Biblica® Open Punjabi Contemporary Version 2025
ਕੂਚ 31
ਬਸਲਏਲ ਅਤੇ ਆਹਾਲੀਆਬ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਵੇਖੋ, ਮੈਂ ਯਹੂਦਾਹ ਦੇ ਗੋਤ ਵਿੱਚੋਂ ਊਰੀ ਦੇ ਪੁੱਤਰ ਬਸਲਏਲ ਨੂੰ, ਹੂਰ ਦਾ ਪੁੱਤਰ ਚੁਣਿਆ ਹੈ, ਅਤੇ ਮੈਂ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ ਹੈ ਤਾਂ ਕਿ ਉਹ ਸੋਨੇ, ਚਾਂਦੀ ਅਤੇ ਪਿੱਤਲ ਦੇ ਕੰਮ ਲਈ ਕਾਰੀਗਰੀ ਕਰੇ, ਪੱਥਰਾਂ ਨੂੰ ਕੱਟਣਾ ਅਤੇ ਜੜਨਾ, ਲੱਕੜ ਦਾ ਕੰਮ ਕਰਨਾ, ਅਤੇ ਹਰ ਕਿਸਮ ਦੇ ਚਿੱਤਰਕਾਰੀ ਅਤੇ ਸਾਰੀ ਕਾਰੀਗਰੀ ਨਾਲ ਕੰਮ ਕਰੇ। ਇਸ ਤੋਂ ਇਲਾਵਾ, ਮੈਂ ਦਾਨ ਦੇ ਗੋਤ ਵਿੱਚੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਉਹ ਦੀ ਸਹਾਇਕ ਲਈ ਨਿਯੁਕਤ ਕੀਤਾ ਹੈ।
“ਮੈਂ ਸਾਰੇ ਹੁਨਰਮੰਦ ਕਾਮਿਆਂ ਨੂੰ ਉਹ ਸਭ ਕੁਝ ਬਣਾਉਣ ਦੀ ਯੋਗਤਾ ਦਿੱਤੀ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
“ਮੰਡਲ ਦਾ ਤੰਬੂ, ਨੇਮ ਦਾ ਸੰਦੂਕ ਜਿਸ ਉੱਤੇ ਪ੍ਰਾਸਚਿਤ ਦਾ ਢੱਕਣ ਹੈ, ਅਤੇ ਤੰਬੂ ਦਾ ਹੋਰ ਸਾਰਾ ਸਮਾਨ,
ਮੇਜ਼ ਅਤੇ ਉਸ ਦੀਆਂ ਵਸਤਾਂ,
ਸ਼ੁੱਧ ਸੋਨੇ ਦਾ ਸ਼ਮਾਦਾਨ ਅਤੇ ਉਸ ਦੇ ਸਾਰੇ ਸਮਾਨ,
ਧੂਪ ਦੀ ਜਗਵੇਦੀ,
ਹੋਮ ਬਲੀ ਦੀ ਜਗਵੇਦੀ ਅਤੇ ਇਸ ਦੇ ਸਾਰੇ ਭਾਂਡੇ,
ਅਤੇ ਹੌਦ ਅਤੇ ਉਸ ਦੀ ਚੌਂਕੀ
ਅਤੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਬਸਤਰ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ,
ਅਤੇ ਪਵਿੱਤਰ ਸਥਾਨ ਲਈ ਮਸਹ ਕਰਨ ਵਾਲਾ ਤੇਲ ਅਤੇ ਸੁਗੰਧਿਤ ਧੂਪ।
“ਉਹ ਉਹਨਾਂ ਨੂੰ ਉਵੇਂ ਹੀ ਬਣਾਉਣ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ।”
ਸਬਤ ਦਾ ਦਿਨ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲੀਆਂ ਨੂੰ ਆਖ, ‘ਤੁਹਾਨੂੰ ਮੇਰੇ ਸਬਤ1 ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਮੇਰੇ ਅਤੇ ਤੁਹਾਡੇ ਵਿਚਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਿਸ਼ਾਨੀ ਹੋਵੇਗੀ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹੈ।
“ ‘ਸਬਤ2 ਦੀ ਪਾਲਣਾ ਕਰੋ, ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ। ਕੋਈ ਵੀ ਜੋ ਇਸ ਨੂੰ ਅਪਵਿੱਤਰ ਕਰਦਾ ਹੈ ਉਹ ਮਾਰਿਆ ਜਾਵੇ, ਜਿਹੜੇ ਲੋਕ ਉਸ ਦਿਨ ਕੋਈ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਛੇ ਦਿਨ ਕੰਮ ਕੀਤਾ ਜਾਵੇ, ਪਰ ਸੱਤਵਾਂ ਦਿਨ ਸਬਤ ਦੇ ਅਰਾਮ ਦਾ ਦਿਨ ਹੈ, ਜੋ ਯਾਹਵੇਹ ਲਈ ਪਵਿੱਤਰ ਹੈ। ਜੋ ਕੋਈ ਸਬਤ ਦੇ ਦਿਨ ਕੋਈ ਕੰਮ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇ। ਇਸਰਾਏਲੀਆਂ ਨੇ ਸਬਤ ਨੂੰ ਮਨਾਉਣ, ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਆਰਾਮ ਦਾ ਦਿਨ ਕਰਕੇ ਮਨਾਉਣ ਕਿਉਂ ਜੋ ਇਹ ਸਦਾ ਲਈ ਇੱਕ ਨੇਮ ਹੈ। ਇਹ ਮੇਰੇ ਅਤੇ ਇਸਰਾਏਲੀਆਂ ਵਿਚਕਾਰ ਸਦਾ ਲਈ ਇੱਕ ਨਿਸ਼ਾਨ ਰਹੇਗਾ, ਕਿਉਂਕਿ ਛੇ ਦਿਨਾਂ ਵਿੱਚ ਯਾਹਵੇਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਉਸ ਨੇ ਆਰਾਮ ਕੀਤਾ ਅਤੇ ਸ਼ਾਂਤੀ ਪਾਈ।’ ”
ਜਦੋਂ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਪਰਬਤ ਤੇ ਗੱਲ ਕਰਨੀ ਪੂਰੀ ਕੀਤੀ, ਤਾਂ ਉਸਨੇ ਮੋਸ਼ੇਹ ਨੂੰ ਨੇਮ ਦੇ ਕਾਨੂੰਨ ਦੀਆਂ ਦੋ ਫੱਟੀਆਂ ਦਿੱਤੀਆਂ, ਪੱਥਰ ਦੀਆਂ ਫੱਟੀਆਂ ਜੋ ਪਰਮੇਸ਼ਵਰ ਦੀ ਉਂਗਲੀ ਦੁਆਰਾ ਲਿਖੀਆਂ ਗਈਆਂ ਸਨ।
Source notes (2)
- Footnote ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
- Footnote ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.