Skip to content
BibleKenya

Biblica® Open Punjabi Contemporary Version 2025

2 ਸ਼ਮੁਏਲ 17

ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਕਿਹਾ, “ਮੈਂ ਬਾਰਾਂ ਹਜ਼ਾਰ ਆਦਮੀਆਂ ਨੂੰ ਚੁਣ ਲਵਾਂਗਾ ਅਤੇ ਅੱਜ ਰਾਤ ਮੈਂ ਦਾਵੀਦ ਦਾ ਪਿੱਛਾ ਕਰਾਂਗਾ। ਜਦੋਂ ਉਹ ਥੱਕਿਆ ਅਤੇ ਕਮਜ਼ੋਰ ਹੋਵੇਗਾ ਮੈਂ ਉਸ ਉੱਤੇ ਹਮਲਾ ਕਰਾਂਗਾ। ਮੈਂ ਉਸਨੂੰ ਡਰਾਵਾਂਗਾ, ਅਤੇ ਫਿਰ ਉਸਦੇ ਨਾਲ ਦੇ ਸਾਰੇ ਲੋਕ ਭੱਜ ਜਾਣਗੇ। ਮੈਂ ਸਿਰਫ ਰਾਜੇ ਨੂੰ ਮਾਰਾਂਗਾ ਅਤੇ ਸਾਰੇ ਲੋਕਾਂ ਨੂੰ ਤੁਹਾਡੇ ਕੋਲ ਵਾਪਸ ਮੋੜ ਲਿਆਵਾਂਗਾ। ਉਸ ਆਦਮੀ ਦੀ ਮੌਤ ਜਿਸਨੂੰ ਤੁਸੀਂ ਭਾਲਦੇ ਹੋ, ਸਭ ਦੀ ਵਾਪਸੀ ਦਾ ਮਤਲਬ ਹੋਵੇਗਾ; ਸਾਰੇ ਲੋਕ ਸੁਰੱਖਿਅਤ ਰਹਿਣਗੇ।” ਇਹ ਯੋਜਨਾ ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਚੰਗੀ ਲੱਗੀ।

ਪਰ ਅਬਸ਼ਾਲੋਮ ਨੇ ਕਿਹਾ, “ਹੂਸ਼ਈ ਅਰਕੀ ਨੂੰ ਵੀ ਬੁਲਾਓ, ਤਾਂ ਜੋ ਅਸੀਂ ਵੀ ਉਸਦੇ ਮੂੰਹੋਂ ਵੀ ਕੁਝ ਸੁਣੀਏ।” ਜਦੋਂ ਹੂਸ਼ਈ ਉਸ ਕੋਲ ਆਇਆ ਤਾਂ ਅਬਸ਼ਾਲੋਮ ਨੇ ਆਖਿਆ, “ਅਹੀਥੋਫ਼ਲ ਨੇ ਇਹ ਸਲਾਹ ਦਿੱਤੀ ਹੈ। ਕੀ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹਿੰਦਾ ਹੈ? ਜੇ ਨਹੀਂ ਤਾਂ, ਤੂੰ ਕੀ ਆਖਦਾ ਹੈਂ?”

ਹੂਸ਼ਈ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ, “ਇਸ ਵਾਰ ਅਹੀਥੋਫ਼ਲ ਦੀ ਸਲਾਹ ਚੰਗੀ ਨਹੀਂ ਹੈ। ਅਤੇ ਫਿਰ ਹੂਸ਼ਈ ਨੇ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਸਦੇ ਆਦਮੀਆਂ ਨੂੰ ਜਾਣਦੇ ਹੋ; ਕਿ ਉਹ ਕਿੰਨੇ ਵੱਡੇ ਉਹ ਸੂਰਮੇ ਹਨ, ਅਤੇ ਇਸ ਵੇਲੇ ਉਹ ਜੰਗਲੀ ਵਿੱਚ ਇੱਕ ਰਿੱਛ ਵਾਂਗ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਲੁੱਟ ਲਏ ਹੋਣ। ਇਸ ਤੋਂ ਇਲਾਵਾ, ਤੁਹਾਡੇ ਪਿਤਾ ਇੱਕ ਤਜ਼ਰਬੇਕਾਰ ਲੜਾਕੂ ਹੈ ਅਤੇ ਉਹ ਫ਼ੌਜਾਂ ਨਾਲ ਰਾਤ ਨਹੀਂ ਕੱਟੇਗਾ। ਹੁਣ ਵੀ ਉਹ ਕਿਸੇ ਗੁਫ਼ਾ ਜਾਂ ਕਿਸੇ ਹੋਰ ਥਾਂ ਲੁਕੇ ਹੋਣਗੇ। ਜੇਕਰ ਉਹ ਪਹਿਲਾਂ ਤੁਹਾਡੀਆਂ ਫ਼ੌਜਾਂ ਉੱਤੇ ਹਮਲਾ ਕਰੇ, ਤਾਂ ਜੋ ਕੋਈ ਵੀ ਇਸ ਬਾਰੇ ਸੁਣੇਗਾ, ਉਹ ਆਖੇਗਾ, ‘ਅਬਸ਼ਾਲੋਮ ਦੇ ਪਿੱਛੇ ਚੱਲਣ ਵਾਲੀਆਂ ਫ਼ੌਜਾਂ ਵਿੱਚ ਇੱਕ ਕਤਲ ਹੋਇਆ ਹੈ।’ ਤਦ ਸਭ ਤੋਂ ਬਹਾਦਰ ਸੂਰਮਾ ਵੀ, ਜਿਸ ਦਾ ਦਿਲ ਸ਼ੇਰ ਦੇ ਦਿਲ ਵਰਗਾ ਹੈ, ਉਸਦਾ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਇੱਕ ਸੂਰਮਾ ਹੈ ਅਤੇ ਜੋ ਉਹ ਦੇ ਨਾਲ ਦੇ ਵੀ ਸੂਰਮੇ ਹਨ।

“ਇਸ ਲਈ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਵਿੱਚ ਉਹਨਾਂ ਦੀ ਅਗਵਾਈ ਕਰੋ। ਫਿਰ ਅਸੀਂ ਉਸ ਉੱਤੇ ਹਮਲਾ ਕਰਾਂਗੇ ਜਿੱਥੇ ਉਹ ਲੱਭੇਗਾ ਅਤੇ ਉਸ ਉੱਤੇ ਤ੍ਰੇਲ ਵਾਂਗ ਜੋ ਧਰਤੀ ਉੱਤੇ ਡਿੱਗਦੀ ਉਸ ਉੱਤੇ ਜਾ ਡਿੱਗਾਂਗੇ। ਤਦ ਉਸ ਅਤੇ ਉਸਦੇ ਆਦਮੀਆਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। ਜੇਕਰ ਉਹ ਕਿਸੇ ਸ਼ਹਿਰ ਵਿੱਚ ਵੜ੍ਹ ਗਿਆ ਹੋਵੇ, ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸਨੂੰ ਨਦੀ ਵਿੱਚੋਂ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ।”

ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆਖਿਆ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ।” ਕਿਉ ਜੋ ਯਾਹਵੇਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣ ਲਈ ਪਹਿਲਾ ਹੀ ਠਾਣ ਲਿਆ ਸੀ ਤਾਂ ਜੋ ਯਾਹਵੇਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।

ਹੂਸ਼ਈ ਨੇ ਸਾਦੋਕ ਅਤੇ ਅਬੀਯਾਥਰ, ਜਾਜਕਾਂ ਨੂੰ ਕਿਹਾ, “ਅਹੀਥੋਫ਼ਲ ਨੇ ਇਹ ਸਲਾਹ ਅਬਸ਼ਾਲੋਮ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਦਿੱਤੀ ਅਤੇ ਮੈਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਹੈ। ਹੁਣ ਇਸੇ ਵੇਲੇ ਇੱਕ ਸੁਨੇਹਾ ਭੇਜੋ ਅਤੇ ਦਾਵੀਦ ਨੂੰ ਆਖੋ, ‘ਉਜਾੜ ਵਿੱਚ ਪੱਤਣ ਕੋਲ ਰਾਤ ਨਾ ਕੱਟੇ। ਛੇਤੀ ਨਾਲ ਪਾਰ ਲੰਘ ਜਾਓ, ਨਹੀਂ ਤਾਂ ਰਾਜਾ ਅਤੇ ਉਸਦੇ ਨਾਲ ਦੇ ਸਾਰੇ ਲੋਕ ਖਤਮ ਹੋ ਜਾਣਗੇ।’ ”

ਯੋਨਾਥਾਨ ਅਤੇ ਅਹੀਮਾਜ਼ ਏਨ-ਰੋਗੇਲ ਵਿੱਚ ਠਹਿਰੇ ਹੋਏ ਸਨ। ਇੱਕ ਦਾਸੀ ਨੇ ਜਾ ਕੇ ਉਨ੍ਹਾਂ ਨੂੰ ਸੂਚਿਤ ਕਰਨਾ ਸੀ ਅਤੇ ਉਨ੍ਹਾਂ ਨੇ ਜਾ ਕੇ ਰਾਜਾ ਦਾਵੀਦ ਨੂੰ ਦੱਸਣਾ ਸੀ ਕਿਉਂਕਿ ਉਹ ਸ਼ਹਿਰ ਵਿੱਚ ਦਾਖਲ ਹੋਣ ਦਾ ਜੋਖਮ ਨਹੀਂ ਲੈ ਸਕਦੇ ਸਨ। ਇੱਕ ਨੌਕਰਾਣੀ ਨੂੰ ਜਾ ਕੇ ਉਨ੍ਹਾਂ ਨੂੰ ਸੂਚਿਤ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਫਿਰ ਉਹ ਜਾ ਕੇ ਰਾਜਾ ਦਾਵੀਦ ਨੂੰ ਸੂਚਨਾ ਭੇਜ ਦੇਵੇਗੀ ਕਿਉਂਕਿ ਇਹ ਜ਼ਰੂਰੀ ਸੀ ਕਿ ਉਹ ਸ਼ਹਿਰ ਵਿੱਚ ਵੜਦੇ ਨਜ਼ਰ ਨਾ ਆਉਣ। ਪਰ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਦੇਖਿਆ ਅਤੇ ਅਬਸ਼ਾਲੋਮ ਨੂੰ ਦੱਸਿਆ। ਇਸ ਲਈ ਉਹ ਦੋਵੇਂ ਉਸੇ ਵੇਲੇ ਉੱਥੋਂ ਚਲੇ ਗਏ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਚਲੇ ਗਏ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ ਅਤੇ ਉਹ ਉਸ ਵਿੱਚ ਉਤਰ ਗਏ। ਉਸਦੀ ਪਤਨੀ ਨੇ ਇੱਕ ਕੱਪੜਾ ਲਿਆ ਅਤੇ ਖੂਹ ਦੇ ਮੂੰਹ ਉੱਤੇ ਵਿਛਾ ਦਿੱਤਾ ਅਤੇ ਉਸ ਉੱਤੇ ਅਨਾਜ ਖਿਲਾਰ ਦਿੱਤਾ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ।

ਜਦੋਂ ਅਬਸ਼ਾਲੋਮ ਦੇ ਆਦਮੀ ਘਰ ਵਿੱਚ ਔਰਤ ਕੋਲ ਆਏ, ਉਨ੍ਹਾਂ ਨੇ ਪੁੱਛਿਆ, “ਅਹੀਮਾਜ਼ ਅਤੇ ਯੋਨਾਥਾਨ ਕਿੱਥੇ ਹਨ?”

ਉਸ ਔਰਤ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਉਹ ਤਾਂ ਨਦੀਓ ਪਾਰ ਲੰਘ ਗਏ ਹੋਣਗੇ।” ਆਦਮੀਆਂ ਨੇ ਉਹਨਾਂ ਦੀ ਖੋਜ ਕੀਤੀ ਪਰ ਕੋਈ ਨਾ ਲੱਭਿਆ, ਇਸ ਲਈ ਉਹ ਯੇਰੂਸ਼ਲੇਮ ਨੂੰ ਵਾਪਸ ਆ ਗਏ।

ਉਨ੍ਹਾਂ ਦੇ ਜਾਣ ਤੋਂ ਬਾਅਦ, ਉਹ ਦੋਵੇਂ ਖੂਹ ਵਿੱਚੋਂ ਬਾਹਰ ਨਿਕਲੇ ਅਤੇ ਰਾਜਾ ਦਾਵੀਦ ਨੂੰ ਖ਼ਬਰ ਦਿੱਤੀ। ਉਨ੍ਹਾਂ ਨੇ ਉਸਨੂੰ ਕਿਹਾ, “ਚੱਲੋ ਉੱਠੋ ਅਤੇ ਇੱਕ ਵਾਰ ਨਦੀ ਪਾਰ ਲੰਘ ਜਾਓ। ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਰੁੱਧ ਇਹੋ ਜਿਹੀ ਸਲਾਹ ਦਿੱਤੀ ਹੈ।” ਇਸ ਲਈ ਦਾਵੀਦ ਅਤੇ ਉਸਦੇ ਨਾਲ ਦੇ ਸਾਰੇ ਲੋਕ ਚੱਲੇ ਅਤੇ ਯਰਦਨ ਪਾਰ ਲੰਘ ਗਏ। ਸਵੇਰ ਹੋਣ ਤੱਕ, ਕੋਈ ਵੀ ਨਹੀਂ ਬਚਿਆ ਜਿਸ ਨੇ ਯਰਦਨ ਪਾਰ ਨਾ ਕੀਤੀ ਹੋਵੇ।

ਜਦੋਂ ਅਹੀਥੋਫ਼ਲ ਨੇ ਦੇਖਿਆ ਕਿ ਉਸਦੀ ਸਲਾਹ ਨਹੀਂ ਮੰਨੀ ਗਈ, ਤਾਂ ਉਸਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਚੱਲ ਪਿਆ। ਉਸਨੇ ਆਪਣੇ ਘਰ ਨੂੰ ਸੰਭਾਲ ਕੇ ਅਤੇ ਫਿਰ ਫਾਹਾ ਲਗਾ ਲਿਆ। ਇਸ ਲਈ ਉਹ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ ਗਿਆ।

ਅਬਸ਼ਾਲੋਮ ਦੀ ਮੌਤ

ਦਾਵੀਦ ਮਾਹਾਨਾਇਮ ਨੂੰ ਗਿਆ ਅਤੇ ਅਬਸ਼ਾਲੋਮ ਇਸਰਾਏਲ ਦੇ ਸਾਰੇ ਆਦਮੀਆਂ ਨਾਲ ਯਰਦਨ ਪਾਰ ਗਿਆ। ਅਬਸ਼ਾਲੋਮ ਨੇ ਯੋਆਬ ਦੀ ਥਾਂ ਅਮਾਸਾ ਨੂੰ ਫ਼ੌਜ ਦਾ ਮੁਖੀ ਨਿਯੁਕਤ ਕੀਤਾ ਸੀ। ਅਮਾਸਾ ਇੱਕ ਇਸਮਾਏਲੀ ਦੇ ਯਿਥਰਾ ਦਾ ਪੁੱਤਰ ਸੀ ਜਿਸ ਨੇ ਨਾਹਾਸ਼ ਦੀ ਧੀ ਅਤੇ ਯੋਆਬ ਦੀ ਮਾਂ ਜ਼ੇਰੂਇਯਾਹ ਦੀ ਭੈਣ ਅਬੀਗੈਲ ਨਾਲ ਵਿਆਹ ਕੀਤਾ ਸੀ। ਇਸਰਾਏਲੀਆਂ ਅਤੇ ਅਬਸ਼ਾਲੋਮ ਨੇ ਗਿਲਆਦ ਦੀ ਧਰਤੀ ਉੱਤੇ ਡੇਰਾ ਲਾਇਆ।

ਜਦੋਂ ਦਾਵੀਦ ਮਾਹਾਨਾਇਮ ਵਿੱਚ ਆਇਆ ਤਾਂ ਅੰਮੋਨੀਆਂ ਦੇ ਰਬਾਹ ਤੋਂ ਨਾਹਾਸ਼ ਦਾ ਪੁੱਤਰ ਸ਼ੋਬੀ, ਲੋ-ਦੇਬਾਰ ਤੋਂ ਅੰਮੀਏਲ ਦਾ ਪੁੱਤਰ ਮਾਕੀਰ ਅਤੇ ਰੋਗੇਲਿਮ ਤੋਂ ਗਿਲਆਦੀ ਬਾਰਜ਼ਿੱਲਈ ਬਿਸਤਰੇ ਅਤੇ ਕਟੋਰੇ ਅਤੇ ਮਿੱਟੀ ਦੇ ਭਾਂਡਿਆਂ ਦੇ ਸਮਾਨ ਲਿਆਏ। ਉਹ ਕਣਕ ਅਤੇ ਜੌਂ, ਆਟਾ ਅਤੇ ਭੁੰਨੇ ਹੋਏ ਅਨਾਜ, ਫਲੀਆਂ ਅਤੇ ਦਾਲਾਂ ਵੀ ਲਿਆਏ, ਦਾਵੀਦ ਅਤੇ ਉਸਦੇ ਲੋਕਾਂ ਦੇ ਖਾਣ ਲਈ ਸ਼ਹਿਦ ਅਤੇ ਦਹੀਂ, ਭੇਡਾਂ ਅਤੇ ਗਾਵਾਂ ਦੇ ਦੁੱਧ ਤੋਂ ਪਨੀਰ। ਕਿਉਂਕਿ ਉਨ੍ਹਾਂ ਨੇ ਕਿਹਾ, “ਉਜਾੜ ਵਿੱਚ ਲੋਕ ਥੱਕ ਹੋਏ ਅਤੇ ਭੁੱਖੇ ਅਤੇ ਤਿਹਾਏ ਹੋਣਗੇ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.