Skip to content
BibleKenya

Biblica® Open Punjabi Contemporary Version 2025

ਉਤਪਤ 42

ਯੋਸੇਫ਼ ਦੇ ਭਰਾ ਮਿਸਰ ਨੂੰ ਚਲੇ ਗਏ

ਜਦੋਂ ਯਾਕੋਬ ਨੂੰ ਪਤਾ ਲੱਗਾ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਇੱਕ-ਦੂਜੇ ਦੇ ਵੱਲ ਕਿਉਂ ਦੇਖਦੇ ਹੋ? ਉਸਨੇ ਅੱਗੇ ਕਿਹਾ, “ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅਨਾਜ ਹੈ। ਉੱਥੇ ਜਾ ਕੇ ਸਾਡੇ ਲਈ ਕੁਝ ਖਰੀਦ ਲੈ ਆਓ, ਤਾਂ ਜੋ ਅਸੀਂ ਜਿਉਂਦੇ ਰਹੀਏ ਅਤੇ ਮਰੀਏ ਨਾਂ।”

ਤਦ ਯੋਸੇਫ਼ ਦੇ ਦਸ ਭਰਾ ਮਿਸਰ ਤੋਂ ਅਨਾਜ ਖਰੀਦਣ ਲਈ ਗਏ। ਪਰ ਯਾਕੋਬ ਨੇ ਯੋਸੇਫ਼ ਦੇ ਭਰਾ ਬਿਨਯਾਮੀਨ ਨੂੰ ਹੋਰਨਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਹ ਡਰਦਾ ਸੀ ਕਿ ਕਿਤੇ ਉਸ ਉੱਤੇ ਕੋਈ ਬਿਪਤਾ ਨਾ ਆ ਪਵੇ। ਇਸ ਲਈ ਇਸਰਾਏਲ ਦੇ ਪੁੱਤਰ ਵੀ ਉਹਨਾਂ ਵਿੱਚੋਂ ਸਨ ਜਿਹੜੇ ਅਨਾਜ ਲੈਣ ਗਏ ਸਨ, ਕਿਉਂ ਜੋ ਕਨਾਨ ਦੇਸ਼ ਵਿੱਚ ਵੀ ਕਾਲ ਪੈ ਗਿਆ ਸੀ।

ਹੁਣ ਯੋਸੇਫ਼ ਉਸ ਧਰਤੀ ਦਾ ਹਾਕਮ ਸੀ, ਜਿਹੜਾ ਉਸ ਦੇ ਸਾਰੇ ਲੋਕਾਂ ਨੂੰ ਅਨਾਜ਼ ਵੇਚਦਾ ਸੀ। ਇਸ ਲਈ ਜਦੋਂ ਯੋਸੇਫ਼ ਦੇ ਭਰਾ ਆਏ, ਤਾਂ ਉਹਨਾਂ ਨੇ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਨੂੰ ਮੱਥਾ ਟੇਕਿਆ। ਜਿਵੇਂ ਹੀ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਪਛਾਣ ਲਿਆ ਪਰ ਪਰਾਏ ਹੋਣ ਦਾ ਦਿਖਾਵਾ ਕੀਤਾ ਅਤੇ ਉਹਨਾਂ ਨਾਲ ਸਖ਼ਤੀ ਨਾਲ ਗੱਲ ਕੀਤੀ। ਉਸ ਨੇ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?”

ਫਿਰ ਉਹਨਾਂ ਨੇ ਜਵਾਬ ਦਿੱਤਾ, “ਕਨਾਨ ਦੀ ਧਰਤੀ ਤੋਂ ਭੋਜਨ ਖਰੀਦਣ ਲਈ ਆਏ ਹਾਂ।”

ਭਾਵੇਂ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਪਛਾਣਿਆ ਪਰ ਉਹਨਾਂ ਨੇ ਉਸ ਨੂੰ ਨਾ ਪਛਾਣਿਆ। ਤਦ ਯੋਸੇਫ਼ ਨੇ ਉਹਨਾਂ ਬਾਰੇ ਆਪਣੇ ਸੁਪਨੇ ਚੇਤੇ ਕੀਤੇ ਅਤੇ ਉਹਨਾਂ ਨੂੰ ਆਖਿਆ, ਤੁਸੀਂ ਜਾਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ।

ਉਹਨਾਂ ਨੇ ਉੱਤਰ ਦਿੱਤਾ, “ਨਹੀਂ, ਮੇਰੇ ਮਾਲਕ! ਤੁਹਾਡੇ ਸੇਵਕ ਭੋਜਨ ਖਰੀਦਣ ਆਏ ਹਨ। ਅਸੀਂ ਸਾਰੇ ਇੱਕੋ ਮਨੁੱਖ ਦੇ ਪੁੱਤਰ ਹਾਂ। ਤੇਰੇ ਸੇਵਕ ਇਮਾਨਦਾਰ ਹਨ, ਜਾਸੂਸ ਨਹੀਂ ਹਾਂ।”

ਉਸ ਨੇ ਉਹਨਾਂ ਨੂੰ ਕਿਹਾ, “ਨਹੀਂ! ਤੁਸੀਂ ਇਹ ਦੇਖਣ ਆਏ ਹੋ ਕਿ ਸਾਡੀ ਧਰਤੀ ਕਿੰਨੀ ਕਮਜ਼ੋਰ ਹੋ ਗਈ ਹੈ।”

ਪਰ ਉਹਨਾਂ ਨੇ ਉੱਤਰ ਦਿੱਤਾ, “ਤੇਰੇ ਸੇਵਕ ਬਾਰਾਂ ਭਰਾ ਹਨ ਅਤੇ ਇੱਕੋ ਹੀ ਮਨੁੱਖ ਦੇ ਪੁੱਤਰ ਹਾਂ, ਜੋ ਕਨਾਨ ਦੇਸ਼ ਵਿੱਚ ਰਹਿੰਦਾ ਸੀ। ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਹੈ, ਅਤੇ ਇੱਕ ਨਹੀਂ ਰਿਹਾ।”

ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਤੁਸੀਂ ਜਾਸੂਸ ਹੋ! ਅਤੇ ਇਸ ਤਰ੍ਹਾਂ ਤੁਹਾਡੀ ਪਰਖ ਕੀਤੀ ਜਾਵੇਗੀ, ਫ਼ਿਰਾਊਨ ਦੇ ਜੀਵਨ ਦੀ ਸਹੁੰ ਤੁਸੀਂ ਇਸ ਥਾਂ ਨੂੰ ਛੱਡ ਕੇ ਨਹੀਂ ਜਾਵੋਂਗੇ ਜਦੋਂ ਤੱਕ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆਉਂਦਾ। ਤੁਸੀਂ ਆਪਣੇ ਵਿੱਚੋਂ ਇੱਕ ਨੂੰ ਭੇਜੋ ਕਿ ਉਹ ਤੁਹਾਡੇ ਭਰਾ ਨੂੰ ਲੈ ਆਵੇ ਤੁਹਾਨੂੰ ਬਾਕੀਆਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ, ਤਾਂ ਜੋ ਤੁਹਾਡੇ ਸ਼ਬਦਾਂ ਦੀ ਜਾਂਚ ਕੀਤੀ ਜਾ ਸਕੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਜੇਕਰ ਨਹੀਂ, ਤਾਂ ਫ਼ਿਰਾਊਨ ਦੀ ਜ਼ਿੰਦਗੀ ਦੀ ਸਹੁੰ, ਤੁਸੀਂ ਜ਼ਰੂਰ ਜਾਸੂਸ ਹੋ!” ਅਤੇ ਉਸ ਨੇ ਉਹਨਾਂ ਸਾਰਿਆਂ ਨੂੰ ਤਿੰਨ ਦਿਨਾਂ ਲਈ ਹਿਰਾਸਤ ਵਿੱਚ ਰੱਖਿਆ।

ਤੀਜੇ ਦਿਨ ਯੋਸੇਫ਼ ਨੇ ਉਹਨਾਂ ਨੂੰ ਆਖਿਆ, ਅਜਿਹਾ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ ਕਿਉਂ ਜੋ ਮੈਂ ਪਰਮੇਸ਼ਵਰ ਤੋਂ ਡਰਦਾ ਹਾਂ। ਜੇਕਰ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਕੈਦ ਵਿੱਚ ਰਹਿਣ ਦਿਓ ਅਤੇ ਬਾਕੀ ਸਾਰੇ ਤੁਸੀਂ ਜਾ ਕੇ ਆਪਣੇ ਭੁੱਖੇ ਪਰਿਵਾਰਾਂ ਲਈ ਅਨਾਜ ਵਾਪਸ ਲੈ ਜਾਓ। ਪਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਉਣਾ ਪਵੇਗਾ, ਤਾਂ ਜੋ ਤੁਹਾਡੀਆਂ ਗੱਲਾਂ ਦੀ ਪੁਸ਼ਟੀ ਹੋਵੇ ਅਤੇ ਤੁਸੀਂ ਨਾ ਮਰੋ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ।

ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਸਾਨੂੰ ਆਪਣੇ ਭਰਾ ਦੇ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਦੇਖਿਆ ਸੀ ਕਿ ਉਹ ਕਿੰਨਾ ਦੁਖੀ ਸੀ ਜਦੋਂ ਉਸਨੇ ਆਪਣੀ ਜਾਨ ਲਈ ਸਾਡੇ ਕੋਲ ਬੇਨਤੀ ਕੀਤੀ, ਪਰ ਅਸੀਂ ਨਹੀਂ ਸੁਣੀ ਇਸ ਲਈ ਇਹ ਬਿਪਤਾ ਸਾਡੇ ਉੱਤੇ ਆਈ ਹੈ।”

ਰਊਬੇਨ ਨੇ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਉਸ ਲੜਕੇ ਦੇ ਵਿਰੁੱਧ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਹੀਂ ਸੁਣੀ! ਹੁਣ ਸਾਨੂੰ ਉਸਦੇ ਖੂਨ ਦਾ ਹਿਸਾਬ ਦੇਣਾ ਪਵੇਗਾ।” ਉਹ ਨਹੀਂ ਜਾਣਦੇ ਸਨ ਕਿ ਯੋਸੇਫ਼ ਉਹਨਾਂ ਦੀ ਭਾਸ਼ਾ ਸਮਝਦਾ ਹੈ ਕਿਉਂਕਿ ਉਹਨਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ।

ਉਹ ਉਹਨਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਪਰ ਫੇਰ ਮੁੜ ਕੇ ਉਹਨਾਂ ਨਾਲ ਗੱਲ ਕੀਤੀ। ਉਸ ਨੇ ਸ਼ਿਮਓਨ ਨੂੰ ਉਹਨਾਂ ਵਿੱਚੋਂ ਲੈ ਲਿਆ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬੰਨ੍ਹ ਦਿੱਤਾ।

ਯੋਸੇਫ਼ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਥੈਲੇ ਅਨਾਜ ਨਾਲ ਭਰ ਦੇਣ, ਹਰੇਕ ਮਨੁੱਖ ਦੀ ਚਾਂਦੀ ਉਸ ਦੇ ਬੋਰੇ ਵਿੱਚ ਵਾਪਸ ਰੱਖਣ ਅਤੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਸਮਾਨ ਦੇਣ। ਇਸ ਤੋਂ ਬਾਅਦ ਉਹ ਆਪਣੇ ਖੋਤਿਆਂ ਉੱਤੇ ਅਨਾਜ ਲੱਦ ਕੇ ਚਲੇ ਗਏ।

ਜਿੱਥੇ ਉਹ ਰਾਤ ਲਈ ਰੁਕੇ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣੇ ਗਧੇ ਨੂੰ ਚਾਰਾ ਲੈਣ ਲਈ ਆਪਣੀ ਬੋਰੀ ਖੋਲ੍ਹੀ ਅਤੇ ਉਸ ਨੇ ਆਪਣੀ ਬੋਰੀ ਦੇ ਮੂੰਹ ਵਿੱਚ ਆਪਣੀ ਚਾਂਦੀ ਦੇਖੀ। ਉਸ ਨੇ ਆਪਣੇ ਭਰਾਵਾਂ ਨੂੰ ਕਿਹਾ, “ਮੇਰੀ ਚਾਂਦੀ ਵਾਪਸ ਕਰ ਦਿੱਤੀ ਗਈ ਹੈ। ਇਹ ਮੇਰੀ ਬੋਰੀ ਵਿੱਚ ਹੈ।”

ਉਹਨਾਂ ਦੇ ਦਿਲ ਡੁੱਬ ਗਏ ਅਤੇ ਉਹ ਕੰਬਦੇ ਹੋਏ ਇੱਕ-ਦੂਜੇ ਵੱਲ ਮੁੜੇ ਅਤੇ ਕਹਿਣ ਲੱਗੇ, “ਇਹ ਕੀ ਹੈ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹੈ?”

ਜਦੋਂ ਉਹ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਦੇ ਕੋਲ ਆਏ, ਤਾਂ ਜੋ ਕੁਝ ਉਹਨਾਂ ਨਾਲ ਵਾਪਰਿਆ ਸੀ, ਉਹ ਉਸ ਨੂੰ ਦੱਸਿਆ। ਉਹਨਾਂ ਨੇ ਆਖਿਆ, “ਉਹ ਮਨੁੱਖ ਜਿਹੜਾ ਧਰਤੀ ਦਾ ਮਾਲਕ ਹੈ ਸਾਡੇ ਨਾਲ ਸਖ਼ਤੀ ਨਾਲ ਬੋਲਿਆ ਅਤੇ ਸਾਡੇ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਅਸੀਂ ਧਰਤੀ ਦੀ ਜਾਸੂਸੀ ਕਰ ਰਹੇ ਹਾਂ। ਪਰ ਅਸੀਂ ਉਹ ਨੂੰ ਆਖਿਆ, ‘ਅਸੀਂ ਨੇਕ ਆਦਮੀ ਹਾਂ; ਅਸੀਂ ਜਾਸੂਸ ਨਹੀਂ ਹਾਂ। ਅਸੀਂ ਬਾਰਾਂ ਭਰਾ ਇੱਕ ਪਿਤਾ ਦੇ ਪੁੱਤਰ ਹਾਂ। ਇੱਕ ਨਹੀਂ ਰਿਹਾ ਅਤੇ ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਕਨਾਨ ਵਿੱਚ ਹੈ।’

“ਤਦ ਉਸ ਮਨੁੱਖ ਨੇ ਜਿਹੜਾ ਧਰਤੀ ਦਾ ਮਾਲਕ ਹੈ ਸਾਨੂੰ ਕਿਹਾ, ‘ਮੈਂ ਇਸ ਤਰ੍ਹਾਂ ਜਾਣ ਲਵਾਂਗਾ ਕਿ ਤੁਸੀਂ ਇਮਾਨਦਾਰ ਹੋ ਕਿ ਨਹੀਂ, ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਦਿਓ ਅਤੇ ਆਪਣੇ ਭੁੱਖੇ ਘਰਾਂ ਲਈ ਭੋਜਨ ਲੈ ਕੇ ਜਾਓ। ਪਰ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਜਾਣ ਜਾਵਾਂ ਕਿ ਤੁਸੀਂ ਜਾਸੂਸ ਨਹੀਂ ਸਗੋਂ ਇਮਾਨਦਾਰ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ ਅਤੇ ਤੂੰ ਦੇਸ਼ ਵਿੱਚ ਵਪਾਰ ਕਰ ਸਕਦਾ ਹੈ।’ ”

ਜਦੋਂ ਉਹ ਆਪਣੀਆਂ ਬੋਰੀਆਂ ਖਾਲੀ ਕਰ ਰਹੇ ਸਨ ਤਾਂ ਹਰ ਇੱਕ ਆਦਮੀ ਦੀ ਬੋਰੀ ਵਿੱਚ ਚਾਂਦੀ ਦੀ ਥੈਲੀ ਸੀ। ਜਦੋਂ ਉਹਨਾਂ ਅਤੇ ਉਹਨਾਂ ਦੇ ਪਿਤਾ ਨੇ ਪੈਸਿਆਂ ਦੇ ਥੈਲੇ ਦੇਖੇ ਤਾਂ ਉਹ ਡਰ ਗਏ। ਉਹਨਾਂ ਦੇ ਪਿਤਾ ਯਾਕੋਬ ਨੇ ਉਹਨਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਬੱਚਿਆਂ ਤੋਂ ਵਾਂਝਾ ਕੀਤਾ ਹੈ। ਯੋਸੇਫ਼ ਨਹੀਂ ਰਿਹਾ ਅਤੇ ਸ਼ਿਮਓਨ ਨਹੀਂ ਰਿਹਾ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲੈਣਾ ਚਾਹੁੰਦੇ ਹੋ ਇਹ ਸਭ ਕੁਝ ਮੇਰੇ ਹੀ ਵਿਰੁੱਧ ਹੋ ਰਿਹਾ ਹੈ!”

ਤਦ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਜੇਕਰ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਤਾਂ ਤੁਸੀਂ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਣਾ। ਤੂੰ ਉਸਨੂੰ ਮੇਰੇ ਨਾਲ ਭੇਜ ਦੇ ਅਤੇ ਮੈਂ ਉਸਨੂੰ ਵਾਪਸ ਲਿਆਵਾਂਗਾ।”

ਪਰ ਯਾਕੋਬ ਨੇ ਆਖਿਆ, “ਮੇਰਾ ਪੁੱਤਰ ਤੇਰੇ ਨਾਲ ਉੱਥੇ ਨਹੀਂ ਜਾਵੇਗਾ। ਉਸਦਾ ਭਰਾ ਮਰ ਗਿਆ ਹੈ ਅਤੇ ਉਹ ਇਕੱਲਾ ਬਚਿਆ ਹੈ। ਜੇ ਰਾਸਤੇ ਵਿੱਚ ਕੋਈ ਬਿਪਤਾ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.