Biblica® Open Punjabi Contemporary Version 2025
ਉਤਪਤ 41
ਫ਼ਿਰਾਊਨ ਦੇ ਸੁਪਨੇ
ਜਦੋਂ ਪੂਰੇ ਦੋ ਸਾਲ ਬੀਤ ਗਏ ਤਾਂ ਫ਼ਿਰਾਊਨ ਨੂੰ ਇੱਕ ਸੁਪਨਾ ਆਇਆ ਕਿ ਉਹ ਨੀਲ ਨਦੀ ਦੇ ਕੰਢੇ ਖੜ੍ਹਾ ਸੀ, ਜਦੋਂ ਨੀਲ ਨਦੀ ਵਿੱਚੋਂ ਸੱਤ ਗਊਆਂ ਨਿੱਕਲੀਆਂ, ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਅਤੇ ਉਹ ਨਦੀ ਦੇ ਕਿਨਾਰੇ ਘਾਹ ਚੁੱਗਣ ਲੱਗ ਪਈਆਂ। ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਜਿਹੜੀਆਂ ਭੈੜੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨੀਲ ਨਦੀ ਵਿੱਚੋਂ ਨਿੱਕਲ ਕੇ ਨਦੀ ਦੇ ਕੰਢੇ ਉਹਨਾਂ ਦੇ ਕੋਲ ਖੜ੍ਹੀਆਂ ਸਨ। ਅਤੇ ਜਿਹੜੀਆਂ ਭੈੜੀਆਂ ਅਤੇ ਲਿੱਸੀਆਂ ਗਾਵਾਂ ਸਨ, ਉਹਨਾਂ ਨੇ ਸੱਤ ਸੋਹਣੀਆਂ ਅਤੇ ਮੋਟੀਆਂ ਗਾਵਾਂ ਨੂੰ ਖਾ ਲਿਆ। ਤਦ ਫ਼ਿਰਾਊਨ ਜਾਗ ਪਿਆ।
ਉਹ ਫੇਰ ਸੌਂ ਗਿਆ ਅਤੇ ਉਸ ਨੇ ਦੂਜਾ ਸੁਪਨਾ ਵੇਖਿਆ, ਤਾਂ ਵੇਖੋ ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ। ਉਹਨਾਂ ਤੋਂ ਬਾਅਦ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਅਨਾਜ ਦੇ ਸੱਤ ਹੋਰ ਸਿੱਟੇ ਨਿੱਕਲੇ। ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਤੰਦਰੁਸਤ ਅਤੇ ਭਰੇ ਹੋਏ ਸਿੱਟਿਆ ਨੂੰ ਨਿਗਲ ਲਿਆ, ਤਦ ਫ਼ਿਰਾਊਨ ਜਾਗ ਪਿਆ ਅਤੇ ਜਾਣਿਆ ਕਿ ਇਹ ਇੱਕ ਸੁਪਨਾ ਸੀ।
ਸਵੇਰ ਨੂੰ ਉਹ ਦਾ ਮਨ ਘਬਰਾ ਗਿਆ, ਇਸ ਲਈ ਉਸ ਨੇ ਮਿਸਰ ਦੇ ਸਾਰੇ ਜਾਦੂਗਰਾਂ ਅਤੇ ਬੁੱਧਵਾਨਾਂ ਨੂੰ ਬੁਲਾਇਆ। ਫ਼ਿਰਾਊਨ ਨੇ ਉਹਨਾਂ ਨੂੰ ਆਪਣੇ ਸੁਪਨੇ ਦੱਸੇ, ਪਰ ਕੋਈ ਵੀ ਉਸ ਲਈ ਉਹਨਾਂ ਦਾ ਅਰਥ ਨਾ ਦੱਸ ਸਕਿਆ।
ਤਦ ਸਾਕੀਆਂ ਦੇ ਮੁੱਖੀਏ ਨੇ ਫ਼ਿਰਾਊਨ ਨਾਲ ਇਹ ਗੱਲ ਕੀਤੀ, “ਅੱਜ ਮੈਨੂੰ ਆਪਣੀਆਂ ਕਮੀਆਂ ਯਾਦ ਆ ਰਹੀਆਂ ਹਨ। ਇੱਕ ਵਾਰ ਫ਼ਿਰਾਊਨ ਨੂੰ ਆਪਣੇ ਸੇਵਕਾਂ ਉੱਤੇ ਗੁੱਸਾ ਆਇਆ ਅਤੇ ਉਸ ਨੇ ਮੈਨੂੰ ਅਤੇ ਮੁੱਖ ਰੋਟੀ ਵਾਲੇ ਨੂੰ ਪਹਿਰੇਦਾਰ ਦੇ ਸਰਦਾਰ ਦੇ ਘਰ ਵਿੱਚ ਕੈਦ ਕਰ ਦਿੱਤਾ। ਉਸੇ ਰਾਤ ਸਾਡੇ ਵਿੱਚੋਂ ਹਰੇਕ ਨੇ ਇੱਕ ਸੁਪਨਾ ਵੇਖਿਆ ਅਤੇ ਹਰੇਕ ਸੁਪਨੇ ਦਾ ਆਪਣਾ ਅਰਥ ਸੀ। ਉੱਥੇ ਇੱਕ ਜਵਾਨ ਇਬਰਾਨੀ ਸਾਡੇ ਨਾਲ ਸੀ ਜੋ ਪਹਿਰੇਦਾਰਾਂ ਦੇ ਸਰਦਾਰ ਦਾ ਸੇਵਕ ਸੀ ਅਤੇ ਅਸੀਂ ਉਸਨੂੰ ਆਪਣੇ ਸੁਪਨੇ ਦੱਸੇ, ਉਸਨੇ ਸਾਡੇ ਲਈ ਉਹਨਾਂ ਦਾ ਅਰਥ ਦਿੱਤਾ, ਹਰ ਇੱਕ ਆਦਮੀ ਨੂੰ ਉਸਦੇ ਸੁਪਨੇ ਦੇ ਅਨੁਸਾਰ ਅਰਥ ਦੱਸਿਆ। ਅਤੇ ਚੀਜ਼ਾਂ ਬਿਲਕੁਲ ਉਵੇਂ ਹੀ ਨਿੱਕਲੀਆਂ ਜਿਵੇਂ ਉਸਨੇ ਸਾਡੇ ਸੁਪਨਿਆਂ ਦਾ ਅਰਥ ਦੱਸਿਆ ਸੀ। ਮੈਂ ਆਪਣੀ ਸਥਿਤੀ ਉੱਤੇ ਬਹਾਲ ਹੋ ਗਿਆ, ਅਤੇ ਦੂਜੇ ਆਦਮੀ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ।”
ਤਾਂ ਫ਼ਿਰਾਊਨ ਨੇ ਯੋਸੇਫ਼ ਨੂੰ ਬੁਲਾਇਆ ਅਤੇ ਉਹ ਛੇਤੀ ਹੀ ਕੋਠੜੀ ਵਿੱਚੋਂ ਲਿਆਇਆ ਗਿਆ। ਉਹ ਹਜਾਮਤ ਕਰਕੇ ਅਤੇ ਬਸਤਰ ਬਦਲ ਕੇ ਫ਼ਿਰਾਊਨ ਦੇ ਕੋਲ ਅੰਦਰ ਆਇਆ।
ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਮੈਂ ਇੱਕ ਸੁਪਨਾ ਵੇਖਿਆ ਹੈ ਅਤੇ ਕੋਈ ਵੀ ਇਸ ਦਾ ਅਰਥ ਨਹੀਂ ਦੱਸ ਸਕਦਾ, ਪਰ ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਪਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈ।”
ਯੋਸੇਫ਼ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, “ਮੈਂ ਇਹ ਨਹੀਂ ਕਰ ਸਕਦਾ, ਪਰ ਪਰਮੇਸ਼ਵਰ ਹੀ ਫ਼ਿਰਾਊਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ।”
ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, ਮੈਂ ਆਪਣੇ ਸੁਪਨੇ ਵਿੱਚ ਨੀਲ ਨਦੀ ਦੇ ਕੰਢੇ ਖੜ੍ਹਾ ਸੀ, ਜਦੋਂ ਨੀਲ ਨਦੀ ਵਿੱਚੋਂ ਸੱਤ ਗਊਆਂ ਨਿੱਕਲੀਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਅਤੇ ਉਹ ਨਦੀ ਦੇ ਕਿਨਾਰੇ ਘਾਹ ਚੁੱਗਣ ਲੱਗ ਪਈਆਂ। ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਆਈਆਂ ਜਿਹੜੀਆਂ ਖੋਖਲੀਆਂ ਅਤੇ ਬਹੁਤ ਭੈੜੀਆਂ ਅਤੇ ਪਤਲੀਆਂ ਸਨ। ਮੈਂ ਮਿਸਰ ਦੀ ਸਾਰੀ ਧਰਤੀ ਵਿੱਚ ਅਜਿਹੀਆਂ ਭੈੜੀਆਂ ਗਾਵਾਂ ਕਦੇ ਨਹੀਂ ਦੇਖੀਆਂ ਸਨ। ਪਤਲੀਆਂ ਅਤੇ ਭੈੜੀਆਂ ਗਾਵਾਂ ਨੇ ਉਹਨਾਂ ਸੱਤ ਮੋਟੀਆਂ ਗਾਵਾਂ ਨੂੰ ਖਾ ਲਿਆ ਜਿਹੜੀਆਂ ਪਹਿਲਾਂ ਆਈਆਂ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਪਰ ਵੇਖਣ ਵਿੱਚ ਮਲੂਮ ਨਾ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਹੈ ਕਿਉ ਜੋ ਉਹ ਵੇਖਣ ਵਿੱਚ ਪਹਿਲਾ ਦੀ ਤਰ੍ਹਾਂ ਹੀ ਸਨ। ਫਿਰ ਮੈਂ ਜਾਗ ਪਿਆ।
“ਫਿਰ ਮੈਂ ਦੂਸਰਾ ਸੁਪਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ। ਉਹਨਾਂ ਤੋਂ ਬਾਅਦ ਅਨਾਜ ਦੇ ਸੱਤ ਹੋਰ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਫੁੱਟ ਨਿੱਕਲੇ। ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਚੰਗੇ ਸਿੱਟਿਆ ਨੂੰ ਨਿਗਲ ਲਿਆ। ਮੈਂ ਇਹ ਗੱਲ ਜਾਦੂਗਰਾਂ ਨੂੰ ਦੱਸੀ, ਪਰ ਉਹਨਾਂ ਵਿੱਚੋਂ ਕੋਈ ਵੀ ਮੈਨੂੰ ਇਸਦਾ ਅਰਥ ਨਾ ਦੱਸ ਸਕਿਆ।”
ਤਦ ਯੋਸੇਫ਼ ਨੇ ਫ਼ਿਰਾਊਨ ਨੂੰ ਆਖਿਆ, ਫ਼ਿਰਾਊਨ ਦਾ ਸੁਪਨਾ ਇੱਕੋ ਹੀ ਹੈ। ਪਰਮੇਸ਼ਵਰ ਜੋ ਕੁਝ ਉਹ ਕਰਨ ਵਾਲਾ ਹੈ ਉਸ ਨੇ ਫ਼ਿਰਾਊਨ ਉੱਤੇ ਪ੍ਰਗਟ ਕੀਤਾ ਹੈ। ਸੱਤ ਚੰਗੀਆਂ ਗਾਵਾਂ ਸੱਤ ਸਾਲ ਹਨ, ਅਤੇ ਅਨਾਜ ਦੇ ਸੱਤ ਚੰਗੇ ਸਿੱਟੇ ਵੀ ਸੱਤ ਸਾਲ ਹਨ, ਇਹ ਸੁਪਨਾ ਇੱਕੋ ਹੀ ਹੈ। ਜਿਹੜੀਆਂ ਸੱਤ ਪਤਲੀਆਂ ਅਤੇ ਭੈੜੀਆਂ ਗਾਵਾਂ ਬਾਅਦ ਵਿੱਚ ਆਈਆਂ ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ।
“ਇਹ ਉਹੀ ਗੱਲ ਹੈ ਜਿਹੜੀ ਮੈਂ ਫ਼ਿਰਾਊਨ ਨਾਲ ਕੀਤੀ ਹੈ ਕਿ ਪਰਮੇਸ਼ਵਰ ਜੋ ਕੁਝ ਕਰਨ ਵਾਲਾ ਹੈ ਉਸਨੇ ਫ਼ਿਰਾਊਨ ਉੱਤੇ ਪ੍ਰਗਟ ਕਰ ਦਿੱਤਾ ਹੈ। ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰ ਫਸਲ ਹੋਵੇਗੀ, ਪਰ ਸੱਤ ਸਾਲਾਂ ਦਾ ਕਾਲ ਉਹਨਾਂ ਦੇ ਮਗਰ ਆਵੇਗਾ। ਤਦ ਮਿਸਰ ਦੇਸ਼ ਦੇ ਲੋਕ ਸਾਰੀ ਉਪਜ ਨੂੰ ਭੁੱਲ ਜਾਣਗੇ, ਅਤੇ ਕਾਲ ਦੇਸ਼ ਨੂੰ ਤਬਾਹ ਕਰ ਦੇਵੇਗਾ। ਅਤੇ ਕਾਲ ਇੰਨਾ ਭਿਆਕਰ ਹੋਵੇਗਾ ਕਿ ਚੰਗੀ ਫਸਲ ਅਤੇ ਉਪਜ ਕਿਸੇ ਨੂੰ ਯਾਦ ਤੱਕ ਨਹੀਂ ਰਹੇਗੀ। ਫ਼ਿਰਾਊਨ ਨੂੰ ਇਹ ਸੁਪਨਾ ਦੋ ਰੂਪਾਂ ਵਿੱਚ ਦਿੱਤਾ ਗਿਆ ਸੀ ਕਿ ਇਸ ਗੱਲ ਦਾ ਪਰਮੇਸ਼ਵਰ ਨੇ ਪੱਕਾ ਫ਼ੈਸਲਾ ਕੀਤਾ ਹੈ ਅਤੇ ਪਰਮੇਸ਼ਵਰ ਜਲਦੀ ਹੀ ਇਸ ਨੂੰ ਪੂਰਾ ਕਰੇਗਾ।
“ਇਸ ਲਈ ਹੁਣ ਫ਼ਿਰਾਊਨ ਇੱਕ ਸਮਝਦਾਰ ਅਤੇ ਬੁੱਧੀਮਾਨ ਆਦਮੀ ਦੀ ਭਾਲ ਕਰੇ ਅਤੇ ਉਸਨੂੰ ਮਿਸਰ ਦੀ ਧਰਤੀ ਦਾ ਅਧਿਕਾਰੀ ਬਣਾ ਦੇਵੇ। ਫ਼ਿਰਾਊਨ ਸੱਤਾਂ ਸਾਲਾਂ ਦੀ ਭਰਪੂਰਤਾ ਦੇ ਦੌਰਾਨ ਮਿਸਰ ਦੀ ਫ਼ਸਲ ਦਾ ਪੰਜਵਾਂ ਹਿੱਸਾ ਲੈਣ ਲਈ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕਰੇ। ਉਹ ਇਨ੍ਹਾਂ ਆਉਣ ਵਾਲੇ ਚੰਗਿਆ ਸਾਲਾਂ ਦਾ ਸਾਰਾ ਅੰਨ ਇਕੱਠਾ ਕਰੇ ਅਤੇ ਫ਼ਿਰਾਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ। ਤਦ ਉਹ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾਂ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।”
ਇਹ ਯੋਜਨਾ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀਆਂ ਨੂੰ ਚੰਗੀ ਲੱਗੀ। ਤਦ ਫ਼ਿਰਾਊਨ ਨੇ ਉਹਨਾਂ ਨੂੰ ਪੁੱਛਿਆ, “ਕੀ ਅਸੀਂ ਇਸ ਮਨੁੱਖ ਵਰਗਾ ਕੋਈ ਲੱਭ ਸਕਦੇ ਹਾਂ, ਜਿਸ ਵਿੱਚ ਪਰਮੇਸ਼ਵਰ ਦਾ ਆਤਮਾ ਹੈ?”
ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਕਿਉਂਕਿ ਪਰਮੇਸ਼ਵਰ ਨੇ ਇਹ ਸਭ ਕੁਝ ਤੈਨੂੰ ਦੱਸ ਦਿੱਤਾ ਹੈ, ਇਸ ਲਈ ਤੇਰੇ ਵਰਗਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ ਹੈ। ਤੂੰ ਮੇਰੇ ਮਹਿਲ ਦਾ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਹੁਕਮਾਂ ਨੂੰ ਮੰਨੇਗੀ। ਸਿਰਫ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਗਾ।”
ਯੋਸੇਫ਼ ਮਿਸਰ ਦਾ ਅਧਿਕਾਰੀ
ਇਸ ਲਈ ਫ਼ਿਰਾਊਨ ਨੇ ਯੋਸੇਫ਼ ਨੂੰ ਕਿਹਾ, “ਮੈਂ ਤੈਨੂੰ ਸਾਰੇ ਮਿਸਰ ਦੇਸ਼ ਦਾ ਪ੍ਰਧਾਨ ਬਣਾਇਆ ਹੈ।” ਤਦ ਫ਼ਿਰਾਊਨ ਨੇ ਆਪਣੀ ਉਂਗਲ ਵਿੱਚੋਂ ਅੰਗੂਠੀ ਉਤਾਰ ਕੇ ਯੋਸੇਫ਼ ਦੀ ਉਂਗਲ ਵਿੱਚ ਪਾ ਦਿੱਤੀ। ਉਸ ਨੇ ਉਸ ਨੂੰ ਮਹੀਨ ਵਧੀਆ ਸੂਤੀ ਦੇ ਬਸਤਰ ਪਹਿਨਾਏ ਅਤੇ ਉਸ ਦੇ ਗਲੇ ਵਿੱਚ ਸੋਨੇ ਦੀ ਗਾਨੀ ਪਾਈ। ਉਸ ਨੇ ਉਹ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਲਿਆ ਅਤੇ ਉਨ੍ਹਾਂ ਨੇ ਉਸ ਦੇ ਅੱਗੇ ਮਨਾਦੀ ਕਰਵਾਈ “ਗੋਡੇ ਨਿਵਾਓ ਅਤੇ ਮੱਥਾ ਟੇਕੋ,” ਇਸ ਤਰ੍ਹਾਂ ਉਸਨੇ ਯੋਸੇਫ਼ ਨੂੰ ਮਿਸਰ ਦੇ ਸਾਰੇ ਦੇਸ਼ ਉੱਤੇ ਪ੍ਰਧਾਨ ਨਿਯੁਕਤ ਕੀਤਾ।
ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, ਮੈਂ ਫ਼ਿਰਾਊਨ ਹਾਂ ਪਰ ਤੇਰੇ ਬਚਨ ਤੋਂ ਬਿਨਾਂ ਸਾਰੇ ਮਿਸਰ ਵਿੱਚ ਕੋਈ ਹੱਥ ਜਾਂ ਪੈਰ ਨਹੀਂ ਹਿਲਾਵੇਗਾ। ਫ਼ਿਰਾਊਨ ਨੇ ਯੋਸੇਫ਼ ਦਾ ਨਾਮ ਜ਼ਾਫ਼ਨਾਥ-ਪਨੇਆਹ ਰੱਖਿਆ ਅਤੇ ਉਸ ਨੂੰ ਊਨ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਉਸ ਦੀ ਪਤਨੀ ਹੋਣ ਲਈ ਦੇ ਦਿੱਤੀ ਅਤੇ ਯੋਸੇਫ਼ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ।
ਜਦੋਂ ਯੋਸੇਫ਼ ਮਿਸਰ ਦੇ ਰਾਜਾ ਫ਼ਿਰਾਊਨ ਦੀ ਸੇਵਾ ਵਿੱਚ ਗਿਆ ਤਾਂ ਉਹ ਤੀਹ ਸਾਲਾਂ ਦਾ ਸੀ ਤਾਂ ਯੋਸੇਫ਼ ਫ਼ਿਰਾਊਨ ਦੇ ਸਾਹਮਣੇ ਤੋਂ ਬਾਹਰ ਨਿੱਕਲਿਆ ਅਤੇ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ। ਬਹੁਤਾਤ ਦੇ ਸੱਤਾਂ ਸਾਲਾਂ ਵਿੱਚ ਜ਼ਮੀਨ ਵਿੱਚ ਬਹੁਤ ਫਸਲ ਹੋਈ। ਯੋਸੇਫ਼ ਨੇ ਮਿਸਰ ਵਿੱਚ ਬਹੁਤਾਤ ਦੇ ਉਹਨਾਂ ਸੱਤ ਸਾਲਾਂ ਵਿੱਚ ਪੈਦਾ ਹੋਇਆ ਸਾਰਾ ਅੰਨ ਇਕੱਠਾ ਕੀਤਾ ਅਤੇ ਸ਼ਹਿਰਾਂ ਵਿੱਚ ਸੰਭਾਲਿਆ। ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ। ਯੋਸੇਫ਼ ਨੇ ਸਮੁੰਦਰ ਦੀ ਰੇਤ ਵਾਂਙੁ ਬਹੁਤ ਸਾਰਾ ਅੰਨ ਜਮਾਂ ਕੀਤਾ। ਇਹ ਇੰਨਾ ਜ਼ਿਆਦਾ ਸੀ ਕਿ ਉਸਨੇ ਲੇਖਾ ਰੱਖਣਾ ਬੰਦ ਕਰ ਦਿੱਤਾ ਕਿਉਂਕਿ ਉਹ ਲੇਖਾ ਕਰਨ ਤੋਂ ਬਾਹਰ ਸੀ।
ਕਾਲ ਦੇ ਸਾਲਾਂ ਤੋਂ ਪਹਿਲਾਂ, ਊਨ ਸ਼ਹਿਰ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਤੋਂ ਯੋਸੇਫ਼ ਦੇ ਘਰ ਦੋ ਪੁੱਤਰ ਪੈਦਾ ਹੋਏ। ਯੋਸੇਫ਼ ਨੇ ਆਪਣੇ ਜੇਠੇ ਦਾ ਨਾਮ ਮਨੱਸ਼ੇਹ1 ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਸਾਰੇ ਘਰਾਣੇ ਨੂੰ ਭੁਲਾ ਦਿੱਤਾ ਹੈ।” ਦੂਜੇ ਪੁੱਤਰ ਦਾ ਨਾਮ ਉਸ ਨੇ ਇਫ਼ਰਾਈਮ2 ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੇ ਦੁੱਖਾਂ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ।”
ਜਦੋਂ ਮਿਸਰ ਵਿੱਚ ਫ਼ਸਲ ਦੇ ਬਹੁਤਾਤ ਦੇ ਸੱਤ ਸਾਲਾਂ ਦਾ ਅੰਤ ਹੋਇਆ। ਅਤੇ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੋਸੇਫ਼ ਨੇ ਕਿਹਾ ਸੀ। ਬਾਕੀ ਸਾਰੇ ਦੇਸ਼ਾਂ ਵਿੱਚ ਕਾਲ ਸੀ, ਪਰ ਮਿਸਰ ਦੇ ਸਾਰੇ ਦੇਸ਼ ਵਿੱਚ ਭੋਜਨ ਸੀ। ਜਦੋਂ ਸਾਰੇ ਮਿਸਰ ਵਿੱਚ ਕਾਲ ਪੈ ਗਿਆ ਤਾਂ ਲੋਕਾਂ ਨੇ ਫ਼ਿਰਾਊਨ ਨੂੰ ਭੋਜਨ ਲਈ ਦੁਹਾਈ ਦਿੱਤੀ। ਫ਼ੇਰ ਫ਼ਿਰਾਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, “ਯੋਸੇਫ਼ ਕੋਲ ਜਾਓ ਅਤੇ ਉਹੀ ਕਰੋ ਜੋ ਉਹ ਤੁਹਾਨੂੰ ਆਖਦਾ ਹੈ।”
ਜਦੋਂ ਸਾਰੇ ਦੇਸ਼ ਵਿੱਚ ਕਾਲ ਪੈ ਗਿਆ ਤਾਂ ਯੋਸੇਫ਼ ਨੇ ਸਾਰੇ ਭੰਡਾਰ ਖੋਲ੍ਹੇ ਅਤੇ ਮਿਸਰੀਆਂ ਨੂੰ ਅੰਨ ਵੇਚ ਦਿੱਤਾ ਕਿਉਂ ਜੋ ਸਾਰੇ ਮਿਸਰ ਵਿੱਚ ਕਾਲ ਬਹੁਤ ਭਿਆਨਕ ਸੀ। ਅਤੇ ਸਾਰਾ ਸੰਸਾਰ ਮਿਸਰ ਵਿੱਚ ਯੋਸੇਫ਼ ਤੋਂ ਅਨਾਜ਼ ਖਰੀਦਣ ਲਈ ਆਉਂਦੇ ਸਨ ਕਿਉਂ ਜੋ ਹਰ ਪਾਸੇ ਕਾਲ ਸਖ਼ਤ ਸੀ।
Source notes (2)
- Footnote ਮਨੱਸ਼ੇਹ ਮਤਲਬ ਭੁੱਲ ਜਾਣਾ
- Footnote ਇਫ਼ਰਾਈਮ ਮਤਲਬ ਫਲਦਾਰ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.