Biblica® Open Punjabi Contemporary Version 2025
2 ਸ਼ਮੁਏਲ 15
ਅਬਸ਼ਾਲੋਮ ਦੀ ਬਗਾਵਤ
ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ, ਕੁਝ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਅੰਗ ਰੱਖਿਅਕ ਤਿਆਰ ਕੀਤੇ। ਅਬਸ਼ਾਲੋਮ ਸਵੇਰੇ-ਸਵੇਰੇ ਉੱਠਦਾ ਸੀ ਅਤੇ ਸ਼ਹਿਰ ਦੇ ਫਾਟਕ ਦੇ ਰਸਤੇ ਵਿੱਚ ਖਲੋ ਜਾਂਦਾ ਸੀ। ਜਦੋਂ ਵੀ ਕੋਈ ਵਿਅਕਤੀ ਨਿਆਂ ਦੇ ਉਦੇਸ਼ ਲਈ ਆਪਣੇ ਝਗੜੇ ਨੂੰ ਲੈ ਕੇ ਰਾਜੇ ਦੇ ਸਾਹਮਣੇ ਆਉਂਦਾ ਸੀ, ਤਾਂ ਅਬਸ਼ਾਲੋਮ ਉਸ ਨੂੰ ਬੁਲਾ ਕੇ ਪੁੱਛਦਾ ਸੀ, “ਤੂੰ ਕਿਹੜੇ ਸ਼ਹਿਰ ਦਾ ਹੈ?” ਜੇਕਰ ਉਹ ਜਵਾਬ ਦਿੰਦਾ ਸੀ, “ਤੇਰਾ ਦਾਸ ਇਸਰਾਏਲ ਦੇ ਫਲਾਣੇ ਗੋਤ ਵਿੱਚ ਹੈ।” ਤਦ ਅਬਸ਼ਾਲੋਮ ਉਸ ਨੂੰ ਆਖਦਾ ਹੁੰਦਾ ਸੀ, “ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜੇ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ।” ਅਬਸ਼ਾਲੋਮ ਹੋਰ ਕਹਿੰਦਾ, “ਇਹ ਕਿੰਨਾ ਚੰਗਾ ਹੁੰਦਾ ਜੇ ਮੈਨੂੰ ਉਸ ਦੇਸ਼ ਦਾ ਨਿਆਂਕਾਰ ਬਣਾਇਆ ਜਾਂਦਾ! ਫਿਰ ਹਰ ਵਿਅਕਤੀ ਮੇਰੇ ਕੋਲ ਆਪਣੀ ਫ਼ਰਿਆਦ ਲਿਆਉਂਦਾ ਅਤੇ ਮੈਂ ਉਸਦਾ ਨਿਆਂ ਜ਼ਰੂਰ ਕਰਦਾ।”
ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ। ਅਬਸ਼ਾਲੋਮ ਸਾਰੇ ਇਸਰਾਏਲਿਆਂ ਨਾਲ ਇਸੇ ਤਰ੍ਹਾਂ ਕਰਦਾ ਹੁੰਦਾ ਸੀ, ਜੋ ਕੋਈ ਵੀ ਨਿਆਂ ਲਈ ਰਾਜੇ ਦੇ ਅੱਗੇ ਆਉਂਦਾ ਹੁੰਦਾ ਸੀ। ਇਸ ਤਰ੍ਹਾਂ ਕਰ ਕੇ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦਾ ਦਿਲ ਜਿੱਤ ਲਿਆ।
ਚਾਰ ਸਾਲਾਂ ਬਾਅਦ ਅਜਿਹਾ ਹੋਇਆ, ਅਬਸ਼ਾਲੋਮ ਨੇ ਰਾਜੇ ਨੂੰ ਆਖਿਆ, “ਕਿਰਪਾ ਕਰਕੇ ਮੈਨੂੰ ਹੇਬਰੋਨ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਪਰਮੇਸ਼ਵਰ ਨਾਲ ਕੀਤੀ ਸੁੱਖਣਾ ਨੂੰ ਪੂਰੀ ਕਰਾਂ। ਅਰਾਮ ਦੇ ਗੇਸ਼ੂਰ ਵਿੱਚ ਰਹਿੰਦੇ ਹੋਏ, ਤੁਹਾਡੇ ਸੇਵਕ ਨੇ ਇੱਕ ਸੁੱਖਣਾ ਮੰਗੀ, ‘ਜੇਕਰ ਯਾਹਵੇਹ ਸੱਚਮੁੱਚ ਮੈਨੂੰ ਯੇਰੂਸ਼ਲੇਮ ਵਿੱਚ ਵਾਪਸ ਮੋੜ ਲਿਆਵੇ, ਤਾਂ ਮੈਂ ਹੇਬਰੋਨ ਵਿੱਚ ਆਵਾਂਗਾ ਅਤੇ ਯਾਹਵੇਹ ਦੀ ਉਪਾਸਨਾ ਕਰਾਂਗਾ।’ ”
ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਸ਼ਾਂਤੀ ਨਾਲ ਜਾ ਅਤੇ ਫਿਰ ਅਬਸ਼ਾਲੋਮ ਉੱਠ ਕੇ ਹੇਬਰੋਨ ਨੂੰ ਚਲਾ ਗਿਆ।
ਅਬਸ਼ਾਲੋਮ ਨੇ ਗੁਪਤ ਰੂਪ ਵਿੱਚ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਸਨ, “ਜਦੋਂ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਐਲਾਨ ਕਰੋ, ‘ਅਬਸ਼ਾਲੋਮ ਹੇਬਰੋਨ ਵਿੱਚ ਰਾਜਾ ਹੈ।’ ” ਯੇਰੂਸ਼ਲੇਮ ਤੋਂ ਅਬਸ਼ਾਲੋਮ ਨਾਲ ਦੋ ਸੌ ਮਨੁੱਖ ਤੁਰੇ। ਜੋ ਸੱਦੇ ਗਏ ਸਨ। ਉਹ ਕਾਫ਼ੀ ਸਹਿਜ ਸੁਭਾਅ ਨਾਲ ਤੁਰੇ ਜਾਂਦੇ ਸਨ; ਉਨ੍ਹਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ ਹੈ। ਅਬਸ਼ਾਲੋਮ ਨੇ ਗਿਲੋਹ ਦੇ ਰਹਿਣ ਵਾਲੇ ਅਹੀਥੋਫ਼ਲ ਨੂੰ ਬਲੀਦਾਨ ਦੇ ਮੌਕੇ ਉੱਤੇ ਆਪਣੇ ਹੀ ਸ਼ਹਿਰ ਗਿਲੋਹ ਵਿੱਚ ਆਉਣ ਦਾ ਸੱਦਾ ਦਿੱਤਾ। ਅਹੀਥੋਫ਼ਲ ਦਾਵੀਦ ਦਾ ਮੰਤਰੀ ਸੀ। ਇੱਥੇ ਅਬਸ਼ਾਲੋਮ ਦੇ ਸਮਰਥਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ, ਜਿਸ ਕਾਰਨ ਰਾਜੇ ਦੇ ਖਿਲਾਫ ਸਾਜ਼ਿਸ਼ ਤੇਜ਼ ਹੋ ਗਈ ਸੀ।
ਦਾਵੀਦ ਦਾ ਯੇਰੂਸ਼ਲੇਮ ਤੋਂ ਭੱਜਣਾ
ਇੱਕ ਸੰਦੇਸ਼ਵਾਹਕ ਨੇ ਆ ਕੇ ਦਾਵੀਦ ਨੂੰ ਖ਼ਬਰ ਦਿੱਤੀ, “ਇਸਰਾਏਲ ਦੇ ਲੋਕਾਂ ਦੇ ਮਨ ਅਬਸ਼ਾਲੋਮ ਵੱਲ ਮੁੜ ਗਏ ਹਨ।”
ਜਦੋਂ ਦਾਵੀਦ ਨੇ ਇਹ ਸੁਣਿਆ ਤਾਂ ਉਸ ਨੇ ਯੇਰੂਸ਼ਲੇਮ ਵਿੱਚ ਆਪਣੇ ਨਾਲ ਦੇ ਸਾਰੇ ਸੇਵਕਾਂ ਨੂੰ ਹੁਕਮ ਦਿੱਤਾ, “ਉੱਠੋ! ਸਾਨੂੰ ਇੱਥੋਂ ਭੱਜਣਾ ਪਵੇਗਾ, ਨਹੀਂ ਤਾਂ ਅਸੀਂ ਅਬਸ਼ਾਲੋਮ ਤੋਂ ਬਚ ਨਹੀਂ ਸਕਾਂਗੇ। ਛੇਤੀ ਤੁਰੋ, ਅਜਿਹਾ ਨਾ ਹੋਵੇ ਕਿ ਉਹ ਤੁਰੰਤ ਆ ਕੇ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬੁਰਿਆਈ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ਼ ਕਰੇ।”
ਰਾਜੇ ਦੇ ਸੇਵਕਾਂ ਨੇ ਉਹ ਨੂੰ ਉੱਤਰ ਦਿੱਤਾ, “ਸੱਚਮੁੱਚ ਮੇਰੇ ਮਾਲਕ, ਤੁਹਾਡੇ ਸੇਵਕ ਜੋ ਕੁਝ ਸਾਡਾ ਮਾਲਕ ਆਖਦਾ ਹੈ, ਉਹ ਕਰਨ ਲਈ ਤਿਆਰ ਹਨ।”
ਤਦ ਰਾਜਾ ਆਪਣੇ ਸਾਰੇ ਘਰਾਣੇ ਦੇ ਨਾਲ ਤੁਰ ਪਿਆ। ਪਰ ਦਾਵੀਦ ਨੇ ਘਰ ਦੀ ਦੇਖਭਾਲ ਕਰਨ ਲਈ ਆਪਣੀਆਂ ਦਸ ਰਖੇਲਾਂ ਨੂੰ ਉੱਥੇ ਛੱਡ ਦਿੱਤਾ। ਰਾਜੇ ਨੇ ਆਪਣੇ ਘਰ ਨੂੰ ਛੱਡ ਦਿੱਤਾ, ਸਾਰੇ ਲੋਕ ਮਗਰ ਹੋ ਗਏ। ਤੁਰਦੇ-ਫਿਰਦੇ ਉਹ ਆਖਰੀ ਘਰ ਪਹੁੰਚ ਕੇ ਰੁਕ ਗਏ। ਉਨ੍ਹਾਂ ਦੇ ਸਾਰੇ ਅਧਿਕਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਅੱਗੇ ਚਲੇ ਗਏ। ਇਹ ਸਾਰੇ ਕਰੇਥੀ, ਪਲੇਥੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਾਥ ਤੋਂ ਉਸ ਦੇ ਪਿੱਛੇ ਆਏ ਸਨ। ਰਾਜੇ ਦੇ ਅੱਗੇ ਪਾਰ ਲੰਘ ਗਏ।
ਪਾਤਸ਼ਾਹ ਨੇ ਗਿੱਤੀ ਦੇ ਵਾਸੀ ਇੱਤਾਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜੇ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈ, ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਹੈ। ਆਪਣੇ ਸਥਾਨ ਨੂੰ ਮੁੜ ਜਾ! ਕੱਲ ਹੀ ਤੂੰ ਆਇਆ ਹੈ। ਕੀ ਮੈਂ ਅੱਜ ਹੀ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾ? ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਜਾ ਰਿਹਾ ਹਾਂ? ਤੂੰ ਵਾਪਸ ਜਾ, ਆਪਣੇ ਭਰਾਵਾਂ ਨੂੰ ਆਪਣੇ ਨਾਲ ਲੈ ਜਾ। ਯਾਹਵੇਹ ਤੁਹਾਡੇ ਉੱਤੇ ਆਪਣੀ ਦਯਾ ਅਤੇ ਵਫ਼ਾਦਾਰੀ ਵਿਖਾਵੇ।”
ਪਰ ਇੱਤਾਈ ਨੇ ਰਾਜੇ ਨੂੰ ਉੱਤਰ ਦਿੱਤਾ, ਜੀਉਂਦੇ ਯਾਹਵੇਹ ਦੀ ਸਹੁੰ, ਜਿੱਥੇ ਕਿਤੇ ਰਾਜਾ ਮੇਰਾ ਮਾਲਕ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ।
ਤਦ ਦਾਵੀਦ ਨੇ ਇੱਤਾਈ ਨੂੰ ਆਖਿਆ, ਚੱਲ ਪਾਰ ਲੰਘ। ਫਿਰ ਇੱਤਾਈ ਗਿੱਤੀ ਅਤੇ ਉਸਦੇ ਸਾਰੇ ਲੋਕ, ਸਭ ਬੱਚੇ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ।
ਅਤੇ ਸਾਰਾ ਦੇਸ਼ ਉੱਚੀ-ਉੱਚੀ ਰੋਇਆ ਅਤੇ ਸਭ ਲੋਕ ਪਾਰ ਲੰਘ ਗਏ ਅਤੇ ਰਾਜਾ ਆਪ ਵੀ ਕਿਦਰੋਨ ਦੀ ਨਦੀ ਦੇ ਪਾਰ ਲੰਘਿਆ ਅਤੇ ਉਹ ਸਾਰੇ ਉਜਾੜ ਵੱਲ ਚਲੇ ਗਏ।
ਅਤੇ ਸਾਦੋਕ ਵੀ ਸਾਰੇ ਲੇਵੀਆਂ ਦੇ ਨਾਲ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਚੁੱਕੀ ਹੋਏ ਉਸ ਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਉੱਤੇ ਰੱਖ ਦਿੱਤਾ ਅਤੇ ਅਬੀਯਾਥਰ ਨੇ ਭੇਂਟ ਚੜਾਈ ਜਦੋਂ ਤੱਕ ਹਰ ਕੋਈ ਸ਼ਹਿਰ ਛੱਡ ਕੇ ਚਲੇ ਨਾ ਗਏ।
ਤਦ ਪਾਤਸ਼ਾਹ ਨੇ ਸਾਦੋਕ ਨੂੰ ਹੁਕਮ ਦਿੱਤਾ, “ਹੁਣ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਸ਼ਹਿਰ ਵਿੱਚ ਵਾਪਸ ਲੈ ਜਾਉ। ਜੇ ਯਾਹਵੇਹ ਮੇਰੇ ਉੱਤੇ ਮਿਹਰ ਕਰੇ, ਉਹ ਮੈਨੂੰ ਮੋੜ ਲਿਆਵੇਗਾ, ਅਤੇ ਉਸ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ। ਪਰ ਜੇ ਯਾਹਵੇਹ ਆਖੇ, ‘ਮੈਨੂੰ ਤੇਰੇ ਤੋਂ ਕੋਈ ਪ੍ਰਸੰਨਤਾ ਨਹੀਂ ਹੈ,’ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਉਹੀ ਕਰੇ ਜੋ ਉਸ ਨੂੰ ਚੰਗਾ ਲੱਗੇ।”
ਰਾਜੇ ਨੇ ਸਾਦੋਕ ਜਾਜਕ ਨੂੰ ਫਿਰ ਆਖਿਆ, “ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸ਼ਾਂਤੀ ਨਾਲ ਮੁੜ ਜਾ ਅਤੇ ਤੇਰੇ ਦੋਵੇਂ ਪੁੱਤਰ, ਅਹੀਮਾਜ਼ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬੀਯਾਥਰ ਦਾ ਪੁੱਤਰ ਹੈ, ਮੁੜ ਜਾਣ। ਵੇਖ, ਮੈਂ ਉਸ ਜੰਗਲ ਦੇ ਘਾਟ ਕੋਲ ਠਹਿਰਾਂਗਾ, ਜਦ ਤੱਕ ਕਿ ਤੁਹਾਡੇ ਵੱਲੋਂ ਕੋਈ ਖ਼ਬਰ ਮੇਰੇ ਕੋਲ ਨਾ ਆਵੇ।” ਸੋ ਸਾਦੋਕ ਅਤੇ ਅਬੀਯਾਥਰ ਪਰਮੇਸ਼ਵਰ ਦਾ ਸੰਦੂਕ ਯੇਰੂਸ਼ਲੇਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।
ਦਾਵੀਦ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰੋਂਦਾ ਜਾਂਦਾ ਸੀ। ਉਸ ਦਾ ਸਿਰ ਢੱਕਿਆ ਹੋਇਆ ਸੀ ਪਰ ਪੈਰ ਨੰਗੇ ਸਨ। ਉਸ ਦੇ ਨਾਲ ਚੱਲਣ ਵਾਲੇ ਹਰ ਵਿਅਕਤੀ ਨੇ ਵੀ ਸਿਰ ਢੱਕਿਆ ਹੋਇਆ ਸੀ ਅਤੇ ਉਹ ਵੀ ਰੋਂਦੇ ਹੋਏ ਤੁਰੇ ਜਾਂਦੇ ਸਨ। ਇਸ ਮੌਕੇ ਕਿਸੇ ਨੇ ਦਾਵੀਦ ਨੂੰ ਇਹ ਖ਼ਬਰ ਦਿੱਤੀ, “ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਵੀਦ ਨੇ ਆਖਿਆ, ਹੇ ਯਾਹਵੇਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।”
ਜਦੋਂ ਦਾਵੀਦ ਪਹਾੜ ਦੀ ਚੋਟੀ ਉੱਤੇ ਪਹੁੰਚਿਆ, ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਹੈ, ਅਰਕੀ ਹੂਸ਼ਈ ਉਸ ਨੂੰ ਮਿਲਣ ਲਈ ਆਇਆ। ਉਸਦੇ ਕੱਪੜੇ ਪਾਟੇ ਹੋਏ ਅਤੇ ਸਿਰ ਤੇ ਮਿੱਟੀ ਪਾਈ ਹੋਈ ਸੀ। ਦਾਵੀਦ ਨੇ ਉਸ ਨੂੰ ਕਿਹਾ, “ਸੁਣ, ਜੇ ਤੂੰ ਮੇਰੇ ਨਾਲ ਚੱਲੇਂਗਾ, ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ। ਪਰ ਜੇ ਤੂੰ ਸ਼ਹਿਰ ਵਿੱਚ ਜਾ ਕੇ ਅਬਸ਼ਾਲੋਮ ਨੂੰ ਆਖੇ, ‘ਮੇਰੇ ਮਾਲਕ, ਮੈਂ ਹੁਣ ਤੁਹਾਡਾ ਸੇਵਕ ਹਾਂ। ਜਿਵੇਂ ਪਹਿਲਾਂ ਤੇਰੇ ਪਿਤਾ ਦਾ ਸੇਵਕ ਸੀ; ਮੈਂ ਹੁਣ ਤੇਰਾ ਸੇਵਕ ਹੋਵਾਂਗਾ,’ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਯੋਜਨਾ ਨੂੰ ਨਿਸ਼ਫਲ ਕਰ ਸਕਦਾ ਹੈ। ਤੇਰੇ ਨਾਲ ਸਾਦੋਕ ਅਤੇ ਅਬੀਯਾਥਰ ਦੋਵੇਂ ਜਾਜਕ ਉੱਥੇ ਹੋਣ ਗਏ। ਜੋ ਵੀ ਤੂੰ ਮਹਿਲ ਤੋਂ ਸੁਣੇਗਾ ਸਭ ਤੂੰ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਸੂਚਿਤ ਕਰ ਦੇਵੀਂ। ਯਾਦ ਰੱਖੋ, ਉਸਦੇ ਦੋ ਪੁੱਤਰ ਉਸਦੇ ਨਾਲ ਹਨ, ਸਾਦੋਕ ਦਾ ਪੁੱਤਰ ਅਹੀਮਾਜ਼ ਅਤੇ ਅਬੀਯਾਥਰ ਦਾ ਪੁੱਤਰ ਯੋਨਾਥਾਨ। ਜੋ ਵੀ ਤੁਸੀਂ ਉੱਥੇ ਸੁਣੋ, ਤੂੰ ਉਨ੍ਹਾਂ ਰਾਹੀਂ ਸੁਨੇਹਾ ਭੇਜ ਦੇਣਾ।”
ਤਦ ਦਾਵੀਦ ਦਾ ਮਿੱਤਰ ਹੂਸ਼ਈ ਸ਼ਹਿਰ ਵਿੱਚ ਆਇਆ ਅਤੇ ਅਬਸ਼ਾਲੋਮ ਵੀ ਇਸ ਸਮੇਂ ਯੇਰੂਸ਼ਲੇਮ ਵਿੱਚ ਪਹੁੰਚ ਗਿਆ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.