Biblica® Open Punjabi Contemporary Version 2025
2 ਸ਼ਮੁਏਲ 16
ਦਾਵੀਦ ਅਤੇ ਸੀਬਾ
ਜਦੋਂ ਦਾਵੀਦ ਪਹਾੜ ਦੀ ਚੋਟੀ ਤੋਂ ਥੋੜ੍ਹਾ ਅੱਗੇ ਲੰਘਿਆ, ਤਾਂ ਮਫ਼ੀਬੋਸ਼ਥ ਦਾ ਸੇਵਕ ਸੀਬਾ ਉਸ ਨੂੰ ਮਿਲਣ ਆਇਆ। ਉਹ ਆਪਣੇ ਨਾਲ ਦੋ ਖੋਤਿਆਂ ਤੇ ਦੋ ਸੌ ਰੋਟੀਆਂ, ਸੌ ਗੁੱਛੇ ਸੌਗੀ, ਸੌ ਹੰਜ਼ੀਰ ਦੇ ਫਲ ਅਤੇ ਇੱਕ ਮੇਸ਼ੇਕ ਮਧ ਲੱਦੀ ਹੋਈ ਸੀ, ਲੈ ਕੇ ਉਸ ਨੂੰ ਮਿਲਣ ਲਈ ਆਇਆ।
ਰਾਜੇ ਨੇ ਸੀਬਾ ਨੂੰ ਪੁੱਛਿਆ, “ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ?”
ਸੀਬਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਇਹ ਗਧੇ ਤੁਹਾਡੇ ਪਰਿਵਾਰ ਨੂੰ ਢੋਣ ਲਈ ਹਨ ਅਤੇ ਜਵਾਨਾਂ ਦੇ ਭੋਜਨ ਲਈ ਰੋਟੀਆਂ ਅਤੇ ਗਰਮੀਆਂ ਦੇ ਫਲ, ਅਤੇ ਇਸ ਜੰਗਲ ਵਿੱਚ ਥੱਕੇ ਹੋਏ ਲੋਕਾਂ ਦੇ ਪੀਣ ਲਈ ਅੰਗੂਰਾਂ ਦਾ ਰਸ।”
ਦਾਵੀਦ ਨੇ ਸੀਬਾ ਨੂੰ ਅੱਗੋਂ ਪੁੱਛਿਆ, “ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ?”
ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਉਹ ਅਜੇ ਵੀ ਯੇਰੂਸ਼ਲੇਮ ਵਿੱਚ ਹੈ ਕਿਉਂਕਿ ਉਹ ਆਖਦਾ ਹੈ, ‘ਅੱਜ ਇਸਰਾਏਲ ਮੈਨੂੰ ਮੇਰੇ ਪਿਤਾ ਦਾ ਰਾਜ ਵਾਪਸ ਦੇ ਦੇਵੇਗਾ।’ ”
ਇਹ ਸੁਣ ਕੇ ਦਾਵੀਦ ਨੇ ਸੀਬਾ ਨੂੰ ਕਿਹਾ, “ਸੁਣੋ, ਇਹ ਸਭ ਕੁਝ ਜੋ ਮਫ਼ੀਬੋਸ਼ਥ ਦਾ ਹੈ ਹੁਣ ਤੁਹਾਡਾ ਹੈ।”
ਸੀਬਾ ਨੇ ਕਿਹਾ, “ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ।”
ਸ਼ਿਮਈ ਦਾ ਦਾਵੀਦ ਨੂੰ ਸਰਾਪ ਦੇਣਾ
ਜਦ ਰਾਜਾ ਦਾਵੀਦ ਬਹੁਰੀਮ ਪਹੁੰਚਿਆ ਤਾਂ ਸ਼ਾਊਲ ਦਾ ਇੱਕ ਰਿਸ਼ਤੇਦਾਰ ਉਸ ਦੇ ਅੱਗੇ ਆਇਆ ਜਿਸ ਦਾ ਨਾਮ ਸ਼ਿਮਈ ਸੀ ਜੋ ਗੇਰਾ ਦਾ ਪੁੱਤਰ ਸੀ। ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ। ਉਹ ਦਾਵੀਦ ਅਤੇ ਰਾਜਾ ਦਾਵੀਦ ਦੇ ਸਾਰੇ ਬੰਦਿਆਂ ਉੱਤੇ ਵੀ ਪੱਥਰ ਸੁੱਟ ਰਿਹਾ ਸੀ, ਜਦ ਦਾਵੀਦ ਦੇ ਸੈਨਾ ਅਤੇ ਅਫ਼ਸਰਾਂ ਦਾਵੀਦ ਦੇ ਸੱਜੇ ਖੱਬੇ ਸਨ। ਸ਼ਿਮਈ ਉਸ ਨੂੰ ਇਨ੍ਹਾਂ ਸ਼ਬਦਾਂ ਨਾਲ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, “ਹੇ ਖੂਨੀ ਮਨੁੱਖ, ਇੱਥੋਂ ਨਿਕਲ ਜਾ! ਦੁਸ਼ਟ ਮਨੁੱਖ! ਯਾਹਵੇਹ ਨੇ ਉਨ੍ਹਾਂ ਸਾਰੇ ਕਤਲਾਂ ਦਾ ਬਦਲਾ ਲਿਆ ਜੋ ਸ਼ਾਊਲ ਦੇ ਘਰਾਣੇ ਵਿੱਚ ਕੀਤੇ ਗਏ ਸਨ, ਜਿਨ੍ਹਾਂ ਦੇ ਸਥਾਨ ਉੱਤੇ ਤੁਸੀਂ ਸਿੰਘਾਸਣ ਉੱਤੇ ਬੈਠੇ ਸੀ। ਵੇਖੋ, ਹੁਣ ਯਾਹਵੇਹ ਨੇ ਇਹ ਰਾਜ ਤੇਰੇ ਕੋਲੋਂ ਖੋਹ ਕੇ ਤੇਰੇ ਪੁੱਤਰ ਅਬਸ਼ਾਲੋਮ ਨੂੰ ਦੇ ਦਿੱਤਾ ਹੈ। ਵੇਖ, ਤੇਰੀ ਬੁਰਿਆਈ ਤੇਰੇ ਉੱਤੇ ਆ ਪਈ ਹੈ ਕਿਉਂ ਜੋ ਤੂੰ ਖੂਨ ਦਾ ਪਿਆਸਾ ਹੈ!”
ਇਹ ਵੇਖ ਕੇ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਰਾਜੇ ਨੂੰ ਆਖਿਆ, “ਇਹ ਮਰਿਆ ਹੋਇਆ ਕੁੱਤਾ ਮੇਰੇ ਮਹਾਰਾਜ ਪਾਤਸ਼ਾਹ ਨੂੰ ਕਿਉਂ ਸਰਾਪ ਦੇਵੇ? ਮੈਨੂੰ ਹੁਕਮ ਦਿਓ ਕਿ ਮੈਂ ਜਾ ਕੇ ਉਸਦਾ ਸਿਰ ਕੱਟ ਦੇਵਾਂ।”
ਪਰ ਰਾਜੇ ਨੇ ਉਸ ਨੂੰ ਉੱਤਰ ਦਿੱਤਾ, “ਜ਼ੇਰੂਇਯਾਹ ਦੇ ਪੁੱਤਰੋ, ਤੁਹਾਡੇ ਅਤੇ ਮੇਰੇ ਵਿੱਚ ਕੋਈ ਸਮਾਨਤਾ ਨਹੀਂ ਹੈ। ਜੇਕਰ ਉਹ ਮੈਨੂੰ ਇਸ ਲਈ ਸਰਾਪ ਦੇ ਰਿਹਾ ਹੈ ਕਿਉਂਕਿ ਯਾਹਵੇਹ ਨੇ ਖੁਦ ਉਸਨੂੰ ਹੁਕਮ ਦਿੱਤਾ ਸੀ, ‘ਦਾਵੀਦ ਨੂੰ ਸਰਾਪ ਦਿਓ,’ ਤਾਂ ਕੌਣ ਹੈ ਜੋ ਉਸਨੂੰ ਪੁੱਛ ਸਕੇ, ‘ਤੂੰ ਅਜਿਹਾ ਕਿਉਂ ਕਰ ਰਿਹਾ ਹੈ?’ ”
ਤਦ ਦਾਵੀਦ ਨੇ ਅਬੀਸ਼ਾਈ ਅਤੇ ਉਸ ਦੇ ਸਾਰੇ ਸੇਵਕਾਂ ਨੂੰ ਸੰਬੋਧਿਤ ਕਰ ਕੇ ਆਖਿਆ, ਵੇਖੋ, “ਮੇਰਾ ਆਪਣਾ ਪੁੱਤਰ ਅੱਜ ਮੇਰੀ ਜਾਨ ਦਾ ਪਿਆਸਾ ਹੈ, ਤਾਂ ਬਿਨਯਾਮੀਨ ਦੇ ਉੱਤਰਾਧਿਕਾਰੀ ਹੋਰ ਕਿੰਨਾ ਨਹੀਂ ਚਾਹੁਣਗੇ? ਉਸ ਨੂੰ ਨਾ ਰੋਕੋ! ਉਸਨੂੰ ਸਰਾਪ ਦੇਣ ਦਿਓ, ਕਿਉਂਕਿ ਉਸਨੂੰ ਯਾਹਵੇਹ ਵੱਲੋਂ ਹੁਕਮ ਮਿਲਿਆ ਹੈ। ਅਤੇ ਸ਼ਾਇਦ ਯਾਹਵੇਹ ਇਹ ਦੇਖ ਲਵੇ ਕਿ ਮੇਰੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਅੱਜ ਇਨ੍ਹਾਂ ਸਰਾਪਾਂ ਦੇ ਕਾਰਨ ਮੈਨੂੰ ਅਸੀਸ ਦੇਵੇਗਾ।”
ਤਦ ਦਾਵੀਦ ਅਤੇ ਉਹ ਦੇ ਸਾਥੀ ਆਪਣੇ ਰਾਹ ਤੁਰ ਪਏ ਅਤੇ ਸ਼ਿਮਈ ਉਨ੍ਹਾਂ ਦੇ ਨਾਲ ਪਹਾੜ ਦੀ ਢਲਾਣ ਉੱਤੇ ਉਨ੍ਹਾਂ ਦੇ ਨਾਲ ਚੱਲ ਪਿਆ। ਤੁਰਦੇ-ਫਿਰਦੇ ਉਹ ਗਾਲ੍ਹਾਂ ਕੱਢਦਾ ਸੀ, ਪੱਥਰ ਅਤੇ ਮਿੱਟੀ ਵੀ ਸੁੱਟਦਾ ਸੀ। ਰਾਜਾ ਅਤੇ ਉਸਦੇ ਸਾਰੇ ਸਾਥੀ ਥੱਕ ਹਾਰ ਕੇ ਯਰਦਨ ਨਦੀ ਉੱਤੇ ਪਹੁੰਚੇ। ਦਾਵੀਦ ਵਿੱਚ ਇੱਕ ਨਵੀਂ ਤਾਜ਼ਗੀ ਆਈ।
ਅਬਸ਼ਾਲੋਮ ਦਾ ਯੇਰੂਸ਼ਲੇਮ ਵਿੱਚ ਦਾਖਲ ਹੋਣਾ ਅਤੇ ਅਹੀਥੋਫ਼ਲ ਦੀ ਸਲਾਹ
ਅਬਸ਼ਾਲੋਮ ਅਤੇ ਇਸਰਾਏਲ ਦੇ ਲੋਕ ਯੇਰੂਸ਼ਲੇਮ ਪਹੁੰਚੇ। ਅਹੀਥੋਫ਼ਲ ਉਨ੍ਹਾਂ ਦੇ ਨਾਲ ਸੀ। ਇਹ ਉਦੋਂ ਵਾਪਰਿਆ ਜਦੋਂ ਦਾਵੀਦ ਦਾ ਮਿੱਤਰ ਅਰਕੀ ਹੂਸ਼ਈ ਅਬਸ਼ਾਲੋਮ ਦੀ ਹਜ਼ੂਰੀ ਵਿੱਚ ਆਇਆ ਅਤੇ ਉਸ ਨੂੰ ਆਖਿਆ, “ਪਾਤਸ਼ਾਹ ਜੀਉਂਦਾ ਰਹੇ! ਮਹਾਰਾਜ ਦੀ ਲੰਮੀ ਉਮਰ ਹੋਵੇ!”
ਅਬਸ਼ਾਲੋਮ ਨੇ ਹੂਸ਼ਈ ਨੂੰ ਪੁੱਛਿਆ, “ਕੀ ਇੱਕ ਦੋਸਤ ਪ੍ਰਤੀ ਵਫ਼ਾਦਾਰੀ ਇਸ ਤਰ੍ਹਾਂ ਹੈ? ਤੂੰ ਆਪਣੇ ਦੋਸਤ ਨਾਲ ਕਿਉਂ ਨਹੀਂ ਗਿਆ?”
ਹੂਸ਼ਈ ਨੇ ਅਬਸ਼ਾਲੋਮ ਨੂੰ ਉੱਤਰ ਦਿੱਤਾ, “ਨਹੀਂ, ਪਰ ਮੈਂ ਯਾਹਵੇਹ ਅਤੇ ਆਮ ਲੋਕਾਂ ਅਤੇ ਸਾਰੇ ਇਸਰਾਏਲ ਦੇ ਦੁਆਰਾ ਚੁਣੇ ਹੋਏ ਦਾ ਨਾਲ ਹੋਵਾਂਗਾ। ਮੈਂ ਵੀ ਉਸ ਦੇ ਨਾਲ ਹੀ ਰਹੇਗਾ। ਇਹ ਵੀ ਸਮਝੋ: ਮੈਂ ਕਿਸ ਦੀ ਸੇਵਾ ਕਰਨਾ ਸਹੀ ਹੈ; ਕੀ ਇਹ ਉਸਦਾ ਆਪਣਾ ਪੁੱਤਰ ਨਹੀਂ ਹੈ? ਜਿਸ ਤਰ੍ਹਾਂ ਮੈਂ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਮੈਂ ਵੀ ਤੁਹਾਡੀ ਸੇਵਾ ਕਰਾਂਗਾ।”
ਤਾਂ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਹੁਣ ਤੁਸੀਂ ਮੈਨੂੰ ਸਲਾਹ ਦਿਓ ਕਿ ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?
ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਹੁਕਮ ਦਿੱਤਾ, “ਜਾਹ ਅਤੇ ਉਹਨਾਂ ਰਖੇਲਾਂ ਨਾਲ ਸੰਬੰਧ ਬਣਾ ਜੋ ਤੇਰੇ ਪਿਤਾ ਨੇ ਘਰ ਦੇ ਪ੍ਰਬੰਧ ਲਈ ਇੱਥੇ ਛੱਡੀਆਂ ਸਨ। ਜਦੋਂ ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਕਿ ਤੂੰ ਆਪਣੇ ਪਿਤਾ ਲਈ ਆਪਣੇ ਆਪ ਨੂੰ ਘਿਣਾਉਣਾ ਬਣਾਇਆ ਹੈ। ਇਸ ਨਾਲ ਉਨ੍ਹਾਂ ਸਾਰਿਆਂ ਨੂੰ ਤਾਕਤ ਮਿਲੇਗੀ ਜੋ ਤੁਹਾਡੇ ਨਾਲ ਹਨ, ਜੋ ਤੁਹਾਡਾ ਸਾਥ ਦਿੰਦੇ ਹਨ।” ਤਦ ਮਹਿਲ ਦੀ ਛੱਤ ਉੱਤੇ ਇੱਕ ਤੰਬੂ ਲਾਇਆ ਗਿਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਹਮਣੇ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਭੋਗ ਕੀਤਾ।
ਉਨ੍ਹਾਂ ਦਿਨਾਂ ਵਿੱਚ ਅਹੀਥੋਫ਼ਲ ਦੀ ਸਲਾਹ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਜਿਵੇਂ ਕਿਸੇ ਨੂੰ ਪਰਮੇਸ਼ਵਰ ਵੱਲੋਂ ਪ੍ਰਕਾਸ਼ ਹੋਇਆ ਹੋਵੇ। ਅਹੀਥੋਫ਼ਲ ਦੀ ਸਲਾਹ ਦਾ ਦਾਵੀਦ ਅਤੇ ਅਬਸ਼ਾਲੋਮ ਦੋਹਾਂ ਦੁਆਰਾ ਬਹੁਤ ਆਦਰ ਕੀਤਾ ਗਿਆ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.