Biblica® Open Punjabi Contemporary Version 2025
ਰਸੂਲਾਂ 23
ਪੌਲੁਸ ਨੇ ਮਹਾਂਸਭਾ ਵੱਲ ਸਿੱਧਾ ਵੇਖਿਆ ਅਤੇ ਕਿਹਾ, “ਮੇਰੇ ਭਰਾਵੋ, ਮੈਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਅੱਜ ਤੱਕ ਮੈਂ ਪਰਮੇਸ਼ਵਰ ਪ੍ਰਤੀ ਆਪਣੇ ਚੰਗੇ ਜ਼ਮੀਰ ਨਾਲ ਫ਼ਰਜ਼ ਨਿਭਾਇਆ ਹੈ।” ਇਸ ਤੇ ਮਹਾਂ ਜਾਜਕ ਹਨਾਨਿਯਾਹ ਨੇ ਪੌਲੁਸ ਦੇ ਕੋਲ ਖੜ੍ਹੇ ਲੋਕਾਂ ਨੂੰ ਉਸ ਦੇ ਮੂੰਹ ਤੇ ਵਾਰ ਕਰਨ ਦਾ ਹੁਕਮ ਦਿੱਤਾ। ਤਦ ਪੌਲੁਸ ਨੇ ਉਸ ਨੂੰ ਕਿਹਾ, “ਹੇ ਸਫ਼ੇਦ ਫੇਰੀ ਹੋਈ ਕੰਧ, ਪਰਮੇਸ਼ਵਰ ਤੈਨੂੰ ਮਾਰੇਗਾ! ਤੁਸੀਂ ਉੱਥੇ ਬਿਵਸਥਾ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠੇ ਹੋ, ਪਰ ਤੁਸੀਂ ਖੁਦ ਇਹ ਹੁਕਮ ਦੇ ਕੇ ਕਾਨੂੰਨ ਦੀ ਉਲੰਘਣਾ ਕੀਤੀ ਕਿ ਮੈਨੂੰ ਮਾਰਿਆ ਜਾਵੇ!”
ਜਿਹੜੇ ਲੋਕ ਪੌਲੁਸ ਦੇ ਨੇੜੇ ਖੜ੍ਹੇ ਸਨ, ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਪਰਮੇਸ਼ਵਰ ਦੇ ਮਹਾਂ ਜਾਜਕ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਕਿਵੇਂ ਕੀਤੀ!”
ਪੌਲੁਸ ਨੇ ਜਵਾਬ ਦਿੱਤਾ, “ਭਰਾਵੋ, ਮੈਨੂੰ ਇਹ ਪਤਾ ਨਹੀਂ ਸੀ ਜੋ ਇਹ ਮਹਾਂ ਜਾਜਕ ਹੈ; ਕਿਉਂ ਜੋ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ਤੂੰ ਆਪਣੇ ਲੋਕਾਂ ਦੇ ਹਾਕਮ ਬਾਰੇ ਬੁਰਾ ਨਾ ਬੋਲ1।”
ਤਦ ਪੌਲੁਸ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕੁਝ ਸਦੂਕੀ ਅਤੇ ਕਈ ਫ਼ਰੀਸੀ ਆਏ ਹਨ, ਜਿਨ੍ਹਾਂ ਨੂੰ ਮਹਾਂਸਭਾ ਵਿੱਚ ਬੁਲਾਇਆ ਗਿਆ ਤਾਂ ਪੌਲੁਸ ਬੋਲਿਆ, “ਹੇ ਮੇਰੇ ਭਰਾਵੋ, ਮੈਂ ਇੱਕ ਫ਼ਰੀਸੀ ਹਾਂ, ਫ਼ਰੀਸੀਆਂ ਦੀ ਵੰਸ਼ ਵਿਚੋਂ ਹਾਂ। ਮੈਂ ਮਰੇ ਹੋਏ ਲੋਕਾਂ ਦੇ ਪੁਨਰ-ਉਥਾਨ ਦੀ ਉਮੀਦ ਕਾਰਨ ਅਜ਼ਮਾਇਸ਼ ਤੇ ਖੜ੍ਹਾ ਹਾਂ।” ਜਦੋਂ ਉਸ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚਕਾਰ ਝਗੜਾ ਹੋ ਗਿਆ ਅਤੇ ਸਭਾ ਵਿੱਚ ਫੁੱਟ ਪੈ ਗਈ। ਸਦੂਕੀ ਕਹਿੰਦੇ ਸਨ ਕਿ ਕੋਈ ਪੁਨਰ-ਉਥਾਨ ਨਹੀਂ ਹੈ ਅਤੇ ਨਾ ਤਾਂ ਸਵਰਗਦੂਤ ਹਨ ਅਤੇ ਨਾ ਹੀ ਆਤਮਾ ਹੈ, ਪਰ ਫ਼ਰੀਸੀ ਇਨ੍ਹਾਂ ਸਭ ਗੱਲਾਂ ਵਿੱਚ ਵਿਸ਼ਵਾਸ ਕਰਦੇ ਹਨ।
ਫਿਰ ਬਹੁਤ ਹੰਗਾਮਾ ਹੋਇਆ, ਅਤੇ ਕੁਝ ਨੇਮ ਦੇ ਉਪਦੇਸ਼ਕ ਜਿਹੜੇ ਫ਼ਰੀਸੀ ਸਨ ਉਹ ਖੜ੍ਹੇ ਹੋ ਗਏ ਅਤੇ ਜ਼ੋਰ ਨਾਲ ਬਹਿਸ ਕਰਨ ਲੱਗ ਪਏ। ਉਨ੍ਹਾਂ ਨੇ ਕਿਹਾ, “ਸਾਨੂੰ ਇਸ ਆਦਮੀ ਵਿੱਚ ਕੋਈ ਗਲਤੀ ਨਹੀਂ ਲੱਭਦੀ ਹੈ ਫੇਰ ਕੀ ਹੋਇਆ ਜੇ ਕਿਸੇ ਆਤਮਾ ਜਾਂ ਸਵਰਗਦੂਤ ਨੇ ਉਸ ਨਾਲ ਗੱਲ ਕੀਤੀ ਹੈ?” ਵਿਵਾਦ ਇੰਨਾ ਹਿੰਸਕ ਹੋ ਗਿਆ ਅਤੇ ਸੈਨਾਪਤੀ ਨੂੰ ਡਰ ਸੀ ਕਿ ਕਿਤੇ ਲੋਕ ਪੌਲੁਸ ਦੇ ਟੁਕੜੇ ਨਾ ਕਰ ਦੇਣ। ਉਸ ਨੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਉਹ ਹੇਠਾਂ ਜਾਣ ਅਤੇ ਉਸ ਨੂੰ ਜ਼ਬਰਦਸਤੀ ਉਨ੍ਹਾਂ ਤੋਂ ਦੂਰ ਕਰ ਦੇਣ ਅਤੇ ਉਸ ਨੂੰ ਸੈਨਿਕਾਂ ਦੀ ਛਾਉਣੀ ਅੰਦਰ ਲੈ ਜਾਓ।
ਅਗਲੀ ਰਾਤ ਪ੍ਰਭੂ ਪੌਲੁਸ ਦੇ ਕੋਲ ਖਲੋ ਗਿਆ ਅਤੇ ਬੋਲਿਆ, “ਹੌਸਲਾ ਰੱਖ! ਜਿਵੇਂ ਤੂੰ ਯੇਰੂਸ਼ਲੇਮ ਵਿੱਚ ਮੇਰੇ ਬਾਰੇ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੈਨੂੰ ਰੋਮ ਸ਼ਹਿਰ ਵਿੱਚ ਵੀ ਗਵਾਹੀ ਦੇਣੀ ਪਵੇਗੀ।”
ਪੌਲੁਸ ਨੂੰ ਮਾਰਨ ਦੀ ਸਾਜਿਸ਼
ਅਗਲੀ ਸਵੇਰ ਕੁਝ ਯਹੂਦੀਆਂ ਨੇ ਇੱਕ ਸਾਜਿਸ਼ ਰਚੀ ਅਤੇ ਉਨ੍ਹਾਂ ਨੇ ਆਪਸ ਵਿੱਚ ਸਹੁੰ ਖਾਧੀ ਕਿ ਜਦ ਤੱਕ ਅਸੀਂ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤੱਕ ਨਾ ਕੁਝ ਖਾਵਾਂਗੇ ਤੇ ਨਾ ਕੁਝ ਪੀਵਾਂਗੇ। ਇਸ ਸਾਜਿਸ਼ ਵਿੱਚ ਚਾਲੀ ਤੋਂ ਵੱਧ ਆਦਮੀ ਸ਼ਾਮਲ ਸਨ। ਉਹ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਗਏ ਅਤੇ ਕਿਹਾ, “ਅਸੀਂ ਸਹੁੰ ਖਾਧੀ ਹੈ ਕਿ ਜਦ ਤੱਕ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ ਉਦੋਂ ਤੱਕ ਅਸੀਂ ਕੁਝ ਵੀ ਨਾ ਖਾਵਾਂਗੇ। ਤਾਂ ਹੁਣ, ਤੁਸੀਂ ਅਤੇ ਮਹਾਂਸਭਾ ਨੇ ਸੈਨਾਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਮੁਕੱਦਮੇ ਬਾਰੇ ਵਧੇਰੇ ਸਹੀ ਜਾਣਕਾਰੀ ਦੀ ਇੱਛਾ ਦੇ ਬਹਾਨੇ ਉਸ ਨੂੰ ਤੁਹਾਡੇ ਸਾਹਮਣੇ ਲਿਆਵੇ। ਉਸ ਦੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਉਸ ਨੂੰ ਮਾਰਨ ਲਈ ਤਿਆਰ ਹਾਂ।”
ਪਰ ਜਦੋਂ ਪੌਲੁਸ ਦੀ ਭੈਣ ਦੇ ਪੁੱਤਰ ਨੇ ਇਸ ਸਾਜਿਸ਼ ਬਾਰੇ ਸੁਣਿਆ, ਤਾਂ ਉਹ ਸੈਨਿਕਾਂ ਦੀ ਛਾਉਣੀ ਵਿੱਚ ਗਿਆ ਅਤੇ ਪੌਲੁਸ ਨੂੰ ਦੱਸ ਦਿੱਤਾ।
ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਬੁਲਾਇਆ ਅਤੇ ਕਿਹਾ, “ਇਸ ਨੌਜਵਾਨ ਨੂੰ ਸੈਨਾਪਤੀ ਕੋਲ ਲੈ ਜਾਉ; ਉਸ ਦੇ ਕੋਲ ਕੁਝ ਦੱਸਣ ਲਈ ਹੈ।” ਇਸ ਲਈ ਉਹ ਉਸ ਨੂੰ ਸੈਨਾਪਤੀ ਕੋਲ ਲੈ ਗਏ।
ਸੂਬੇਦਾਰ ਨੇ ਕਿਹਾ, “ਪੌਲੁਸ, ਜੋ ਕੈਦੀ ਹੈ ਉਸ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਇਸ ਨੌਜਵਾਨ ਨੂੰ ਤੁਹਾਡੇ ਕੋਲ ਲਿਆਉਣ ਲਈ ਕਿਹਾ ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ।”
ਸੈਨਾਪਤੀ ਨੇ ਉਸ ਨੌਜਵਾਨ ਦਾ ਹੱਥ ਫੜ ਲਿਆ ਅਤੇ ਉਸ ਨੂੰ ਇੱਕ ਪਾਸੇ ਲੈ ਗਿਆ ਅਤੇ ਪੁੱਛਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈ?”
ਉਸ ਨੇ ਕਿਹਾ: “ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਬੇਨਤੀ ਕਰਨ ਜੋ ਤੁਸੀਂ ਕੱਲ੍ਹ ਪੌਲੁਸ ਨੂੰ ਮਹਾਂਸਭਾ ਵਿੱਚ ਲਿਆਵੋ ਕਿ ਜਿਵੇਂ ਤੁਸੀਂ ਉਹ ਦੇ ਬਾਰੇ ਕੁਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਣਾਂ ਚਾਹੁੰਦੇ ਹੋ। ਤੁਸੀਂ ਪੌਲੁਸ ਨੂੰ ਉਨ੍ਹਾਂ ਦੇ ਹਵਾਲੇ ਨਾ ਕਰਨਾ, ਕਿਉਂਕਿ ਉਨ੍ਹਾਂ ਵਿੱਚੋਂ ਚਾਲੀ ਤੋਂ ਵੱਧ ਉਸ ਦੇ ਉੱਤੇ ਹਮਲਾ ਕਰਨ ਦੀ ਉਡੀਕ ਕਰ ਰਹੇ ਹਨ। ਉਹਨਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਕੁਝ ਖਾਵਾਂਗੇ ਨਾ ਹੀ ਕੁਝ ਪੀਵਾਂਗੇ। ਉਹ ਹੁਣ ਤਿਆਰ ਹਨ, ਉਨ੍ਹਾਂ ਦੀ ਬੇਨਤੀ ਹੈ ਕਿ ਤੁਹਾਡੀ ਸਹਿਮਤੀ ਦੀ ਜ਼ਰੂਰਤ ਹੈ।”
ਫਿਰ ਸੈਨਾਪਤੀ ਨੇ ਉਸ ਨੌਜਵਾਨ ਨੂੰ ਇਸ ਚੇਤਾਵਨੀ ਦੇ ਕੇ ਵਿਦਿਆ ਕਰ ਦਿੱਤਾ ਅਤੇ ਕਿਹਾ, “ਇਹ ਗੱਲ ਕਿਸੇ ਹੋਰ ਨੂੰ ਨਾ ਪਤਾ ਲੱਗੇ ਕਿ ਤੂੰ ਇਹ ਗੱਲ ਮੈਨੂੰ ਦੱਸੀਂ ਹੈ।”
ਪੌਲੁਸ ਨੂੰ ਕੈਸਰਿਆ ਵਿੱਚ ਭੇਜਣਾ
ਇਸ ਤੋਂ ਬਾਅਦ, ਉਸ ਨੇ ਆਪਣੇ ਦੋ ਸੂਬੇਦਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਅੱਜ ਰਾਤ ਨੌਂ ਵਜੇ ਕੈਸਰਿਆ ਸ਼ਹਿਰ ਜਾਣ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਦੋ ਸੌ ਬਰਛੇ ਚੁੱਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ। ਪੌਲੁਸ ਲਈ ਘੋੜੇ ਮੁਹੱਈਆ ਕਰਵਾਓ ਤਾਂ ਜੋ ਉਹ ਸੁਰੱਖਿਅਤ ਰਾਜਪਾਲ ਫੇਲਿਕ੍ਸ ਕੋਲ ਜਾ ਸਕਣ।”
ਸੈਨਾਪਤੀ ਨੇ ਹੇਠ ਲਿਖੇ ਅਨੁਸਾਰ ਇੱਕ ਪੱਤਰ ਲਿਖਿਆ:
ਕਲਾਉਡੀਅਸ ਲੁਸਿਯਸ ਦੇ ਮਹਾਨ
ਰਾਜਪਾਲ ਫੇਲਿਕ੍ਸ:
ਪਰਨਾਮ।
ਇਸ ਆਦਮੀ ਨੂੰ ਜਦੋਂ ਕੁਝ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ, ਤਾਂ ਮੈਂ ਇਹ ਪਤਾ ਕੀਤਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਫਿਰ ਮੈ ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ। ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਉਸ ਤੇ ਇਲਜ਼ਾਮ ਕਿਉਂ ਲਗਾ ਰਹੇ ਸਨ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੀ ਮਹਾਂਸਭਾ ਵਿੱਚ ਲੈ ਆਇਆ। ਮੈਂ ਜਾਣਿਆ ਕਿ ਇਹ ਦੋਸ਼ ਉਨ੍ਹਾਂ ਦੇ ਕਾਨੂੰਨ ਬਾਰੇ ਪ੍ਰਸ਼ਨਾਂ ਨਾਲ ਜੁੜਿਆ ਹੋਇਆ ਸੀ, ਪਰ ਉਸ ਵਿਰੁੱਧ ਕੋਈ ਦੋਸ਼ ਨਹੀਂ ਸੀ ਜਿਹੜਾ ਉਹ ਦੇ ਮੌਤ ਜਾਂ ਕੈਦ ਵਿੱਚ ਪਾਉਣ ਦੇ ਲਾਇਕ ਹੋਵੇ। ਜਦੋਂ ਮੈਨੂੰ ਉਸ ਆਦਮੀ ਦੇ ਵਿਰੁੱਧ ਸਾਜਿਸ਼ ਰਚਣ ਦੀ ਖ਼ਬਰ ਮਿਲੀ, ਤਾਂ ਮੈਂ ਉਸ ਨੂੰ ਤੁਰੰਤ ਤੁਹਾਡੇ ਕੋਲ ਭੇਜ ਦਿੱਤਾ। ਮੈਂ ਉਸ ਦੇ ਦੋਸ਼ੀਆਂ ਨੂੰ ਉਸ ਦੇ ਵਿਰੁੱਧ ਆਪਣਾ ਮੁਕੱਦਮਾ ਤੁਹਾਡੇ ਅੱਗੇ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ ਹਨ।
ਇਸ ਲਈ ਸਿਪਾਹੀ, ਉਨ੍ਹਾਂ ਦੇ ਆਦੇਸ਼ਾਂ ਨੂੰ ਮੰਨਦੇ ਹੋਏ, ਰਾਤ ਨੂੰ ਪੌਲੁਸ ਨੂੰ ਨਾਲ ਲੈ ਗਏ ਅਤੇ ਉਸ ਨੂੰ ਅੰਤਿਪਤ੍ਰਿਸ ਕਸਬੇ ਵਿੱਚ ਪਹੁੰਚਾਇਆ। ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰ ਨੂੰ ਉਸ ਨਾਲ ਜਾਣ ਦਿੱਤਾ, ਜਦਕਿ ਉਹ ਸੈਨਿਕਾਂ ਦੀ ਛਾਉਣੀ ਵਿੱਚ ਵਾਪਸ ਚਲੇ ਗਏ ਜਦੋਂ ਘੋੜਸਵਾਰ ਕੈਸਰਿਆ ਵਿੱਚ ਪਹੁੰਚੇ, ਉਨ੍ਹਾਂ ਨੇ ਰਾਜਪਾਲ ਨੂੰ ਪੱਤਰ ਸੌਂਪ ਦਿੱਤਾ ਅਤੇ ਪੌਲੁਸ ਨੂੰ ਉਸ ਦੇ ਹਵਾਲੇ ਕਰ ਦਿੱਤਾ। ਰਾਜਪਾਲ ਨੇ ਪੱਤਰ ਨੂੰ ਪੜ੍ਹਿਆ ਅਤੇ ਪੁੱਛਿਆ ਕਿ ਉਹ ਕਿਹੜੇ ਪ੍ਰਦੇਸ਼ ਦਾ ਹੈ। ਜਦੋਂ ਇਹ ਜਾਣਿਆ ਕਿ ਉਹ ਕਿਲਕਿਆ ਦਾ ਰਹਿਣ ਵਾਲਾ ਹੈ, ਰਾਜਪਾਲ ਨੇ ਪੌਲੁਸ ਨੂੰ ਕਿਹਾ, “ਜਦੋਂ ਤੁਹਾਡੇ ਦੋਸ਼ੀ ਇੱਥੇ ਆਉਣਗੇ ਤਾਂ ਮੈਂ ਤੁਹਾਡਾ ਮੁਕੱਦਮਾ ਸੁਣਾਂਗਾ।” ਤਦ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇ।
Source notes (1)
- Footnote ਕੂਚ 22:28
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.