Biblica® Open Punjabi Contemporary Version 2025
ਰਸੂਲਾਂ 24
ਫੇਲਿਕ੍ਸ ਦੇ ਸਾਹਮਣੇ ਪੌਲੁਸ ਦਾ ਮੁਕੱਦਮਾ
ਪੰਜ ਦਿਨਾਂ ਬਾਅਦ ਮਹਾਂ ਜਾਜਕ ਹਨਾਨਿਯਾਹ ਕੁਝ ਬਜ਼ੁਰਗਾਂ ਅਤੇ ਤਰਤੁੱਲੁਸ ਨਾਮ ਦੇ ਵਕੀਲ1 ਨਾਲ ਕੈਸਰਿਆ ਨੂੰ ਗਿਆ, ਅਤੇ ਉਨ੍ਹਾਂ ਨੇ ਰਾਜਪਾਲ ਅੱਗੇ ਪੌਲੁਸ ਦੇ ਵਿਰੁੱਧ ਦੋਸ਼ ਲਾਏ। ਅਤੇ ਜਦੋਂ ਪੌਲੁਸ ਨੂੰ ਬੁਲਾਇਆ ਗਿਆ, ਤਾਂ ਤਰਤੁੱਲੁਸ ਨੇ ਆਪਣਾ ਮੁਕੱਦਮਾ ਫੇਲਿਕ੍ਸ ਦੇ ਸਾਹਮਣੇ ਪੇਸ਼ ਕੀਤਾ: “ਇਸ ਲਈ ਜੋ ਅਸੀਂ ਤੁਹਾਡੇ ਕਾਰਨ ਵੱਡਾ ਸੁੱਖ ਭੋਗਦੇ ਹਾਂ, ਅਤੇ ਤੁਹਾਡੀ ਸਿਆਣਪ ਨਾਲ ਇਸ ਕੌਮ ਦੇ ਬਹੁਤ ਸਾਰੇ ਕੰਮਾਂ ਦਾ ਸੁਧਾਰ ਕੀਤਾ ਜਾਂਦਾ ਹੈ। ਹਰ ਜਗ੍ਹਾ ਅਤੇ ਹਰ ਤਰੀਕੇ ਨਾਲ, ਸਭ ਤੋਂ ਵਧ ਕੇ ਸ੍ਰੇਸ਼ਠ ਫੇਲਿਕ੍ਸ, ਅਸੀਂ ਇਸ ਨੂੰ ਡੂੰਘੇ ਸ਼ੁਕਰਗੁਜ਼ਾਰ ਨਾਲ ਮੰਨਦੇ ਹਾਂ। ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ, ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰਕੇ ਸਾਡੀਆਂ ਥੋੜੀਆਂ ਜਿਹੀਆਂ ਗੱਲਾਂ ਸੁਣ ਲਓ।
“ਸਾਨੂੰ ਇਹ ਆਦਮੀ ਪਰੇਸ਼ਾਨ ਕਰਨ ਵਾਲਾ ਲੱਗਿਆ ਹੈ, ਜਿਸ ਨੇ ਸਾਰੀ ਦੁਨੀਆਂ ਦੇ ਯਹੂਦੀਆਂ ਵਿੱਚ ਦੰਗੇ ਭੜਕਾਏ ਸਨ। ਅਤੇ ਇਹ ਨਾਸਰੀ ਪੰਥ ਦਾ ਇੱਕ ਆਗੂ ਹੈ। ਅਤੇ ਉਸ ਨੇ ਹੈਕਲ2 ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਵੀ ਕੀਤੀ; ਇਸ ਲਈ ਅਸੀਂ ਉਸ ਨੂੰ ਫੜ ਲਿਆ। ਅਸੀਂ ਉਸ ਦਾ ਸਾਡੀ ਬਿਵਸਥਾ ਅਨੁਸਾਰ ਨਿਆਂ ਕੀਤਾ ਹੁੰਦਾ। ਪਰ ਸੈਨਾਪਤੀ ਲਾਇਸੀਅਸ ਆਇਆ ਅਤੇ ਉਸ ਨੂੰ ਬਹੁਤ ਹਿੰਸਾ ਨਾਲ ਸਾਡੇ ਕੋਲ ਲੈ ਗਿਆ,3 ਉਸ ਦੀ ਖੁਦ ਜਾਂਚ ਕਰਕੇ ਤੁਸੀਂ ਉਨ੍ਹਾਂ ਸਾਰੇ ਦੋਸ਼ਾਂ ਦੀ ਸੱਚਾਈ ਜਾਣ ਜਾਓਗੇ ਜੋ ਅਸੀਂ ਉਸ ਦੇ ਖ਼ਿਲਾਫ਼ ਲਾ ਰਹੇ ਹਾਂ।”4
ਫਿਰ ਦੂਸਰੇ ਯਹੂਦੀਆਂ ਨੇ ਵੀ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਦਾਅਵਾ ਕਰਨ ਲੱਗੇ ਕਿ ਇਹ ਸਾਰੇ ਦੋਸ਼ ਸੱਚ ਹਨ।
ਰਾਜਪਾਲ ਫੇਲਿਕ੍ਸ ਤੋਂ ਸੰਕੇਤ ਮਿਲਣ ਤੋਂ ਬਾਅਦ, ਪੌਲੁਸ ਨੇ ਜਵਾਬ ਦੇਣਾ ਸ਼ੁਰੂ ਕੀਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਿਆਂ ਅਧਿਕਾਰੀ ਰਹੇ ਹੋ; ਇਸ ਲਈ ਮੈਂ ਖੁਸ਼ੀ ਨਾਲ ਆਪਣੀ ਸਫ਼ਾਈ ਦਿੰਦਾ ਹਾਂ। ਤੁਸੀਂ ਇਸ ਸੱਚਾਈ ਦੀ ਪੁਸ਼ਟੀ ਕਰ ਸਕਦੇ ਹੋ ਕਿ ਮੈਂ ਸਿਰਫ ਬਾਰ੍ਹਾਂ ਦਿਨ ਪਹਿਲਾਂ ਯੇਰੂਸ਼ਲੇਮ ਵਿੱਚ ਬੰਦਗੀ ਕਰਨ ਲਈ ਗਿਆ ਸੀ। ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਨਹੀਂ ਵੇਖਿਆ, ਨਾ ਤਾਂ ਪ੍ਰਾਰਥਨਾ ਸਥਾਨ ਵਿੱਚ, ਨਾ ਹੀ ਸ਼ਹਿਰ ਵਿੱਚ। ਇਹ ਲੋਕ ਨਾ ਤੁਹਾਨੂੰ ਸਾਬਤ ਕਰ ਸਕਦੇ ਉਹ ਇਲਜ਼ਾਮ ਜਿਹੜੇ ਮੇਰੇ ਤੇ ਲਗਾਏ ਜਾ ਰਹੇ ਹਨ। ਪਰ ਮੈਂ ਮੰਨਦਾ ਹਾਂ ਕਿ ਮੈਂ ਉਸ ਰਾਹ ਦੀ ਪਾਲਣਾ ਕਰਦਾ ਹਾਂ, ਜਿਸ ਨੂੰ ਉਹ ਪੰਥ ਕਹਿੰਦੇ ਹਨ। ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਪਾਸਨਾ ਕਰਦਾ ਹਾਂ, ਅਤੇ ਮੈਂ ਯਹੂਦੀ ਕਾਨੂੰਨ ਅਤੇ ਨਬੀਆਂ ਵਿੱਚ ਲਿਖੀਆਂ ਸਾਰੀਆਂ ਗੱਲਾਂ ਵਿੱਚ ਪੱਕਾ ਵਿਸ਼ਵਾਸ ਕਰਦਾ ਹਾਂ। ਅਤੇ ਮੈਨੂੰ ਪਰਮੇਸ਼ਵਰ ਵਿੱਚ ਉਹੀ ਉਮੀਦ ਹੈ ਜਿੰਨੀ ਇਨ੍ਹਾਂ ਆਦਮੀਆਂ ਨੇ ਆਪ ਕੀਤੀ ਹੈ, ਕਿ ਧਰਮੀ ਅਤੇ ਕੁਧਰਮੀ ਦੋਹਾਂ ਦਾ ਦੁਬਾਰਾ ਪੁਨਰ-ਉਥਾਨ ਹੋਵੇਗਾ। ਇਸ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਜ਼ਮੀਰ ਨੂੰ ਪਰਮੇਸ਼ਵਰ ਅਤੇ ਮਨੁੱਖ ਦੇ ਸਾਮ੍ਹਣੇ ਸਪੱਸ਼ਟ ਰੱਖਾਂ।
“ਕਈ ਸਾਲਾਂ ਦੀ ਗ਼ੈਰਹਾਜ਼ਰੀ ਤੋਂ ਬਾਅਦ, ਮੈਂ ਯੇਰੂਸ਼ਲੇਮ ਆਇਆ ਕਿ ਆਪਣੇ ਗਰੀਬ ਲੋਕਾਂ ਲਈ ਤੋਹਫ਼ੇ ਲੈ ਕੇ ਅਤੇ ਭੇਟਾਂ ਦੇਣ ਆਇਆ। ਮੈਂ ਰਸਮੀ ਤੌਰ ਤੇ ਸ਼ੁੱਧ ਸੀ ਜਦੋਂ ਉਨ੍ਹਾਂ ਨੇ ਮੈਨੂੰ ਹੈਕਲ ਦੀਆਂ ਕਚਹਿਰੀਆਂ ਵਿੱਚ ਅਜਿਹਾ ਕਰਦਿਆਂ ਪਾਇਆ। ਮੇਰੇ ਨਾਲ ਕੋਈ ਭੀੜ ਨਹੀਂ ਸੀ, ਅਤੇ ਨਾ ਹੀ ਮੈਂ ਕਿਸੇ ਹੰਗਾਮੇ ਵਿੱਚ ਸ਼ਾਮਲ ਸੀ। ਪਰ ਏਸ਼ੀਆ ਪ੍ਰਾਂਤ ਦੇ ਕੁਝ ਯਹੂਦੀ ਹਨ, ਜਿਨ੍ਹਾਂ ਨੂੰ ਤੁਹਾਡੇ ਸਾਮ੍ਹਣੇ ਇੱਥੇ ਹੋਣਾ ਚਾਹੀਦਾ ਹੈ ਅਤੇ ਦੋਸ਼ ਲਾਉਣਾ ਚਾਹੀਦਾ ਹੈ ਜੇ ਉਨ੍ਹਾਂ ਦੇ ਕੋਲ ਮੇਰੇ ਵਿਰੁੱਧ ਕੁਝ ਹੈ। ਜਾਂ ਇਹ ਜਿਹੜੇ ਇੱਥੇ ਹਨ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ ਮਹਾਂਸਭਾ ਦੇ ਅੱਗੇ ਖੜ੍ਹੇ ਹੁੰਦੇ ਸਨ ਉਨ੍ਹਾਂ ਨੇ ਮੇਰੇ ਵਿੱਚ ਕਿਹੜਾ ਅਪਰਾਧ ਪਾਇਆ ਸੀ ਇਸ ਇੱਕ ਚੀਜ਼ ਨੂੰ ਛੱਡ ਕੇ, ਜੋ ਮੈਂ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਆਖਿਆ, ‘ਮੁਰਦਿਆਂ ਦੇ ਜੀ ਉੱਠਣ ਵਿੱਚ ਮੇਰੇ ਵਿਸ਼ਵਾਸ ਦੇ ਕਾਰਨ ਅੱਜ ਤੁਹਾਡੇ ਸਾਹਮਣੇ ਮੁਕੱਦਮਾ ਚੱਲ ਰਿਹਾ ਹੈ।’ ”
ਪਰ ਫੇਲਿਕ੍ਸ, ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਹ ਕਹਿ ਕੇ ਉਹਨਾਂ ਨੂੰ ਟਾਲ ਦਿੱਤਾ, “ਜਦੋਂ ਲੁਸਿਯਸ ਸੈਨਾਪਤੀ ਆਵੇਗਾ, ਮੈਂ ਤੁਹਾਡੇ ਮੁਕੱਦਮੇ ਦਾ ਫੈਸਲਾ ਕਰਾਂਗਾ।” ਉਸ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਪਹਿਰਾ ਦੇਵੇ ਪਰ ਉਸ ਨੂੰ ਕੁਝ ਅਜ਼ਾਦੀ ਵੀ ਦੇਵੇ ਅਤੇ ਉਸ ਦੇ ਦੋਸਤਾਂ ਨੂੰ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਨਾ ਰੋਕੋ।
ਕਈ ਦਿਨਾਂ ਬਾਅਦ ਫੇਲਿਕ੍ਸ ਆਪਣੀ ਪਤਨੀ ਡਸਿੱਲਾ ਨਾਲ ਆਇਆ, ਜੋ ਕਿ ਯਹੂਦੀ ਸੀ। ਉਸ ਨੇ ਪੌਲੁਸ ਨੂੰ ਬੁਲਾਇਆ ਅਤੇ ਉਸ ਨੂੰ ਸੁਣਿਆ ਜਿਵੇਂ ਉਸ ਨੇ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਬਾਰੇ ਗੱਲ ਕੀਤੀ ਸੀ। ਜਿਵੇਂ ਕਿ ਪੌਲੁਸ ਨੇ ਧਾਰਮਿਕਤਾ, ਸੰਜਮ ਅਤੇ ਆਉਣ ਵਾਲੇ ਨਿਆਂ ਬਾਰੇ ਗੱਲ ਕੀਤੀ, ਫੇਲਿਕ੍ਸ ਡਰ ਗਿਆ ਅਤੇ ਕਿਹਾ, “ਹੁਣ ਲਈ ਇਹ ਕਾਫ਼ੀ ਹੈ! ਤੂੰ ਜਾ ਸਕਦਾ। ਫਿਰ ਜਦੋਂ ਮੇਰੇ ਲਈ ਉਚਿਤ ਹੋਵਾਂਗਾ ਤਾਂ ਤੈਨੂੰ ਬੁਲਾਵਾਂਗਾ।” ਉਸੇ ਸਮੇਂ ਉਹ ਆਸ ਕਰ ਰਿਹਾ ਸੀ ਕਿ ਪੌਲੁਸ ਉਸ ਨੂੰ ਰਿਸ਼ਵਤ ਦੇਵੇਗਾ, ਇਸ ਲਈ ਉਸ ਨੇ ਅਕਸਰ ਉਸ ਨੂੰ ਬੁਲਾਇਆ ਅਤੇ ਉਸ ਨਾਲ ਗੱਲਬਾਤ ਕਰਦਾ ਹੁੰਦਾ ਸੀ।
ਜਦੋਂ ਦੋ ਸਾਲ ਬੀਤ ਗਏ, ਫੇਲਿਕ੍ਸ ਦੀ ਜਗ੍ਹਾ ਪੋਰਸੀਅਸ ਫੇਸਤੁਸ ਹਾਕਮ ਬਣ ਕੇ ਆਇਆ, ਪਰ ਕਿਉਂਕਿ ਫੇਲਿਕ੍ਸ ਯਹੂਦੀਆਂ ਉੱਤੇ ਕਿਰਪਾ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪੌਲੁਸ ਨੂੰ ਕੈਦ ਵਿੱਚ ਛੱਡ ਦਿੱਤਾ।
Source notes (4)
- Footnote ਇੱਕ, “ਰੋਮਨ ਕਾਨੂੰਨ ਵਿੱਚ ਮਾਹਰ” ਜਾਂ, “ਦੇਸ਼ ਦੇ ਕਾਨੂੰਨਾਂ ਦਾ ਦੁਭਾਸ਼ੀਏ।”
- Footnote ਹੈਕਲ ਯਹੂਦਿਆਂ ਦਾ ਮੰਦਰ
- Footnote ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
- Footnote ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਹਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.