Skip to content
BibleKenya

Biblica® Open Punjabi Contemporary Version 2025

ਰਸੂਲਾਂ 22

“ਭਰਾਵੋ ਅਤੇ ਪਿਤਾਓ, ਹੁਣ ਮੇਰੀ ਸਫ਼ਾਈ ਨੂੰ ਸੁਣੋ।”

ਜਦੋਂ ਉਨ੍ਹਾਂ ਨੇ ਉਸ ਨੂੰ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨਾਲ ਗੱਲ ਕਰਦਿਆਂ ਸੁਣਿਆ, ਤਾਂ ਉਹ ਚੁੱਪ ਹੋ ਗਏ।

ਤਦ ਪੌਲੁਸ ਨੇ ਕਿਹਾ: ਮੈਂ ਇੱਕ ਯਹੂਦੀ ਹਾਂ। ਜੋ ਕਿ ਕਿਲਕਿਆ ਪ੍ਰਾਂਤ ਦੇ ਤਰਸੁਸ ਸ਼ਹਿਰ ਵਿੱਚ ਮੇਰਾ ਜਨਮ ਹੋਇਆ ਹੈ, ਪਰ ਮੈਂ ਇਸ ਸ਼ਹਿਰ ਵਿੱਚ ਪਲਿਆ ਹਾਂ। ਮੈਂ ਗਮਲੀਏਲ ਦੇ ਅਧੀਨ ਪੜ੍ਹਾਈ ਕੀਤੀ ਅਤੇ ਸਾਡੇ ਪਿਉ-ਦਾਦਿਆਂ ਨੇ ਬਿਵਸਥਾ ਦੀ ਚੰਗੀ ਤਰ੍ਹਾਂ ਸਿੱਖਿਆ ਪਾਈ। ਮੈਂ ਪਰਮੇਸ਼ਵਰ ਲਈ ਉਨਾ ਹੀ ਜੋਸ਼ੀਲਾ ਸੀ ਜਿੰਨੇ ਅੱਜ ਤੁਸੀਂ ਹੋ। ਮੈਂ ਇਸ ਰਾਹ ਤੇ ਚਲਣ ਵਾਲੇ ਲੋਕਾਂ ਨੂੰ ਮੌਤ ਤੱਕ ਸਤਾਇਆ, ਵਿਸ਼ਵਾਸੀ ਆਦਮੀ ਅਤੇ ਔਰਤਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਕੈਦ ਵਿੱਚ ਸੁੱਟ ਦਿੰਦਾ। ਜਿਵੇਂ ਮਹਾਂ ਜਾਜਕ ਅਤੇ ਸਾਰੀ ਕੌਂਸਲ ਮੇਰੇ ਲਈ ਗਵਾਹੀ ਦਿੰਦੀ ਹੈ। ਮੈਂ ਉਨ੍ਹਾਂ ਕੋਲੋਂ ਭਾਈਬੰਦ ਯਹੂਦੀਆ ਦੇ ਨਾਮ ਦੀਆਂ ਚਿੱਠੀਆਂ ਪ੍ਰਾਪਤ ਕਰਕੇ ਦੰਮਿਸ਼ਕ ਵਿੱਚ ਉਨ੍ਹਾਂ ਵਿਸ਼ਵਾਸੀਆ ਨੂੰ ਸਜ਼ਾ ਦੇਣ ਲਈ ਯੇਰੂਸ਼ਲੇਮ ਵਿੱਚ ਕੈਦੀਆਂ ਵਜੋਂ ਲਿਆਉਣ ਲਈ ਉੱਥੇ ਗਿਆ।

“ਦੁਪਹਿਰ ਦੇ ਵੇਲੇ, ਜਦੋਂ ਮੈਂ ਦੰਮਿਸ਼ਕ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਮੇਰੇ ਆਲੇ-ਦੁਆਲੇ ਚਮਕੀ। ਮੈਂ ਜ਼ਮੀਨ ਤੇ ਡਿੱਗ ਪਿਆ ਅਤੇ ਇੱਕ ਆਵਾਜ਼ ਮੈਨੂੰ ਆਖਦੀ ਸੁਣੀ, ‘ਹੇ ਸੌਲੁਸ! ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?’

“ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਉਸ ਨੇ ਜਵਾਬ ਦਿੱਤਾ।

“ ‘ਮੈਂ ਯਿਸ਼ੂ ਨਾਸਰੀ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।’ ਮੇਰੇ ਸਾਥੀਆਂ ਨੇ ਚਾਨਣ ਤਾਂ ਵੇਖਿਆ, ਪਰ ਉਹ ਉਸ ਦੀ ਆਵਾਜ਼ ਨੂੰ ਨਹੀਂ ਸਮਝ ਸਕੇ ਜੋ ਮੇਰੇ ਨਾਲ ਗੱਲ ਕਰ ਰਹੀ ਸੀ।

“ਮੈਂ ਪੁੱਛਿਆ, ‘ਫਿਰ ਮੈਂ ਕੀ ਕਰਾਂ, ਪ੍ਰਭੂ?’

“ਪ੍ਰਭੂ ਨੇ ਕਿਹਾ, ‘ਹੁਣ ਉੱਠ ਅਤੇ ਦੰਮਿਸ਼ਕ ਸ਼ਹਿਰ ਵੱਲ ਜਾ। ਉੱਥੇ ਤੈਨੂੰ ਉਹ ਸਭ ਦੱਸਿਆ ਜਾਵੇਗਾ ਜੋ ਤੇਰੇ ਕਰਨ ਲਈ ਠਹਿਰਾਇਆ ਹੋਇਆ ਹੈ।’ ਮੇਰੇ ਸਾਥੀ ਮੇਰਾ ਹੱਥ ਫੜ੍ਹ ਕੇ ਮੈਨੂੰ ਦੰਮਿਸ਼ਕ ਸ਼ਹਿਰ ਲੈ ਗਏ, ਕਿਉਂਕਿ ਚਾਨਣ ਦੀ ਚਮਕ ਨੇ ਮੈਨੂੰ ਅੰਨ੍ਹਾ ਕਰ ਦਿੱਤਾ ਸੀ।

“ਉਸ ਸ਼ਹਿਰ ਵਿੱਚ ਹਨਾਨਿਯਾਹ ਨਾਮ ਦਾ ਇੱਕ ਆਦਮੀ ਮੈਨੂੰ ਮਿਲਣ ਆਇਆ। ਉਹ ਬਿਵਸਥਾ ਦਾ ਸ਼ਰਧਾਲੂ ਸੀ ਅਤੇ ਉੱਥੇ ਰਹਿੰਦੇ ਸਾਰੇ ਯਹੂਦੀ ਉਸ ਦਾ ਬਹੁਤ ਸਤਿਕਾਰ ਕਰਦੇ ਸਨ। ਉਹ ਮੇਰੇ ਕੋਲ ਖੜ੍ਹਾ ਹੋਇਆ ਅਤੇ ਉਹ ਨੇ ਕਿਹਾ, ‘ਹੇ ਭਰਾ ਸੌਲੁਸ, ਆਪਣੀ ਨਿਗਾਹ ਪ੍ਰਾਪਤ ਕਰ!’ ਅਤੇ ਉਸੇ ਵੇਲੇ ਮੈਂ ਉਸ ਨੂੰ ਵੇਖਣ ਦੇ ਯੋਗ ਹੋ ਗਿਆ।

“ਫਿਰ ਉਸ ਨੇ ਕਿਹਾ: ‘ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੈਨੂੰ ਉਸ ਦੀ ਇੱਛਾ ਜਾਣਨ, ਅਤੇ ਧਰਮੀ ਨੂੰ ਵੇਖਣ ਅਤੇ ਉਸ ਦੇ ਮੂੰਹੋਂ ਸ਼ਬਦ ਸੁਣਨ ਲਈ ਚੁਣਿਆ ਹੈ। ਤੂੰ ਸਾਰੇ ਲੋਕਾਂ ਵਿੱਚ ਪਰਮੇਸ਼ਵਰ ਦਾ ਗਵਾਹ ਹੋਵੇਗਾ ਜੋ ਤੂੰ ਵੇਖਿਆ ਅਤੇ ਸੁਣਿਆ ਹੈ। ਅਤੇ ਹੁਣ ਤੂੰ ਕਿਸ ਲਈ ਉਡੀਕ ਕਰ ਰਿਹਾ? ਉੱਠ, ਬਪਤਿਸਮਾ ਲੈ ਅਤੇ ਉਸ ਦੇ ਨਾਮ ਨੂੰ ਪੁਕਾਰਦੇ ਹੋਏ, ਆਪਣੇ ਪਾਪਾਂ ਨੂੰ ਧੋ ਸੁੱਟ।’

“ਉਸ ਤੋਂ ਬਾਅਦ, ਜਦੋਂ ਮੈਂ ਯੇਰੂਸ਼ਲੇਮ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁਰਤ ਹੋ ਕੇ ਡਿੱਗ ਗਿਆ। ਅਤੇ ਵੇਖਿਆ ਜੋ ਪ੍ਰਭੂ ਮੇਰੇ ਨਾਲ ਬੋਲ ਰਿਹਾ ਸੀ। ਉਸ ਨੇ ਕਿਹਾ, ‘ਜਲਦੀ ਯੇਰੂਸ਼ਲੇਮ ਨੂੰ ਛੱਡ ਕਿਉਂਕਿ ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’

“ਮੈਂ ਜਵਾਬ ਦਿੱਤਾ, ‘ਪ੍ਰਭੂ, ਇਹ ਲੋਕ ਜਾਣਦੇ ਹਨ ਕਿ ਮੈਂ ਇੱਕ ਪ੍ਰਾਰਥਨਾ ਸਥਾਨ ਤੋਂ ਦੂਸਰੇ ਵਿੱਚ ਜਾਦਾਂ ਸੀ। ਤਾਂ ਜੋ ਤੇਰੇ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਮੈਂ ਕੈਦ ਵਿੱਚ ਪਾਉਂਦਾ ਅਤੇ ਉਨ੍ਹਾਂ ਨੂੰ ਕੁੱਟਦਾ ਸੀ। ਅਤੇ ਜਦੋਂ ਤੇਰੇ ਸ਼ਹੀਦ ਸਟੀਫਨ ਦਾ ਲਹੂ ਵਹਾਇਆ ਗਿਆ ਸੀ, ਮੈਂ ਉਦੋਂ ਉੱਥੇ ਖੜ੍ਹਾ ਹੋ ਕੇ ਆਪਣੀ ਪ੍ਰਵਾਨਗੀ ਦੇ ਰਿਹਾ ਸੀ ਅਤੇ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’

“ਫਿਰ ਪ੍ਰਭੂ ਨੇ ਮੈਨੂੰ ਕਿਹਾ, ‘ਜਾ; ਮੈਂ ਤੈਨੂੰ ਦੂਰ ਗ਼ੈਰ-ਯਹੂਦੀਆਂ ਵੱਲ ਭੇਜਾਂਗਾ।’ ”

ਪੌਲੁਸ ਰੋਮੀ ਨਾਗਰਿਕ

ਭੀੜ ਨੇ ਪੌਲੁਸ ਦੀ ਗੱਲ ਉਦੋਂ ਤੱਕ ਸੁਣੀ, ਜਦੋਂ ਤੱਕ ਉਸ ਨੇ ਇਹ ਨਾ ਕਿਹਾ। ਤਦ ਉਨ੍ਹਾਂ ਲੋਕਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ! ਕਿਉਂ ਜੋ ਉਹ ਜੀਉਣ ਦੇ ਹੀ ਯੋਗ ਨਹੀਂ!”

ਜਿਵੇਂ ਉਹ ਚੀਕ ਰਹੇ ਸਨ ਅਤੇ ਆਪਣੇ ਕੱਪੜੇ ਸੁੱਟਦੇ ਅਤੇ ਹਵਾ ਵਿੱਚ ਮਿੱਟੀ ਵੀ ਉੱਡਾ ਰਹੇ ਸਨ, ਸੈਨਾਪਤੀ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ। ਉਸ ਨੇ ਹਦਾਇਤ ਕੀਤੀ ਕਿ ਉਸ ਨੂੰ ਕੋੜੇ ਮਾਰੇ ਜਾਣ ਤਾਂ ਜੋ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ ਕਿ ਲੋਕ ਉਸ ਉੱਤੇ ਇਸ ਤਰ੍ਹਾਂ ਕਿਉਂ ਰੌਲਾ ਪਾ ਰਹੇ ਸਨ। ਜਦੋਂ ਉਨ੍ਹਾਂ ਨੇ ਉਸ ਨੂੰ ਖਿੱਚਿਆ ਕਿ ਉਸ ਨੂੰ ਕੋੜੇ ਮਾਰੇ ਜਾਣ, ਤਾਂ ਪੌਲੁਸ ਨੇ ਉੱਥੇ ਖੜ੍ਹੇ ਸੂਬੇਦਾਰ ਨੂੰ ਕਿਹਾ, “ਕੀ ਇਹ ਤੁਹਾਡੇ ਲਈ ਕਾਨੂੰਨੀ ਹੈ ਕਿ ਕਿਸੇ ਰੋਮੀ ਨਾਗਰਿਕ ਨੂੰ ਕੋੜੇ ਮਾਰੇ ਜਾਣ ਹਾਲਾਂਕਿ ਕਿ ਉਹ ਦੋਸ਼ੀ ਵੀ ਨਾ ਹੋਵੇ?”

ਜਦੋਂ ਸੂਬੇਦਾਰ ਨੇ ਇਹ ਸੁਣਿਆ, ਤਾਂ ਉਹ ਸੈਨਾਪਤੀ ਕੋਲ ਗਿਆ ਅਤੇ ਉਸ ਨੇ ਇਸ ਬਾਰੇ ਦੱਸਿਆ। ਉਸ ਨੇ ਪੁੱਛਿਆ, “ਤੁਸੀਂ ਕੀ ਕਰਨ ਜਾ ਰਹੇ ਹੋ? ਇਹ ਆਦਮੀ ਰੋਮੀ ਨਾਗਰਿਕ ਹੈ।”

ਸੈਨਾਪਤੀ ਪੌਲੁਸ ਕੋਲ ਗਿਆ ਅਤੇ ਪੁੱਛਿਆ, “ਮੈਨੂੰ ਦੱਸ, ਕੀ ਤੂੰ ਰੋਮੀ ਹੈ?”

ਉਸ ਨੇ ਜਵਾਬ ਦਿੱਤਾ, “ਹਾਂ, ਮੈਂ ਹਾਂ।”

ਤਦ ਸੈਨਾਪਤੀ ਨੇ ਕਿਹਾ, “ਮੈਂ ਆਪਣੀ ਨਾਗਰਿਕਤਾ ਲਈ ਬਹੁਤ ਸਾਰਾ ਪੈਸਾ ਖ਼ਰਚ ਕੀਤਾ।”

ਪੌਲੁਸ ਨੇ ਜਵਾਬ ਦਿੱਤਾ, “ਪਰ ਮੈਂ ਇੱਕ ਰੋਮੀ ਨਾਗਰਿਕ ਪੈਦਾ ਹੋਇਆ ਸੀ।”

ਜਿਹੜੇ ਲੋਕ ਉਸ ਤੋਂ ਪੁੱਛ-ਗਿੱਛ ਕਰਨ ਜਾ ਰਹੇ ਸਨ, ਉਹ ਤੁਰੰਤ ਵਾਪਸ ਚਲੇ ਗਏ। ਸੈਨਾਪਤੀ ਖੁਦ ਡਰ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਰੋਮ ਦੇ ਨਾਗਰਿਕ, ਪੌਲੁਸ ਨੂੰ ਜੰਜ਼ੀਰਾਂ ਵਿੱਚ ਬੰਨ੍ਹਿਆ ਹੋਇਆ।

ਪੌਲੁਸ ਮਹਾਂਸਭਾ ਤੋਂ ਸਾਹਮਣੇ

ਸੈਨਾਪਤੀ ਇਹ ਪਤਾ ਲਗਾਉਣਾ ਚਾਹੁੰਦਾ ਸੀ ਕਿ ਪੌਲੁਸ ਨੂੰ ਯਹੂਦੀਆਂ ਦੁਆਰਾ ਦੋਸ਼ੀ ਕਿਉਂ ਠਹਿਰਾਇਆ ਗਿਆ ਸੀ। ਅਗਲੇ ਦਿਨ, ਉਸ ਨੇ ਉਸ ਨੂੰ ਰਿਹਾ ਕਰ ਦਿੱਤਾ ਅਤੇ ਮੁੱਖ ਜਾਜਕਾਂ ਅਤੇ ਮਹਾਂਸਭਾ ਵਿੱਚ ਸਾਰੇ ਮੈਂਬਰਾਂ ਨੂੰ ਇਕੱਠਾ ਹੋਣ ਲਈ ਆਦੇਸ਼ ਦਿੱਤਾ। ਫੇਰ ਉਸ ਨੇ ਪੌਲੁਸ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.