਂ

ਤੁਹਾਡੇ ਪਿਉ ਦਾਦਿਆਂ ਦੀਆਂ ਬਰਕਤਾਂ ਨਾਲੋਂ,

ਪੁਰਾਣੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਵੱਧ ਹਨ।

ਇਹ ਸਭ ਯੋਸੇਫ਼ ਦੇ ਸਿਰ ਉੱਤੇ,

ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।

“ਬਿਨਯਾਮੀਨ ਇੱਕ ਪਾੜਨ ਵਾਲਾ ਬਘਿਆੜ ਹੈ;

ਸਵੇਰ ਨੂੰ ਉਹ ਸ਼ਿਕਾਰ ਨੂੰ ਖਾ ਜਾਂਦਾ ਹੈ,

ਸ਼ਾਮ ਨੂੰ ਉਹ ਲੁੱਟ ਨੂੰ ਵੰਡਦਾ ਹੈ।”

ਇਹ ਸਾਰੇ ਇਸਰਾਏਲ ਦੇ ਬਾਰਾਂ ਗੋਤ ਹਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇਹ ਗੱਲ ਆਖੀ ਸੀ ਜਦੋਂ ਉਸਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਹਰ ਇੱਕ ਨੂੰ ਉਸ ਦੇ ਲਈ ਢੁਕਵੀਂ ਬਰਕਤ ਦਿੱਤੀ।

ਯਾਕੋਬ ਦੀ ਮੌਤ

ਤਦ ਉਸ ਨੇ ਉਹਨਾਂ ਨੂੰ ਇਹ ਹਿਦਾਇਤਾਂ ਦਿੱਤੀਆਂ: “ਮੈਂ ਆਪਣੇ ਲੋਕਾਂ ਵਿੱਚ ਮਿਲਣ ਵਾਲਾ ਹਾਂ। ਮੈਨੂੰ ਮੇਰੇ ਪਿਉ-ਦਾਦਿਆਂ ਦੇ ਨਾਲ ਇਫਰੋਨ ਹਿੱਤੀ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਓ, ਕਨਾਨ ਵਿੱਚ ਮਮਰੇ ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ, ਜਿਸ ਨੂੰ ਅਬਰਾਹਾਮ ਨੇ ਇਫਰੋਨ ਹਿੱਤੀ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ। ਉੱਥੇ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਨੂੰ ਦੱਬਿਆ ਗਿਆ, ਉੱਥੇ ਇਸਹਾਕ ਅਤੇ ਉਸ ਦੀ ਪਤਨੀ ਰਿਬਕਾਹ ਨੂੰ ਦੱਬਿਆ ਗਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ ਗਿਆ ਸੀ। ਉਸਨੇ ਹਿੱਤੀਆਂ ਤੋਂ ਗੁਫ਼ਾ ਸਮੇਤ ਖੇਤ ਖਰੀਦਿਆ।”

ਜਦੋਂ ਯਾਕੋਬ ਆਪਣੇ ਪੁੱਤਰਾਂ ਨੂੰ ਉਪਦੇਸ਼ ਦੇ ਕੇ ਹਟਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਵੱਲ ਖਿੱਚੇ ਅਤੇ ਸਾਹ ਲਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ।

Source notes (1)
  1. Footnote ਯਹੂਦਾਹ ਅਰਥ ਧੰਨਵਾਦ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.