Skip to content
BibleKenya

Biblica® Open Punjabi Contemporary Version 2025

ਉਤਪਤ 30

ਜਦੋਂ ਰਾਖ਼ੇਲ ਨੇ ਵੇਖਿਆ ਕਿ ਉਹ ਯਾਕੋਬ ਤੋਂ ਕੋਈ ਔਲਾਦ ਨਹੀਂ ਜਣਦੀ ਤਾਂ ਉਹ ਆਪਣੀ ਭੈਣ ਨਾਲ ਈਰਖਾ ਕਰਨ ਲੱਗੀ। ਇਸ ਲਈ ਉਸਨੇ ਯਾਕੋਬ ਨੂੰ ਕਿਹਾ, “ਮੈਨੂੰ ਸੰਤਾਨ ਦੇ ਦਿਓ, ਨਹੀਂ ਤਾਂ ਮੈਂ ਮਰ ਜਾਵਾਂਗੀ!”

ਯਾਕੋਬ ਰਾਖ਼ੇਲ ਉੱਤੇ ਗੁੱਸੇ ਹੋਇਆ ਅਤੇ ਬੋਲਿਆ, ਕੀ ਮੈਂ ਪਰਮੇਸ਼ਵਰ ਦੇ ਸਥਾਨ ਉੱਤੇ ਹਾਂ ਜਿਸ ਨੇ ਤੈਨੂੰ ਬੱਚੇ ਪੈਦਾ ਕਰਨ ਤੋਂ ਰੋਕਿਆ ਹੈ?

ਤਦ ਉਸ ਨੇ ਕਿਹਾ, ਵੇਖ, “ਮੇਰੀ ਦਾਸੀ ਬਿਲਹਾਹ ਹੈ। ਉਸ ਦੇ ਨਾਲ ਸੌਂ ਤਾਂ ਜੋ ਉਹ ਮੇਰੇ ਲਈ ਬੱਚੇ ਪੈਦਾ ਕਰ ਸਕੇ ਅਤੇ ਮੈਂ ਵੀ ਉਸ ਰਾਹੀਂ ਪਰਿਵਾਰ ਬਣਾ ਸਕਾਂ।”

ਇਸ ਲਈ ਉਸ ਨੇ ਉਸ ਨੂੰ ਆਪਣੀ ਦਾਸੀ ਬਿਲਹਾਹ ਪਤਨੀ ਵਜੋਂ ਦੇ ਦਿੱਤੀ। ਯਾਕੋਬ ਉਸ ਦੇ ਨਾਲ ਸੁੱਤਾ, ਅਤੇ ਬਿਲਹਾਹ ਗਰਭਵਤੀ ਹੋ ਗਈ ਅਤੇ ਉਸਨੇ ਉਸਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਤਦ ਰਾਖ਼ੇਲ ਨੇ ਆਖਿਆ, “ਪਰਮੇਸ਼ਵਰ ਨੇ ਮੇਰੇ ਨਿਆਉਂ ਕੀਤਾ ਹੈ ਅਤੇ ਉਸਨੇ ਮੇਰੀ ਬੇਨਤੀ ਸੁਣ ਲਈ ਹੈ ਅਤੇ ਮੈਨੂੰ ਇੱਕ ਪੁੱਤਰ ਦਿੱਤਾ ਹੈ।” ਇਸ ਕਾਰਨ ਉਸ ਨੇ ਉਸ ਦਾ ਨਾਮ ਦਾਨ1 ਰੱਖਿਆ।

ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੋਬ ਦੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਤਦ ਰਾਖ਼ੇਲ ਨੇ ਆਖਿਆ, ਮੈਂ ਆਪਣੀ ਭੈਣ ਨਾਲ ਬਹੁਤ ਸੰਘਰਸ਼ ਕੀਤਾ ਹੈ ਅਤੇ ਮੈਂ ਜਿੱਤ ਗਈ ਹਾਂ, ਇਸ ਲਈ ਉਸਨੇ ਉਸਦਾ ਨਾਮ ਨਫ਼ਤਾਲੀ2 ਰੱਖਿਆ।

ਜਦੋਂ ਲੇਆਹ ਨੇ ਦੇਖਿਆ ਕਿ ਉਸਦੇ ਬੱਚੇ ਹੋਣੇ ਬੰਦ ਹੋ ਗਏ ਹਨ, ਤਾਂ ਉਸਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਲੈ ਕੇ ਯਾਕੋਬ ਨੂੰ ਪਤਨੀ ਵਜੋਂ ਦੇ ਦਿੱਤਾ। ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਤਦ ਲੇਆਹ ਨੇ ਕਿਹਾ, “ਕਿੰਨੀ ਚੰਗੀ ਕਿਸਮਤ ਹੈ ਮੇਰੀ!” ਇਸ ਲਈ ਉਸਨੇ ਉਸਦਾ ਨਾਮ ਗਾਦ3 ਰੱਖਿਆ।

ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਇੱਕ-ਦੂਜੇ ਪੁੱਤਰ ਨੂੰ ਜਨਮ ਦਿੱਤਾ। ਤਦ ਲੇਆਹ ਨੇ ਆਖਿਆ, ਮੈਂ ਕਿੰਨੀ ਖੁਸ਼ ਹਾਂ! ਇਸ ਕਾਰਨ ਔਰਤਾਂ ਮੈਨੂੰ ਧੰਨ ਕਹਿਣਗੀਆਂ। ਇਸ ਲਈ ਉਸ ਨੇ ਉਸਦਾ ਨਾਮ ਆਸ਼ੇਰ4 ਰੱਖਿਆ।

ਕਣਕ ਦੀ ਵਾਢੀ ਦੇ ਦੌਰਾਨ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸਨੂੰ ਕੁਝ ਦੁੰਦਰੇ ਪੌਦੇ ਦੇ ਫਲ ਮਿਲੇ, ਜੋ ਉਹ ਆਪਣੀ ਮਾਤਾ ਲੇਆਹ ਕੋਲ ਲਿਆਇਆ। ਰਾਖ਼ੇਲ ਨੇ ਲੇਆਹ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਆਪਣੇ ਪੁੱਤਰ ਦੇ ਦੁੰਦਰੇ ਫਲ ਵਿੱਚੋਂ ਕੁਝ ਦੇ ਦਿਓ।”

ਪਰ ਉਸ ਨੇ ਉਸ ਨੂੰ ਆਖਿਆ, “ਕੀ ਇਹ ਕਾਫ਼ੀ ਨਹੀਂ ਸੀ ਕਿ ਤੂੰ ਮੇਰੇ ਪਤੀ ਨੂੰ ਖੋਹ ਲਿਆ? ਕੀ ਤੂੰ ਮੇਰੇ ਬੇਟੇ ਦੇ ਦੁੰਦਰੇ ਫਲ ਵੀ ਲੈ ਜਾਵੇਗੀ?”

ਰਾਖ਼ੇਲ ਨੇ ਕਿਹਾ, “ਬਹੁਤ ਵਧੀਆ, ਤੁਹਾਡੇ ਪੁੱਤਰ ਦੇ ਦੁੰਦਰੇ ਦੇ ਬਦਲੇ ਉਹ ਅੱਜ ਰਾਤ ਤੁਹਾਡੇ ਨਾਲ ਸੌਂ ਸਕਦਾ ਹੈ।”

ਇਸ ਲਈ ਜਦੋਂ ਸ਼ਾਮ ਨੂੰ ਯਾਕੋਬ ਖੇਤਾਂ ਵਿੱਚੋਂ ਆਇਆ ਤਾਂ ਲੇਆਹ ਉਸਨੂੰ ਮਿਲਣ ਲਈ ਬਾਹਰ ਗਈ। ਉਸਨੇ ਕਿਹਾ, “ਤੁਹਾਨੂੰ ਮੇਰੇ ਨਾਲ ਸੌਣਾ ਚਾਹੀਦਾ ਹੈ, ਮੈਂ ਤੈਨੂੰ ਆਪਣੇ ਪੁੱਤਰ ਦੇ ਦੁੰਦਰੇ ਨਾਲ ਕਿਰਾਏ ਉੱਤੇ ਲਿਆ ਹੈ।” ਇਸ ਲਈ ਉਹ ਉਸ ਰਾਤ ਉਸ ਨਾਲ ਸੌਂ ਗਿਆ।

ਪਰਮੇਸ਼ਵਰ ਨੇ ਲੇਆਹ ਦੀ ਗੱਲ ਸੁਣੀ ਅਤੇ ਉਹ ਗਰਭਵਤੀ ਹੋ ਗਈ ਅਤੇ ਯਾਕੋਬ ਦੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ। ਤਦ ਲੇਆਹ ਨੇ ਕਿਹਾ, “ਪਰਮੇਸ਼ਵਰ ਨੇ ਮੈਨੂੰ ਫਲ ਦਿੱਤਾ ਹੈ ਕਿ ਮੈਂ ਆਪਣੀ ਦਾਸੀ ਆਪਣੀ ਪਤੀ ਨੂੰ ਦੇ ਦਿੱਤੀ।” ਇਸ ਲਈ ਉਸਨੇ ਉਸਦਾ ਨਾਮ ਯਿੱਸਾਕਾਰ ਰੱਖਿਆ।

ਲੇਆਹ ਫ਼ੇਰ ਗਰਭਵਤੀ ਹੋਈ ਅਤੇ ਯਾਕੋਬ ਤੋਂ ਛੇਵੇਂ ਪੁੱਤਰ ਨੂੰ ਜਨਮ ਦਿੱਤਾ। ਤਦ ਲੇਆਹ ਨੇ ਆਖਿਆ, “ਪਰਮੇਸ਼ਵਰ ਨੇ ਮੈਨੂੰ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। ਇਸ ਵਾਰ ਮੇਰਾ ਪਤੀ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਵੇਗਾ, ਕਿਉਂਕਿ ਮੈਂ ਉਸ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਜ਼ਬੂਲੁਨ ਰੱਖਿਆ।

ਕੁਝ ਸਮੇਂ ਬਾਅਦ ਉਸਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਦੀਨਾਹ ਰੱਖਿਆ।

ਤਦ ਪਰਮੇਸ਼ਵਰ ਨੇ ਰਾਖ਼ੇਲ ਨੂੰ ਚੇਤੇ ਕੀਤਾ। ਉਸਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ। ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ਵਰ ਨੇ ਮੇਰੀ ਬੇਇੱਜ਼ਤੀ ਦੂਰ ਕਰ ਦਿੱਤੀ ਹੈ। ਉਸ ਨੇ ਉਸ ਦਾ ਨਾਮ ਯੋਸੇਫ਼ ਰੱਖਿਆ ਅਤੇ ਆਖਿਆ, “ਯਾਹਵੇਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ।”

ਯਾਕੋਬ ਦੇ ਇੱਜੜ ਵੱਧਦੇ ਗਏ

ਜਦੋਂ ਰਾਖ਼ੇਲ ਨੇ ਯੋਸੇਫ਼ ਨੂੰ ਜਨਮ ਦਿੱਤਾ, ਤਾਂ ਯਾਕੋਬ ਨੇ ਲਾਬਾਨ ਨੂੰ ਕਿਹਾ, “ਮੈਨੂੰ ਮੇਰੇ ਰਸਤੇ ਭੇਜ ਦੇ ਤਾਂ ਜੋ ਮੈਂ ਆਪਣੇ ਦੇਸ਼ ਵਾਪਸ ਜਾ ਸਕਾਂ। ਮੈਨੂੰ ਮੇਰੀਆਂ ਪਤਨੀਆਂ ਅਤੇ ਬੱਚੇ ਦੇ ਦਿਓ, ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਅਤੇ ਮੈਂ ਆਪਣੇ ਰਾਹ ਵਿੱਚ ਰਹਾਂਗਾ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਲਈ ਕਿੰਨਾ ਕੰਮ ਕੀਤਾ ਹੈ।”

ਪਰ ਲਾਬਾਨ ਨੇ ਉਸ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਕਿਰਪਾ ਦੀ ਨਜ਼ਰ ਹੋਵੇ ਤਾਂ ਇੱਥੇ ਠਹਿਰ ਜਾ। ਮੈਂ ਭਵਿੱਖਬਾਣੀ ਦੁਆਰਾ ਸਿੱਖਿਆ ਹੈ ਕਿਉਂਕਿ ਮੈਂ ਜਾਣ ਲਿਆ ਹੈ ਕਿ ਯਾਹਵੇਹ ਨੇ ਤੇਰੇ ਕਾਰਨ ਮੈਨੂੰ ਬਰਕਤ ਦਿੱਤੀ ਹੈ। ਉਸ ਨੇ ਕਿਹਾ, “ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ, ਤਾਂ ਮੈਂ ਉਹ ਅਦਾ ਕਰ ਦਿਆਂਗਾ।”

ਯਾਕੋਬ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈ ਕਿ ਮੈਂ ਤੇਰੇ ਲਈ ਕਿਵੇਂ ਕੰਮ ਕੀਤਾ ਹੈ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ। ਮੇਰੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਜੋ ਥੋੜ੍ਹਾ ਸੀ ਉਹ ਬਹੁਤ ਵੱਧ ਗਿਆ ਹੈ ਅਤੇ ਮੈਂ ਜਿੱਥੇ ਕਿਤੇ ਵੀ ਸੀ ਯਾਹਵੇਹ ਨੇ ਤੈਨੂੰ ਅਸੀਸ ਦਿੱਤੀ ਹੈ। ਪਰ ਹੁਣ ਮੈਂ ਆਪਣੇ ਪਰਿਵਾਰ ਲਈ ਕਦੋਂ ਕੁਝ ਕਰਾਂਗਾ?”

ਉਸ ਨੇ ਪੁੱਛਿਆ, “ਮੈਂ ਤੈਨੂੰ ਕੀ ਦੇਵਾਂ?”

ਯਾਕੋਬ ਨੇ ਜਵਾਬ ਦਿੱਤਾ, “ਮੈਨੂੰ ਕੁਝ ਨਾ ਦਿਓ, ਪਰ ਜੇ ਤੂੰ ਮੇਰੇ ਲਈ ਇਹ ਕੰਮ ਕਰੇਗਾ, ਤਾਂ ਮੈਂ ਤੁਹਾਡੇ ਇੱਜੜਾਂ ਨੂੰ ਚਰਾਵਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ। ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਜਿੰਨ੍ਹੀਆਂ ਚਿਤਲੀਆਂ ਅਤੇ ਡੱਬੀਆਂ ਹੋਣ ਅਤੇ ਜੋ ਭੇਡਾਂ ਕਾਲੀਆਂ ਹੋਣ ਬੱਕਰੀਆਂ ਵਿੱਚੋਂ ਵੀ ਜਿੰਨ੍ਹੀਆਂ ਡੱਬੀਆਂ ਅਤੇ ਚਿਤਲੀਆਂ ਹੋਣ ਉਨ੍ਹਾਂ ਨੂੰ ਕੱਢਾਂਗਾ ਅਤੇ ਓਹ ਮੇਰੀ ਮਜ਼ਦੂਰੀ ਹੋਣਗੀਆਂ। ਅਤੇ ਮੇਰੀ ਇਮਾਨਦਾਰੀ ਭਵਿੱਖ ਵਿੱਚ ਮੇਰੇ ਲਈ ਗਵਾਹੀ ਦੇਵੇਗੀ, ਜਦ ਤੂੰ ਮੇਰੇ ਸਨਮੁੱਖ ਮੇਰੀ ਮਜ਼ਦੂਰੀ ਦੇਣ ਲਈ ਆਵੇਗਾ ਤਾਂ ਬੱਕਰੀਆਂ ਵਿੱਚੋਂ ਹਰ ਇੱਕ ਜਿਹੜੀ ਚਿਤਲੀ ਅਤੇ ਡੱਬੀ ਅਤੇ ਭੇਡਾਂ ਵਿੱਚ ਕਾਲੀ ਨਾ ਹੋਵੇ, ਉਹ ਮੇਰੇ ਕੋਲੋ ਨਾ ਮਿਲੇ ਤਾਂ ਚੋਰੀ ਦੀ ਹੋਵੇਗੀ।”

ਲਾਬਾਨ ਨੇ ਕਿਹਾ, “ਮੈਂ ਸਹਿਮਤ ਹਾਂ। ਜਿਵੇਂ ਤੂੰ ਕਿਹਾ ਹੈ, ਉਸੇ ਤਰ੍ਹਾਂ ਹੋਣ ਦਿਓ।” ਉਸ ਨੇ ਉਸੇ ਦਿਨ ਸਾਰੇ ਧਾਰੀ ਵਾਲੇ ਅਤੇ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ ਅਰਥਾਤ ਜਿਸ ਕਿਸੇ ਵਿੱਚ ਸਫ਼ੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਕਾਲੀਆਂ ਸਨ, ਸਭ ਨੂੰ ਕੱਢਿਆ ਅਤੇ ਆਪਣੇ ਪੁੱਤਰਾਂ ਦੇ ਹੱਥਾਂ ਵਿੱਚ ਦਿੱਤਾ। ਤਦ ਉਸ ਨੇ ਆਪਣੇ ਅਤੇ ਯਾਕੋਬ ਦੇ ਵਿੱਚ ਤਿੰਨ ਦਿਨਾਂ ਦਾ ਸਫ਼ਰ ਤੈਅ ਕੀਤਾ ਅਤੇ ਯਾਕੋਬ ਲਾਬਾਨ ਦੇ ਬਾਕੀ ਇੱਜੜਾਂ ਨੂੰ ਚਾਰਦਾ ਰਿਹਾ।

ਤਦ ਯਾਕੋਬ ਨੇ ਹਰੇ ਸਫੇਦੇ ਅਤੇ ਬਦਾਮ ਅਤੇ ਸਰੂ ਦੀਆਂ ਟਾਹਣੀਆਂ ਲੈ ਕੇ ਉਹਨਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਹਨਾਂ ਦੀ ਸਫ਼ੇਦੀ ਦਿੱਸਣ ਲੱਗ ਪਈ। ਤਦ ਉਸ ਨੇ ਛਿੱਲੀਆਂ ਹੋਈਆਂ ਟਹਿਣੀਆਂ ਨੂੰ ਪਾਣੀ ਪਿਲਾਉਣ ਵਾਲੇ ਸਾਰੇ ਟੋਇਆਂ ਵਿੱਚ ਰੱਖ ਦਿੱਤਾ ਤਾਂ ਜੋ ਜਦੋਂ ਉਹ ਪੀਣ ਲਈ ਆਉਣ ਤਾਂ ਉਹ ਸਿੱਧੀਆਂ ਇੱਜੜਾਂ ਦੇ ਸਾਹਮਣੇ ਹੋਣ। ਜਦੋਂ ਇੱਜੜ ਗਰਮੀ ਵਿੱਚ ਸਨ ਅਤੇ ਪੀਣ ਲਈ ਆਉਂਦੇ ਸਨ, ਇਸ ਤਰ੍ਹਾਂ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਤੇ ਚਿਤਲੇ ਅਤੇ ਡੱਬੇ ਬੱਚੇ ਦਿੱਤੇ। ਤਦ ਯਾਕੋਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ। ਜਦੋਂ ਵੀ ਬਲਵੰਤ ਮਾਦਾ ਗਰਮੀ ਵਿੱਚ ਹੁੰਦੀ ਤਾਂ ਯਾਕੋਬ ਟਹਿਣੀਆਂ ਨੂੰ ਪਸ਼ੂਆਂ ਦੇ ਅੱਗੇ ਟੋਇਆਂ ਵਿੱਚ ਰੱਖ ਦਿੰਦਾ। ਪਰ ਜੇ ਪਸ਼ੂ ਕਮਜ਼ੋਰ ਹੁੰਦੇ ਤਾਂ ਉਹ ਉਹਨਾਂ ਨੂੰ ਉੱਥੇ ਨਾ ਰੱਖਦਾ। ਇਸ ਲਈ ਕਮਜ਼ੋਰ ਜਾਨਵਰ ਲਾਬਾਨ ਕੋਲ ਗਏ ਅਤੇ ਤਾਕਤਵਰ ਯਾਕੋਬ ਕੋਲ। ਇਸ ਤਰ੍ਹਾਂ ਉਹ ਮਨੁੱਖ ਬਹੁਤ ਹੀ ਖੁਸ਼ਹਾਲ ਹੁੰਦਾ ਗਿਆ ਅਤੇ ਉਹ ਵੱਡੇ-ਵੱਡੇ ਇੱਜੜਾਂ, ਦਾਸੀਆਂ, ਨੌਕਰਾਂ, ਊਠਾਂ ਅਤੇ ਗਧਿਆਂ ਦਾ ਮਾਲਕ ਬਣ ਗਿਆ।

Source notes (4)
  1. Footnote ਦਾਨ ਅਰਥ ਨਿਆਉਂ ਕਰਨ ਵਾਲਾ
  2. Footnote ਨਫ਼ਤਾਲੀ ਅਰਥ ਸੰਘਰਸ਼
  3. Footnote ਗਾਦ ਅਰਥ ਚੰਗੀ ਕਿਸਮਤ
  4. Footnote ਆਸ਼ੇਰ ਅਰਥ ਖੁਸ਼

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.