Skip to content
BibleKenya

Biblica® Open Punjabi Contemporary Version 2025

ਉਤਪਤ 44

ਬੋਰੀ ਵਿੱਚ ਚਾਂਦੀ ਦਾ ਪਿਆਲਾ

ਹੁਣ ਯੋਸੇਫ਼ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਇਹ ਹਿਦਾਇਤ ਦਿੱਤੀ, “ਇਨ੍ਹਾਂ ਮਨੁੱਖਾਂ ਦੀਆਂ ਬੋਰੀਆਂ ਵਿੱਚ ਜਿੰਨਾ ਭੋਜਨ ਉਹ ਚੁੱਕ ਸਕਦੇ ਹਨ ਭਰੋ ਅਤੇ ਹਰੇਕ ਆਦਮੀ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਵਿੱਚ ਪਾਓ। ਫੇਰ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਭਰਾ ਦੀ ਬੋਰੀ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖ ਦੇਣਾ।” ਅਤੇ ਉਸਨੇ ਯੋਸੇਫ਼ ਦੇ ਕਹੇ ਅਨੁਸਾਰ ਕੀਤਾ।

ਜਦੋਂ ਸਵੇਰ ਹੋਈ ਤਾਂ ਮਨੁੱਖਾਂ ਨੂੰ ਆਪਣੇ ਗਧਿਆਂ ਸਮੇਤ ਰਾਹ ਵਿੱਚ ਭੇਜਿਆ ਗਿਆ। ਉਹ ਸ਼ਹਿਰ ਤੋਂ ਬਹੁਤੇ ਦੂਰ ਨਹੀਂ ਗਏ ਸਨ ਕਿ ਯੋਸੇਫ਼ ਨੇ ਆਪਣੇ ਮੁਖ਼ਤਿਆਰ ਨੂੰ ਕਿਹਾ, “ਉਹਨਾਂ ਮਨੁੱਖਾਂ ਦੇ ਪਿੱਛੇ ਤੁਰੋ ਅਤੇ ਜਦੋਂ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਆਖੋ, ‘ਤੁਸੀਂ ਭਲਿਆਈ ਦਾ ਬਦਲਾ ਬੁਰਾਈ ਨਾਲ ਕਿਉਂ ਲਿਆ ਹੈ? ਕੀ ਇਹ ਉਹ ਪਿਆਲਾ ਨਹੀਂ ਜਿਸ ਤੋਂ ਮੇਰਾ ਮਾਲਕ ਪੀਂਦਾ ਹੈ ਅਤੇ ਭਵਿੱਖਬਾਣੀ ਕਰਨ ਲਈ ਵੀ ਵਰਤਦਾ ਹੈ? ਇਹ ਇੱਕ ਬੁਰਾ ਕੰਮ ਹੈ ਜੋ ਤੁਸੀਂ ਕੀਤਾ ਹੈ।’ ”

ਜਦੋਂ ਉਸਨੇ ਉਹਨਾਂ ਨੂੰ ਫੜ ਲਿਆ ਅਤੇ ਉਸਨੇ ਉਹਨਾਂ ਨੂੰ ਉਹ ਸ਼ਬਦ ਦੁਹਰਾਏ। ਪਰ ਉਹਨਾਂ ਨੇ ਉਸ ਨੂੰ ਆਖਿਆ, “ਮੇਰਾ ਮਾਲਕ ਇਹੋ ਜਿਹੀਆਂ ਗੱਲਾਂ ਕਿਉਂ ਆਖਦਾ ਹੈ? ਤੇਰੇ ਸੇਵਕਾਂ ਤੋਂ ਅਜਿਹਾ ਕੁਝ ਕਰਨਾ ਦੂਰ ਹੋਵੇ! ਅਸੀਂ ਕਨਾਨ ਦੇਸ਼ ਤੋਂ ਉਹ ਚਾਂਦੀ ਤੁਹਾਡੇ ਕੋਲ ਵਾਪਸ ਲਿਆਏ ਹਾਂ, ਜੋ ਅਸੀਂ ਆਪਣੀਆਂ ਬੋਰੀਆਂ ਦੇ ਮੂੰਹਾਂ ਵਿੱਚ ਪਾਈ ਸੀ। ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਉਂ ਚੁਰਾਵਾਂਗੇ? ਜੇਕਰ ਤੁਹਾਡੇ ਕਿਸੇ ਸੇਵਕ ਕੋਲ ਇਹ ਲੱਭੇਗਾ ਤਾਂ ਉਹ ਮਾਰਿਆ ਜਾਵੇਗਾ ਅਤੇ ਅਸੀਂ ਬਾਕੀ ਦੇ ਮੇਰੇ ਮਾਲਕ ਦੇ ਗੁਲਾਮ ਬਣ ਜਾਵਾਂਗੇ।”

ਤਦ ਉਸ ਨੇ ਕਿਹਾ, “ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਹੋਣ ਦਿਓ। ਜਿਸ ਕੋਲ ਇਹ ਮਿਲ ਗਿਆ ਉਹ ਮੇਰਾ ਗੁਲਾਮ ਬਣ ਜਾਵੇਗਾ ਪਰ ਤੁਸੀਂ ਦੋਸ਼ ਤੋਂ ਮੁਕਤ ਹੋਵੋਗੇ।”

ਉਹਨਾਂ ਵਿੱਚੋਂ ਹਰੇਕ ਨੇ ਝੱਟ ਆਪਣੀ ਬੋਰੀ ਜ਼ਮੀਨ ਉੱਤੇ ਉਤਾਰ ਦਿੱਤੀ ਅਤੇ ਉਸ ਨੂੰ ਖੋਲ੍ਹਿਆ। ਫਿਰ ਮੁਖ਼ਤਿਆਰ ਖੋਜ ਕਰਨ ਲਈ ਅੱਗੇ ਵਧਿਆ, ਸਭ ਤੋਂ ਵੱਡੀ ਉਮਰ ਦੇ ਨਾਲ ਸ਼ੁਰੂ ਹੋਇਆ ਅਤੇ ਸਭ ਤੋਂ ਛੋਟੇ ਨਾਲ ਖਤਮ ਹੋਇਆ ਅਤੇ ਪਿਆਲਾ ਬਿਨਯਾਮੀਨ ਦੀ ਬੋਰੀ ਵਿੱਚੋਂ ਮਿਲਿਆ। ਇਸ ਉੱਤੇ ਉਹਨਾਂ ਨੇ ਆਪਣੇ ਕੱਪੜੇ ਪਾੜ ਦਿੱਤੇ। ਤਦ ਉਹ ਸਾਰੇ ਆਪਣੇ ਗਧਿਆਂ ਉੱਤੇ ਲੱਦ ਕੇ ਸ਼ਹਿਰ ਨੂੰ ਪਰਤ ਗਏ।

ਯੋਸੇਫ਼ ਅਜੇ ਘਰ ਵਿੱਚ ਹੀ ਸੀ ਕਿ ਯਹੂਦਾਹ ਅਤੇ ਉਹ ਦੇ ਭਰਾ ਅੰਦਰ ਆਏ ਅਤੇ ਉਹ ਦੇ ਅੱਗੇ ਜ਼ਮੀਨ ਉੱਤੇ ਡਿੱਗ ਪਏ। ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਤੁਸੀਂ ਇਹ ਕੀ ਕੀਤਾ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਵਰਗਾ ਆਦਮੀ ਭਵਿੱਖਬਾਣੀ ਦੁਆਰਾ ਚੀਜ਼ਾਂ ਦਾ ਪਤਾ ਲਗਾ ਸਕਦਾ ਹੈ?”

ਯਹੂਦਾਹ ਨੇ ਜਵਾਬ ਦਿੱਤਾ, “ਅਸੀਂ ਆਪਣੇ ਮਾਲਕ ਨੂੰ ਕੀ ਆਖੀਏ? ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਆਪਣੀ ਬੇਗੁਨਾਹੀ ਕਿਵੇਂ ਸਾਬਤ ਕਰ ਸਕਦੇ ਹਾਂ? ਪਰਮੇਸ਼ਵਰ ਨੇ ਤੁਹਾਡੇ ਸੇਵਕਾਂ ਦੇ ਦੋਸ਼ ਨੂੰ ਉਜਾਗਰ ਕੀਤਾ ਹੈ। ਅਸੀਂ ਹੁਣ ਮੇਰੇ ਮਾਲਕ ਦੇ ਦਾਸ ਹਾਂ ਅਸੀਂ ਖੁਦ ਅਤੇ ਉਹ ਵੀ ਜਿਸ ਕੋਲ ਪਿਆਲਾ ਪਾਇਆ ਗਿਆ ਸੀ।”

ਪਰ ਯੋਸੇਫ਼ ਨੇ ਆਖਿਆ, “ਅਜਿਹਾ ਕਰਨਾ ਮੇਰੇ ਤੋਂ ਦੂਰ ਰਹੇ! ਸਿਰਫ ਉਹੀ ਬੰਦਾ ਜਿਸ ਕੋਲ ਪਿਆਲਾ ਪਾਇਆ ਗਿਆ ਸੀ, ਉਹੀ ਮੇਰਾ ਗੁਲਾਮ ਬਣ ਜਾਵੇਗਾ। ਬਾਕੀ ਤੁਸੀਂ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਵਾਪਸ ਚਲੇ ਜਾਓ।”

ਤਦ ਯਹੂਦਾਹ ਨੇ ਉਹ ਦੇ ਕੋਲ ਜਾ ਕੇ ਆਖਿਆ, “ਆਪਣੇ ਦਾਸ ਨੂੰ ਮਾਫ਼ ਕਰੋ, ਹੇ ਮੇਰੇ ਮਾਲਕ, ਮੈਨੂੰ ਆਪਣੇ ਮਾਲਕ ਨੂੰ ਇੱਕ ਗੱਲ ਕਹਿਣ ਦਿਓ ਅਤੇ ਆਪਣੇ ਸੇਵਕ ਉੱਤੇ ਗੁੱਸਾ ਨਾ ਕਰ, ਭਾਵੇਂ ਤੂੰ ਆਪ ਫ਼ਿਰਾਊਨ ਦੇ ਬਰਾਬਰ ਹੈ। ਮੇਰੇ ਮਾਲਕ ਨੇ ਆਪਣੇ ਸੇਵਕਾਂ ਨੂੰ ਪੁੱਛਿਆ, ‘ਕੀ ਤੁਹਾਡਾ ਕੋਈ ਪਿਤਾ ਜਾਂ ਭਰਾ ਹੈ?’ ਅਤੇ ਅਸੀਂ ਉੱਤਰ ਦਿੱਤਾ, ‘ਸਾਡਾ ਇੱਕ ਬਜ਼ੁਰਗ ਪਿਤਾ ਹੈ ਅਤੇ ਬੁਢਾਪੇ ਵਿੱਚ ਉਸ ਦੇ ਘਰ ਇੱਕ ਜਵਾਨ ਪੁੱਤਰ ਨੇ ਜਨਮ ਲਿਆ ਹੈ। ਉਸਦਾ ਭਰਾ ਮਰ ਗਿਆ ਹੈ, ਅਤੇ ਉਸਦੀ ਮਾਂ ਦੇ ਪੁੱਤਰਾਂ ਵਿੱਚੋਂ ਇੱਕਲੌਤਾ ਬਚਿਆ ਹੈ, ਅਤੇ ਉਸਦਾ ਪਿਤਾ ਉਸਨੂੰ ਪਿਆਰ ਕਰਦਾ ਹੈ।’

“ਤਦ ਤੁਸੀਂ ਆਪਣੇ ਸੇਵਕਾਂ ਨੂੰ ਕਿਹਾ, ‘ਉਸ ਨੂੰ ਮੇਰੇ ਕੋਲ ਹੇਠਾਂ ਲਿਆਓ ਤਾਂ ਜੋ ਮੈਂ ਉਸਨੂੰ ਖੁਦ ਵੇਖ ਸਕਾਂ।’ ਅਤੇ ਅਸੀਂ ਆਪਣੇ ਮਾਲਕ ਨੂੰ ਕਿਹਾ, ‘ਮੁੰਡਾ ਆਪਣੇ ਪਿਤਾ ਨੂੰ ਨਹੀਂ ਛੱਡ ਸਕਦਾ ਕਿਉਂਕਿ ਜੇਕਰ ਉਹ ਉਸਨੂੰ ਛੱਡ ਦਿੰਦਾ ਹੈ, ਤਾਂ ਉਸਦਾ ਪਿਤਾ ਮਰ ਜਾਵੇਗਾ।’ ਪਰ ਤੁਸੀਂ ਆਪਣੇ ਸੇਵਕਾਂ ਨੂੰ ਕਿਹਾ ਸੀ, ‘ਜਦ ਤੱਕ ਤੁਹਾਡਾ ਸਭ ਤੋਂ ਛੋਟਾ ਭਰਾ ਤੁਹਾਡੇ ਨਾਲ ਨਹੀਂ ਆਉਂਦਾ, ਤੁਸੀਂ ਮੇਰਾ ਮੂੰਹ ਨਹੀਂ ਵੇਖੋਂਗੇ।’ ਜਦੋਂ ਅਸੀਂ ਤੁਹਾਡੇ ਸੇਵਕ ਸਾਡੇ ਪਿਤਾ ਕੋਲ ਵਾਪਸ ਗਏ, ਅਸੀਂ ਉਸ ਨੂੰ ਦੱਸਿਆ ਕਿ ਮੇਰੇ ਮਾਲਕ ਨੇ ਕੀ ਕਿਹਾ ਸੀ।

“ਤਦ ਸਾਡੇ ਪਿਤਾ ਨੇ ਕਿਹਾ, ‘ਵਾਪਸ ਜਾ ਕੇ ਥੋੜ੍ਹਾ ਹੋਰ ਭੋਜਨ ਖਰੀਦੋ।’ ਪਰ ਅਸੀਂ ਕਿਹਾ, ‘ਅਸੀਂ ਹੇਠਾਂ ਨਹੀਂ ਜਾ ਸਕਦੇ। ਜੇਕਰ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਹੈ ਤਾਂ ਹੀ ਅਸੀਂ ਜਾਵਾਂਗੇ। ਅਸੀਂ ਉਸ ਆਦਮੀ ਦਾ ਮੂੰਹ ਨਹੀਂ ਦੇਖ ਸਕਦੇ ਜਦੋਂ ਤੱਕ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਨਾ ਹੋਵੇ।’

“ਤੁਹਾਡੇ ਸੇਵਕ ਮੇਰੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ। ਉਹਨਾਂ ਵਿੱਚੋਂ ਇੱਕ ਮੇਰੇ ਕੋਲੋਂ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਜ਼ਰੂਰ ਪਾੜਿਆ ਗਿਆ ਹੈ, ਅਤੇ ਉਦੋਂ ਤੋਂ ਮੈਂ ਉਸਨੂੰ ਨਹੀਂ ਦੇਖਿਆ ਹੈ। ਜੇਕਰ ਤੁਸੀਂ ਇਸ ਨੂੰ ਵੀ ਮੇਰੇ ਕੋਲੋਂ ਲੈ ਲਵੋ ਅਤੇ ਕੋਈ ਬਿਪਤਾ ਉਸ ਤੇ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।’

“ਸੋ ਹੁਣ, ਜੇਕਰ ਉਹ ਮੁੰਡਾ ਮੇਰੇ ਜਾਣ ਵੇਲੇ ਸਾਡੇ ਨਾਲ ਨਾ ਹੋਵੇ। ਆਪਣੇ ਦਾਸ ਮੇਰੇ ਪਿਤਾ ਕੋਲ ਵਾਪਸ ਜਾਓ, ਅਤੇ ਜੇਕਰ ਮੇਰਾ ਪਿਤਾ, ਜਿਸ ਦੀ ਜ਼ਿੰਦਗੀ ਇਸ ਮੁੰਡੇ ਦੇ ਜੀਵਨ ਨਾਲ ਜੁੜੀ ਹੋਈ ਹੈ, ਜਦ ਉਹ ਇਹ ਵੇਖੇ ਕਿ ਲੜਕਾ ਨਾਲ ਨਹੀਂ ਹੈ, ਤਾਂ ਉਹ ਮਰ ਜਾਵੇਗਾ। ਤੁਹਾਡੇ ਸੇਵਕ ਸਾਡੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ। ਤੁਹਾਡੇ ਸੇਵਕ ਨੇ ਆਪਣੇ ਪਿਤਾ ਨੂੰ ਇਹ ਆਖ ਕੇ ਲੜਕੇ ਦੀ ਜ਼ਿੰਮੇਵਾਰੀ ਲਈ ਹੈ ਕਿ ਜੇਕਰ ਮੈਂ ਉਸਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ, ਤਾਂ ਮੇਰੇ ਪਿਤਾ ਦਾ ਮੈਂ ਸਾਰੀ ਉਮਰ ਦੋਸ਼ੀ ਹੋਵਾਗਾ।

“ਹੁਣ ਕਿਰਪਾ ਕਰਕੇ ਆਪਣੇ ਸੇਵਕ ਨੂੰ ਇੱਥੇ ਮੇਰੇ ਮਾਲਕ ਦਾ ਗ਼ੁਲਾਮ ਬਣ ਕੇ ਰਹਿਣ ਦਿਓ। ਲੜਕੇ ਦੀ ਜਗ੍ਹਾ ਅਤੇ ਲੜਕੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਓ। ਜੇ ਲੜਕਾ ਮੇਰੇ ਨਾਲ ਨਹੀਂ ਹੈ ਤਾਂ ਮੈਂ ਆਪਣੇ ਪਿਤਾ ਕੋਲ ਵਾਪਸ ਕਿਵੇਂ ਜਾ ਸਕਦਾ ਹਾਂ? ਨਹੀਂ! ਮੈਨੂੰ ਉਹ ਦੁੱਖ ਨਾ ਦੇਖਣ ਦਿਓ ਜੋ ਮੇਰੇ ਪਿਤਾ ਉੱਤੇ ਆਵੇਗਾ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.