Skip to content
BibleKenya

Biblica® Open Punjabi Contemporary Version 2025

2 ਸ਼ਮੁਏਲ 14

ਅਬਸ਼ਾਲੋਮ ਯੇਰੂਸ਼ਲੇਮ ਨੂੰ ਵਾਪਸ ਪਰਤਿਆ

ਜ਼ੇਰੂਇਯਾਹ ਦਾ ਪੁੱਤਰ ਯੋਆਬ ਜਾਣਦਾ ਸੀ ਕਿ ਰਾਜੇ ਦਾ ਦਿਲ ਅਬਸ਼ਾਲੋਮ ਲਈ ਤਰਸਦਾ ਸੀ। ਇਸ ਲਈ ਯੋਆਬ ਨੇ ਤਕੋਆ ਵਿੱਚ ਕਿਸੇ ਨੂੰ ਭੇਜਿਆ ਅਤੇ ਉੱਥੋਂ ਇੱਕ ਸਿਆਣੀ ਔਰਤ ਨੂੰ ਬੁਲਵਾਇਆ। ਉਸ ਨੇ ਉਸ ਨੂੰ ਕਿਹਾ, “ਤੂੰ ਸੋਗ ਵਿੱਚ ਹੋਣ ਦਾ ਦਿਖਾਵਾ ਕਰ, ਸੋਗ ਦੇ ਕੱਪੜੇ ਪਹਿਨ ਅਤੇ ਕੋਈ ਵੀ ਸ਼ਿੰਗਾਰ ਦੀ ਵਰਤੋਂ ਨਾ ਕਰਨਾ। ਸਗੋਂ ਉਸ ਔਰਤ ਵਾਂਗ ਕਰਨਾ ਜੋ ਬਹੁਤ ਦਿਨਾਂ ਤੋਂ ਕਿਸੇ ਮਰੇ ਹੋਏ ਲਈ ਸੋਗ ਵਿੱਚ ਹੋਵੇ। ਹੁਣ ਰਾਜੇ ਕੋਲ ਜਾ ਕੇ ਉਸ ਨੂੰ ਇਹ ਗੱਲਾਂ ਆਖ।” ਜੋ ਕੁਝ ਉਸਨੇ ਬੋਲਣਾ ਸੀ ਯੋਆਬ ਨੇ ਉਸ ਔਰਤ ਨੂੰ ਸਿਖਾ ਦਿੱਤਾ।

ਜਦੋਂ ਤਕੋਆ ਦੀ ਔਰਤ ਰਾਜੇ ਕੋਲ ਗਈ ਤਾਂ ਉਹ ਉਸ ਦਾ ਆਦਰ ਕਰਨ ਲਈ ਮੂੰਹ ਦੇ ਬਲ ਧਰਤੀ ਉੱਤੇ ਡਿੱਗ ਪਈ ਅਤੇ ਉਸ ਨੇ ਕਿਹਾ, “ਮਹਾਰਾਜ, ਮੇਰੀ ਸਹਾਇਤਾ ਕਰੋ!”

ਰਾਜੇ ਨੇ ਉਸ ਨੂੰ ਪੁੱਛਿਆ, “ਤੈਨੂੰ ਕੀ ਪਰੇਸ਼ਾਨੀ ਹੈ?”

ਉਸਨੇ ਕਿਹਾ, “ਮੈਂ ਇੱਕ ਵਿਧਵਾ ਹਾਂ; ਮੇਰਾ ਪਤੀ ਮਰ ਗਿਆ ਹੈ। ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਜੋ ਮੈਦਾਨ ਵਿੱਚ ਇੱਕ-ਦੂਜੇ ਨਾਲ ਲੜ ਪਏ ਅਤੇ ਉੱਥੇ ਕੋਈ ਵੀ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਤੇ ਵਾਰ ਕਰਕੇ ਉਸ ਨੂੰ ਮਾਰ ਦਿੱਤਾ। ਹੁਣ ਸਾਰਾ ਘਰਾਣਾ ਤੁਹਾਡੀ ਦਾਸੀ ਦੇ ਵਿਰੁੱਧ ਉੱਠਿਆ ਹੈ ਅਤੇ ਉਹ ਕਹਿੰਦੇ ਹਨ, ‘ਜਿਸ ਨੇ ਆਪਣੇ ਭਰਾ ਨੂੰ ਮਾਰਿਆ ਸੀ, ਉਸ ਨੂੰ ਸਾਡੇ ਹੱਥ ਸੌਂਪ ਦਿਓ, ਤਾਂ ਜੋ ਅਸੀਂ ਉਸ ਨੂੰ ਉਸ ਦੇ ਭਰਾ ਦੀ ਜਾਨ ਲਈ ਮੌਤ ਦੇ ਘਾਟ ਉਤਾਰ ਸਕੀਏ ਜਿਸ ਨੂੰ ਉਸ ਨੇ ਮਾਰਿਆ ਸੀ। ਫਿਰ ਅਸੀਂ ਵਾਰਸ ਤੋਂ ਵੀ ਛੁਟਕਾਰਾ ਪਾ ਲਵਾਂਗੇ।’ ਉਹ ਮੇਰੇ ਇੱਕਲੌਤੇ ਚਿਰਾਗ ਨੂੰ ਬੁਝਾ ਦੇਣਗੇ, ਜਿਸ ਨਾਲ ਮੇਰੇ ਪਤੀ ਦਾ ਨਾਂ ਅਤੇ ਵੰਸ਼ ਧਰਤੀ ਦੇ ਉੱਤੇ ਬਣਿਆ ਰਹੇਗਾ।”

ਰਾਜੇ ਨੇ ਔਰਤ ਨੂੰ ਕਿਹਾ, “ਘਰ ਜਾ, ਮੈਂ ਤੇਰੇ ਲਈ ਹੁਕਮ ਜਾਰੀ ਕਰਾਂਗਾ।”

ਪਰ ਤਕੋਆ ਦੀ ਔਰਤ ਨੇ ਉਸ ਨੂੰ ਕਿਹਾ, “ਮੇਰੇ ਸੁਆਮੀ ਪਾਤਸ਼ਾਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਫ਼ ਕਰੇ। ਰਾਜਾ ਅਤੇ ਉਸਦਾ ਸਿੰਘਾਸਣ ਨਿਰਦੋਸ਼ ਹੋਵੇ।”

ਰਾਜੇ ਨੇ ਜਵਾਬ ਦਿੱਤਾ, “ਜੇ ਕੋਈ ਤੈਨੂੰ ਕੁਝ ਕਹੇ ਤਾਂ ਉਸ ਨੂੰ ਮੇਰੇ ਕੋਲ ਲੈ ਆ, ਉਹ ਤੈਨੂੰ ਦੁਬਾਰਾ ਪਰੇਸ਼ਾਨ ਨਹੀਂ ਕਰਨਗੇ।”

ਉਸ ਔਰਤ ਨੇ ਕਿਹਾ, “ਹੇ ਪਾਤਸ਼ਾਹ, ਆਪਣੇ ਯਾਹਵੇਹ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੋ ਅਤੇ ਖੂਨ ਦਾ ਬਦਲਾ ਲੈਣ ਵਾਲੇ ਨੂੰ ਰੋਕ ਦਿਓ, ਤਾਂ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ।”

ਰਾਜੇ ਨੇ ਕਿਹਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਤੇਰੇ ਪੁੱਤਰ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਹੀਂ ਡਿੱਗੇਗਾ।”

ਤਦ ਉਸ ਔਰਤ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਆਪਣੀ ਦਾਸੀ ਨੂੰ ਆਗਿਆ ਦੇ ਤਾਂ ਜੋ ਇੱਕ ਗੱਲ ਹੋਰ ਬੋਲਾ।”

ਉਸਨੇ ਜਵਾਬ ਦਿੱਤਾ, “ਬੋਲੋ।”

ਉਸ ਔਰਤ ਨੇ ਕਿਹਾ, “ਤੂੰ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਅਜਿਹੀ ਯੋਜਨਾ ਕਿਉਂ ਬਣਾਈ ਹੈ? ਕਿਉਂਕਿ ਜੋ ਬਚਨ ਰਾਜੇ ਨੇ ਬੋਲੇ ਹਨ, ਉਸ ਨਾਲ ਰਾਜਾ ਹੀ ਦੋਸ਼ੀ ਨਹੀਂ ਠਹਿਰਦਾ ਹੈ, ਕਿਉਂਕਿ ਰਾਜੇ ਨੇ ਆਪਣੇ ਕੱਢੇ ਹੋਏ ਪੁੱਤਰ ਨੂੰ ਵਾਪਸ ਨਹੀਂ ਬੁਲਾਇਆ? ਅਸੀਂ ਸਭਨਾ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਇਕੱਠਾ ਨਹੀਂ ਹੁੰਦਾ। ਪਰਮੇਸ਼ਵਰ ਕਿਸੇ ਦੇ ਵੀ ਜੀਵਨ ਨੂੰ ਤਬਾਹ ਨਹੀਂ ਕਰਦਾ। ਉਹ ਅਜਿਹੀ ਯੋਜਨਾ ਬਣਾਉਂਦਾ ਹੈ ਕਿ ਕੋਈ ਵੀ ਉਸ ਦੀ ਮੌਜੂਦਗੀ ਤੋਂ ਦੂਰ ਨਹੀਂ ਰਹਿੰਦਾ।

“ਅਤੇ ਹੁਣ ਮੈਂ ਆਪਣੇ ਸੁਆਮੀ ਪਾਤਸ਼ਾਹ ਨੂੰ ਇਹ ਕਹਿਣ ਆਈ ਹਾਂ ਕਿਉਂਕਿ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਦਾਸੀ ਨੇ ਸੋਚਿਆ, ‘ਮੈਂ ਰਾਜੇ ਅੱਗੇ ਆਪ ਬੇਨਤੀ ਕਰਾਂਗੀ; ਸ਼ਾਇਦ ਉਹ ਆਪਣੀ ਦਾਸੀ ਦੀ ਬੇਨਤੀ ਨੂੰ ਪੂਰਾ ਕਰ ਦੇਵੇ। ਸ਼ਾਇਦ ਰਾਜਾ ਆਪਣੀ ਦਾਸੀ ਨੂੰ ਉਨ੍ਹਾਂ ਆਦਮੀਆਂ ਦੇ ਹੱਥੋਂ ਛੁਡਾਉਣ ਲਈ ਰਾਜ਼ੀ ਹੋ ਜਾਵੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ਵਰ ਦੀ ਦਿੱਤੀ ਹੋਈ ਵਿਰਾਸਤ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਨ।’

“ਅਤੇ ਹੁਣ ਤੇਰੀ ਦਾਸੀ ਆਖਦੀ ਹੈ, ‘ਮੇਰੇ ਮਹਾਰਾਜ ਪਾਤਸ਼ਾਹ ਦਾ ਬਚਨ ਮੇਰੀ ਵਿਰਾਸਤ ਨੂੰ ਸੁਰੱਖਿਅਤ ਕਰੇ, ਕਿਉਂਕਿ ਮੇਰਾ ਮਹਾਰਾਜ ਰਾਜਾ ਪਰਮੇਸ਼ਵਰ ਦੇ ਦੂਤ ਵਰਗਾ ਹੈ ਜੋ ਭਲੇ ਅਤੇ ਬੁਰੇ ਦੀ ਪਰਖ ਕਰਦਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੋਵੇ।’ ”

ਤਦ ਰਾਜੇ ਨੇ ਉਸ ਔਰਤ ਨੂੰ ਕਿਹਾ, “ਜੋ ਮੈਂ ਤੇਰੇ ਤੋਂ ਪੁੱਛਣ ਜਾ ਰਿਹਾ ਹਾਂ, ਉਸ ਦਾ ਜਵਾਬ ਮੇਰੇ ਤੋਂ ਨਾ ਲੁਕਾਈ।”

ਔਰਤ ਨੇ ਕਿਹਾ, “ਜੀ ਮਹਾਰਾਜ ਪਾਤਸ਼ਾਹ ਦੱਸੋ।”

ਰਾਜੇ ਨੇ ਪੁੱਛਿਆ, “ਕੀ ਇਸ ਸਭ ਵਿੱਚ ਤੇਰੇ ਨਾਲ ਯੋਆਬ ਦਾ ਹੱਥ ਨਹੀਂ ਹੈ?”

ਆਪਣੇ ਜੀਵਨ ਦੀ ਸਹੁੰ, “ਮਹਾਰਾਜ, ਮੇਰੇ ਮਾਲਕ ਦੁਆਰਾ ਪੁੱਛੇ ਸਵਾਲ ਦਾ ਜਵਾਬ ਪੂਰਨ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਇਹ ਯੋਆਬ ਸੀ ਜਿਸਨੇ ਮੈਨੂੰ ਇਹ ਸਭ ਕਰਨ ਦਾ ਹੁਕਮ ਦਿੱਤਾ ਸੀ; ਇਹ ਸਾਰੀਆਂ ਗੱਲਾਂ ਉਸ ਨੇ ਤੇਰੇ ਸੇਵਕ ਨੂੰ ਸੁਝਾਈਆਂ ਸਨ। ਤੁਹਾਡੇ ਸੇਵਕ ਯੋਆਬ ਨੇ ਮੌਜੂਦਾ ਸਥਿਤੀ ਨੂੰ ਬਦਲਣ ਲਈ ਅਜਿਹਾ ਕੀਤਾ। ਮੇਰੇ ਸੁਆਮੀ ਕੋਲ ਪਰਮੇਸ਼ਵਰ ਦੇ ਦੂਤ ਦੀ ਬੁੱਧੀ ਹੈ, ਉਹ ਧਰਤੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ।”

ਰਾਜੇ ਨੇ ਯੋਆਬ ਨੂੰ ਆਖਿਆ, “ਬਹੁਤ ਵਧੀਆ, ਮੈਂ ਇਹ ਕੰਮ ਕਰਾਂਗਾ। ਜਾ, ਉਸ ਨੌਜਵਾਨ ਅਬਸ਼ਾਲੋਮ ਨੂੰ ਵਾਪਸ ਲੈ ਆ।”

ਯੋਆਬ ਉਸ ਦਾ ਆਦਰ ਕਰਨ ਲਈ ਮੂੰਹ ਭਾਰ ਧਰਤੀ ਉੱਤੇ ਡਿੱਗ ਪਿਆ ਅਤੇ ਉਸ ਨੇ ਰਾਜੇ ਨੂੰ ਬਰਕਤ ਦਿੱਤੀ। ਯੋਆਬ ਨੇ ਆਖਿਆ, “ਅੱਜ ਤੇਰਾ ਦਾਸ ਜਾਣ ਗਿਆ ਹੈ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ, ਕਿ ਤੁਹਾਡੀ ਨਿਗਾਹ ਵਿੱਚ ਮੈਂ ਕਿਰਪਾ ਪਾਈ ਹੈ, ਕਿਉਂ ਜੋ ਪਾਤਸ਼ਾਹ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ।”

ਤਦ ਯੋਆਬ ਗੇਸ਼ੂਰ ਨੂੰ ਗਿਆ ਅਤੇ ਅਬਸ਼ਾਲੋਮ ਨੂੰ ਯੇਰੂਸ਼ਲੇਮ ਵਾਪਸ ਲੈ ਆਇਆ। ਪਰ ਰਾਜੇ ਨੇ ਆਖਿਆ, “ਉਹ ਆਪਣੇ ਘਰ ਮੁੜ ਜਾਏ। ਉਹ ਮੇਰਾ ਮੂੰਹ ਨਾ ਵੇਖੇ।” ਇਸ ਲਈ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਰਾਜੇ ਦਾ ਮੂੰਹ ਨਾ ਵੇਖਿਆ।

ਸਾਰੇ ਇਸਰਾਏਲ ਵਿੱਚ ਅਬਸ਼ਾਲੋਮ ਵਰਗਾ ਆਦਮੀ ਕੋਈ ਵੀ ਨਹੀਂ ਸੀ ਉਹ ਸੁੰਦਰ ਦਿਖਣ ਵਾਲਾ ਅਤੇ ਉਸਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਾਂਦੀ ਸੀ। ਉਸ ਦੇ ਸਿਰ ਤੋਂ ਲੈ ਕੇ ਪੈਰਾ ਦੀ ਤਲੀ ਤੱਕ ਉਸ ਵਿੱਚ ਕੋਈ ਵੀ ਕਮੀ ਨਹੀਂ ਸੀ। ਜਦੋਂ ਵੀ ਉਹ ਆਪਣੇ ਸਿਰ ਦੇ ਵਾਲ ਕੱਟਾਉਂਦਾ ਸੀ, ਉਹ ਸਾਲ ਵਿੱਚ ਇੱਕ ਵਾਰ ਆਪਣੇ ਵਾਲ ਕੱਟਾਉਂਦਾ ਹੁੰਦਾ ਸੀ ਕਿਉਂਕਿ ਉਸਦੇ ਵਾਲ ਬਹੁਤ ਭਾਰਾ ਹੁੰਦੇ ਸਨ, ਉਹ ਉਨ੍ਹਾਂ ਨੂੰ ਤੋਲਦਾ ਸੀ ਅਤੇ ਇਸਦਾ ਭਾਰ ਸ਼ਾਹੀ ਮਿਆਰ ਅਨੁਸਾਰ ਦੋ ਸੌ ਸ਼ੈਕੇਲ1 ਸੀ।

ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ। ਉਸਦੀ ਧੀ ਦਾ ਨਾਮ ਤਾਮਾਰ ਸੀ ਅਤੇ ਉਹ ਬਹੁਤ ਸੁੰਦਰ ਸੀ।

ਅਬਸ਼ਾਲੋਮ ਰਾਜੇ ਦਾ ਚਿਹਰਾ ਦੇਖੇ ਬਿਨਾਂ ਯੇਰੂਸ਼ਲੇਮ ਵਿੱਚ ਦੋ ਸਾਲ ਰਿਹਾ। ਤਦ ਅਬਸ਼ਾਲੋਮ ਨੇ ਯੋਆਬ ਨੂੰ ਬੇਨਤੀ ਕੀਤੀ ਕਿ ਉਹ ਆਏ ਅਤੇ ਉਸ ਨੂੰ ਰਾਜੇ ਕੋਲ ਭੇਜੇ, ਪਰ ਯੋਆਬ ਨੇ ਉਸ ਕੋਲ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਦੂਜੀ ਵਾਰ ਭੇਜਿਆ, ਪਰ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ। ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਵੇਖੋ, ਯੋਆਬ ਦਾ ਖੇਤ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿੱਚ ਜੌਂ ਦੀ ਫਸਲ ਤਿਆਰ ਹੈ, ਸੋ ਜਾ ਕੇ ਉਸ ਨੂੰ ਅੱਗ ਨਾਲ ਸਾੜ ਸੁੱਟੋ।” ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ।

ਤਦ ਯੋਆਬ ਅਬਸ਼ਾਲੋਮ ਦੇ ਘਰ ਗਿਆ ਅਤੇ ਉਸ ਨੂੰ ਆਖਿਆ, “ਤੇਰੇ ਸੇਵਕਾਂ ਨੇ ਮੇਰੇ ਖੇਤ ਨੂੰ ਅੱਗ ਕਿਉਂ ਲਗਾਈ ਹੈ?”

ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, “ਵੇਖ, ਮੈਂ ਤੈਨੂੰ ਸੁਨੇਹਾ ਭੇਜਿਆ ਸੀ ਅਤੇ ਆਖਿਆ ਸੀ, ‘ਕਿ ਇੱਥੇ ਆ ਤਾਂ ਜੋ ਮੈਂ ਤੈਨੂੰ ਰਾਜੇ ਕੋਲ ਇਹ ਪੁੱਛਣ ਲਈ ਭੇਜਾਂ, “ਕਿ ਮੈਂ ਗੇਸ਼ੂਰ ਤੋਂ ਕਿਉਂ ਆਇਆ ਹਾਂ? ਮੇਰੇ ਲਈ ਤਾਂ ਉੱਥੇ ਰਹਿਣਾ ਚੰਗਾ ਸੀ!” ’ ਤਾਂ ਹੁਣ, ਮੈਂ ਰਾਜੇ ਦਾ ਚਿਹਰਾ ਦੇਖਣਾ ਚਾਹੁੰਦਾ ਹਾਂ ਅਤੇ ਜੇ ਮੈਂ ਕਸੂਰਵਾਰ ਹਾਂ, ਤਾਂ ਉਹ ਮੈਨੂੰ ਮੌਤ ਦੇ ਘਾਟ ਉਤਾਰ ਦੇਵੇ।”

ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਉਸਨੂੰ ਇਹ ਗੱਲ ਦੱਸੀ। ਤਦ ਰਾਜੇ ਨੇ ਅਬਸ਼ਾਲੋਮ ਨੂੰ ਬੁਲਾਇਆ ਅਤੇ ਉਹ ਅੰਦਰ ਆਇਆ ਅਤੇ ਰਾਜਾ ਦੇ ਅੱਗੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ ਅਤੇ ਰਾਜੇ ਨੇ ਅਬਸ਼ਾਲੋਮ ਨੂੰ ਚੁੰਮਿਆ।

Source notes (1)
  1. Footnote ਸੌ ਸ਼ੈਕੇਲ ਲਗਭਗ 3.4 ਕਿੱਲੋ ਗ੍ਰਾਮ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.