Skip to content
BibleKenya

Biblica® Open Punjabi Contemporary Version 2025

2 ਰਾਜਿਆਂ 10

ਅਹਾਬ ਦਾ ਪਰਿਵਾਰ ਮਰਨਾ

ਹੁਣ ਸਾਮਰਿਯਾ ਵਿੱਚ ਅਹਾਬ ਦੇ ਘਰਾਣੇ ਦੇ ਸੱਤਰ ਪੁੱਤਰ ਸਨ। ਇਸ ਲਈ ਯੇਹੂ ਨੇ ਚਿੱਠੀਆਂ ਲਿਖੀਆਂ ਅਤੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਅਧਿਕਾਰੀਆਂ ਨੂੰ, ਬਜ਼ੁਰਗਾਂ ਅਤੇ ਅਹਾਬ ਦੇ ਬੱਚਿਆਂ ਦੇ ਸਰਪ੍ਰਸਤਾਂ ਨੂੰ ਭੇਜੀਆਂ ਅਤੇ ਉਸ ਨੇ ਕਿਹਾ, “ਤੁਹਾਡੇ ਕੋਲ ਤੁਹਾਡੇ ਮਾਲਕ ਦੇ ਪੁੱਤਰ ਹਨ ਅਤੇ ਤੁਹਾਡੇ ਕੋਲ ਰਥ ਅਤੇ ਘੋੜੇ ਹਨ, ਇੱਕ ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਹਨ। ਹੁਣ ਜਿਵੇਂ ਹੀ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ, ਆਪਣੇ ਮਾਲਕ ਦੇ ਪੁੱਤਰਾਂ ਵਿੱਚੋਂ ਸਭ ਤੋਂ ਵਧੀਆ, ਸਭ ਤੋਂ ਯੋਗ ਚੁਣੋ ਅਤੇ ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ। ਫਿਰ ਆਪਣੇ ਮਾਲਕ ਦੇ ਘਰ ਲਈ ਯੁੱਧ ਕਰੋ।”

ਪਰ ਉਹ ਘਬਰਾ ਗਏ ਅਤੇ ਬੋਲੇ, “ਜੇ ਦੋ ਰਾਜੇ ਉਸਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ?”

ਇਸ ਲਈ ਮਹਿਲ ਦੇ ਪ੍ਰਬੰਧਕ, ਸ਼ਹਿਰ ਦੇ ਅਧਿਕਾਰੀਆਂ, ਬਜ਼ੁਰਗਾਂ ਅਤੇ ਸ਼ਹਿਰ ਦੇ ਪ੍ਰਧਾਨਾਂ ਨੇ ਯੇਹੂ ਨੂੰ ਇਹ ਸੰਦੇਸ਼ ਭੇਜਿਆ, “ਅਸੀਂ ਤੁਹਾਡੇ ਸੇਵਕ ਹਾਂ ਅਤੇ ਜੋ ਵੀ ਤੁਸੀਂ ਕਹੋਗੇ ਅਸੀਂ ਕਰਾਂਗੇ। ਅਸੀਂ ਕਿਸੇ ਨੂੰ ਰਾਜਾ ਨਹੀਂ ਨਿਯੁਕਤ ਕਰਾਂਗੇ, ਤੁਸੀਂ ਉਹੀ ਕਰਦੇ ਹੋ ਜੋ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੈ।”

ਤਦ ਯੇਹੂ ਨੇ ਉਹਨਾਂ ਨੂੰ ਇੱਕ ਦੂਸਰੀ ਚਿੱਠੀ ਲਿਖੀ, “ਜੇਕਰ ਤੁਸੀਂ ਮੇਰੇ ਵੱਲ ਹੋ ਅਤੇ ਮੇਰੀ ਗੱਲ ਮੰਨੋਗੇ, ਤਾਂ ਆਪਣੇ ਸੁਆਮੀ ਦੇ ਪੁੱਤਰਾਂ ਦੇ ਸਿਰ ਲੈ ਕੇ ਕੱਲ੍ਹ ਇਸ ਸਮੇਂ ਤੱਕ ਯਿਜ਼ਰਏਲ ਵਿੱਚ ਮੇਰੇ ਕੋਲ ਆ ਜਾਓ।”

ਹੁਣ ਸ਼ਾਹੀ ਸਰਦਾਰ, ਉਹਨਾਂ ਵਿੱਚੋਂ ਸੱਤਰ, ਸ਼ਹਿਰ ਦੇ ਪ੍ਰਮੁੱਖ ਆਦਮੀਆਂ ਦੇ ਨਾਲ ਸਨ, ਜੋ ਉਹਨਾਂ ਨੂੰ ਪਾਲਦੇ ਸਨ। ਜਦੋਂ ਚਿੱਠੀ ਪਹੁੰਚੀ, ਤਾਂ ਇਨ੍ਹਾਂ ਆਦਮੀਆਂ ਨੇ ਰਾਜਕੁਮਾਰਾਂ ਨੂੰ ਫੜ ਲਿਆ ਅਤੇ ਉਹਨਾਂ ਦੇ ਸਾਰੇ ਸੱਤਰ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਆਪਣੇ ਸਿਰਾਂ ਨੂੰ ਟੋਕਰੀਆਂ ਵਿੱਚ ਪਾ ਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ। ਜਦੋਂ ਦੂਤ ਆਇਆ, ਉਸ ਨੇ ਯੇਹੂ ਨੂੰ ਕਿਹਾ, “ਉਹ ਸਰਦਾਰਾਂ ਦੇ ਸਿਰ ਲਿਆਏ ਹਨ।”

ਤਦ ਯੇਹੂ ਨੇ ਹੁਕਮ ਦਿੱਤਾ, “ਉਹਨਾਂ ਨੂੰ ਸਵੇਰ ਤੱਕ ਸ਼ਹਿਰ ਦੇ ਫ਼ਾਟਕ ਦੇ ਦਰਵਾਜ਼ੇ ਉੱਤੇ ਦੋ ਢੇਰਾਂ ਵਿੱਚ ਰੱਖ ਦਿਓ।”

ਅਗਲੀ ਸਵੇਰ ਯੇਹੂ ਬਾਹਰ ਗਿਆ। ਉਹ ਸਾਰੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਤੁਸੀਂ ਬੇਕਸੂਰ ਹੋ। ਇਹ ਮੈਂ ਹੀ ਸੀ ਜਿਸਨੇ ਆਪਣੇ ਮਾਲਕ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਨੂੰ ਮਾਰਿਆ, ਪਰ ਇਹ ਸਭ ਨੂੰ ਕਿਸਨੇ ਮਾਰਿਆ? ਤਾਂ ਜਾਣ ਲਵੋ ਕਿ ਅਹਾਬ ਦੇ ਘਰਾਣੇ ਦੇ ਵਿਰੁੱਧ ਇੱਕ ਵੀ ਸ਼ਬਦ ਜੋ ਯਾਹਵੇਹ ਨੇ ਬੋਲਿਆ ਹੈ ਅਸਫ਼ਲ ਨਹੀਂ ਹੋਵੇਗਾ। ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਆਪਣੇ ਸੇਵਕ ਏਲੀਯਾਹ ਦੁਆਰਾ ਘੋਸ਼ਿਤ ਕੀਤਾ ਹੈ।” ਇਸ ਲਈ ਯੇਹੂ ਨੇ ਯਿਜ਼ਰਏਲ ਵਿੱਚ ਅਹਾਬ ਦੇ ਘਰਾਣੇ ਦੇ ਬਾਕੀ ਸਾਰੇ ਲੋਕਾਂ ਨੂੰ ਅਤੇ ਉਸਦੇ ਸਾਰੇ ਸਰਦਾਰਾਂ, ਉਸਦੇ ਨਜ਼ਦੀਕੀ ਮਿੱਤਰਾਂ ਅਤੇ ਉਸਦੇ ਜਾਜਕਾਂ ਨੂੰ ਮਾਰ ਦਿੱਤਾ ਅਤੇ ਉਸਦੇ ਕੋਲ ਕੋਈ ਵੀ ਨਹੀਂ ਬਚਿਆ।

ਤਦ ਯੇਹੂ ਤੁਰ ਪਿਆ ਅਤੇ ਸਾਮਰਿਯਾ ਵੱਲ ਚਲਾ ਗਿਆ। ਜਦੋਂ ਚਰਵਾਹਿਆਂ ਦੇ ਬੈਥ-ਏਕੇਦ ਸਾਥਨ ਤੇ ਆਇਆ ਉਹ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਪੁੱਛਿਆ, “ਤੁਸੀਂ ਕੌਣ ਹੋ?”

ਉਹਨਾਂ ਆਖਿਆ, “ਅਸੀਂ ਅਹਜ਼ਯਾਹ ਦੇ ਰਿਸ਼ਤੇਦਾਰ ਹਾਂ ਅਤੇ ਅਸੀਂ ਰਾਜੇ ਅਤੇ ਰਾਣੀ ਮਾਤਾ ਦੇ ਘਰਾਣਿਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਹੇਠਾਂ ਆਏ ਹਾਂ।”

ਉਸ ਨੇ ਹੁਕਮ ਦਿੱਤਾ, “ਉਹਨਾਂ ਨੂੰ ਜ਼ਿੰਦਾ ਫੜ ਲਵੋ!” ਇਸ ਲਈ ਉਹਨਾਂ ਨੇ ਉਹਨਾਂ ਨੂੰ ਜਿਉਂਦਾ ਫੜ ਲਿਆ ਅਤੇ ਉਹਨਾਂ ਨੂੰ ਬੈਥ ਏਕੇਦ ਦੇ ਖੂਹ ਕੋਲ ਲਗਭਗ ਬਿਆਲੀ ਮਨੁੱਖਾਂ ਨੂੰ ਵੱਢ ਸੁੱਟਿਆ, ਉਸ ਨੇ ਕਿਸੇ ਨੂੰ ਨਹੀਂ ਛੱਡਿਆ ਸੀ।

ਉੱਥੋਂ ਚਲੇ ਜਾਣ ਤੋਂ ਬਾਅਦ, ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਉੱਤੇ ਆਇਆ, ਜੋ ਉਸਨੂੰ ਮਿਲਣ ਲਈ ਜਾ ਰਿਹਾ ਸੀ। ਯੇਹੂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਕੀ ਤੂੰ ਮੇਰੇ ਅਨੁਸਾਰ ਹੈ ਜਿਵੇਂ ਮੈਂ ਤੇਰੇ ਨਾਲ ਹਾਂ?”

ਯਹੋਨਾਦਾਬ ਨੇ ਉੱਤਰ ਦਿੱਤਾ, “ਮੈਂ ਹਾਂ।”

ਯੇਹੂ ਨੇ ਕਿਹਾ, “ਜੇ ਅਜਿਹਾ ਹੈ, ਮੈਨੂੰ ਆਪਣਾ ਹੱਥ ਦਿਓ।” ਇਸ ਤਰ੍ਹਾਂ ਉਸ ਨੇ ਕੀਤਾ ਅਤੇ ਯੇਹੂ ਨੇ ਉਸਨੂੰ ਰੱਥ ਤੇ ਚੜ੍ਹਨ ਵਿੱਚ ਸਹਾਇਤਾ ਕੀਤੀ। ਯੇਹੂ ਨੇ ਉਹ ਨੂੰ ਆਖਿਆ, ਹੁਣ ਮੇਰੇ ਨਾਲ ਚੱਲ ਅਤੇ ਯਾਹਵੇਹ ਲਈ ਮੇਰਾ ਜੋਸ਼ ਵੇਖ। ਇਸ ਤਰ੍ਹਾਂ ਉਹ ਯੋਨਾਦਾਬ ਨੂੰ ਆਪਣੇ ਨਾਲ ਰੱਥ ਵਿੱਚ ਲੈ ਗਿਆ।

ਜਦੋਂ ਉਹ ਸਾਮਰਿਯਾ ਵਿੱਚ ਪਹੁੰਚਿਆ ਤਾਂ ਉਸ ਨੇ ਸਾਮਰਿਯਾ ਵਿੱਚ ਅਹਾਬ ਦੇ ਬਾਕੀ ਰਹਿੰਦੇ ਸਾਰੇ ਰਿਸ਼ਤੇਦਾਰਾਂ ਨੂੰ ਮਾਰ ਦਿੱਤਾ। ਉਹ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਇਹ ਯਾਹਵੇਹ ਦੇ ਹੁਕਮ ਦੇ ਅਨੁਸਾਰ ਜੋ ਉਸ ਨੇ ਏਲੀਯਾਹ ਦੁਆਰਾ ਬੋਲੇ ਸੀ।

ਯੇਹੂ ਵੱਲੋਂ ਬਆਲ ਦੇ ਜਾਜਕਾਂ ਨੂੰ ਮਾਰਿਆ ਜਾਣਾ

ਤਦ ਯੇਹੂ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਅਹਾਬ ਨੇ ਬਆਲ ਦੀ ਥੋੜੀ ਸੇਵਾ ਕੀਤੀ, ਯੇਹੂ ਉਸਦੀ ਜ਼ਿਆਦਾ ਸੇਵਾ ਕਰੇਗਾ। ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ।” ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।

ਤਦ ਯੇਹੂ ਨੇ ਹੁਕਮ ਘੱਲਿਆ, “ਬਆਲ ਲਈ ਇੱਕ ਪਵਿੱਤਰ ਤਿਉਹਾਰ ਮਨਾਉ!” ਹਰ ਪਾਸੇ ਐਲਾਨ ਕੀਤਾ ਗਿਆ। ਯੇਹੂ ਨੇ ਸਾਰੇ ਇਸਰਾਏਲ ਵਿੱਚੋਂ ਬਆਲ ਦੇ ਸੇਵਕਾਂ ਨੂੰ ਬੁਲਾਇਆ। ਕੋਈ ਵੀ ਗੈਰ ਹਾਜ਼ਰ ਨਹੀਂ ਸੀ। ਉਹ ਸਾਰੇ ਬਆਲ ਦੇ ਮੰਦਰ ਵਿੱਚ ਦਾਖਲ ਹੋਏ ਅਤੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਮੰਦਰ ਪੂਰੀ ਤਰ੍ਹਾਂ ਪੁਜਾਰੀਆਂ ਨਾਲ ਭਰ ਗਿਆ। ਤਦ ਯੇਹੂ ਨੇ ਭੰਡਾਰ ਦਾ ਮੁਖੀਏ ਨੂੰ ਹੁਕਮ ਦਿੱਤਾ, “ਬਆਲ ਦੇ ਸੇਵਕਾਂ ਲਈ ਤਜਵੀਜ਼ ਕੀਤੇ ਕੱਪੜੇ ਲਿਆਏ ਜਾਣ।” ਫਿਰ ਉਹਨਾਂ ਦੇ ਲਈ ਕੱਪੜੇ ਲਿਆਂਦੇ ਗਏ।

ਇਸ ਤੋਂ ਬਾਅਦ ਯੇਹੂ ਬਾਲ ਦੇ ਮੰਦਰ ਵਿੱਚ ਗਿਆ। ਰੇਕਾਬ ਦਾ ਪੁੱਤਰ ਯਹੋਨਾਦਾਬ ਵੀ ਉਸਦੇ ਨਾਲ ਸੀ। ਯੇਹੂ ਨੇ ਬਆਲ ਦੇ ਸੇਵਕਾਂ ਨੂੰ ਕਿਹਾ, “ਪੜਤਾਲ ਕਰੋ ਅਤੇ ਪਤਾ ਲਗਾਓ ਕਿ ਇੱਥੇ ਕੋਈ ਯਾਹਵੇਹ ਦੇ ਸੇਵਕ ਨਹੀਂ ਹਨ, ਪਰ ਸਿਰਫ ਬਾਲ ਦੇ ਸੇਵਕ ਹਨ।” ਫਿਰ ਉਹਨਾਂ ਨੇ ਬਲੀਆਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਯੇਹੂ ਨੇ ਇਸ ਸਮੇਂ ਲਈ ਘਰ ਦੇ ਬਾਹਰ ਅੱਸੀ ਆਦਮੀਆਂ ਨੂੰ ਚੁਣਿਆ ਸੀ ਜਿਨ੍ਹਾਂ ਨੂੰ ਇਹ ਹਿਦਾਇਤ ਦਿੱਤੀ ਗਈ ਸੀ ਕਿ, “ਤੁਹਾਡੇ ਵਿੱਚੋਂ ਜੋ ਕੋਈ ਇਨ੍ਹਾਂ ਆਦਮੀਆਂ ਵਿੱਚੋਂ ਕਿਸੇ ਨੂੰ, ਜਿਸ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦੇ ਰਿਹਾ ਹਾਂ, ਬਚਣ ਦਿੰਦਾ ਹੈ, ਤਾਂ ਉਹ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਅਦਾ ਕਰੇਗਾ।”

ਤਦ ਜਿਵੇਂ ਹੀ ਯੇਹੂ ਨੇ ਹੋਮ ਦੀ ਭੇਟ ਚੜ੍ਹਾਈ ਤਾਂ ਉਸ ਨੇ ਪਹਿਰੇਦਾਰਾਂ ਅਤੇ ਸ਼ਾਹੀ ਅਧਿਕਾਰੀਆਂ ਨੂੰ ਹੁਕਮ ਦਿੱਤਾ, “ਜਾਓ ਅਤੇ ਸਾਰਿਆਂ ਨੂੰ ਮਾਰ ਦਿਓ। ਇੱਕ ਵੀ ਬਚ ਨਹੀਂ ਸਕਿਆ।” ਫਿਰ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਫਿਰ ਉਹ ਬਆਲ ਦੇਵਤਾ ਦੇ ਮੰਦਰ ਦੇ ਅੰਦਰਲੇ ਕਮਰੇ ਵਿੱਚ ਗਏ। ਉੱਥੋਂ ਉਹਨਾਂ ਨੇ ਬਆਲ ਦੇ ਪਵਿੱਤਰ ਥੰਮ੍ਹ ਨੂੰ ਉਖਾੜ ਸੁੱਟਿਆ, ਬਾਹਰ ਲਿਆਂਦਾ ਅਤੇ ਸਾੜ ਦਿੱਤਾ। ਉਹਨਾਂ ਨੇ ਬਆਲ ਦੇ ਥੰਮ੍ਹ ਦੇ ਨਾਲ-ਨਾਲ ਬਆਲ ਦੇ ਮੰਦਰ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜੋ ਅੱਜ ਤੱਕ ਪਖ਼ਾਨੇ ਵਜੋਂ ਵਰਤਿਆ ਜਾ ਰਿਹਾ ਹੈ।

ਇਸ ਲਈ ਯੇਹੂ ਨੇ ਇਸਰਾਏਲ ਵਿੱਚ ਬਆਲ ਦੀ ਉਪਾਸਨਾ ਨੂੰ ਨਸ਼ਟ ਕਰ ਦਿੱਤਾ। ਪਰ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਾਏ ਸਨ, ਬੈਤਏਲ ਅਤੇ ਦਾਨ ਵਿੱਚ ਸੋਨੇ ਦੀ ਵੱਛਿਆਂ ਦੀ ਪੂਜਾ ਤੋਂ ਮੂੰਹ ਨਾ ਮੋੜਿਆ।

ਯਾਹਵੇਹ ਨੇ ਯੇਹੂ ਨੂੰ ਕਿਹਾ, “ਕਿਉਂਕਿ ਤੂੰ ਜੋ ਕੁਝ ਮੇਰੀ ਨਿਗਾਹ ਵਿੱਚ ਠੀਕ ਹੈ, ਉਸ ਨੂੰ ਪੂਰਾ ਕਰਨ ਵਿੱਚ ਚੰਗਾ ਕੀਤਾ ਅਤੇ ਅਹਾਬ ਦੇ ਘਰਾਣੇ ਲਈ ਉਹ ਸਭ ਕੁਝ ਕੀਤਾ ਹੈ ਜੋ ਮੈਂ ਕਰਨਾ ਚਾਹੁੰਦਾ ਸੀ, ਇਸ ਲਈ ਤੇਰੀ ਸੰਤਾਨ ਇਸਰਾਏਲ ਦੇ ਸਿੰਘਾਸਣ ਉੱਤੇ ਚੌਥੀ ਪੀੜ੍ਹੀ ਤੱਕ ਬੈਠੇਗੀ।” ਤਾਂ ਵੀ ਯੇਹੂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਬਿਵਸਥਾ ਨੂੰ ਪੂਰੇ ਦਿਲ ਨਾਲ ਮੰਨਣ ਵਿੱਚ ਧਿਆਨ ਨਹੀਂ ਦਿੱਤਾ। ਉਸ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।

ਉਹਨਾਂ ਦਿਨਾਂ ਵਿੱਚ ਯਾਹਵੇਹ ਨੇ ਇਸਰਾਏਲ ਦਾ ਆਕਾਰ ਘਟਾਉਣਾ ਸ਼ੁਰੂ ਕੀਤਾ। ਹਜ਼ਾਏਲ ਨੇ ਯਰਦਨ ਦੇ ਪੂਰਬ ਵਿੱਚ ਸਾਰੇ ਗਿਲਆਦ (ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਇਲਾਕੇ) ਵਿੱਚ, ਅਰਨੋਨ ਅਰੋਏਰ ਦੀ ਘਾਟੀ ਨੇੜੇ ਤੋਂ ਅਰੋਏਰ ਤੋਂ ਗਿਲਆਦ ਤੋਂ ਬਾਸ਼ਾਨ ਤੱਕ, ਯਰਦਨ ਦੇ ਪੂਰਬ ਵਿੱਚ ਉਹਨਾਂ ਦੇ ਸਾਰੇ ਇਲਾਕੇ ਵਿੱਚ ਇਸਰਾਏਲੀਆਂ ਨੂੰ ਜਿੱਤ ਲਿਆ।

ਯੇਹੂ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਸਾਰੀਆਂ ਪ੍ਰਾਪਤੀਆਂ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਨਹੀਂ ਹਨ?

ਯੇਹੂ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਸਾਮਰਿਯਾ ਵਿੱਚ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਯਹੋਆਹਾਜ਼ ਰਾਜਾ ਬਣਿਆ। ਯੇਹੂ ਨੇ ਸਾਮਰਿਯਾ ਵਿੱਚ ਇਸਰਾਏਲ ਉੱਤੇ ਅਠਾਈ ਸਾਲ ਰਾਜ ਕੀਤਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.