Skip to content
BibleKenya

Biblica® Open Punjabi Contemporary Version 2025

ਉਤਪਤ 31

ਯਾਕੋਬ ਲਾਬਾਨ ਤੋਂ ਭੱਜ ਗਿਆ

ਯਾਕੋਬ ਨੇ ਸੁਣਿਆ ਕਿ ਲਾਬਾਨ ਦੇ ਪੁੱਤਰ ਆਖ ਰਹੇ ਹਨ, “ਯਾਕੋਬ ਨੇ ਸਾਡੇ ਪਿਤਾ ਦਾ ਸਭ ਕੁਝ ਖੋਹ ਲਿਆ ਹੈ ਅਤੇ ਇਹ ਸਾਰੀ ਦੌਲਤ ਸਾਡੇ ਪਿਤਾ ਦੀ ਹੈ।” ਅਤੇ ਯਾਕੋਬ ਨੇ ਦੇਖਿਆ ਕਿ ਲਾਬਾਨ ਦਾ ਉਸ ਨਾਲ ਰਵੱਈਆ ਉਹ ਨਹੀਂ ਸੀ ਜੋ ਪਹਿਲਾਂ ਸੀ।

ਤਦ ਯਾਹਵੇਹ ਨੇ ਯਾਕੋਬ ਨੂੰ ਆਖਿਆ, “ਤੂੰ ਆਪਣੇ ਪੁਰਖਿਆਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਦੇਸ਼ ਵਿੱਚ ਵਾਪਸ ਜਾ ਅਤੇ ਮੈਂ ਤੇਰੇ ਨਾਲ ਹੋਵਾਂਗਾ।”

ਇਸ ਲਈ ਯਾਕੋਬ ਨੇ ਰਾਖ਼ੇਲ ਅਤੇ ਲੇਆਹ ਨੂੰ ਉਹਨਾਂ ਖੇਤਾਂ ਵਿੱਚ ਜਿੱਥੇ ਉਸ ਦੇ ਇੱਜੜ ਸਨ ਬਾਹਰ ਆਉਣ ਲਈ ਕਿਹਾ। ਉਸ ਨੇ ਉਹਨਾਂ ਨੂੰ ਆਖਿਆ, “ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੇਰੇ ਨਾਲ ਰਵੱਈਆ ਪਹਿਲਾਂ ਵਰਗਾ ਨਹੀਂ ਹੈ ਪਰ ਮੇਰੇ ਪਿਤਾ ਦਾ ਪਰਮੇਸ਼ਵਰ ਮੇਰੇ ਨਾਲ ਰਿਹਾ ਹੈ। ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੀ ਪੂਰੀ ਤਾਕਤ ਨਾਲ ਤੁਹਾਡੇ ਪਿਤਾ ਲਈ ਕੰਮ ਕੀਤਾ ਹੈ, ਫਿਰ ਵੀ ਤੁਹਾਡੇ ਪਿਤਾ ਨੇ ਦਸ ਵਾਰ ਮੇਰੀ ਮਜ਼ਦੂਰੀ ਬਦਲ ਕੇ ਮੇਰੇ ਨਾਲ ਧੋਖਾ ਕੀਤਾ ਹੈ। ਹਾਲਾਂਕਿ, ਪਰਮੇਸ਼ਵਰ ਨੇ ਉਸਨੂੰ ਮੈਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਜੇ ਉਸ ਨੇ ਕਿਹਾ, ‘ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ,’ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ ਅਤੇ ਜੇ ਉਸ ਨੇ ਕਿਹਾ, ‘ਧਾਰੀਦਾਰ ਤੇਰੀ ਮਜ਼ਦੂਰੀ ਹੋਵੇਗੀ,’ ਤਾਂ ਸਾਰੇ ਇੱਜੜ ਨੇ ਧਾਰੀਦਾਰ ਬੱਚੇ ਜੰਮੇ। ਇਸ ਲਈ ਪਰਮੇਸ਼ਵਰ ਨੇ ਤੁਹਾਡੇ ਪਿਤਾ ਦੇ ਪਸ਼ੂ ਖੋਹ ਕੇ ਮੈਨੂੰ ਦੇ ਦਿੱਤੇ ਹਨ।

“ਇੱਜੜ ਦੇ ਜੰਮਣ ਦੇ ਸਮੇਂ ਇੱਕ ਵਾਰ ਮੈਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਮੈਂ ਉੱਪਰ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ। ਪਰਮੇਸ਼ਵਰ ਦੇ ਦੂਤ ਨੇ ਮੈਨੂੰ ਸੁਪਨੇ ਵਿੱਚ ਕਿਹਾ, ਯਾਕੋਬ! ਮੈਂ ਉੱਤਰ ਦਿੱਤਾ, ‘ਮੈਂ ਹਾਜ਼ਰ ਹਾਂ।’ ਤਦ ਉਸ ਨੇ ਆਖਿਆ ‘ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ, ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ। ਮੈਂ ਬੈਤਏਲ ਦਾ ਪਰਮੇਸ਼ਵਰ ਹਾਂ, ਜਿੱਥੇ ਤੂੰ ਇੱਕ ਥੰਮ੍ਹ ਨੂੰ ਮਸਹ ਕੀਤਾ ਅਤੇ ਜਿੱਥੇ ਤੂੰ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਇਸ ਧਰਤੀ ਨੂੰ ਇੱਕ ਦਮ ਛੱਡ ਕੇ ਆਪਣੇ ਜੱਦੀ ਦੇਸ਼ ਨੂੰ ਵਾਪਸ ਚੱਲਾ ਜਾ।’ ”

ਤਦ ਰਾਖ਼ੇਲ ਅਤੇ ਲੇਆਹ ਨੇ ਉੱਤਰ ਦਿੱਤਾ, “ਕੀ ਸਾਡੇ ਪਿਤਾ ਦੀ ਜਾਇਦਾਦ ਵਿੱਚ ਹਾਲੇ ਵੀ ਸਾਡਾ ਕੋਈ ਹਿੱਸਾ ਹੈ? ਕੀ ਉਹ ਸਾਨੂੰ ਪਰਦੇਸੀ ਨਹੀਂ ਸਮਝਦਾ? ਉਸ ਨੇ ਨਾ ਸਿਰਫ ਸਾਨੂੰ ਵੇਚ ਦਿੱਤਾ ਹੈ, ਪਰ ਉਸ ਨੇ ਸਾਡੇ ਲਈ ਜੋ ਭੁਗਤਾਨ ਕੀਤਾ ਗਿਆ ਸੀ ਉਸ ਨੂੰ ਵਰਤਿਆ ਹੈ। ਨਿਸ਼ਚੇ ਹੀ ਉਹ ਸਾਰੀ ਦੌਲਤ ਜਿਹੜੀ ਪਰਮੇਸ਼ਵਰ ਨੇ ਸਾਡੇ ਪਿਤਾ ਤੋਂ ਖੋਹ ਲਈ ਹੈ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਉਹੀ ਕਰੋ ਜੋ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ।”

ਤਦ ਯਾਕੋਬ ਨੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਊਠਾਂ ਉੱਤੇ ਬਿਠਾ ਦਿੱਤਾ, ਅਤੇ ਉਸ ਨੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਉਸ ਸਾਰੇ ਮਾਲ ਨੂੰ ਜੋ ਉਸ ਨੇ ਪਦਨ ਅਰਾਮ ਵਿੱਚ ਇਕੱਠਾ ਕੀਤਾ ਸੀ, ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ।

ਜਦੋਂ ਲਾਬਾਨ ਆਪਣੀਆਂ ਭੇਡਾਂ ਦੀ ਉੱਨ ਵੱਢਣ ਗਿਆ ਤਾਂ ਰਾਖ਼ੇਲ ਨੇ ਆਪਣੇ ਪਿਤਾ ਦੀ ਘਰੇਲੂ ਮੂਰਤੀਆਂ ਨੂੰ ਚੁਰਾ ਕੇ ਲੈ ਗਈ। ਇਸ ਤੋਂ ਇਲਾਵਾ, ਯਾਕੋਬ ਨੇ ਲਾਬਾਨ ਅਰਾਮੀ ਨੂੰ ਇਹ ਨਾ ਕਹਿ ਕੇ ਧੋਖਾ ਦਿੱਤਾ ਕਿ ਉਹ ਭੱਜ ਰਿਹਾ ਹੈ। ਸੋ ਉਹ ਆਪਣਾ ਸਭ ਕੁਝ ਲੈ ਕੇ ਭੱਜ ਗਿਆ ਅਤੇ ਫ਼ਰਾਤ ਦਰਿਆ ਪਾਰ ਕਰਕੇ ਗਿਲਆਦ ਦੇ ਪਹਾੜੀ ਦੇਸ਼ ਨੂੰ ਚੱਲਿਆ ਗਿਆ।

ਲਾਬਾਨ ਨੇ ਯਾਕੋਬ ਦਾ ਪਿੱਛਾ ਕੀਤਾ

ਤੀਜੇ ਦਿਨ ਲਾਬਾਨ ਨੂੰ ਦੱਸਿਆ ਗਿਆ ਕਿ ਯਾਕੋਬ ਭੱਜ ਗਿਆ ਹੈ। ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸੱਤ ਦਿਨਾਂ ਤੱਕ ਯਾਕੋਬ ਦਾ ਪਿੱਛਾ ਕੀਤਾ ਅਤੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਉਹ ਨੂੰ ਫੜ ਲਿਆ। ਤਦ ਪਰਮੇਸ਼ਵਰ ਰਾਤ ਨੂੰ ਸੁਪਨੇ ਵਿੱਚ ਲਾਬਾਨ ਅਰਾਮੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਸਾਵਧਾਨ ਰਹੋ ਕਿ ਯਾਕੋਬ ਨਾਲ ਬੁਰਾ ਜਾ ਭਲਾ ਨਾ ਕਰਨਾ।”

ਯਾਕੋਬ ਨੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਆਪਣਾ ਤੰਬੂ ਲਾਇਆ ਹੋਇਆ ਸੀ ਜਦੋਂ ਲਾਬਾਨ ਉਸ ਤੱਕ ਪਹੁੰਚ ਗਿਆ ਤਾਂ ਲਾਬਾਨ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਵੀ ਉੱਥੇ ਤੰਬੂ ਲਾਏ। ਤਦ ਲਾਬਾਨ ਨੇ ਯਾਕੋਬ ਨੂੰ ਆਖਿਆ, “ਤੂੰ ਇਹ ਕੀ ਕੀਤਾ? ਤੂੰ ਮੈਨੂੰ ਧੋਖਾ ਦਿੱਤਾ ਹੈ, ਅਤੇ ਤੂੰ ਮੇਰੀਆਂ ਧੀਆਂ ਨੂੰ ਜੰਗ ਵਿੱਚ ਜਿੱਤੇ ਹੋਏ ਕੈਦੀਆਂ ਵਾਂਗ ਚੁੱਕ ਲਿਆਇਆ ਹੈ। ਤੂੰ ਕਿਉਂ ਲੁਕ ਕੇ ਭੱਜਿਆ ਅਤੇ ਮੈਨੂੰ ਧੋਖਾ ਦਿੱਤਾ? ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ, ਤਾਂ ਜੋ ਮੈਂ ਤੁਹਾਨੂੰ ਖੁਸ਼ੀ ਨਾਲ ਅਤੇ ਬਰਬਤਾਂ ਦੇ ਸੰਗੀਤ ਵਜਾ ਕੇ ਵਿਦਾ ਕਰਦਾ? ਤੂੰ ਮੈਨੂੰ ਮੇਰੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਵੀ ਚੁੰਮਣ ਕਿਉਂ ਨਾ ਦਿੱਤਾ? ਤੂੰ ਇੱਕ ਮੂਰਖਤਾ ਵਾਲੀ ਗੱਲ ਕੀਤੀ ਹੈ। ਮੇਰੇ ਕੋਲ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਹੈ, ਪਰ ਕੱਲ੍ਹ ਰਾਤ ਤੇਰੇ ਪਿਤਾ ਦੇ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਸਾਵਧਾਨ ਹੋ ਕਿ ਯਾਕੋਬ ਨਾਲ ਬੁਰਾ ਜਾਂ ਭਲਾ ਨਾ ਕਰਨਾ।’ ਹੁਣ ਤੂੰ ਇਸ ਲਈ ਚੱਲਾ ਹੈ ਕਿਉਂਕਿ ਤੂੰ ਆਪਣੇ ਪਿਤਾ ਦੇ ਘਰ ਨੂੰ ਵਾਪਸ ਜਾਣਾ ਚਾਹੁੰਦਾ ਸੀ। ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੋਰੀ ਕੀਤਾ?”

ਯਾਕੋਬ ਨੇ ਲਾਬਾਨ ਨੂੰ ਉੱਤਰ ਦਿੱਤਾ, “ਮੈਂ ਡਰਿਆ ਹੋਇਆ ਸੀ ਕਿਉਂ ਜੋ ਮੈਂ ਸੋਚਿਆ ਸੀ ਕਿ ਤੂੰ ਆਪਣੀਆਂ ਧੀਆਂ ਨੂੰ ਜ਼ਬਰਦਸਤੀ ਮੇਰੇ ਕੋਲੋਂ ਖੋਹ ਲਵੇਂਗਾ। ਪਰ ਜੇ ਤੂੰ ਕਿਸੇ ਅਜਿਹੇ ਵਿਅਕਤੀ ਨੂੰ ਲੱਭੇ ਜਿਸ ਕੋਲ ਤੇਰੇ ਦੇਵਤੇ ਹਨ, ਤਾਂ ਉਹ ਮਨੁੱਖ ਜੀਉਂਦਾ ਨਹੀਂ ਰਹੇਗਾ। ਸਾਡੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ, ਤੁਸੀਂ ਆਪ ਹੀ ਦੇਖ ਲਓ ਕਿ ਕੀ ਇੱਥੇ ਮੇਰੇ ਨਾਲ ਤੁਹਾਡਾ ਕੁਝ ਹੈ; ਅਤੇ ਜੇ ਅਜਿਹਾ ਹੈ, ਤਾਂ ਇਸ ਨੂੰ ਲੈ ਲਓ।” ਹੁਣ ਯਾਕੋਬ ਨੂੰ ਨਹੀਂ ਪਤਾ ਸੀ ਕਿ ਰਾਖ਼ੇਲ ਨੇ ਦੇਵਤਿਆਂ ਨੂੰ ਚੁਰਾ ਲਿਆ ਸੀ।

ਸੋ ਲਾਬਾਨ ਯਾਕੋਬ ਦੇ ਤੰਬੂ ਵਿੱਚ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ। ਲੇਆਹ ਦੇ ਤੰਬੂ ਤੋਂ ਬਾਹਰ ਆਉਣ ਤੋਂ ਬਾਅਦ, ਉਹ ਰਾਖ਼ੇਲ ਦੇ ਤੰਬੂ ਵਿੱਚ ਗਿਆ। ਹੁਣ ਰਾਖ਼ੇਲ ਨੇ ਘਰੇਲੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਲੈ ਕੇ ਆਪਣੇ ਊਠ ਦੀ ਕਾਠੀ ਵਿੱਚ ਪਾ ਲਿਆ ਅਤੇ ਉਹਨਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਤੰਬੂ ਵਿੱਚ ਸਭ ਕੁਝ ਲੱਭਿਆ ਪਰ ਕੁਝ ਨਹੀਂ ਮਿਲਿਆ।

ਰਾਖ਼ੇਲ ਨੇ ਆਪਣੇ ਪਿਤਾ ਨੂੰ ਆਖਿਆ, “ਮੇਰੇ ਮਾਲਕ, ਨਾਰਾਜ਼ ਨਾ ਹੋ ਕਿ ਮੈਂ ਤੁਹਾਡੇ ਸਾਹਮਣੇ ਖੜ੍ਹੀ ਨਹੀਂ ਹੋ ਸਕਦੀ। ਕਿਉਂ ਜੋ ਮੈਂ ਮਾਹਵਾਰੀ ਦੇ ਹਾਲ ਵਿੱਚ ਹਾਂ।” ਇਸ ਲਈ ਉਸਨੇ ਖੋਜ ਕੀਤੀ ਪਰ ਘਰ ਦੇ ਦੇਵਤੇ ਦੀਆਂ ਮੂਰਤੀਆਂ ਨਾ ਲੱਭੀਆ।

ਯਾਕੋਬ ਗੁੱਸੇ ਵਿੱਚ ਆ ਗਿਆ। “ਮੇਰਾ ਗੁਨਾਹ ਕੀ ਹੈ?” ਉਸਨੇ ਲਾਬਾਨ ਨੂੰ ਪੁੱਛਿਆ। “ਮੈਂ ਤੇਰੇ ਨਾਲ ਕਿਵੇਂ ਬੇਇਨਸਾਫ਼ੀ ਕੀਤੀ ਹੈ ਜੋ ਤੂੰ ਇੰਨੇ ਗੁੱਸੇ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ ਹੈ? ਹੁਣ ਜਦੋਂ ਤੁਸੀਂ ਮੇਰੇ ਸਾਰੇ ਮਾਲ ਦੀ ਤਲਾਸ਼ੀ ਲਈ ਹੈ, ਤਾਂ ਤੈਨੂੰ ਕੀ ਮਿਲਿਆ ਜੋ ਤੇਰੇ ਘਰ ਦਾ ਹੈ? ਇਸ ਨੂੰ ਇੱਥੇ ਆਪਣੇ ਅਤੇ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਰੱਖ, ਤਾਂ ਜੋ ਉਹ ਸਾਡੇ ਦੋਹਾ ਦਾ ਨਿਆਂ ਕਰਨ।

“ਮੈਂ ਹੁਣ ਵੀਹ ਸਾਲਾਂ ਤੋਂ ਤੁਹਾਡੇ ਨਾਲ ਹਾਂ। ਤੁਹਾਡੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭਪਾਤ ਨਹੀਂ ਹੋਇਆ, ਨਾ ਮੈਂ ਤੇਰੇ ਇੱਜੜਾਂ ਵਿੱਚੋਂ ਕੋਈ ਭੇਡੂ ਖਾਧਾ ਹੈ। ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਮੈਂ ਖੁਦ ਉਸਦਾ ਨੁਕਸਾਨ ਝੱਲਿਆ। ਉਹ ਜਿਹੜਾ ਦਿਨ ਅਤੇ ਰਾਤ ਚੋਰੀ ਹੋ ਗਿਆ ਉਹ ਤੂੰ ਮੇਰੇ ਕੋਲੋ ਮੰਗਿਆ। ਮੇਰੀ ਹਾਲਤ ਇਹ ਸੀ ਕਿ ਮੈਨੂੰ ਦਿਨੇ ਗਰਮੀ ਅਤੇ ਰਾਤ ਦੀ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ। ਇਸ ਤਰ੍ਹਾਂ ਵੀਹ ਸਾਲ ਮੈਂ ਤੁਹਾਡੇ ਘਰ ਵਿੱਚ ਰਿਹਾ। ਮੈਂ ਤੇਰੇ ਲਈ ਚੌਦਾਂ ਸਾਲ ਤੇਰੀਆਂ ਦੋ ਧੀਆਂ ਲਈ ਅਤੇ ਛੇ ਸਾਲ ਤੇਰੇ ਇੱਜੜਾਂ ਲਈ ਕੰਮ ਕੀਤਾ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਬਦਲ ਦਿੱਤੀ। ਜੇ ਮੇਰੇ ਪਿਤਾ ਦਾ ਪਰਮੇਸ਼ਵਰ, ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਡਰ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਜ਼ਰੂਰ ਮੈਨੂੰ ਖਾਲੀ ਹੱਥ ਭੇਜ ਦਿੰਦਾ। ਪਰ ਪਰਮੇਸ਼ਵਰ ਨੇ ਮੇਰੀ ਕਠਿਨਾਈ ਅਤੇ ਮੇਰੇ ਹੱਥਾਂ ਦੀ ਮਿਹਨਤ ਨੂੰ ਦੇਖਿਆ ਹੈ, ਅਤੇ ਪਿਛਲੀ ਰਾਤ ਉਸ ਨੇ ਤੁਹਾਨੂੰ ਝਿੜਕਿਆ ਹੈ।”

ਲਾਬਾਨ ਨੇ ਯਾਕੋਬ ਨੂੰ ਉੱਤਰ ਦਿੱਤਾ, “ਇਹ ਔਰਤਾਂ ਮੇਰੀਆਂ ਧੀਆਂ ਹਨ, ਇਹ ਬੱਚੇ ਮੇਰੇ ਬੱਚੇ ਹਨ ਇਹ ਅਤੇ ਇੱਜੜ ਮੇਰੇ ਇੱਜੜ ਹੈ। ਜੋ ਤੂੰ ਦੇਖਦਾ ਹੈ ਉਹ ਮੇਰਾ ਹੈ। ਫਿਰ ਵੀ ਮੈਂ ਅੱਜ ਮੇਰੀਆਂ ਇਹਨਾਂ ਧੀਆਂ ਬਾਰੇ, ਜਾਂ ਉਹਨਾਂ ਦੇ ਜਨਮੇ ਬੱਚਿਆਂ ਬਾਰੇ ਕੀ ਕਰ ਸਕਦਾ ਹਾਂ? ਹੁਣ ਆ, ਤੂੰ ਅਤੇ ਮੈਂ ਇੱਕ ਨੇਮ ਬੰਨ੍ਹੀਏ ਅਤੇ ਇਹ ਸਾਡੇ ਵਿਚਕਾਰ ਗਵਾਹੀ ਹੋਵੇ।”

ਤਾਂ ਯਾਕੋਬ ਨੇ ਇੱਕ ਪੱਥਰ ਲਿਆ ਅਤੇ ਉਸ ਨੂੰ ਥੰਮ੍ਹ ਵਾਂਗ ਖੜ੍ਹਾ ਕੀਤਾ। ਯਾਕੋਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ, ਕੁਝ ਪੱਥਰ ਇਕੱਠੇ ਕਰੋ। ਇਸ ਲਈ ਉਹਨਾਂ ਨੇ ਪੱਥਰਾਂ ਨੂੰ ਇਕੱਠੇ ਕਰਕੇ ਇੱਕ ਢੇਰ ਲਗਾ ਦਿੱਤਾ ਅਤੇ ਉਹਨਾਂ ਨੇ ਉਸ ਢੇਰ ਕੋਲ ਖਾਧਾ। ਲਾਬਾਨ ਨੇ ਇਸ ਦਾ ਨਾਮ ਯਗਰ ਸਾਹਦੂਥਾ1 ਅਤੇ ਯਾਕੋਬ ਨੇ ਇਸਨੂੰ ਗਲੇਦ ਕਿਹਾ।

ਲਾਬਾਨ ਨੇ ਆਖਿਆ, ਇਹ ਢੇਰ ਅੱਜ ਤੇਰੇ ਅਤੇ ਮੇਰੇ ਵਿੱਚ ਗਵਾਹ ਹੈ। ਇਸ ਲਈ ਇਸਨੂੰ ਗਲੇਦ2 ਕਿਹਾ। ਇਸ ਨੂੰ ਮਿਸਪਾਹ3 ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਕਿਹਾ ਸੀ, “ਜਦੋਂ ਅਸੀਂ ਇੱਕ-ਦੂਜੇ ਤੋਂ ਦੂਰ ਹੁੰਦੇ ਹਾਂ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਰਾਖੀ ਕਰੇ। ਜੇ ਤੂੰ ਮੇਰੀਆਂ ਧੀਆਂ ਨਾਲ ਦੁਰਵਿਵਹਾਰ ਕਰੇ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਪਤਨੀ ਬਣਾਵੇ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਹੈ, ਪਰ ਯਾਦ ਰੱਖ ਕਿ ਪਰਮੇਸ਼ਵਰ ਤੇਰੇ ਅਤੇ ਮੇਰੇ ਵਿਚਕਾਰ ਗਵਾਹ ਹੈ।”

ਲਾਬਾਨ ਨੇ ਯਾਕੋਬ ਨੂੰ ਵੀ ਆਖਿਆ, “ਇਸ ਢੇਰ ਨੂੰ ਅਤੇ ਇਸ ਥੰਮ੍ਹ ਨੂੰ ਦੇਖ, ਜੋ ਮੈਂ ਤੇਰੇ ਅਤੇ ਆਪਣੇ ਵਿਚਕਾਰ ਸਥਾਪਿਤ ਕੀਤਾ ਹੈ ਇਹ ਢੇਰ ਗਵਾਹ ਹੈ ਅਤੇ ਇਹ ਥੰਮ੍ਹ ਗਵਾਹ ਹੈ ਕਿ ਮੈਂ ਇਸ ਢੇਰ ਤੋਂ ਪਾਰ ਲੰਘ ਕੇ ਤੇਰਾ ਨੁਕਸਾਨ ਨਹੀਂ ਕਰਾਂਗਾ ਅਤੇ ਤੂੰ ਮੇਰਾ ਨੁਕਸਾਨ ਕਰਨ ਲਈ ਇਸ ਢੇਰ ਅਤੇ ਥੰਮ੍ਹ ਤੋਂ ਪਾਰ ਨਹੀਂ ਜਾਵੇਂਗਾ। ਅਬਰਾਹਾਮ ਦਾ ਪਰਮੇਸ਼ਵਰ ਅਤੇ ਨਾਹੋਰ ਦਾ ਪਰਮੇਸ਼ਵਰ, ਉਹਨਾਂ ਦੇ ਪਿਤਾ ਦਾ ਪਰਮੇਸ਼ਵਰ ਸਾਡੇ ਵਿਚਕਾਰ ਨਿਆਂ ਕਰੇ।”

ਇਸ ਲਈ ਯਾਕੋਬ ਨੇ ਆਪਣੇ ਪਿਤਾ ਇਸਹਾਕ ਦੇ ਡਰ ਦੇ ਨਾਮ ਉੱਤੇ ਸਹੁੰ ਖਾਧੀ। ਯਾਕੋਬ ਨੇ ਉੱਥੇ ਪਹਾੜੀ ਦੇਸ਼ ਵਿੱਚ ਬਲੀ ਚੜ੍ਹਾਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੋਜਨ ਲਈ ਬੁਲਾਇਆ। ਖਾਣਾ ਖਾਣ ਤੋਂ ਬਾਅਦ, ਉਹਨਾਂ ਨੇ ਉੱਥੇ ਰਾਤ ਕੱਟੀ।

ਅਗਲੀ ਸਵੇਰ ਲਾਬਾਨ ਨੇ ਆਪਣੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਅਸੀਸ ਦਿੱਤੀ। ਫਿਰ ਉਹ ਚਲਾ ਗਿਆ ਅਤੇ ਘਰ ਵਾਪਸ ਆ ਗਿਆ।

Source notes (3)
  1. Footnote ਅਰਾਮੀ ਭਾਸ਼ਾ ਵਿੱਚ ਇਸ ਦਾ ਅਰਥ ਪੱਥਰਾਂ ਦਾ ਢੇਰ
  2. Footnote ਗਲੇਦ ਮਤਲਬ ਇਬਰਾਨੀ ਸ਼ਬਦ ਦਾ ਅਰਥ ਪੱਥਰਾਂ ਦਾ ਢੇਰ
  3. Footnote ਮਿਸਪਾਹ ਮਤਲਬ ਉੱਪਰਲਾ ਸਥਾਨ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.