Biblica® Open Punjabi Contemporary Version 2025
ਉਤਪਤ 32
ਯਾਕੋਬ ਏਸਾਓ ਨੂੰ ਮਿਲਣ ਦੀ ਤਿਆਰੀ ਕਰਦਾ ਹੈ
ਯਾਕੋਬ ਵੀ ਆਪਣੇ ਰਾਹ ਤੁਰ ਪਿਆ ਅਤੇ ਪਰਮੇਸ਼ਵਰ ਦੇ ਦੂਤ ਉਸ ਨੂੰ ਮਿਲੇ। ਜਦੋਂ ਯਾਕੋਬ ਨੇ ਉਹਨਾਂ ਨੂੰ ਵੇਖਿਆ ਤਾਂ ਆਖਿਆ, ਇਹ ਪਰਮੇਸ਼ਵਰ ਦਾ ਡੇਰਾ ਹੈ! ਇਸ ਲਈ ਉਸ ਨੇ ਉਸ ਥਾਂ ਦਾ ਨਾਮ ਮਾਹਾਨਾਇਮ1 ਰੱਖਿਆ।
ਯਾਕੋਬ ਨੇ ਅਦੋਮ ਦੇ ਦੇਸ਼ ਸੇਈਰ ਵਿੱਚ ਆਪਣੇ ਭਰਾ ਏਸਾਓ ਕੋਲ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਭੇਜਿਆ। ਉਸ ਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਸੀਂ ਮੇਰੇ ਸੁਆਮੀ ਏਸਾਓ ਨੂੰ ਇਹ ਆਖਣਾ ਹੈ, ‘ਤੇਰਾ ਦਾਸ ਯਾਕੋਬ ਆਖਦਾ ਹੈ, ਮੈਂ ਲਾਬਾਨ ਦੇ ਕੋਲ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ ਹਾਂ। ਮੇਰੇ ਕੋਲ ਡੰਗਰ ਅਤੇ ਗਧੇ, ਭੇਡਾਂ ਅਤੇ ਬੱਕਰੀਆਂ, ਦਾਸ ਅਤੇ ਦਾਸੀਆਂ ਹਨ। ਹੁਣ ਮੈਂ ਇਹ ਸੰਦੇਸ਼ ਆਪਣੇ ਸੁਆਮੀ ਨੂੰ ਭੇਜ ਰਿਹਾ ਹਾਂ, ਤਾਂ ਜੋ ਮੈਂ ਤੇਰੀ ਨਿਗਾਹ ਵਿੱਚ ਮਿਹਰ ਪਾ ਸਕਾਂ।’ ”
ਜਦੋਂ ਸੰਦੇਸ਼ਵਾਹਕਾਂ ਨੇ ਯਾਕੋਬ ਨੂੰ ਮੁੜ ਆ ਕੇ ਆਖਿਆ, “ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ ਅਤੇ ਹੁਣ ਉਹ ਤੈਨੂੰ ਮਿਲਣ ਲਈ ਆ ਰਿਹਾ ਹੈ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹਨ।”
ਤਦ ਯਾਕੋਬ ਬਹੁਤ ਡਰ ਅਤੇ ਬਿਪਤਾ ਨਾਲ ਘਬਰਾਇਆ, ਉਪਰੰਤ ਉਸਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਝੁੰਡਾਂ ਅਤੇ ਊਠਾਂ ਨੂੰ ਦੋ ਸਮੂਹਾਂ ਵਿੱਚ ਵੰਡ ਦਿੱਤਾ। ਉਸ ਨੇ ਸੋਚਿਆ, “ਜੇਕਰ ਏਸਾਓ ਆ ਕੇ ਇੱਕ ਸਮੂਹ ਉੱਤੇ ਹਮਲਾ ਕਰਦਾ ਹੈ, ਤਾਂ ਪਿਛਲਾ ਸਮੂਹ ਬਚ ਸਕਦਾ ਹੈ।”
ਤਦ ਯਾਕੋਬ ਨੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ਵਰ, ਮੇਰੇ ਪਿਤਾ ਇਸਹਾਕ ਦੇ ਪਰਮੇਸ਼ਵਰ, ਹੇ ਯਾਹਵੇਹ, ਤੂੰ ਜਿਸ ਨੇ ਮੈਨੂੰ ਆਖਿਆ ਸੀ, ‘ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵਾਪਸ ਜਾ ਅਤੇ ਮੈਂ ਤੈਨੂੰ ਖੁਸ਼ਹਾਲ ਕਰਾਂਗਾ।’ ਮੈਂ ਉਸ ਸਾਰੀ ਦਿਆਲਤਾ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੁਸੀਂ ਆਪਣੇ ਸੇਵਕ ਨੂੰ ਦਿਖਾਈ ਹੈ। ਜਦੋਂ ਮੈਂ ਇਸ ਯਰਦਨ ਨਦੀ ਨੂੰ ਪਾਰ ਕੀਤਾ ਤਾਂ ਮੇਰੇ ਕੋਲ ਸਿਰਫ ਮੇਰੀ ਸੋਟੀ ਸੀ, ਪਰ ਹੁਣ ਮੈਂ ਦੋ ਸਮੂਹਾਂ ਦੇ ਨਾਲ ਮੁੜਿਆ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ, ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ ਕਿਉਂ ਜੋ ਮੈਨੂੰ ਡਰ ਹੈ ਕਿ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਮਾਰ ਨਾ ਸੁੱਟੇ। ਪਰ ਤੁਸੀਂ ਆਖਿਆ ਹੈ, ‘ਮੈਂ ਜ਼ਰੂਰ ਤੈਨੂੰ ਖੁਸ਼ਹਾਲ ਬਣਾਵਾਂਗਾ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਬਣਾਵਾਂਗਾ, ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।’ ”
ਉਸ ਨੇ ਉੱਥੇ ਰਾਤ ਕੱਟੀ ਅਤੇ ਜੋ ਕੁਝ ਉਸ ਕੋਲ ਸੀ ਉਸ ਵਿੱਚੋਂ ਉਸ ਨੇ ਆਪਣੇ ਭਰਾ ਏਸਾਓ ਲਈ ਇੱਕ ਤੋਹਫ਼ਾ ਚੁਣਿਆ। ਜਿਸ ਵਿੱਚ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ, ਦੋ ਸੌ ਭੇਡਾਂ ਅਤੇ ਵੀਹ ਭੇਡੂ, ਤੀਹ ਊਠ ਆਪਣੇ ਬੱਚਿਆਂ ਸਮੇਤ, ਚਾਲੀ ਗਾਵਾਂ ਅਤੇ ਦਸ ਬਲਦ ਅਤੇ ਵੀਹ ਗਧੀਆਂ ਅਤੇ ਦਸ ਨਰ ਗਧੇ। ਉਸ ਨੇ ਉਹਨਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਅੱਗੇ-ਅੱਗੇ ਚੱਲੋ ਅਤੇ ਇੱਜੜਾਂ ਦੇ ਵਿੱਚਕਾਰ ਥੋੜ੍ਹਾਂ-ਥੋੜ੍ਹਾਂ ਫਾਸਲਾ ਰੱਖੋ।”
ਉਸ ਨੇ ਅਗਵਾਈ ਕਰਨ ਵਾਲੇ ਨੂੰ ਹਿਦਾਇਤ ਦਿੱਤੀ, “ਜਦੋਂ ਮੇਰਾ ਭਰਾ ਏਸਾਓ ਤੁਹਾਨੂੰ ਮਿਲੇ ਅਤੇ ਪੁੱਛੇ, ‘ਤੂੰ ਕਿਸ ਦਾ ਹੈ ਅਤੇ ਤੂੰ ਕਿੱਥੇ ਜਾ ਰਿਹਾ ਹੈ ਅਤੇ ਤੇਰੇ ਸਾਹਮਣੇ ਇਨ੍ਹਾਂ ਸਾਰੇ ਜਾਨਵਰਾਂ ਦਾ ਮਾਲਕ ਕੌਣ ਹੈ?’ ਫ਼ੇਰ ਤੂੰ ਆਖਣਾ, ‘ਉਹ ਤੇਰੇ ਸੇਵਕ ਯਾਕੋਬ ਦੇ ਹਨ। ਉਹ ਮੇਰੇ ਸੁਆਮੀ ਏਸਾਓ ਲਈ ਭੇਜੀ ਹੋਈ ਭੇਟ ਹਨ ਅਤੇ ਉਹ ਸਾਡੇ ਪਿੱਛੇ ਆ ਰਿਹਾ ਹੈ।’ ”
ਉਸਨੇ ਦੂਜੇ ਅਤੇ ਤੀਜੇ ਰਖਵਾਲਿਆ ਨੂੰ ਹੋਰ ਸਾਰੇ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਜੋ ਝੁੰਡਾਂ ਦੇ ਪਿੱਛੇ ਚੱਲਦੇ ਸਨ। “ਜਦੋਂ ਤੁਸੀਂ ਏਸਾਓ ਨੂੰ ਮਿਲਦੇ ਹੋ, ਤਾਂ ਤੁਸੀਂ ਵੀ ਉਸਨੂੰ ਇਹੀ ਗੱਲ ਕਹੋ। ਅਤੇ ਇਹ ਜ਼ਰੂਰ ਆਖੋ, ‘ਤੇਰਾ ਸੇਵਕ ਯਾਕੋਬ ਸਾਡੇ ਪਿੱਛੇ ਆ ਰਿਹਾ ਹੈ।’ ” ਕਿਉਂਕਿ ਉਸਨੇ ਸੋਚਿਆ, “ਮੈਂ ਉਸਨੂੰ ਇਹਨਾਂ ਤੋਹਫ਼ਿਆਂ ਨਾਲ ਸ਼ਾਂਤ ਕਰਾਂਗਾ ਜੋ ਮੈਂ ਅੱਗੇ ਭੇਜ ਰਿਹਾ ਹਾਂ, ਬਾਅਦ ਵਿੱਚ ਜਦੋਂ ਮੈਂ ਉਸ ਨੂੰ ਦੇਖਾਂਗਾ ਸ਼ਾਇਦ ਉਹ ਮੈਨੂੰ ਸਵੀਕਾਰ ਕਰੇਂਗਾ।” ਸੋ ਯਾਕੋਬ ਦੀਆਂ ਭੇਟਾਂ ਉਸ ਦੇ ਅੱਗੇ-ਅੱਗੇ ਚੱਲੀਆਂ ਪਰ ਉਸ ਨੇ ਆਪ ਡੇਰੇ ਵਿੱਚ ਰਾਤ ਕੱਟੀ।
ਯਾਕੋਬ ਦਾ ਪਰਮੇਸ਼ਵਰ ਨਾਲ ਯੁੱਧ
ਉਸ ਰਾਤ ਯਾਕੋਬ ਉੱਠਿਆ ਅਤੇ ਆਪਣੀਆਂ ਦੋ ਪਤਨੀਆਂ, ਆਪਣੀਆਂ ਦੋ ਦਾਸੀਆਂ ਅਤੇ ਗਿਆਰਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ। ਜਦੋਂ ਉਸ ਨੇ ਉਹਨਾਂ ਨੂੰ ਨਦੀ ਦੇ ਪਾਰ ਭੇਜ ਦਿੱਤਾ ਤਾਂ ਉਸ ਨੇ ਆਪਣਾ ਸਾਰਾ ਮਾਲ-ਧਨ ਭੇਜ ਦਿੱਤਾ। ਤਾਂ ਯਾਕੋਬ ਇਕੱਲਾ ਰਹਿ ਗਿਆ ਅਤੇ ਇੱਕ ਮਨੁੱਖ ਸਵੇਰ ਤੱਕ ਉਹ ਦੇ ਨਾਲ ਘੁਲਦਾ ਰਿਹਾ। ਜਦੋਂ ਉਸ ਮਨੁੱਖ ਨੇ ਵੇਖਿਆ ਕਿ ਉਹ ਉਸ ਉੱਤੇ ਕਾਬੂ ਨਹੀਂ ਪਾ ਸਕਦਾ ਤਾਂ ਉਸ ਨੇ ਯਾਕੋਬ ਦੇ ਪੱਟ ਦੇ ਜੋੜ ਨੂੰ ਛੂਹਿਆ ਅਤੇ ਯਾਕੋਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿੱਕਲ ਗਿਆ। ਤਦ ਉਸ ਮਨੁੱਖ ਨੇ ਆਖਿਆ, “ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ।”
ਪਰ ਯਾਕੋਬ ਨੇ ਉੱਤਰ ਦਿੱਤਾ, “ਜਦੋਂ ਤੱਕ ਤੁਸੀਂ ਮੈਨੂੰ ਬਰਕਤ ਨਹੀਂ ਦਿੰਦੇ, ਮੈਂ ਤੁਹਾਨੂੰ ਨਹੀਂ ਜਾਣ ਦਿਆਂਗਾ।”
ਉਸ ਮਨੁੱਖ ਨੇ ਉਸ ਨੂੰ ਪੁੱਛਿਆ, ਤੇਰਾ ਨਾਮ ਕੀ ਹੈ?
ਉਸਨੇ ਜਵਾਬ ਦਿੱਤਾ, “ਯਾਕੋਬ।”
ਤਦ ਉਸ ਮਨੁੱਖ ਨੇ ਆਖਿਆ, “ਹੁਣ ਤੋਂ ਤੇਰਾ ਨਾਮ ਯਾਕੋਬ ਨਹੀਂ ਸਗੋਂ ਇਸਰਾਏਲ2 ਹੋਵੇਗਾ ਕਿਉਂਕਿ ਤੂੰ ਪਰਮੇਸ਼ਵਰ ਅਤੇ ਮਨੁੱਖ ਨਾਲ ਯੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ਹੈ।”
ਯਾਕੋਬ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।”
ਪਰ ਉਸ ਨੇ ਉੱਤਰ ਦਿੱਤਾ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈ?” ਫਿਰ ਉਸ ਨੇ ਉੱਥੇ ਉਸ ਨੂੰ ਬਰਕਤ ਦਿੱਤੀ।
ਇਸ ਲਈ ਯਾਕੋਬ ਨੇ ਉਸ ਥਾਂ ਨੂੰ ਪਨੀਏਲ3 ਆਖਿਆ ਅਤੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਮੈਂ ਪਰਮੇਸ਼ਵਰ ਨੂੰ ਆਹਮੋ-ਸਾਹਮਣੇ ਦੇਖਿਆ, ਪਰ ਫ਼ੇਰ ਵੀ ਮੇਰੀ ਜਾਨ ਬਚ ਗਈ।”
ਜਦੋਂ ਉਹ ਪਨੂਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਤੇ ਉਹ ਆਪਣੇ ਪੱਟ ਤੋਂ ਲੰਗੜਾ ਕੇ ਤੁਰਦਾ ਸੀ। ਇਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ, ਅੱਜ ਤੱਕ ਨਹੀਂ ਖਾਂਦੇ ਕਿਉਂ ਜੋ ਉਸ ਮਨੁੱਖ ਨੇ ਯਾਕੋਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ।
Source notes (3)
- Footnote ਮਾਹਾਨਾਇਮ ਮਤਲਬ ਦੋ ਦਲ
- Footnote ਇਸਰਾਏਲ ਮਤਲਬ ਉਹ ਪਰਮੇਸ਼ਵਰ ਨਾਲ ਲੜਿਆ
- Footnote ਪਨੀਏਲ ਮਤਲਬ ਪਰਮੇਸ਼ਵਰ ਦਾ ਚਿਹਰਾ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.