Biblica® Open Punjabi Contemporary Version 2025
ਕੂਚ 30
ਧੂਪ ਦੀ ਵੇਦੀ
“ਧੂਪ ਧੁਖਾਉਣ ਲਈ ਕਿੱਕਰ ਦੀ ਲੱਕੜ ਦੀ ਇੱਕ ਜਗਵੇਦੀ ਬਣਾਈ। ਇਹ ਚੌਰਸ, ਇੱਕ ਹੱਥ ਲੰਬਾ ਅਤੇ ਇੱਕ ਹੱਥ ਚੌੜਾ ਅਤੇ ਦੋ ਹੱਥ ਉੱਚਾ ਹੋਣਾ ਚਾਹੀਦਾ ਹੈ, ਉਸਦੇ ਸਿੰਙ ਉਸੇ ਤੋਂ ਹੋਣ। ਉੱਪਰਲੇ ਪਾਸੇ ਅਤੇ ਚਾਰੇ ਪਾਸਿਆਂ ਅਤੇ ਸਿੰਙਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹੋ ਅਤੇ ਇਸਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਉ। ਜਗਵੇਦੀ ਦੇ ਕਿਨਾਰਿਆਂ ਦੇ ਹੇਠਾਂ ਸੋਨੇ ਦੇ ਦੋ ਕੜੇ ਬਣਾਈ। ਉਸ ਨੂੰ ਚੁੱਕਣ ਲਈ ਵਰਤੇ ਜਾਂਦੇ ਦੋ ਖੰਭੇ ਅਤੇ ਦੋ ਕੜੇ ਆਹਮੋ-ਸਾਹਮਣੇ ਬਣਾਈ। ਕਿੱਕਰ ਦੀ ਲੱਕੜ ਦੇ ਖੰਭਿਆਂ ਨੂੰ ਬਣਾਉ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ। ਜਗਵੇਦੀ ਨੂੰ ਉਸ ਪਰਦੇ ਦੇ ਸਾਹਮਣੇ ਰੱਖਣਾ ਜੋ ਨੇਮ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਢੱਕਣ ਦੇ ਅੱਗੇ ਜੋ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਉੱਤੇ ਹੈ, ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿੱਥੇ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਹਨ। ਉੱਥੇ ਮੈ ਤੇਰੇ ਨਾਲ ਮਿਲਾਂਗਾ।
“ਹਾਰੋਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ। ਜਦੋਂ ਹਾਰੋਨ ਸਵੇਰ ਦੇ ਵੇਲੇ ਦੀਵੇ ਜਗਾਉਂਦਾ ਹੈ ਤਾਂ ਉਸਨੂੰ ਦੁਬਾਰਾ ਧੂਪ ਧੁਖਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਧੂਪ ਨਿਯਮਿਤ ਤੌਰ ਤੇ ਯਾਹਵੇਹ ਦੇ ਅੱਗੇ ਬਲਦੀ ਰਹੇ। ਇਸ ਜਗਵੇਦੀ ਉੱਤੇ ਕੋਈ ਹੋਰ ਧੂਪ ਜਾਂ ਕੋਈ ਹੋਮ ਬਲੀ ਜਾਂ ਮੈਦੇ ਦੀ ਭੇਟ ਨਾ ਚੜ੍ਹਾਏ ਅਤੇ ਨਾ ਇਸ ਉੱਤੇ ਪੀਣ ਦੀ ਭੇਟ ਨਾ ਡੋਲ੍ਹੋ। ਸਾਲ ਵਿੱਚ ਇੱਕ ਵਾਰ ਹਾਰੋਨ ਆਪਣੇ ਸਿੰਗਾਂ ਉੱਤੇ ਪ੍ਰਾਸਚਿਤ ਕਰੇ। ਇਹ ਸਾਲਾਨਾ ਪ੍ਰਾਸਚਿਤ ਪਾਪ ਦੀ ਭੇਟ1 ਦੇ ਲਹੂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਤਾ ਜਾਣਾ ਚਾਹੀਦਾ ਹੈ। ਇਹ ਯਾਹਵੇਹ ਲਈ ਸਭ ਤੋਂ ਪਵਿੱਤਰ ਹੈ।”
ਪ੍ਰਾਸਚਿਤ ਧਨ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਜਦੋਂ ਤੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਹਨਾਂ ਦੀ ਜਨਗਣਨਾ ਕਰਦੇ ਹੋ, ਤਾਂ ਹਰੇਕ ਨੂੰ ਉਸ ਦੀ ਗਿਣਤੀ ਦੇ ਸਮੇਂ ਯਾਹਵੇਹ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਅਦਾ ਕਰੇ। ਜਦੋਂ ਤੂੰ ਉਨ੍ਹਾਂ ਦੀ ਗਿਣਤੀ ਕਰੇਂਗਾ ਤਾਂ ਉਨ੍ਹਾਂ ਉੱਤੇ ਕੋਈ ਬਿਪਤਾ ਨਹੀਂ ਆਵੇਗੀ। ਹਰੇਕ ਜਿਹੜਾ ਪਹਿਲਾਂ ਤੋਂ ਗਿਣੇ ਗਏ ਲੋਕਾਂ ਨੂੰ ਪਾਰ ਲੰਘਦਾ ਹੈ, ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਜਿਸ ਦਾ ਵਜ਼ਨ ਵੀਹ ਗੇਰਾਹ ਹੈ, ਅੱਧਾ ਸ਼ੈਕੇਲ2 ਦੇਣਾ ਚਾਹੀਦਾ ਹੈ। ਇਹ ਅੱਧਾ ਸ਼ੈਕੇਲ ਯਾਹਵੇਹ ਲਈ ਭੇਟ ਹੈ। ਉਹ ਸਾਰੇ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪਾਰ ਲੰਘਦੇ ਹਨ, ਉਹ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ। ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ। ਇਸਰਾਏਲੀਆਂ ਤੋਂ ਪ੍ਰਾਸਚਿਤ ਦੀ ਚਾਂਦੀ ਲੈ ਕੇ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤੋਂ। ਇਹ ਇਸਰਾਏਲੀਆਂ ਲਈ ਯਾਹਵੇਹ ਅੱਗੇ ਇੱਕ ਯਾਦਗਾਰ ਹੋਵੇਗਾ, ਜੋ ਤੁਹਾਡੀਆਂ ਜਾਨਾਂ ਲਈ ਭੇਟ ਹੋਵੇ।”
ਧੋਣ ਲਈ ਭਾਂਡਾ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਧੋਣ ਲਈ ਪਿੱਤਲ ਦਾ ਇੱਕ ਭਾਂਡਾ ਬਣਾਉ, ਇਸ ਦੇ ਪਿੱਤਲ ਦੀ ਇੱਕ ਹੌਦ ਬਣਾਈ। ਇਸਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀ ਅਤੇ ਇਸ ਵਿੱਚ ਪਾਣੀ ਭਰੀ। ਹਾਰੋਨ ਅਤੇ ਉਸਦੇ ਪੁੱਤਰ ਉਸ ਪਾਣੀ ਨਾਲ ਆਪਣੇ ਹੱਥ ਪੈਰ ਧੋਣ। ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਣ, ਅਤੇ ਨਾਲ ਹੀ ਜਦੋਂ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾ ਕੇ ਸੇਵਾ ਕਰਨ ਲਈ ਜਗਵੇਦੀ ਕੋਲ ਜਾਂਦੇ ਹਨ, ਉਹਨਾਂ ਨੂੰ ਪਾਣੀ ਨਾਲ ਧੋਣਾ ਤਾਂ ਜੋ ਉਹ ਮਰ ਨਾ ਜਾਣ। ਉਹ ਆਪਣੇ ਹੱਥ ਪੈਰ ਧੋ ਲੈਣ ਤਾਂ ਜੋ ਉਹ ਮਰ ਨਾ ਜਾਣ। ਇਹ ਹਾਰੋਨ ਅਤੇ ਉਸਦੇ ਉੱਤਰਾਧਿਕਾਰੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੋਵੇਗਾ।”
ਮਸਹ ਕਰਨ ਵਾਲਾ ਤੇਲ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹੇਠ ਦਿੱਤੇ ਬਰੀਕ ਮਸਾਲੇ ਲਵੀਂ ਜਿਸ ਵਿੱਚ ਪੰਜ ਸੌ ਸ਼ੈਕੇਲ ਤਰਲ ਗੰਧਰਸ, ਅੱਧਾ (ਯਾਨੀ ਦੋ ਸੌ ਪੰਜਾਹ ਸ਼ੈਕੇਲ) ਸੁਗੰਧਿਤ ਦਾਲਚੀਨੀ, ਦੋ ਸੌ ਪੰਜਾਹ ਸ਼ੈਕੇਲ ਸੁਗੰਧਿਤ ਕੈਲਾਮਸ, ਪੰਜ ਸੌ ਸ਼ੈਕੇਲ ਕੈਸੀਆ ਸਭ ਕੁਝ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਦਾ ਇੱਕ ਹੀਨ। ਇਹਨਾਂ ਨੂੰ ਇੱਕ ਪਵਿੱਤਰ ਮਸਹ ਕਰਨ ਵਾਲੇ ਤੇਲ ਵਿੱਚ, ਇੱਕ ਸੁਗੰਧਿਤ ਮਿਸ਼ਰਣ, ਇੱਕ ਅਤਰ ਦਾ ਕੰਮ ਬਣਾਈ। ਇਹ ਮਸਹ ਕਰਨ ਵਾਲਾ ਪਵਿੱਤਰ ਤੇਲ ਹੋਵੇਗਾ। ਫਿਰ ਇਸ ਤੇਲ ਦੇ ਨਾਲ ਮੰਡਲੀ ਦੇ ਤੰਬੂ, ਨੇਮ ਦੇ ਸੰਦੂਕ ਨੂੰ, ਮੇਜ਼ ਅਤੇ ਉਸ ਦੀਆਂ ਸਾਰੀਆਂ ਵਸਤਾਂ, ਸ਼ਮਾਦਾਨ ਅਤੇ ਉਸ ਦਾ ਸਮਾਨ, ਧੂਪ ਦੀ ਜਗਵੇਦੀ, ਹੋਮ ਬਲੀ ਦੀ ਜਗਵੇਦੀ ਨੂੰ, ਉਸ ਦੇ ਸਾਰੇ ਭਾਂਡੇ ਤੇ ਸਮਾਨ ਨੂੰ ਨਾਲ ਹੀ ਹੌਦ ਅਤੇ ਉਸ ਦੀ ਚੌਂਕੀ ਨੂੰ ਅਭਿਸ਼ੇਕ ਕਰਨ। ਤੂੰ ਉਹਨਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਵੀ ਉਹਨਾਂ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।
“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮਸਹ ਕਰੋ ਅਤੇ ਉਹਨਾਂ ਨੂੰ ਪਵਿੱਤਰ ਕਰੋ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ। ਇਸਰਾਏਲੀਆਂ ਨੂੰ ਆਖ, ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਮੇਰਾ ਪਵਿੱਤਰ ਮਸਹ ਕਰਨ ਵਾਲਾ ਤੇਲ ਹੋਵੇਗਾ। ਇਸ ਨੂੰ ਕਿਸੇ ਹੋਰ ਦੇ ਸਰੀਰ ਤੇ ਨਾ ਪਾਓ ਅਤੇ ਉਸੇ ਸਮੱਗਰੀ ਦੀ ਵਰਤੋਂ ਕਰਕੇ ਕੋਈ ਹੋਰ ਤੇਲ ਨਾ ਬਣਾਓ। ਇਹ ਪਵਿੱਤਰ ਹੈ, ਅਤੇ ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ। ਜੋ ਕੋਈ ਵੀ ਇਸ ਵਰਗਾ ਅਤਰ ਬਣਾਉਂਦਾ ਹੈ ਅਤੇ ਇਸ ਨੂੰ ਜਾਜਕਾਂ ਤੋਂ ਇਲਾਵਾ ਕਿਸੇ ਹੋਰ ਉੱਤੇ ਲਾਉਂਦਾ ਹੈ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”
ਧੂਪ
ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਸੁਗੰਧਿਤ ਮਸਾਲੇ, ਗੰਧਰਸ, ਲੌਨ ਅਤੇ ਮੁਰ ਮਸਤਕੀ ਅਤੇ ਸ਼ੁੱਧ ਲੁਬਾਨ, ਸਭ ਬਰਾਬਰ ਮਾਤਰਾ ਵਿੱਚ ਲੈ, ਤੂੰ ਇਸ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈ। ਇਹ ਨਮਕੀਨ ਅਤੇ ਸ਼ੁੱਧ ਅਤੇ ਪਵਿੱਤਰ ਹੋਵੇ। ਇਸ ਵਿੱਚੋਂ ਕੁਝ ਬਹੁਤ ਮਹੀਨ ਪੀਸ ਕੇ ਇਸ ਨੂੰ ਮੰਡਲੀ ਵਾਲੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖ, ਜਿੱਥੇ ਮੈਂ ਤੁਹਾਨੂੰ ਮਿਲਾਂਗਾ। ਇਹ ਤੁਹਾਡੇ ਲਈ ਸਭ ਤੋਂ ਪਵਿੱਤਰ ਹੋਵੇ। ਆਪਣੇ ਲਈ ਇਸ ਸਮੱਗਰੀ ਨਾਲ ਕੋਈ ਹੋਰ ਧੂਪ ਨਾ ਬਣਾਈ, ਇਸ ਨੂੰ ਯਾਹਵੇਹ ਲਈ ਪਵਿੱਤਰ ਸਮਝੋ। ਜੋ ਕੋਈ ਵੀ ਇਸ ਦੀ ਖੁਸ਼ਬੂ ਦਾ ਆਨੰਦ ਲੈਣ ਲਈ ਇਸ ਵਰਗੀ ਧੂਪ ਬਣਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।”
Source notes (2)
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ
- Footnote ਅੱਧਾ ਸ਼ੈਕੇਲ ਲਗਭਗ 12 ਗ੍ਰਾਮ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.