Skip to content
BibleKenya

Biblica® Open Punjabi Contemporary Version 2025

ਉਤਪਤ 43

ਮਿਸਰ ਵੱਲ ਦੂਸਰਾ ਸਫ਼ਰ

ਹੁਣ ਦੇਸ਼ ਵਿੱਚ ਕਾਲ ਅਜੇ ਵੀ ਸਖ਼ਤ ਸੀ। ਜਦੋਂ ਉਹਨਾਂ ਨੇ ਮਿਸਰ ਤੋਂ ਲਿਆਏ ਹੋਏ ਸਾਰੇ ਅੰਨ ਖਾ ਲਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਆਖਿਆ, ਵਾਪਸ ਜਾਓ ਅਤੇ ਸਾਡੇ ਲਈ ਕੁਝ ਹੋਰ ਭੋਜਨ ਖਰੀਦੋ।

ਪਰ ਯਹੂਦਾਹ ਨੇ ਉਸ ਨੂੰ ਕਿਹਾ, “ਉਸ ਆਦਮੀ ਨੇ ਸਾਨੂੰ ਸਾਵਧਾਨ ਕੀਤਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਿੰਨਾ ਚਿਰ ਤੁਹਾਡਾ ਭਰਾ ਤੁਹਾਡੇ ਨਾਲ ਨਹੀਂ ਆਵੇਗਾ।’ ਜੇਕਰ ਤੁਸੀਂ ਸਾਡੇ ਭਰਾ ਨੂੰ ਸਾਡੇ ਨਾਲ ਭੇਜੋਂਗੇ ਤਾਂ ਅਸੀਂ ਜਾਵਾਂਗੇ। ਹੇਠਾਂ ਅਤੇ ਤੁਹਾਡੇ ਲਈ ਭੋਜਨ ਖਰੀਦ ਕੇ ਲੈ ਆਵਾਂਗੇ। ਪਰ ਜੇ ਤੁਸੀਂ ਉਹ ਨੂੰ ਨਾ ਭੇਜੋਂਗੇ ਤਾਂ ਅਸੀਂ ਹੇਠਾਂ ਨਹੀਂ ਜਾਵਾਂਗੇ ਕਿਉਂਕਿ ਉਸ ਮਨੁੱਖ ਨੇ ਸਾਨੂੰ ਕਿਹਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਦ ਤੱਕ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ।’ ”

ਇਸਰਾਏਲ ਨੇ ਪੁੱਛਿਆ, “ਤੂੰ ਉਸ ਆਦਮੀ ਨੂੰ ਇਹ ਕਹਿ ਕੇ ਮੇਰੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ ਕਿ ਤੇਰਾ ਇੱਕ ਹੋਰ ਭਰਾ ਹੈ?”

ਉਹਨਾਂ ਨੇ ਉੱਤਰ ਦਿੱਤਾ, “ਉਸ ਆਦਮੀ ਨੇ ਸਾਡੇ ਬਾਰੇ ਅਤੇ ਸਾਡੇ ਪਰਿਵਾਰ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ। ‘ਕੀ ਤੁਹਾਡੇ ਪਿਤਾ ਜੀ ਅਜੇ ਵੀ ਜਿਉਂਦਾ ਹਨ?’ ਉਸ ਨੇ ਸਾਨੂੰ ਪੁੱਛਿਆ। ‘ਕੀ ਤੁਹਾਡਾ ਕੋਈ ਹੋਰ ਭਰਾ ਹੈ?’ ਅਸੀਂ ਸਿਰਫ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਸਾਨੂੰ ਕਿਵੇਂ ਪਤਾ ਲੱਗਾ ਕਿ ਉਹ ਕਹੇਗਾ, ‘ਆਪਣੇ ਭਰਾ ਨੂੰ ਇੱਥੇ ਲਿਆਓ’?”

ਤਦ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਲੜਕੇ ਨੂੰ ਮੇਰੇ ਨਾਲ ਭੇਜ ਅਤੇ ਅਸੀਂ ਉਸੇ ਵੇਲੇ ਚੱਲੇ ਜਾਵਾਂਗੇ ਤਾਂ ਜੋ ਅਸੀਂ ਅਤੇ ਤੁਸੀਂ ਅਤੇ ਸਾਡੇ ਬੱਚੇ ਜੀਉਂਦੇ ਰਹੀਏ ਅਤੇ ਨਾ ਮਰੀਏ। ਮੈਂ ਆਪ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਦਾ ਹਾਂ। ਤੁਸੀਂ ਮੈਨੂੰ ਉਸ ਲਈ ਨਿੱਜੀ ਤੌਰ ਉੱਤੇ ਜ਼ਿੰਮੇਵਾਰ ਠਹਿਰਾ ਸਕਦੇ ਹੋ। ਜੇ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਅਤੇ ਇੱਥੇ ਤੁਹਾਡੇ ਸਾਹਮਣੇ ਖੜ੍ਹਾ ਨਾ ਕੀਤਾ, ਤਾਂ ਮੈਂ ਸਾਰੀ ਉਮਰ ਤੁਹਾਡੇ ਅੱਗੇ ਦੋਸ਼ ਝੱਲਾਂਗਾ। ਜੇਕਰ ਅਸੀਂ ਦੇਰੀ ਨਾ ਕੀਤੀ ਹੁੰਦੀ, ਤਾਂ ਅਸੀਂ ਦੋ ਵਾਰ ਜਾ ਕੇ ਮੁੜ ਸਕਦੇ ਸੀ।”

ਤਦ ਉਹਨਾਂ ਦੇ ਪਿਤਾ ਇਸਰਾਏਲ ਨੇ ਉਹਨਾਂ ਨੂੰ ਆਖਿਆ, “ਜੇਕਰ ਅਜਿਹਾ ਹੈ ਤਾਂ ਇਸ ਤਰ੍ਹਾਂ ਕਰੋ ਕਿ ਦੇਸ਼ ਦੇ ਕੁਝ ਉੱਤਮ ਪਦਾਰਥਾਂ ਨੂੰ ਆਪਣੇ ਥੈਲਿਆਂ ਵਿੱਚ ਪਾਓ ਅਤੇ ਉਸ ਮਨੁੱਖ ਲਈ ਤੋਹਫ਼ੇ ਵਜੋਂ ਲੈ ਜਾਓ-ਇੱਕ ਛੋਟਾ ਮਲਮ ਅਤੇ ਥੋੜਾ ਜਿਹਾ ਸ਼ਹਿਦ, ਕੁਝ ਮਸਾਲੇ ਅਤੇ ਗੰਧਰਸ, ਕੁਝ ਪਿਸਤਾ ਅਤੇ ਬਦਾਮ। ਦੁੱਗਣੀ ਚਾਂਦੀ ਆਪਣੇ ਨਾਲ ਲੈ ਜਾਉ, ਕਿਉਂਕਿ ਜਿਹੜੀ ਚਾਂਦੀ ਤੁਹਾਡੀਆਂ ਬੋਰੀਆਂ ਦੇ ਮੂੰਹ ਵਿੱਚ ਪਾਈ ਗਈ ਸੀ, ਉਹ ਤੁਹਾਨੂੰ ਵਾਪਸ ਕਰਨੀ ਚਾਹੀਦੀ ਹੈ। ਸ਼ਾਇਦ ਇਹ ਇੱਕ ਗਲਤੀ ਸੀ। ਆਪਣੇ ਭਰਾ ਨੂੰ ਵੀ ਲੈ ਜਾ ਅਤੇ ਉਸੇ ਵੇਲੇ ਉਸ ਆਦਮੀ ਕੋਲ ਵਾਪਸ ਚਲਾ ਜਾ। ਅਤੇ ਸਰਵਸ਼ਕਤੀਮਾਨ ਪਰਮੇਸ਼ਵਰ ਉਸ ਮਨੁੱਖ ਦੇ ਅੱਗੇ ਤੁਹਾਡੇ ਉੱਤੇ ਦਯਾ ਕਰੇ ਤਾਂ ਜੋ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਵਾਪਸ ਆਉਣ ਦੇਵੇ। ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਤਾਂ ਹੁਣ ਇਸ ਤਰਾਂ ਹੋਣ ਦਿਉ।”

ਸੋ ਮਨੁੱਖਾਂ ਨੇ ਤੋਹਫ਼ੇ ਅਤੇ ਚਾਂਦੀ ਦਾ ਦੁੱਗਣਾ ਮੁੱਲ ਅਤੇ ਬਿਨਯਾਮੀਨ ਨੂੰ ਵੀ ਲੈ ਲਏ। ਉਹ ਜਲਦੀ ਮਿਸਰ ਨੂੰ ਗਏ ਅਤੇ ਆਪਣੇ ਆਪ ਨੂੰ ਯੋਸੇਫ਼ ਦੇ ਸਾਹਮਣੇ ਪੇਸ਼ ਕੀਤਾ। ਜਦੋਂ ਯੋਸੇਫ਼ ਨੇ ਬਿਨਯਾਮੀਨ ਨੂੰ ਉਹਨਾਂ ਦੇ ਨਾਲ ਵੇਖਿਆ ਤਾਂ ਉਸਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਕਿਹਾ, “ਇਨ੍ਹਾਂ ਮਨੁੱਖਾਂ ਨੂੰ ਮੇਰੇ ਘਰ ਲੈ ਜਾ, ਇੱਕ ਜਾਨਵਰ ਵੱਢੋ ਅਤੇ ਭੋਜਨ ਤਿਆਰ ਕਰੋ। ਉਹ ਮੇਰੇ ਨਾਲ ਦੁਪਹਿਰ ਨੂੰ ਖਾਣਾ ਖਾਣਗੇ।”

ਉਸ ਮਨੁੱਖ ਨੇ ਯੋਸੇਫ਼ ਦੇ ਕਹਿਣ ਅਨੁਸਾਰ ਕੀਤਾ ਅਤੇ ਉਹਨਾਂ ਨੂੰ ਯੋਸੇਫ਼ ਦੇ ਘਰ ਲੈ ਗਿਆ। ਜਦੋਂ ਉਹ ਮਨੁੱਖ ਉਸ ਦੇ ਘਰ ਲੈ ਗਏ ਤਾਂ ਉਹ ਡਰ ਗਏ। ਉਹਨਾਂ ਨੇ ਸੋਚਿਆ, “ਸਾਨੂੰ ਇੱਥੇ ਉਸ ਚਾਂਦੀ ਦੇ ਕਾਰਨ ਲਿਆਂਦਾ ਗਿਆ ਹੈ ਜੋ ਪਹਿਲੀ ਵਾਰ ਸਾਡੀਆਂ ਬੋਰੀਆਂ ਵਿੱਚ ਵਾਪਸ ਪਾਈ ਗਈ ਸੀ। ਉਹ ਸਾਡੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਗੁਲਾਮ ਬਣਾ ਕੇ ਸਾਡੇ ਗਧਿਆਂ ਨੂੰ ਖੋਹ ਲੈਣਾ ਚਾਹੁੰਦਾ ਹੈ।”

ਸੋ ਉਹ ਯੋਸੇਫ਼ ਦੇ ਮੁਖ਼ਤਿਆਰ ਕੋਲ ਗਏ ਅਤੇ ਘਰ ਦੇ ਦਰਵਾਜ਼ੇ ਉੱਤੇ ਉਸ ਨਾਲ ਗੱਲਾਂ ਕੀਤੀਆਂ। ਉਹਨਾਂ ਨੇ ਆਖਿਆ, “ਸਾਡੇ ਮਹਾਰਾਜ, ਅਸੀਂ ਤੁਹਾਡੀ ਮਾਫ਼ੀ ਮੰਗਦੇ ਹਾਂ, ਅਸੀਂ ਇੱਥੇ ਪਹਿਲੀ ਵਾਰ ਭੋਜਨ ਖਰੀਦਣ ਆਏ ਹਾਂ। ਪਰ ਜਿੱਥੇ ਅਸੀਂ ਰਾਤ ਲਈ ਰੁਕੇ ਸੀ ਉੱਥੇ ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਹਰੇਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ। ਇਸ ਲਈ ਅਸੀਂ ਇਸਨੂੰ ਆਪਣੇ ਨਾਲ ਵਾਪਸ ਲੈ ਆਏ ਹਾਂ। ਅਸੀਂ ਭੋਜਨ ਖਰੀਦਣ ਲਈ ਆਪਣੇ ਨਾਲ ਵਾਧੂ ਚਾਂਦੀ ਵੀ ਲਿਆਏ ਹਾਂ। ਅਸੀਂ ਨਹੀਂ ਜਾਣਦੇ ਕਿ ਸਾਡੀ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਪਾਈ ਹੈ।”

ਉਸ ਨੇ ਕਿਹਾ, “ਸਭ ਠੀਕ ਹੈ, ਡਰੋ ਨਾ। ਤੁਹਾਡੇ ਪਿਤਾ ਦੇ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਬੋਰੀਆਂ ਵਿੱਚ ਖਜ਼ਾਨਾ ਦਿੱਤਾ ਹੈ, ਮੈਨੂੰ ਤੁਹਾਡੀ ਚਾਂਦੀ ਮਿਲੀ ਹੈ।” ਤਦ ਉਹ ਸ਼ਿਮਓਨ ਨੂੰ ਬਾਹਰ ਉਹਨਾਂ ਕੋਲ ਲੈ ਆਇਆ।

ਮੁਖ਼ਤਿਆਰ ਉਹਨਾਂ ਆਦਮੀਆਂ ਨੂੰ ਯੋਸੇਫ਼ ਦੇ ਘਰ ਲੈ ਗਿਆ, ਉਹਨਾਂ ਨੂੰ ਉਹਨਾਂ ਦੇ ਪੈਰ ਧੋਣ ਲਈ ਪਾਣੀ ਦਿੱਤਾ ਅਤੇ ਉਹਨਾਂ ਦੇ ਗਧਿਆਂ ਲਈ ਚਾਰਾ ਦਿੱਤਾ। ਉਹਨਾਂ ਨੇ ਦੁਪਹਿਰ ਵੇਲੇ ਯੋਸੇਫ਼ ਦੇ ਆਉਣ ਲਈ ਆਪਣੇ ਤੋਹਫ਼ੇ ਤਿਆਰ ਕੀਤੇ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਉਹਨਾਂ ਨੇ ਉੱਥੇ ਖਾਣਾ ਹੈ।

ਜਦੋਂ ਯੋਸੇਫ਼ ਘਰ ਆਇਆ, ਤਾਂ ਉਹਨਾਂ ਨੇ ਜੋ ਸੁਗਾਤਾਂ ਘਰ ਵਿੱਚ ਲਿਆਂਦੀਆਂ ਸਨ, ਉਸ ਨੂੰ ਭੇਟ ਕੀਤੀਆਂ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਝੁਕ ਗਏ। ਉਸ ਨੇ ਉਹਨਾਂ ਨੂੰ ਸੁੱਖ-ਸਾਂਦ ਪੁੱਛਿਆ ਅਤੇ ਫਿਰ ਉਸ ਨੇ ਕਿਹਾ, “ਤੁਹਾਡਾ ਬਜ਼ੁਰਗ ਪਿਤਾ ਕਿਵੇਂ ਹੈ, ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਅਜੇ ਵੀ ਜੀਉਂਦਾ ਹੈ?”

ਉਹਨਾਂ ਨੇ ਉੱਤਰ ਦਿੱਤਾ, ਤੁਹਾਡਾ ਦਾਸ ਸਾਡਾ ਪਿਤਾ ਅਜੇ ਜੀਉਂਦਾ ਅਤੇ ਚੰਗਾ ਹੈ ਅਤੇ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ।

ਜਦੋਂ ਉਸ ਨੇ ਆਪਣੇ ਭਰਾ ਬਿਨਯਾਮੀਨ ਨੂੰ ਆਪਣੀ ਮਾਂ ਦੇ ਪੁੱਤਰ ਨੂੰ ਵੇਖਿਆ, ਉਸ ਨੇ ਪੁੱਛਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਅਤੇ ਉਸ ਨੇ ਕਿਹਾ, “ਮੇਰੇ ਪੁੱਤਰ, ਪਰਮੇਸ਼ਵਰ ਤੇਰੇ ਉੱਤੇ ਮਿਹਰ ਕਰੇ।” ਆਪਣੇ ਭਰਾ ਨੂੰ ਵੇਖ ਕੇ ਯੋਸੇਫ਼ ਬਹੁਤ ਦੁਖੀ ਹੋਇਆ ਅਤੇ ਛੇਤੀ ਨਾਲ ਬਾਹਰ ਨਿੱਕਲਿਆ ਅਤੇ ਰੋਣ ਲਈ ਥਾਂ ਭਾਲਣ ਲੱਗਾ। ਉਹ ਆਪਣੇ ਨਿੱਜੀ ਕਮਰੇ ਵਿੱਚ ਗਿਆ ਅਤੇ ਉੱਥੇ ਰੋਇਆ।

ਉਹ ਆਪਣਾ ਮੂੰਹ ਧੋ ਕੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਕੇ ਬੋਲਿਆ, ਭੋਜਨ ਪਰੋਸੋ।

ਤਾਂ ਉਹਨਾਂ ਨੇ ਯੋਸੇਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਸ ਦੇ ਨਾਲ ਖਾਂਦੇ ਸਨ ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ। ਉਹ ਮਨੁੱਖ ਉਸ ਦੇ ਸਾਹਮਣੇ ਆਪਣੀ ਉਮਰ ਦੇ ਕ੍ਰਮ ਅਨੁਸਾਰ, ਜੇਠੇ ਤੋਂ ਲੈ ਕੇ ਸਭ ਤੋਂ ਛੋਟੇ ਤੱਕ ਬਿਰਾਜਮਾਨ ਸਨ ਅਤੇ ਉਹਨਾਂ ਨੇ ਹੈਰਾਨੀ ਨਾਲ ਇੱਕ-ਦੂਜੇ ਵੱਲ ਦੇਖਿਆ। ਜਦੋਂ ਯੋਸੇਫ਼ ਦੀ ਮੇਜ਼ ਤੋਂ ਉਹਨਾਂ ਨੂੰ ਭੋਜਨ ਪਰੋਸਿਆ ਜਾਂਦਾ ਸੀ, ਤਾਂ ਬਿਨਯਾਮੀਨ ਦਾ ਹਿੱਸਾ ਹਰ ਕਿਸੇ ਨਾਲੋਂ ਪੰਜ ਗੁਣਾ ਜ਼ਿਆਦਾ ਹੁੰਦਾ ਸੀ। ਇਸ ਲਈ ਉਹਨਾਂ ਨੇ ਦਾਅਵਤ ਕੀਤੀ ਅਤੇ ਉਸ ਨਾਲ ਖੁੱਲ੍ਹ ਕੇ ਖਾਧਾ ਪੀਤਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.