Skip to content
BibleKenya

Biblica® Open Punjabi Contemporary Version 2025

2 ਰਾਜਿਆਂ 8

ਸ਼ੂਨਾਮੀ ਦੀ ਧਰਤੀ ਨੂੰ ਬਹਾਲ ਕੀਤਾ ਜਾਣਾ

ਹੁਣ ਅਲੀਸ਼ਾ ਨੇ ਉਸ ਔਰਤ ਨੂੰ ਕਿਹਾ ਸੀ ਜਿਸ ਦੇ ਪੁੱਤਰ ਨੂੰ ਉਸਨੇ ਦੁਬਾਰਾ ਜੀਉਂਦਾ ਕੀਤਾ ਸੀ, “ਆਪਣੇ ਪਰਿਵਾਰ ਸਮੇਤ ਚਲੇ ਜਾ ਅਤੇ ਜਿੱਥੇ ਵੀ ਹੋ ਸਕੇ ਕੁਝ ਦੇਰ ਠਹਿਰ ਜਾ, ਕਿਉਂਕਿ ਯਾਹਵੇਹ ਨੇ ਦੇਸ਼ ਵਿੱਚ ਇੱਕ ਕਾਲ ਦਾ ਹੁਕਮ ਦਿੱਤਾ ਹੈ ਜੋ ਸੱਤ ਸਾਲਾਂ ਤੱਕ ਰਹੇਗਾ।” ਔਰਤ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਜਿਵੇਂ ਪਰਮੇਸ਼ਵਰ ਦੇ ਜਨ ਨੇ ਕਿਹਾ ਸੀ। ਉਹ ਅਤੇ ਉਸ ਦਾ ਪਰਿਵਾਰ ਚਲੇ ਗਏ ਅਤੇ ਸੱਤ ਸਾਲ ਫ਼ਲਿਸਤੀਆਂ ਦੇ ਦੇਸ਼ ਵਿੱਚ ਰਹੇ।

ਸੱਤਾਂ ਸਾਲਾਂ ਦੇ ਅੰਤ ਵਿੱਚ ਉਹ ਫ਼ਲਿਸਤੀਆਂ ਦੇ ਦੇਸ਼ ਤੋਂ ਵਾਪਸ ਆਈ ਅਤੇ ਆਪਣੇ ਘਰ ਅਤੇ ਜ਼ਮੀਨ ਲਈ ਰਾਜੇ ਕੋਲ ਬੇਨਤੀ ਕਰਨ ਗਈ। ਰਾਜਾ ਪਰਮੇਸ਼ਵਰ ਦੇ ਬੰਦੇ ਦੇ ਸੇਵਕ ਗੇਹਜ਼ੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਸੀ, “ਮੈਨੂੰ ਅਲੀਸ਼ਾ ਦੇ ਸਾਰੇ ਮਹਾਨ ਕੰਮਾਂ ਬਾਰੇ ਦੱਸੋ।” ਜਿਵੇਂ ਕਿ ਗੇਹਜ਼ੀ ਰਾਜੇ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਮੁਰਦਿਆਂ ਨੂੰ ਕਿਵੇਂ ਦੁਬਾਰਾ ਜ਼ਿੰਦਾ ਕੀਤਾ ਸੀ, ਉਹ ਔਰਤ ਜਿਸਦਾ ਪੁੱਤਰ ਅਲੀਸ਼ਾ ਨੇ ਦੁਬਾਰਾ ਜੀਉਂਦਾ ਕੀਤਾ ਸੀ, ਰਾਜੇ ਨੂੰ ਆਪਣੇ ਘਰ ਅਤੇ ਜ਼ਮੀਨ ਲਈ ਬੇਨਤੀ ਕਰਨ ਆਈ।

ਗੇਹਜ਼ੀ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਇਹ ਉਹ ਔਰਤ ਹੈ ਅਤੇ ਇਹ ਉਸ ਦਾ ਪੁੱਤਰ ਹੈ ਜਿਸਨੂੰ ਅਲੀਸ਼ਾ ਨੇ ਜਿਉਂਦਾ ਕੀਤਾ ਸੀ।” ਰਾਜੇ ਨੇ ਔਰਤ ਨੂੰ ਇਸ ਬਾਰੇ ਪੁੱਛਿਆ ਅਤੇ ਉਸਨੇ ਉਸਨੂੰ ਦੱਸਿਆ।

ਤਦ ਉਸ ਨੇ ਇੱਕ ਅਧਿਕਾਰੀ ਨੂੰ ਉਸ ਦੇ ਮੁਕੱਦਮੇ ਦਾ ਕੰਮ ਸੌਂਪਿਆ ਅਤੇ ਉਸ ਨੂੰ ਕਿਹਾ, “ਉਸ ਦਾ ਸਭ ਕੁਝ ਵਾਪਸ ਕਰ ਦਿਓ, ਜਿਸ ਵਿੱਚ ਉਸ ਦੇ ਦੇਸ਼ ਛੱਡਣ ਦੇ ਦਿਨ ਤੋਂ ਲੈ ਕੇ ਹੁਣ ਤੱਕ ਉਸ ਦੀ ਜ਼ਮੀਨ ਦੀ ਸਾਰੀ ਆਮਦਨ ਵੀ ਸ਼ਾਮਲ ਹੋਵੇ।”

ਹਜ਼ਾਏਲ ਦੁਆਰਾ ਬਨ-ਹਦਦ ਦਾ ਕਤਲ

ਅਲੀਸ਼ਾ ਦੰਮਿਸ਼ਕ ਗਿਆ ਅਤੇ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ। ਜਦੋਂ ਰਾਜੇ ਨੂੰ ਦੱਸਿਆ ਗਿਆ, “ਪਰਮੇਸ਼ਵਰ ਦਾ ਜਨ ਇੱਥੇ ਆ ਗਿਆ ਹੈ,” ਰਾਜੇ ਹਜ਼ਾਏਲ ਨੂੰ ਆਖਿਆ, “ਆਪਣੇ ਨਾਲ ਇੱਕ ਤੋਹਫ਼ਾ ਲੈ ਕੇ ਪਰਮੇਸ਼ਵਰ ਦੇ ਬੰਦੇ ਨੂੰ ਮਿਲਣ ਜਾ। ਉਸ ਦੁਆਰਾ ਯਾਹਵੇਹ ਨਾਲ ਸਲਾਹ ਕਰੋ ਅਤੇ ਉਸ ਨੂੰ ਪੁੱਛੋ, ‘ਕੀ ਮੈਂ ਇਸ ਬਿਮਾਰੀ ਤੋਂ ਠੀਕ ਹੋ ਜਾਵਾਂਗਾ?’ ”

ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਦੰਮਿਸ਼ਕ ਦੇ ਸਭ ਤੋਂ ਵਧੀਆ ਮਾਲ ਦੇ ਚਾਲੀ ਊਠ ਆਪਣੇ ਨਾਲ ਤੋਹਫ਼ੇ ਵਜੋਂ ਲੈ ਕੇ ਗਿਆ। ਜਦੋਂ ਉਹ ਉੱਥੇ ਪਹੁੰਚਿਆ ਅਤੇ ਅਲੀਸ਼ਾ ਦੇ ਸਾਹਮਣੇ ਖਲੋ ਗਿਆ, ਉਸਨੇ ਪਰਮੇਸ਼ਵਰ ਦੇ ਬੰਦੇ ਨੂੰ ਬੇਨਤੀ ਕੀਤੀ, “ਤੇਰੇ ਪੁੱਤਰ ਬਨ-ਹਦਦ, ਅਰਾਮ ਦੇ ਰਾਜੇ ਨੇ ਮੈਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕੀ ਮੈਂ ਇਸ ਬੀਮਾਰੀ ਤੋਂ ਛੁਟਕਾਰਾ ਪਾਵਾਂਗਾ?’ ”

ਅਲੀਸ਼ਾ ਨੇ ਜਵਾਬ ਦਿੱਤਾ, “ਜਾਓ ਅਤੇ ਉਸਨੂੰ ਆਖੋ, ‘ਤੂੰ ਜ਼ਰੂਰ ਠੀਕ ਹੋ ਜਾਵੇਗਾ।’ ਫਿਰ ਵੀ, ਯਾਹਵੇਹ ਨੇ ਮੈਨੂੰ ਪਰਗਟ ਕੀਤਾ ਹੈ ਕਿ ਉਹ ਮਰ ਜਾਵੇਗਾ।” ਉਸ ਨੇ ਉਸ ਨੂੰ ਸਥਿਰ ਨਜ਼ਰਾਂ ਨਾਲ ਦੇਖਿਆ ਜਦੋਂ ਤੱਕ ਹਾਜ਼ਾਏਲ ਸ਼ਰਮਿੰਦਾ ਨਾ ਹੋ ਗਿਆ। ਤਦ ਪਰਮੇਸ਼ਵਰ ਦਾ ਜਨ ਰੋਣ ਲੱਗਾ।

ਹਜ਼ਾਏਲ ਨੇ ਪੁੱਛਿਆ, “ਮੇਰਾ ਮਾਲਕ ਕਿਉਂ ਰੋ ਰਿਹਾ ਹੈ?”

ਉਸ ਨੇ ਉੱਤਰ ਦਿੱਤਾ, “ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸਰਾਏਲੀਆਂ ਦਾ ਕੀ ਨੁਕਸਾਨ ਕਰੋਗੇ। ਤੁਸੀਂ ਉਹਨਾਂ ਦੇ ਗੜ੍ਹ ਵਾਲੇ ਸਥਾਨਾਂ ਨੂੰ ਅੱਗ ਲਾ ਦੇਵੋਂਗੇ, ਉਹਨਾਂ ਦੇ ਜਵਾਨਾਂ ਨੂੰ ਤਲਵਾਰ ਨਾਲ ਮਾਰ ਸੁੱਟੋਗੇ, ਉਹਨਾਂ ਦੇ ਛੋਟੇ ਬੱਚਿਆਂ ਨੂੰ ਜ਼ਮੀਨ ਤੇ ਸੁੱਟ ਦਿਓਗੇ ਅਤੇ ਉਹਨਾਂ ਦੀਆਂ ਗਰਭਵਤੀ ਔਰਤਾਂ ਨੂੰ ਪਾੜ ਦਿਓਗੇ।”

ਹਜ਼ਾਏਲ ਨੇ ਕਿਹਾ, “ਤੇਰਾ ਨੌਕਰ ਇੱਕ ਮਾਮੂਲੀ ਕੁੱਤਾ, ਅਜਿਹਾ ਕਾਰਨਾਮਾ ਕਿਵੇਂ ਕਰ ਸਕਦਾ ਹੈ?”

ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਨੇ ਮੈਨੂੰ ਦਿਖਾਇਆ ਹੈ ਕਿ ਤੂੰ ਅਰਾਮ ਦਾ ਰਾਜਾ ਬਣੇਂਗਾ।”

ਤਦ ਹਾਜ਼ਾਏਲ ਅਲੀਸ਼ਾ ਨੂੰ ਛੱਡ ਕੇ ਆਪਣੇ ਸੁਆਮੀ ਕੋਲ ਵਾਪਸ ਚਲਾ ਗਿਆ। ਜਦੋਂ ਬੇਨ-ਹਾਦਦ ਨੇ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਕਿਹਾ?” ਹਜ਼ਾਏਲ ਨੇ ਜਵਾਬ ਦਿੱਤਾ, “ਉਸ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜ਼ਰੂਰ ਠੀਕ ਹੋ ਜਾਵੋਗੇ।” ਪਰ ਅਗਲੇ ਦਿਨ ਉਸ ਨੇ ਇੱਕ ਮੋਟਾ ਕੱਪੜਾ ਲੈ ਕੇ ਉਸ ਨੂੰ ਪਾਣੀ ਵਿੱਚ ਭਿੱਗੋਇਆ ਅਤੇ ਰਾਜੇ ਦੇ ਮੂੰਹ ਉੱਤੇ ਵਿਛਾ ਦਿੱਤਾ ਤਾਂ ਕਿ ਉਹ ਮਰ ਗਿਆ। ਫਿਰ ਹਜ਼ਾਏਲ ਉਸ ਤੋਂ ਬਾਅਦ ਰਾਜਾ ਬਣਿਆ।

ਯਹੂਦਾਹ ਦਾ ਰਾਜਾ ਯੇਹੋਰਾਮ

ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਵਿੱਚ, ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਰਾਜਾ ਸੀ, ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਨੇ ਯਹੂਦਾਹ ਦੇ ਰਾਜੇ ਵਜੋਂ ਆਪਣਾ ਰਾਜ ਸ਼ੁਰੂ ਕੀਤਾ। ਜਦੋਂ ਉਹ ਰਾਜਾ ਬਣਿਆ ਤਾਂ ਉਹ ਬੱਤੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਅੱਠ ਸਾਲ ਰਾਜ ਕੀਤਾ। ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ, ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਕਿਉਂਕਿ ਉਸਨੇ ਅਹਾਬ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ। ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ। ਫਿਰ ਵੀ ਆਪਣੇ ਸੇਵਕ ਦਾਵੀਦ ਦੀ ਖ਼ਾਤਰ, ਯਾਹਵੇਹ ਨੇ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ। ਉਸ ਨੇ ਦਾਵੀਦ ਅਤੇ ਉਸ ਦੀ ਵੰਸ਼ ਨਾਲ ਸਦਾ ਲਈ ਇੱਕ ਚਰਾਗ ਜਗਾਈ ਰੱਖਣ ਦਾ ਵਾਅਦਾ ਕੀਤਾ ਸੀ।

ਯਹੋਰਾਮ ਦੇ ਸਮੇਂ ਵਿੱਚ, ਅਦੋਮ ਨੇ ਯਹੂਦਾਹ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣਾ ਰਾਜਾ ਸਥਾਪਿਤ ਕੀਤਾ। ਇਸ ਲਈ ਯਹੋਰਾਮ ਆਪਣੇ ਸਾਰੇ ਰਥਾਂ ਨਾਲ ਜ਼ਇਰ ਨੂੰ ਗਿਆ। ਅਜਿਹਾ ਹੋਇਆਂ ਕਿ ਉਸ ਨੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਸ ਨੂੰ ਘੇਰਿਆ ਹੋਇਆ ਸੀ, ਰਥਾਂ ਦੇ ਸਰਦਾਰਾਂ ਨੂੰ ਮਾਰਿਆ ਅਤੇ ਲੋਕ ਤੰਬੂਆਂ ਨੂੰ ਭੱਜ ਗਏ। ਅੱਜ ਤੱਕ ਅਦੋਮ ਯਹੂਦਾਹ ਦੇ ਵਿਰੁੱਧ ਬਗਾਵਤ ਕਰਦਾ ਰਿਹਾ ਹੈ। ਲਿਬਨਾਹ ਨੇ ਉਸੇ ਸਮੇਂ ਬਗਾਵਤ ਕੀਤੀ।

ਯਹੋਰਾਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਨਹੀਂ ਹਨ? ਯਹੋਰਾਮ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਹਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

ਯਹੂਦਾਹ ਦਾ ਰਾਜਾ ਅਹਜ਼ਯਾਹ

ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯੋਰਾਮ ਦੇ ਬਾਰ੍ਹਵੇਂ ਵਰ੍ਹੇ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ। ਅਹਜ਼ਯਾਹ ਬਾਈ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਇੱਕ ਸਾਲ ਯੇਰੂਸ਼ਲੇਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਥਲਯਾਹ ਸੀ, ਜੋ ਇਸਰਾਏਲ ਦੇ ਰਾਜੇ ਆਮਰੀ ਦੀ ਪੋਤੀ ਸੀ। ਉਸਨੇ ਅਹਾਬ ਦੇ ਘਰਾਣੇ ਦੇ ਰਾਹਾਂ ਉੱਤੇ ਚੱਲਿਆ ਅਤੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ, ਕਿਉਂਕਿ ਉਹ ਅਹਾਬ ਦੇ ਪਰਿਵਾਰ ਨਾਲ ਵਿਆਹ ਕਰਕੇ ਸੰਬੰਧਿਤ ਸੀ।

ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨਾਲ ਰਾਮੋਥ ਗਿਲਆਦ ਵਿੱਚ ਅਰਾਮ ਦੇ ਰਾਜੇ ਹਜ਼ਾਏਲ ਨਾਲ ਯੁੱਧ ਕਰਨ ਲਈ ਗਿਆ। ਅਰਾਮੀਆਂ ਨੇ ਯੋਰਾਮ ਨੂੰ ਜ਼ਖਮੀ ਕਰ ਦਿੱਤਾ; ਇਸ ਲਈ ਰਾਜਾ ਯੋਰਾਮ ਯਿਜ਼ਰਏਲ ਨੂੰ ਵਾਪਸ ਆਇਆ ਤਾਂ ਜੋ ਅਰਾਮੀਆਂ ਨੇ ਅਰਾਮ ਦੇ ਰਾਜੇ ਹਜ਼ਾਏਲ ਨਾਲ ਲੜਾਈ ਵਿੱਚ ਰਾਮੋਥ ਵਿੱਚ ਉਸ ਨੂੰ ਜੋ ਜ਼ਖਮ ਦਿੱਤੇ ਸਨ, ਉਹਨਾਂ ਜ਼ਖਮਾਂ ਤੋਂ ਠੀਕ ਹੋ ਸਕੇ।

ਤਦ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਦੇਖਣ ਲਈ ਯਿਜ਼ਰਏਲ ਨੂੰ ਗਿਆ ਕਿਉਂਕਿ ਉਹ ਜ਼ਖਮੀ ਹੋ ਗਿਆ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.