Skip to content
BibleKenya

Biblica® Open Punjabi Contemporary Version 2025

2 ਰਾਜਿਆਂ 9

ਇਸਰਾਏਲ ਦੇ ਰਾਜਾ ਦੇ ਰੂਪ ਵਿੱਚ ਯੇਹੂ ਦਾ ਅਭਿਸ਼ੇਕ ਕੀਤਾ ਜਾਣਾ

ਅਲੀਸ਼ਾ ਨਬੀ ਨੇ ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਆਪਣੀ ਚਾਦਰ ਆਪਣੀ ਪੇਟੀ ਵਿੱਚ ਬੰਨ੍ਹ ਲੈ, ਜ਼ੈਤੂਨ ਦੇ ਤੇਲ ਦੀ ਇਹ ਸ਼ੀਸ਼ੀ ਆਪਣੇ ਨਾਲ ਲੈ ਅਤੇ ਰਾਮੋਥ ਗਿਲਆਦ ਨੂੰ ਚੱਲ। ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭਣਾ, ਜੋ ਨਿਮਸ਼ੀ ਦਾ ਪੋਤਾ ਸੀ। ਉਸ ਕੋਲ ਜਾਓ, ਉਸਨੂੰ ਉਸਦੇ ਸਾਥੀਆਂ ਤੋਂ ਦੂਰ ਕਰੋ ਅਤੇ ਉਸਨੂੰ ਇੱਕ ਅੰਦਰਲੇ ਕਮਰੇ ਵਿੱਚ ਲੈ ਜਾਓ। ਫਿਰ ਇੱਕ ਕੁੱਪੀ ਲੈ ਕੇ ਉਸ ਦੇ ਸਿਰ ਤੇ ਤੇਲ ਪਾਓ ਅਤੇ ਐਲਾਨ ਕਰੋ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ਫਿਰ ਦਰਵਾਜ਼ਾ ਖੋਲ੍ਹ ਕੇ ਭੱਜ ਜਾਈਂ ਅਤੇ ਬਿਲਕੁਲ ਵੀ ਦੇਰੀ ਨਾ ਕਰੀ!”

ਇਸ ਲਈ ਨੌਜਵਾਨ ਨਬੀ ਰਾਮੋਥ ਗਿਲਆਦ ਨੂੰ ਗਿਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਫੌਜ ਦੇ ਅਧਿਕਾਰੀਆਂ ਨੂੰ ਇਕੱਠੇ ਬੈਠੇ ਵੇਖਿਆ। ਉਸਨੇ ਕਿਹਾ, “ਹੇ ਆਗੂ, ਮੇਰੇ ਕੋਲ ਤੁਹਾਡੇ ਲਈ ਇੱਕ ਸੰਦੇਸ਼ ਹੈ।”

ਯੇਹੂ ਨੇ ਪੁੱਛਿਆ, “ਸਾਡੇ ਵਿੱਚੋਂ ਕਿਸ ਲਈ?”

ਉਸਨੇ ਜਵਾਬ ਦਿੱਤਾ, “ਤੁਹਾਡੇ ਲਈ ਸੈਨਾਪਤੀ ਜੀ।”

ਯੇਹੂ ਉੱਠਿਆ ਅਤੇ ਘਰ ਵਿੱਚ ਚਲਾ ਗਿਆ। ਫਿਰ ਨਬੀ ਨੇ ਯੇਹੂ ਦੇ ਸਿਰ ਉੱਤੇ ਤੇਲ ਡੋਲ੍ਹਿਆ ਅਤੇ ਐਲਾਨ ਕੀਤਾ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਤੈਨੂੰ ਮਸਹ ਕਰਦਾ ਹਾਂ ਕਿ ਤੂੰ ਯਾਹਵੇਹ ਦੀ ਪਰਜਾ ਇਸਰਾਏਲ ਦਾ ਰਾਜਾ ਹੈ। ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਨਾਸ ਕਰਨਾ ਹੈ ਅਤੇ ਮੈਂ ਆਪਣੇ ਸੇਵਕਾਂ ਨਬੀਆਂ ਦੇ ਲਹੂ ਦਾ ਅਤੇ ਯਾਹਵੇਹ ਦੇ ਸਾਰੇ ਸੇਵਕਾਂ ਦੇ ਲਹੂ ਦਾ ਬਦਲਾ ਲਵਾਂਗਾ ਜੋ ਅਹਾਬ ਦੀ ਪਤਨੀ ਈਜ਼ੇਬੇਲ ਦੁਆਰਾ ਵਹਾਇਆ ਗਿਆ ਸੀ। ਅਹਾਬ ਦਾ ਸਾਰਾ ਘਰਾਣਾ ਤਬਾਹ ਹੋ ਜਾਵੇਗਾ। ਮੈਂ ਅਹਾਬ ਤੋਂ ਇਸਰਾਏਲ ਦੇ ਹਰ ਆਖਰੀ ਮਰਦ ਨੂੰ ਕੱਟ ਦਿਆਂਗਾ, ਚਾਹੇ ਉਹ ਗ਼ੁਲਾਮ ਹੋਵੇ ਜਾਂ ਅਜ਼ਾਦ ਹੋਵੇ। ਮੈਂ ਅਹਾਬ ਦੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ। ਜਿੱਥੋਂ ਤੱਕ ਈਜ਼ੇਬੇਲ ਦੀ ਗੱਲ ਹੈ, ਕੁੱਤੇ ਉਸ ਨੂੰ ਯਿਜ਼ਰਏਲ ਯੇਜ਼ਰੀਲ ਦੀ ਜ਼ਮੀਨ ਉੱਤੇ ਖਾ ਜਾਣਗੇ ਅਤੇ ਕੋਈ ਵੀ ਉਸ ਨੂੰ ਦੱਬੇਗਾ ਨਹੀਂ।’ ” ਤਦ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਭੱਜ ਗਿਆ।

ਜਦੋਂ ਯੇਹੂ ਬਾਹਰ ਆਪਣੇ ਸਾਥੀ ਸੇਵਕਾਂ ਕੋਲ ਗਿਆ, ਤਾਂ ਉਹਨਾਂ ਵਿੱਚੋਂ ਇੱਕ ਨੇ ਉਸਨੂੰ ਪੁੱਛਿਆ, “ਕੀ ਸਭ ਕੁਝ ਠੀਕ ਹੈ? ਇਹ ਪਾਗਲ ਤੇਰੇ ਕੋਲ ਕਿਉਂ ਆਇਆ?”

ਯੇਹੂ ਨੇ ਜਵਾਬ ਦਿੱਤਾ, “ਤੁਸੀਂ ਉਸ ਆਦਮੀ ਨੂੰ ਜਾਣਦੇ ਹੋ ਅਤੇ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈ।”

ਉਹਨਾਂ ਨੇ ਕਿਹਾ, “ਇਹ ਸੱਚ ਨਹੀਂ ਹੈ! ਸਾਨੂੰ ਦਸ ਸੱਚ ਕੀ ਹੈ।”

ਯੇਹੂ ਨੇ ਕਿਹਾ, “ਉਸਨੇ ਮੈਨੂੰ ਇਹ ਦੱਸਿਆ: ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ”

ਇਹ ਸੁਣ ਕੇ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਬਾਹਰਲਾ ਕੱਪੜਾ ਲਾਹ ਕੇ ਪੱਥਰ ਦੀਆਂ ਪੌੜੀਆਂ ਉੱਤੇ ਵਿਛਾ ਦਿੱਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਉੱਚੀ-ਉੱਚੀ ਕਿਹਾ, “ਯੇਹੂ ਰਾਜਾ ਹੈ!”

ਯੇਹੂ ਨੇ ਯੋਰਾਮ ਅਤੇ ਅਹਜ਼ਯਾਹ ਨੂੰ ਮਾਰ ਦਿੱਤਾ

ਯਹੋਸ਼ਾਫ਼ਾਟ ਦੇ ਪੁੱਤਰ ਯੇਹੂ, ਨਿਮਸ਼ੀ ਦੇ ਪੋਤੇ ਨੇ ਯੋਰਾਮ ਦੇ ਵਿਰੁੱਧ ਸਾਜ਼ਿਸ਼ ਰਚੀ। (ਹੁਣ ਯੋਰਾਮ ਅਤੇ ਸਾਰਾ ਇਸਰਾਏਲ ਅਰਾਮ ਦੇ ਰਾਜਾ ਹਜ਼ਾਏਲ ਦੇ ਵਿਰੁੱਧ ਰਾਮੋਥ ਗਿਲਆਦ ਦੀ ਰੱਖਿਆ ਕਰ ਰਹੇ ਸਨ, ਪਰ ਰਾਜਾ ਯਹੋਰਾਮ ਅਰਾਮ ਦੇ ਰਾਜੇ ਹਜ਼ਾਏਲ ਨਾਲ ਲੜਾਈ ਵਿੱਚ ਅਰਾਮੀਆਂ ਦੇ ਜ਼ਖਮਾਂ ਤੋਂ ਠੀਕ ਹੋਣ ਲਈ ਯਿਜ਼ਰਏਲ ਵਾਪਸ ਪਰਤਿਆ ਸੀ।) ਯੇਹੂ ਨੇ ਕਿਹਾ, “ਜੇਕਰ ਤੁਸੀਂ ਮੈਨੂੰ ਰਾਜਾ ਬਣਾਉਣਾ ਚਾਹੁੰਦੇ ਹੋ, ਤਾਂ ਕਿਸੇ ਨੂੰ ਵੀ ਸ਼ਹਿਰ ਤੋਂ ਬਾਹਰ ਨਾ ਜਾਣ ਦਿਓ ਅਤੇ ਯਿਜ਼ਰਏਲ ਵਿੱਚ ਖ਼ਬਰ ਸੁਣਾਓ।” ਤਦ ਉਹ ਆਪਣੇ ਰਥ ਵਿੱਚ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਅਰਾਮ ਕਰ ਰਿਹਾ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਉਸ ਨੂੰ ਮਿਲਣ ਗਿਆ ਸੀ।

ਜਦੋਂ ਯਿਜ਼ਰਏਲ ਦੇ ਬੁਰਜ ਉੱਤੇ ਖੜ੍ਹੇ ਨਿਗਾਹਬਾਨ ਨੇ ਯੇਹੂ ਦੀਆਂ ਫ਼ੌਜਾਂ ਨੂੰ ਆਉਂਦੀਆਂ ਦੇਖਿਆ, ਤਾਂ ਉਸ ਨੇ ਪੁਕਾਰਿਆ, “ਮੈਂ ਕੁਝ ਫ਼ੌਜਾਂ ਨੂੰ ਆਉਂਦੀਆਂ ਦੇਖਦਾ ਹਾਂ।”

“ਇੱਕ ਘੋੜਸਵਾਰ ਲਿਆਓ,” ਯਹੋਰਾਮ ਨੇ ਹੁਕਮ ਦਿੱਤਾ। “ਉਸਨੂੰ ਉਹਨਾਂ ਨੂੰ ਮਿਲਣ ਲਈ ਭੇਜੋ ਅਤੇ ਪੁੱਛੋ, ‘ਕੀ ਤੁਸੀਂ ਸ਼ਾਂਤੀ ਨਾਲ ਆਏ ਹੋ?’ ”

ਘੋੜਸਵਾਰ ਯੇਹੂ ਨੂੰ ਮਿਲਣ ਲਈ ਨਿਕਲਿਆ ਅਤੇ ਕਿਹਾ, “ਰਾਜੇ ਇਹ ਆਖਦੇ ਹਨ, ‘ਕੀ ਤੂੰ ਸ਼ਾਂਤੀ ਨਾਲ ਆਇਆ ਹੈ?’ ”

ਯੇਹੂ ਨੇ ਜਵਾਬ ਦਿੱਤਾ, “ਤੇਰਾ ਸ਼ਾਂਤੀ ਨਾਲ ਕੀ ਲੈਣਾ ਦੇਣਾ ਹੈ? ਤੂੰ ਮੇਰੇ ਪਿੱਛੇ ਚੱਲ।”

ਨਿਗਾਹਬਾਨ ਨੇ ਦੱਸਿਆ, “ਦੂਤ ਉਹਨਾਂ ਕੋਲ ਪਹੁੰਚ ਗਿਆ ਹੈ, ਪਰ ਉਹ ਵਾਪਸ ਨਹੀਂ ਆ ਰਿਹਾ ਹੈ।”

ਇਸ ਲਈ ਉਹ ਨੇ ਦੂਜੇ ਘੋੜਸਵਾਰ ਨੂੰ ਭੇਜਿਆ ਅਤੇ ਉਸ ਨੇ ਉਨ੍ਹਾਂ ਕੋਲ ਜਾ ਕੇ ਆਖਿਆ, “ਰਾਜਾ ਪੁੱਛਦਾ ਹੈ, ‘ਸ਼ਾਂਤੀ ਵੀ ਹੈ?’ ”

ਯੇਹੂ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲ।”

ਨਿਗਾਹਬਾਨ ਨੇ ਦੱਸਿਆ, “ਉਹ ਉਹਨਾਂ ਤੱਕ ਪਹੁੰਚ ਗਿਆ ਹੈ, ਪਰ ਉਹ ਵਾਪਸ ਵੀ ਨਹੀਂ ਆ ਰਿਹਾ ਹੈ। ਘੋੜਸਵਾਰ ਚਲਾਉਣਾ ਨਿਮਸ਼ੀ ਦੇ ਪੁੱਤਰ ਯੇਹੂ ਵਰਗਾ ਹੈ, ਉਹ ਇੱਕ ਪਾਗਲ ਵਾਂਗ ਚਲਾਉਂਦਾ ਹੈ।”

ਯਹੋਰਾਮ ਨੇ ਹੁਕਮ ਦਿੱਤਾ, “ਮੇਰੇ ਰਥ ਨੂੰ ਰੋਕੋ।” ਅਤੇ ਜਦੋਂ ਇਹ ਰੋਕਿਆ ਗਿਆ ਤਾਂ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੇਹੂ ਨੂੰ ਮਿਲਣ ਲਈ ਆਪੋ-ਆਪਣੇ ਰਥ ਵਿੱਚ ਸਵਾਰ ਹੋਏ। ਉਹ ਉਸ ਨੂੰ ਉਸ ਜ਼ਮੀਨ ਤੇ ਮਿਲੇ ਜੋ ਯਿਜ਼ਰਏਲ ਨਾਬੋਥ ਦੀ ਸੀ। ਜਦੋਂ ਯਹੋਰਾਮ ਨੇ ਯੇਹੂ ਨੂੰ ਦੇਖਿਆ ਤਾਂ ਉਸਨੇ ਪੁੱਛਿਆ, “ਯੇਹੂ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?”

ਯੇਹੂ ਨੇ ਜਵਾਬ ਦਿੱਤਾ, “ਜਦ ਤੱਕ ਤੁਹਾਡੀ ਮਾਤਾ ਈਜ਼ੇਬੇਲ ਦੀ ਸਾਰੀ ਮੂਰਤੀ ਪੂਜਾ ਅਤੇ ਜਾਦੂ-ਟੂਣਾ ਬਹੁਤ ਹੁੰਦਾ ਹੈ, ਸ਼ਾਂਤੀ ਕਿਵੇਂ ਹੋ ਸਕਦੀ ਹੈ?”

ਯਹੋਰਾਮ ਪਿੱਛੇ ਮੁੜ ਕੇ ਅਹਜ਼ਯਾਹ ਨੂੰ “ਧੋਖੇਬਾਜ਼, ਅਹਜ਼ਯਾਹ” ਪੁਕਾਰਦਾ ਹੋਇਆ, ਭੱਜ ਗਿਆ।

ਤਦ ਯੇਹੂ ਨੇ ਆਪਣਾ ਧਨੁਸ਼ ਖਿੱਚਿਆ ਅਤੇ ਯਹੋਰਾਮ ਦੇ ਮੋਢਿਆਂ ਵਿਚਕਾਰ ਤੀਰ ਮਾਰ ਦਿੱਤਾ। ਤੀਰ ਉਸ ਦੇ ਦਿਲ ਨੂੰ ਵਿੰਨ੍ਹ ਗਿਆ ਅਤੇ ਉਹ ਆਪਣੇ ਰੱਥ ਵਿੱਚ ਡਿੱਗ ਪਿਆ। ਯੇਹੂ ਨੇ ਆਪਣੇ ਰੱਥ ਦੇ ਅਧਿਕਾਰੀ ਬਿਦਕਾਰ ਨੂੰ ਕਿਹਾ, “ਉਸ ਨੂੰ ਚੁੱਕ ਕੇ ਉਸ ਖੇਤ ਵਿੱਚ ਸੁੱਟ ਦਿਓ ਜੋ ਯਿਜ਼ਰਏਲ ਨਾਬੋਥ ਦਾ ਸੀ। ਯਾਦ ਕਰੋ ਕਿ ਤੁਸੀਂ ਅਤੇ ਮੈਂ ਕਿਵੇਂ ਉਸਦੇ ਪਿਤਾ ਅਹਾਬ ਦੇ ਪਿੱਛੇ ਰੱਥਾਂ ਵਿੱਚ ਸਵਾਰ ਸੀ ਜਦੋਂ ਯਾਹਵੇਹ ਨੇ ਉਸ ਦੇ ਵਿਰੁੱਧ ਇਹ ਭਵਿੱਖਬਾਣੀ ਕੀਤੀ ਸੀ। ‘ਕੱਲ੍ਹ ਮੈਂ ਨਾਬੋਥ ਦਾ ਲਹੂ ਅਤੇ ਉਸ ਦੇ ਪੁੱਤਰਾਂ ਦਾ ਲਹੂ ਦੇਖਿਆ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਜ਼ਮੀਨ ਤੇ ਇਸਦੀ ਕੀਮਤ ਜ਼ਰੂਰ ਦਿਆਂਗਾ, ਯਾਹਵੇਹ ਦਾ ਵਾਕ ਹੈ।’ ਹੁਣ, ਉਸ ਨੂੰ ਚੁੱਕੋ ਅਤੇ ਯਾਹਵੇਹ ਦੇ ਬਚਨ ਦੇ ਅਨੁਸਾਰ, ਉਸ ਥਾਂ ਤੇ ਸੁੱਟ ਦਿਓ।”

ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ ਨੇ ਦੇਖਿਆ ਕਿ ਇਹ ਵਾਪਰਿਆ ਹੈ, ਤਾਂ ਉਹ ਬੈਤ ਹਗਨ ਦੇ ਰਸਤੇ ਨੂੰ ਭੱਜ ਗਿਆ। ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਵੀ ਮਾਰ ਦਿਓ!” ਉਹਨਾਂ ਨੇ ਉਸਨੂੰ ਯਿਬਲਾਮ ਦੇ ਨੇੜੇ ਗੁਰ ਦੇ ਰਸਤੇ ਵਿੱਚ ਉਸਦੇ ਰੱਥ ਵਿੱਚ ਜ਼ਖਮੀ ਕਰ ਦਿੱਤਾ, ਪਰ ਉਹ ਮਗਿੱਦੋ ਨੂੰ ਭੱਜ ਗਿਆ ਅਤੇ ਉੱਥੇ ਮਰ ਗਿਆ। ਉਹ ਦੇ ਸੇਵਕ ਉਸ ਨੂੰ ਰੱਥ ਉੱਤੇ ਚੜ੍ਹਾ ਕੇ ਯੇਰੂਸ਼ਲੇਮ ਵਿੱਚ ਲੈ ਗਏ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਸ ਦੀ ਕਬਰ ਵਿੱਚ ਉਸ ਦੇ ਪੁਰਖਿਆਂ ਦੇ ਨਾਲ ਦੱਬ ਦਿੱਤਾ। (ਅਹਾਬ ਦੇ ਪੁੱਤਰ ਯੋਰਾਮ ਦੇ ਗਿਆਰਵੇਂ ਸਾਲ ਵਿੱਚ, ਅਹਜ਼ਯਾਹ ਯਹੂਦਾਹ ਦਾ ਪਾਤਸ਼ਾਹ ਬਣਿਆ ਸੀ।)

ਈਜ਼ੇਬੇਲ ਨੂੰ ਯੇਹੂ ਦੁਆਰਾ ਮਾਰਿਆ ਗਿਆ

ਫਿਰ ਯੇਹੂ ਯਿਜ਼ਰਏਲ ਨੂੰ ਗਿਆ। ਜਦੋਂ ਈਜ਼ੇਬੇਲ ਨੇ ਇਸ ਬਾਰੇ ਸੁਣਿਆ, ਤਾਂ ਉਸਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ, ਆਪਣੇ ਵਾਲਾਂ ਦੀ ਸਜਾਵਟ ਕੀਤੀ ਅਤੇ ਖਿੜਕੀ ਤੋਂ ਬਾਹਰ ਦੇਖਿਆ। ਜਦੋਂ ਯੇਹੂ ਫਾਟਕ ਵਿੱਚ ਵੜਿਆ ਤਾਂ ਉਸ ਨੇ ਪੁੱਛਿਆ, ਹੇ ਜ਼ਿਮਰੀ, ਆਪਣੇ ਸੁਆਮੀ ਦੇ ਕਾਤਲ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?

ਉਸਨੇ ਖਿੜਕੀ ਵੱਲ ਦੇਖਿਆ ਅਤੇ ਆਵਾਜ਼ ਦਿੱਤੀ, “ਮੇਰੇ ਪਾਸੇ ਕੌਣ ਹੈ? ਕੌਣ?” ਦੋ ਤਿੰਨ ਖੁਸਰਿਆਂ ਦੇ ਅਧਿਕਾਰੀਆਂ ਨੇ ਉਸ ਵੱਲ ਦੇਖਿਆ। ਯੇਹੂ ਨੇ ਕਿਹਾ, “ਉਸ ਨੂੰ ਹੇਠਾਂ ਸੁੱਟ ਦਿਓ!” ਇਸ ਲਈ ਉਹਨਾਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ, ਅਤੇ ਉਸ ਦਾ ਕੁਝ ਲਹੂ ਕੰਧ ਅਤੇ ਘੋੜਿਆਂ ਉੱਤੇ ਛਿੜਕਿਆ ਜਦੋਂ ਉਹਨਾਂ ਨੇ ਉਸ ਨੂੰ ਪੈਰਾਂ ਹੇਠ ਮਿੱਧਿਆ।

ਯੇਹੂ ਅੰਦਰ ਗਿਆ ਅਤੇ ਖਾਧਾ ਪੀਤਾ। ਉਸ ਨੇ ਕਿਹਾ, “ਉਸ ਸਰਾਪੀ ਔਰਤ ਦਾ ਧਿਆਨ ਰੱਖੋ, ਅਤੇ ਉਸ ਨੂੰ ਦਫ਼ਨਾ ਦਿਓ ਕਿਉਂਕਿ ਉਹ ਇੱਕ ਰਾਜੇ ਦੀ ਧੀ ਸੀ।” ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਲਈ ਬਾਹਰ ਗਏ, ਤਾਂ ਉਹਨਾਂ ਨੂੰ ਉਸ ਦੀ ਖੋਪੜੀ, ਉਸਦੇ ਪੈਰਾਂ ਅਤੇ ਉਸਦੇ ਹੱਥਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ। ਉਹਨਾਂ ਨੇ ਵਾਪਸ ਜਾ ਕੇ ਯੇਹੂ ਨੂੰ ਦੱਸਿਆ, ਜਿਸ ਨੇ ਆਖਿਆ, “ਇਹ ਯਾਹਵੇਹ ਦਾ ਬਚਨ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਤਿਸ਼ਬੀ ਦੇ ਰਾਹੀਂ ਬੋਲਿਆ ਸੀ: ਯਿਜ਼ਰਏਲ ਦੀ ਜ਼ਮੀਨ ਉੱਤੇ ਕੁੱਤੇ ਈਜ਼ੇਬੇਲ ਦਾ ਮਾਸ ਖਾ ਜਾਣਗੇ। ਈਜ਼ੇਬੇਲ ਦੀ ਲਾਸ਼ ਯਿਜ਼ਰਏਲ ਵਿੱਚ ਜ਼ਮੀਨ ਉੱਤੇ ਗੋਹੇ ਵਰਗੀ ਹੋਵੇਗੀ, ਤਾਂ ਜੋ ਕੋਈ ਇਹ ਨਾ ਕਹਿ ਸਕੇ, ‘ਇਹ ਈਜ਼ੇਬੇਲ ਹੈ।’ ”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.