Skip to content
BibleKenya

Biblica® Open Punjabi Contemporary Version 2025

ਕੂਚ 32

ਸੋਨੇ ਦਾ ਵੱਛਾ

ਜਦੋਂ ਲੋਕਾਂ ਨੇ ਦੇਖਿਆ ਕਿ ਮੋਸ਼ੇਹ ਨੇ ਪਹਾੜ ਤੋਂ ਹੇਠਾਂ ਆਉਣ ਵਿੱਚ ਬਹੁਤ ਲੰਮਾ ਸਮਾਂ ਲਾ ਦਿੱਤਾ ਹੈ, ਤਾਂ ਉਹ ਲੋਕ ਹਾਰੋਨ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਬੋਲੇ, “ਆ, ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਨਹੀਂ ਪਤਾ ਕਿ ਉਸਨੂੰ ਕੀ ਹੋਇਆ ਹੈ।”

ਹਾਰੋਨ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਸੋਨੇ ਦੀਆਂ ਵਾਲੀਆਂ ਲਾਹ ਦਿਓ ਜਿਹੜੀਆਂ ਤੁਹਾਡੀਆਂ ਪਤਨੀਆਂ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਪਹਿਨਦੀਆਂ ਹਨ ਅਤੇ ਮੇਰੇ ਕੋਲ ਲਿਆਓ।” ਇਸ ਲਈ ਸਾਰੇ ਲੋਕ ਆਪਣੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਹਾਰੋਨ ਕੋਲ ਲੈ ਆਏ। ਹਾਰੋਨ ਨੇ ਜੋ ਕੁਝ ਲੋਕਾਂ ਨੇ ਉਸ ਨੂੰ ਸੌਂਪਿਆ ਸੀ ਉਹ ਲੈ ਲਿਆ ਅਤੇ ਇਸ ਨੂੰ ਇੱਕ ਔਜ਼ਾਰ ਨਾਲ ਘੜ ਕੇ, ਇੱਕ ਵੱਛੇ ਦੀ ਸ਼ਕਲ ਵਿੱਚ ਇੱਕ ਮੂਰਤੀ ਬਣਾ ਦਿੱਤੀ। ਫਿਰ ਉਹਨਾਂ ਨੇ ਆਖਿਆ, “ਹੇ ਇਸਰਾਏਲ, ਇਹ ਤੁਹਾਡਾ ਦੇਵਤਾ ਹੈ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ।”

ਜਦੋਂ ਹਾਰੋਨ ਨੇ ਇਹ ਦੇਖਿਆ, ਉਸਨੇ ਵੱਛੇ ਦੇ ਸਾਹਮਣੇ ਇੱਕ ਜਗਵੇਦੀ ਬਣਾਈ ਅਤੇ ਘੋਸ਼ਣਾ ਕੀਤੀ, “ਕੱਲ੍ਹ ਯਾਹਵੇਹ ਲਈ ਇੱਕ ਤਿਉਹਾਰ ਹੋਵੇਗਾ।” ਇਸ ਲਈ ਅਗਲੇ ਦਿਨ ਲੋਕ ਤੜਕੇ ਉੱਠੇ ਅਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਇਸ ਤੋਂ ਬਾਅਦ ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।

ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹੇਠਾਂ ਜਾ, ਕਿਉਂਕਿ ਤੇਰੇ ਲੋਕ, ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਭ੍ਰਿਸ਼ਟ ਹੋ ਗਏ ਹਨ। ਜੋ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਸ ਤੋਂ ਮੂੰਹ ਮੋੜ ਲਿਆ ਹੈ ਅਤੇ ਆਪਣੇ ਲਈ ਇੱਕ ਵੱਛੇ ਦੀ ਸ਼ਕਲ ਵਰਗੀ ਮੂਰਤੀ ਬਣਾ ਲਈ ਹੈ। ਉਹਨਾਂ ਨੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਬਲੀਆਂ ਚੜ੍ਹਾਈਆਂ ਅਤੇ ਆਖਿਆ, ‘ਹੇ ਇਸਰਾਏਲ, ਇਹ ਤੇਰੇ ਦੇਵਤੇ ਹਨ, ਜਿਨ੍ਹਾਂ ਨੇ ਤੈਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।’

“ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ, ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਕਿ ਇਹ ਕਠੋਰ ਲੋਕ ਹਨ। ਹੁਣ ਮੈਨੂੰ ਇਕੱਲਾ ਛੱਡ ਦੇ ਤਾਂ ਜੋ ਮੇਰਾ ਕ੍ਰੋਧ ਉਹਨਾਂ ਉੱਤੇ ਭੜਕ ਜਾਵੇ ਅਤੇ ਮੈਂ ਉਹਨਾਂ ਦਾ ਨਾਸ ਕਰਾਂ। ਫਿਰ ਮੈਂ ਤੁਹਾਨੂੰ ਇੱਕ ਮਹਾਨ ਕੌਮ ਬਣਾਵਾਂਗਾ।”

ਪਰ ਮੋਸ਼ੇਹ ਨੇ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕਿਰਪਾ ਮੰਗੀ। ਉਸਨੇ ਕਿਹਾ, “ਹੇ ਯਾਹਵੇਹ, ਤੇਰਾ ਕ੍ਰੋਧ ਤੇਰੇ ਲੋਕਾਂ ਉੱਤੇ ਕਿਉਂ ਭੜਕਦਾ ਹੈ, ਜਿਨ੍ਹਾਂ ਨੂੰ ਤੂੰ ਮਹਾਨ ਸ਼ਕਤੀ ਅਤੇ ਬਲਵਾਨ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ? ਮਿਸਰੀ ਕਿਉਂ ਕਹਿਣ, ‘ਉਹ ਉਹਨਾਂ ਨੂੰ ਬੁਰਿਆਈ ਦੇ ਲਈ ਬਾਹਰ ਲੈ ਲਿਆਇਆ, ਪਹਾੜਾਂ ਵਿੱਚ ਉਹਨਾਂ ਨੂੰ ਮਾਰ ਸੁੱਟੇ ਅਤੇ ਉਹਨਾਂ ਨੂੰ ਧਰਤੀ ਤੋਂ ਮੁਕਾ ਦੇਵੇ’? ਤੂੰ ਆਪਣੇ ਭਿਆਨਕ ਗੁੱਸੇ ਤੋਂ ਮੁੜ; ਹੌਂਸਲਾ ਰੱਖ ਅਤੇ ਆਪਣੇ ਲੋਕਾਂ ਉੱਤੇ ਬਿਪਤਾ ਨਾ ਲਿਆ। ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ, ਜਿਨ੍ਹਾਂ ਨਾਲ ਤੂੰ ਆਪਣੇ ਆਪ ਦੀ ਸਹੁੰ ਖਾਧੀ ਸੀ, ‘ਮੈਂ ਤੁਹਾਡੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਬਣਾਵਾਂਗਾ ਅਤੇ ਮੈਂ ਤੁਹਾਡੀ ਸੰਤਾਨ ਨੂੰ ਇਹ ਸਾਰੀ ਧਰਤੀ ਦਿਆਂਗਾ, ਜਿਸਦਾ ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ, ਅਤੇ ਇਹ ਉਹਨਾਂ ਦੀ ਵਿਰਾਸਤ ਸਦਾ ਲਈ ਹੋਵੇਗੀ।’ ” ਤਦ ਯਾਹਵੇਹ ਨੇ ਪਛਤਾਵਾ ਕੀਤਾ ਅਤੇ ਆਪਣੇ ਲੋਕਾਂ ਉੱਤੇ ਉਹ ਬਿਪਤਾ ਨਾ ਲਿਆਂਦੀ ਜਿਸਦੀ ਉਸਨੇ ਧਮਕੀ ਦਿੱਤੀ ਸੀ।

ਮੋਸ਼ੇਹ ਮੁੜਿਆ ਅਤੇ ਆਪਣੇ ਹੱਥਾਂ ਵਿੱਚ ਨੇਮ ਦੀਆਂ ਦੋ ਫੱਟੀਆਂ ਲੈ ਕੇ ਪਹਾੜ ਤੋਂ ਹੇਠਾਂ ਚਲਾ ਗਿਆ। ਉਹ ਦੋਵੇਂ ਪਾਸੇ, ਅੱਗੇ ਅਤੇ ਪਿੱਛੇ ਲਿਖੀਆਂ ਹੋਈਆ ਸਨ। ਫੱਟੀਆਂ ਪਰਮੇਸ਼ਵਰ ਦਾ ਕੰਮ ਸੀ ਅਤੇ ਲਿਖਤ ਪਰਮੇਸ਼ਵਰ ਦੀ ਲਿਖਤ ਸੀ, ਜਿਹੜੀ ਫੱਟੀਆਂ ਉੱਤੇ ਲਿਖੀ ਹੋਈ ਸੀ।

ਜਦੋਂ ਯੇਹੋਸ਼ੁਆ ਨੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਸਨੇ ਮੋਸ਼ੇਹ ਨੂੰ ਕਿਹਾ, “ਡੇਰੇ ਵਿੱਚ ਲੜਾਈ ਦੀ ਆਵਾਜ਼ ਆ ਰਹੀ ਹੈ।”

ਮੋਸ਼ੇਹ ਨੇ ਜਵਾਬ ਦਿੱਤਾ,

“ਇਹ ਜਿੱਤ ਦੀ ਆਵਾਜ਼ ਨਹੀਂ ਹੈ,

ਨਾ ਹੀ ਇਹ ਹਾਰ ਦੀ ਆਵਾਜ਼ ਹੈ,

ਪਰ ਇਹ ਗਾਉਣ ਦੀ ਆਵਾਜ਼ ਹੈ ਜੋ ਮੈਂ ਸੁਣਦਾ ਹਾਂ।”

ਜਦੋਂ ਮੋਸ਼ੇਹ ਡੇਰੇ ਦੇ ਕੋਲ ਪਹੁੰਚਿਆ ਤਦ ਉਸਨੇ ਵੱਛੇ ਸਾਹਮਣੇ ਨੱਚਦੇ ਹੋਏ ਲੋਕਾਂ ਨੂੰ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਫੱਟੀਆਂ ਆਪਣੇ ਹੱਥਾਂ ਵਿੱਚੋਂ ਸੁੱਟ ਦਿੱਤੀਆਂ ਅਤੇ ਉਹਨਾਂ ਨੂੰ ਪਹਾੜ ਤੋਂ ਹੇਠਾਂ ਸੁੱਟ ਕੇ ਤੋੜ ਦਿੱਤਾ। ਫਿਰ ਉਸਨੇ ਲੋਕਾਂ ਵੱਲੋਂ ਬਣਾਏ ਵੱਛੇ ਨੂੰ ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਉਸਨੇ ਇਸਨੂੰ ਪੀਸ ਕੇ ਸੁਆਹ ਵਿੱਚ ਪਾ ਦਿੱਤਾ ਅਤੇ ਇਸਨੂੰ ਪਾਣੀ ਉੱਤੇ ਖਿਲਾਰ ਦਿੱਤਾ ਅਤੇ ਇਸਰਾਏਲ ਦੇ ਲੋਕਾਂ ਨੂੰ ਪਿਲਾਇਆ।

ਮੋਸ਼ੇਹ ਨੇ ਹਾਰੋਨ ਨੂੰ ਕਿਹਾ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀ ਕੀਤਾ ਜੋ ਤੂੰ ਉਹਨਾਂ ਨੂੰ ਇੰਨੇ ਵੱਡੇ ਪਾਪ ਵਿੱਚ ਲਿਆਇਆ?”

ਹਾਰੋਨ ਨੇ ਜਵਾਬ ਦਿੱਤਾ, “ਮੇਰੇ ਸੁਆਮੀ, ਗੁੱਸੇ ਨਾ ਹੋਵੋ! ਤੂੰ ਜਾਣਦਾ ਹੈ ਕਿ ਇਹ ਲੋਕ ਬੁਰਾਈ ਲਈ ਕਿੰਨੇ ਤਿਆਰ ਹਨ। ਉਹਨਾਂ ਨੇ ਮੈਨੂੰ ਕਿਹਾ, ‘ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਉਸ ਦਾ ਕੁਝ ਪਤਾ ਨਹੀਂ ਹੈ।’ ਇਸ ਲਈ ਮੈਂ ਉਹਨਾਂ ਨੂੰ ਕਿਹਾ, ‘ਜਿਸ ਕੋਲ ਸੋਨੇ ਦੇ ਗਹਿਣੇ ਹਨ, ਉਹ ਲਾਹ ਦਿਓ।’ ਤਦ ਉਹਨਾਂ ਨੇ ਮੈਨੂੰ ਸੋਨਾ ਦਿੱਤਾ ਅਤੇ ਮੈਂ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਬਾਹਰ ਆ ਗਿਆ!”

ਮੋਸ਼ੇਹ ਨੇ ਦੇਖਿਆ ਕਿ ਲੋਕ ਬੇ-ਲਾਗਮ ਹੋ ਗਏ ਸਨ ਅਤੇ ਹਾਰੋਨ ਨੇ ਉਹਨਾਂ ਨੂੰ ਕਾਬੂ ਤੋਂ ਬਾਹਰ ਜਾਣ ਦਿੱਤਾ ਸੀ ਅਤੇ ਇਸ ਲਈ ਉਹ ਉਹਨਾਂ ਦੇ ਦੁਸ਼ਮਣਾਂ ਲਈ ਮਜ਼ਾਕ ਬਣ ਗਏ ਸਨ। ਇਸ ਲਈ ਮੋਸ਼ੇਹ ਡੇਰੇ ਦੇ ਪ੍ਰਵੇਸ਼ ਦੁਆਰ ਤੇ ਖੜ੍ਹਾ ਹੋ ਗਿਆ ਅਤੇ ਕਿਹਾ, “ਜੋ ਕੋਈ ਯਾਹਵੇਹ ਦੇ ਲਈ ਹੈ ਉਹ ਮੇਰੇ ਕੋਲ ਆਵੇ।” ਅਤੇ ਸਾਰੇ ਲੇਵੀ ਉਸ ਕੋਲ ਇਕੱਠੇ ਹੋਏ।

ਫਿਰ ਉਸਨੇ ਉਹਨਾਂ ਨੂੰ ਕਿਹਾ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਹਰੇਕ ਆਦਮੀ ਆਪਣੀਆਂ ਤਲਵਾਰਾਂ ਲੱਕ ਨਾਲ ਬੰਨ੍ਹ ਕੇ। ਡੇਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਗੇ-ਪਿੱਛੇ ਜਾਵੇ, ਹਰ ਇੱਕ ਆਪਣੇ ਭਰਾ ਅਤੇ ਦੋਸਤ ਅਤੇ ਗੁਆਂਢੀ ਨੂੰ ਮਾਰ ਦਾਉ।’ ” ਲੇਵੀਆਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਕੀਤਾ ਅਤੇ ਉਸ ਦਿਨ ਲਗਭਗ ਤਿੰਨ ਹਜ਼ਾਰ ਲੋਕ ਮਾਰੇ ਗਏ। ਫਿਰ ਮੋਸ਼ੇਹ ਨੇ ਆਖਿਆ, “ਅੱਜ ਤੁਹਾਨੂੰ ਯਾਹਵੇਹ ਤੋਂ ਵੱਖ ਕੀਤਾ ਗਿਆ ਹੈ, ਕਿਉਂਕਿ ਤੁਸੀਂ ਆਪਣੇ ਹੀ ਪੁੱਤਰਾਂ ਅਤੇ ਭਰਾਵਾਂ ਦੇ ਵਿਰੁੱਧ ਸੀ ਅਤੇ ਉਸ ਨੇ ਅੱਜ ਤੁਹਾਨੂੰ ਅਸੀਸ ਦਿੱਤੀ ਹੈ।”

ਅਗਲੇ ਦਿਨ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ। ਪਰ ਹੁਣ ਮੈਂ ਯਾਹਵੇਹ ਕੋਲ ਜਾਵਾਂਗਾ, ਸ਼ਾਇਦ ਮੈਂ ਤੁਹਾਡੇ ਪਾਪ ਦੀ ਭੇਟ ਲਈ ਪ੍ਰਾਸਚਿਤ ਕਰ ਸਕਾਂ।”

ਇਸ ਲਈ ਮੋਸ਼ੇਹ ਯਾਹਵੇਹ ਦੇ ਕੋਲ ਵਾਪਸ ਗਿਆ ਅਤੇ ਆਖਿਆ, “ਹਾਏ, ਇਨ੍ਹਾਂ ਲੋਕਾਂ ਨੇ ਕਿੰਨਾ ਵੱਡਾ ਪਾਪ ਕੀਤਾ ਹੈ! ਉਹਨਾਂ ਨੇ ਆਪਣੇ ਆਪ ਲਈ ਸੋਨੇ ਦਾ ਦੇਵਤਾ ਬਣਾ ਲਿਆ ਹੈ। ਪਰ ਹੁਣ, ਕਿਰਪਾ ਕਰਕੇ ਉਹਨਾਂ ਦੇ ਗੁਨਾਹ ਨੂੰ ਮਾਫ਼ ਕਰ ਦੇ, ਪਰ ਜੇ ਨਹੀਂ ਤਾਂ ਮੇਰੇ ਨਾਮ ਨੂੰ ਉਸ ਕਿਤਾਬ ਵਿੱਚੋਂ ਮਿਟਾ ਦੇ ਜੋ ਤੂੰ ਲਿਖੀ ਹੈ।”

ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਜਿਸ ਨੇ ਵੀ ਮੇਰੇ ਵਿਰੁੱਧ ਪਾਪ ਕੀਤਾ ਹੈ, ਮੈਂ ਆਪਣੀ ਕਿਤਾਬ ਵਿੱਚੋਂ ਮਿਟਾ ਦਿਆਂਗਾ। ਹੁਣ ਜਾ, ਲੋਕਾਂ ਨੂੰ ਉਸ ਥਾਂ ਵੱਲ ਲੈ ਜਾ ਜਿਸ ਬਾਰੇ ਮੈਂ ਕਿਹਾ ਸੀ, ਅਤੇ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ। ਹਾਲਾਂਕਿ, ਜਦੋਂ ਮੇਰੇ ਲਈ ਸਜ਼ਾ ਦੇਣ ਦਾ ਸਮਾਂ ਆਵੇਗਾ, ਮੈਂ ਉਹਨਾਂ ਨੂੰ ਉਹਨਾਂ ਦੇ ਪਾਪ ਲਈ ਸਜ਼ਾ ਦਿਆਂਗਾ।”

ਅਤੇ ਯਾਹਵੇਹ ਨੇ ਲੋਕਾਂ ਨੂੰ ਇੱਕ ਬਿਪਤਾ ਨਾਲ ਮਾਰਿਆ ਕਿਉਂਕਿ ਉਹਨਾਂ ਨੇ ਹਾਰੋਨ ਨੂੰ ਇੱਕ ਵੱਛਾ ਬਣਾਉਣ ਅਤੇ ਉਸਦੀ ਪੂਜਾ ਕਰਨ ਲਈ ਕਿਹਾ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.