Skip to content
BibleKenya

Biblica® Open Punjabi Contemporary Version 2025

2 ਰਾਜਿਆਂ 18

ਯਹੂਦਾਹ ਦਾ ਰਾਜਾ ਹਿਜ਼ਕੀਯਾਹ

ਇਸਰਾਏਲ ਦੇ ਪਾਤਸ਼ਾਹ ਏਲਾਹ ਦੇ ਪੁੱਤਰ ਹੋਸ਼ੇਆ ਦੇ ਤੀਜੇ ਸਾਲ ਵਿੱਚ, ਯਹੂਦਾਹ ਦੇ ਪਾਤਸ਼ਾਹ ਆਹਾਜ਼ ਦਾ ਪੁੱਤਰ ਹਿਜ਼ਕੀਯਾਹ ਰਾਜ ਕਰਨ ਲੱਗਾ। ਜਦੋਂ ਉਹ ਪਾਤਸ਼ਾਹ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ। ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ। ਉਸਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ, ਪੱਥਰਾਂ ਨੂੰ ਤੋੜ ਦਿੱਤਾ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਢਾਹ ਦਿੱਤਾ। ਉਸ ਨੇ ਮੋਸ਼ੇਹ ਦੇ ਪਿੱਤਲ ਦੇ ਸੱਪ ਨੂੰ ਟੁਕੜੇ-ਟੁਕੜੇ ਕਰ ਦਿੱਤਾ, ਕਿਉਂਕਿ ਉਸ ਸਮੇਂ ਤੱਕ ਇਸਰਾਏਲੀ ਇਸ ਲਈ ਧੂਪ ਧੁਖਾਉਂਦੇ ਰਹੇ ਸਨ। (ਇਸ ਨੂੰ ਨੇਹੁਸ਼ਤਾਨ ਕਿਹਾ ਜਾਂਦਾ ਸੀ।)

ਹਿਜ਼ਕੀਯਾਹ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਉੱਤੇ ਭਰੋਸਾ ਰੱਖਿਆ। ਯਹੂਦਾਹ ਦੇ ਸਾਰੇ ਰਾਜਿਆਂ ਵਿੱਚ ਉਸ ਵਰਗਾ ਕੋਈ ਨਹੀਂ ਸੀ, ਨਾ ਉਸ ਤੋਂ ਪਹਿਲਾਂ, ਨਾ ਉਸ ਤੋਂ ਬਾਅਦ। ਉਸ ਨੇ ਯਾਹਵੇਹ ਨੂੰ ਫੜੀ ਰੱਖਿਆ ਅਤੇ ਉਸ ਦੇ ਪਿੱਛੇ ਤੁਰਨਾ ਬੰਦ ਨਹੀਂ ਕੀਤਾ; ਉਸਨੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤੇ ਸਨ। ਅਤੇ ਯਾਹਵੇਹ ਉਸ ਦੇ ਨਾਲ ਸੀ; ਉਸ ਨੇ ਜੋ ਵੀ ਕੀਤਾ ਉਸ ਵਿੱਚ ਉਹ ਸਫ਼ਲ ਰਿਹਾ। ਉਸਨੇ ਅੱਸ਼ੂਰ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ ਅਤੇ ਉਸਦੀ ਸੇਵਾ ਨਹੀਂ ਕੀਤੀ। ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤੱਕ ਉਸਨੇ ਗਾਜ਼ਾ ਅਤੇ ਇਸਦੇ ਖੇਤਰ ਤੱਕ ਫ਼ਲਿਸਤੀਆਂ ਨੂੰ ਹਰਾਇਆ।

ਰਾਜਾ ਹਿਜ਼ਕੀਯਾਹ ਦੇ ਚੌਥੇ ਸਾਲ ਵਿੱਚ, ਜੋ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦਾ ਸੱਤਵਾਂ ਸਾਲ ਸੀ, ਅੱਸ਼ੂਰ ਦੇ ਰਾਜਾ ਸ਼ਾਲਮਨੇਸਰ ਨੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ। ਤਿੰਨ ਸਾਲਾਂ ਦੇ ਅੰਤ ਵਿੱਚ ਅੱਸ਼ੂਰੀਆਂ ਨੇ ਇਸਨੂੰ ਲੈ ਲਿਆ। ਇਵੇਂ ਸਾਮਰਿਯਾ ਉੱਤੇ ਹਿਜ਼ਕੀਯਾਹ ਦੇ ਛੇਵੇਂ ਸਾਲ ਵਿੱਚ ਜੋ ਇਸਰਾਏਲ ਦੇ ਪਾਤਸ਼ਾਹ ਹੋਸ਼ੇਆ ਦੇ ਰਾਜ ਦਾ ਨੌਵਾਂ ਸਾਲ ਸੀ, ਉੱਤੇ ਕਬਜ਼ਾ ਕਰ ਲਿਆ ਗਿਆ। ਅੱਸ਼ੂਰ ਦੇ ਰਾਜਾ ਇਸਰਾਏਲੀਆਂ ਨੂੰ ਅੱਸ਼ੂਰ ਵਿੱਚ ਗੁਲਾਮ ਬਣਾ ਕੇ ਲੈ ਗਿਆ ਅਤੇ ਉਹਨਾਂ ਨੂੰ ਹਲਾਹ ਵਿੱਚ, ਹਾਬੋਰ ਨਦੀ ਦੇ ਕੰਢੇ ਗੋਜ਼ਾਨ ਵਿੱਚ ਅਤੇ ਮਾਦੀਆਂ ਦੇ ਕਸਬਿਆਂ ਵਿੱਚ ਵਸਾਇਆ। ਇਹ ਇਸ ਲਈ ਵਾਪਰਿਆ ਕਿਉਂਕਿ ਉਹਨਾਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਿਆ ਸੀ, ਪਰ ਉਹ ਸਭ ਜੋ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਹੁਕਮ ਦਿੱਤਾ ਸੀ, ਉਸਦੇ ਨੇਮ ਦੀ ਉਲੰਘਣਾ ਕੀਤੀ ਸੀ। ਉਹਨਾਂ ਨੇ ਨਾ ਤਾਂ ਹੁਕਮ ਸੁਣੇ ਅਤੇ ਨਾ ਹੀ ਉਹਨਾਂ ਦੀ ਪਾਲਣਾ ਕੀਤੀ।

ਰਾਜਾ ਹਿਜ਼ਕੀਯਾਹ ਦੇ ਰਾਜ ਦੇ ਚੌਦਵੇਂ ਸਾਲ ਵਿੱਚ, ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਲਈ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜੇ ਨੂੰ ਲਾਕੀਸ਼ ਵਿੱਚ ਇਹ ਸੰਦੇਸ਼ ਭੇਜਿਆ: “ਮੈਂ ਗਲਤ ਕੀਤਾ ਹੈ। ਮੇਰੇ ਕੋਲੋਂ ਹਟ ਜਾਓ, ਅਤੇ ਜੋ ਵੀ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ।” ਅੱਸ਼ੂਰ ਦੇ ਰਾਜੇ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਤੋਂ ਤਿੰਨ ਸੌ ਤੋੜੇ ਚਾਂਦੀ ਅਤੇ ਤੀਹ ਤੋੜੇ ਸੋਨਾ ਦਿੱਤਾ। ਇਸ ਲਈ ਹਿਜ਼ਕੀਯਾਹ ਨੇ ਉਸਨੂੰ ਉਹ ਸਾਰੀ ਚਾਂਦੀ ਦੇ ਦਿੱਤੀ ਜੋ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਾਈ ਗਈ ਸੀ।

ਇਸ ਸਮੇਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਉਹ ਸੋਨਾ ਲਾਹ ਦਿੱਤਾ ਜਿਸ ਨਾਲ ਉਸਨੇ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਅਤੇ ਚੌਂਕਾਂ ਨੂੰ ਮੜ੍ਹਿਆਂ ਹੋਇਆ ਸੀ, ਅਤੇ ਇਸਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦਿੱਤਾ।

ਸੇਨਹੇਰੀਬ ਨੇ ਯੇਰੂਸ਼ਲੇਮ ਨੂੰ ਧਮਕੀ ਦਿੱਤੀ

ਅੱਸ਼ੂਰ ਦੇ ਰਾਜੇ ਨੇ ਆਪਣੇ ਸਰਬ-ਉੱਚ ਸੈਨਾਪਤੀ, ਆਪਣੇ ਮੁੱਖ ਅਫ਼ਸਰ ਅਤੇ ਆਪਣੇ ਖੇਤਰੀ ਸੈਨਾਪਤੀ ਨੂੰ ਵੱਡੀ ਫ਼ੌਜ ਦੇ ਨਾਲ ਲਾਕੀਸ਼ ਤੋਂ ਯੇਰੂਸ਼ਲੇਮ ਵਿੱਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਉਹ ਯੇਰੂਸ਼ਲੇਮ ਤੱਕ ਆਏ ਅਤੇ ਧੋਬੀਆਂ ਦੇ ਖੇਤ ਨੂੰ ਜਾਣ ਵਾਲੇ ਰਸਤੇ ਉੱਤੇ, ਉੱਪਰਲੇ ਤਲਾਬ ਦੇ ਪਾਣੀ ਦੇ ਕੋਲ ਰੁਕ ਗਏ। ਉਹਨਾਂ ਨੇ ਰਾਜੇ ਨੂੰ ਬੁਲਾਇਆ; ਅਤੇ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ, ਜੋ ਲਿਖਾਰੀ ਸੀ, ਉਹਨਾਂ ਕੋਲ ਬਾਹਰ ਆਏ।

ਮੈਦਾਨ ਦੇ ਸੈਨਾਪਤੀ ਨੇ ਉਨ੍ਹਾਂ ਨੂੰ ਕਿਹਾ, “ਹਿਜ਼ਕੀਯਾਹ ਨੂੰ ਆਖੋ:

“ ‘ਅੱਸ਼ੂਰ ਦਾ ਰਾਜਾ ਇਹ ਆਖਦਾ ਹੈ ਕਿ ਤੂੰ ਕਿਸ ਗੱਲ ਉੱਤੇ ਭਰੋਸਾ ਰੱਖੀ ਬੈਠਾ ਹੈ? ਤੂੰ ਕਹਿੰਦਾ ਹੈ ਕਿ ਤੇਰੇ ਕੋਲ ਯੁੱਧ ਲਈ ਸਲਾਹ ਅਤੇ ਤਾਕਤ ਹੈ ਪਰ ਤੂੰ ਸਿਰਫ ਖਾਲੀ ਸ਼ਬਦ ਬੋਲਦਾ ਹੈ। ਤੂੰ ਕਿਸ ਉੱਤੇ ਨਿਰਭਰ ਹੈ, ਜੋ ਤੂੰ ਮੇਰੇ ਵਿਰੁੱਧ ਬਗਾਵਤ ਕਰ ਰਿਹਾ ਹੈ? ਵੇਖ, ਮੈਂ ਜਾਣਦਾ ਹਾਂ ਕਿ ਤੂੰ ਮਿਸਰ ਉੱਤੇ ਨਿਰਭਰ ਹੈ, ਮਿਸਰ ਦਾ ਰਾਜਾ ਫ਼ਿਰਾਊਨ ਉਹਨਾਂ ਸਾਰਿਆਂ ਲਈ ਜੋ ਉਸ ਉੱਤੇ ਨਿਰਭਰ ਹਨ, ਇੱਕ ਕਾਨੇ ਦੀ ਤਰ੍ਹਾਂ ਹੈ ਜੇ ਕੋਈ ਮਨੁੱਖ ਉਸਨੂੰ ਢਾਸਣਾ ਲਾਵੇ ਤਾਂ ਉਹ ਉਸਦੇ ਹੱਥ ਵਿੱਚ ਖੁੱਭ ਕੇ ਉਸਨੂੰ ਪਾੜ ਦੇਵੇ! ਪਰ ਜੇ ਤੁਸੀਂ ਮੈਨੂੰ ਆਖੋ, “ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਉੱਤੇ ਨਿਰਭਰ ਹਾਂ” ਕੀ ਉਹ ਉਹੀ ਨਹੀਂ ਹੈ ਜਿਸ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਦਿੱਤਾ, ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, “ਤੁਹਾਨੂੰ ਯੇਰੂਸ਼ਲੇਮ ਵਿੱਚ ਇਸ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ?”

“ ‘ਹੁਣ ਆ, ਮੇਰੇ ਮਾਲਕ ਅੱਸ਼ੂਰ ਦਾ ਰਾਜੇ ਨਾਲ ਸਮਝੌਤਾ ਕਰ। ਮੈਂ ਤੁਹਾਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੋ ਤੁਸੀਂ ਉਹਨਾਂ ਤੇ ਸਵਾਰ ਬਿਠਾ ਸਕੋ! ਤੂੰ ਮੇਰੇ ਸੁਆਮੀ ਦੇ ਸਭ ਤੋਂ ਛੋਟੇ ਹਾਕਮਾਂ ਵਿੱਚੋਂ ਇੱਕ ਅਧਿਕਾਰੀ ਨੂੰ ਕਿਵੇਂ ਦੂਰ ਕਰ ਸਕਦਾ ਹੈ, ਭਾਵੇਂ ਤੂੰ ਰਥਾਂ ਅਤੇ ਘੋੜ ਸਵਾਰਾਂ ਲਈ ਮਿਸਰ ਉੱਤੇ ਨਿਰਭਰ ਹੈ? ਇਸ ਤੋਂ ਇਲਾਵਾ, ਕੀ ਮੈਂ ਯਾਹਵੇਹ ਤੋਂ ਬਿਨਾਂ ਇਸ ਜਗ੍ਹਾ ਤੇ ਹਮਲਾ ਕਰਨ ਅਤੇ ਤਬਾਹ ਕਰਨ ਆਇਆ ਹਾਂ? ਯਾਹਵੇਹ ਨੇ ਆਪ ਮੈਨੂੰ ਇਸ ਦੇਸ਼ ਦੇ ਵਿਰੁੱਧ ਚੜ੍ਹਾਈ ਕਰਨ ਅਤੇ ਇਸਨੂੰ ਤਬਾਹ ਕਰਨ ਲਈ ਕਿਹਾ ਹੈ।’ ”

ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਅਤੇ ਸ਼ਬਨਾ ਅਤੇ ਯੋਆਹ ਨੇ ਸੈਨਾਪਤੀ ਨੂੰ ਆਖਿਆ, “ਕਿਰਪਾ ਕਰਕੇ ਆਪਣੇ ਸੇਵਕਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂਕਿ ਅਸੀਂ ਇਸਨੂੰ ਸਮਝਦੇ ਹਾਂ। ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।”

ਪਰ ਸੈਨਾਪਤੀ ਨੇ ਉੱਤਰ ਦਿੱਤਾ, “ਕੀ ਮੇਰੇ ਮਾਲਕ ਨੇ ਮੈਨੂੰ ਇਹ ਗੱਲਾਂ ਸਿਰਫ ਤੁਹਾਡੇ ਲਈ ਅਤੇ ਤੁਹਾਡੇ ਮਾਲਕ ਨੂੰ ਕਹਿਣ ਲਈ ਭੇਜਿਆ ਸੀ ਅਤੇ ਇਨ੍ਹਾਂ ਸ਼ਹਿਰਪਨਾਹ ਉੱਤੇ ਬੈਠੇ ਲੋਕਾਂ ਨੂੰ ਨਹੀਂ, ਜਿਨ੍ਹਾਂ ਨੂੰ ਤੁਹਾਡੇ ਨਾਲ, ਆਪਣਾ ਹੀ ਮਲ-ਮੂਤਰ ਖਾਣਾ ਅਤੇ ਪੀਣਾ ਪਵੇਗਾ?”

ਤਦ ਸੈਨਾਪਤੀ ਨੇ ਖੜ੍ਹਾ ਹੋ ਕੇ ਇਬਰਾਨੀ ਭਾਸ਼ਾ ਵਿੱਚ ਪੁਕਾਰਿਆ, “ਅੱਸ਼ੂਰ ਦੇ ਮਹਾਨ ਰਾਜੇ ਦੀਆਂ ਗੱਲਾਂ ਸੁਣੋ! ਰਾਜਾ ਇਹ ਆਖਦਾ ਹੈ, ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ। ਉਹ ਤੁਹਾਨੂੰ ਮੇਰੇ ਹੱਥੋਂ ਬਚਾ ਨਹੀਂ ਸਕਦਾ। ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਾਹਵੇਹ ਉੱਤੇ ਤੁਹਾਡਾ ਭਰੋਸਾ ਕਰਾਵੇ, ‘ਕਿ ਯਾਹਵੇਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।’

“ਹਿਜ਼ਕੀਯਾਹ ਦੀ ਗੱਲ ਨਾ ਸੁਣੋ। ਅੱਸ਼ੂਰ ਦਾ ਰਾਜਾ ਇਹ ਆਖਦਾ ਹੈ: ਮੇਰੇ ਨਾਲ ਸੁਲ੍ਹਾ ਕਰੋ ਅਤੇ ਮੇਰੇ ਕੋਲ ਬਾਹਰ ਆ ਜਾਓ। ਤਦ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਰੁੱਖ ਦਾ ਫਲ ਖਾਵੇਗਾ ਅਤੇ ਆਪਣੇ ਹੀ ਟੋਏ ਵਿੱਚੋਂ ਪਾਣੀ ਪੀਵੇਗਾ, ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਦਾਖਰਸ ਦਾ ਦੇਸ, ਰੋਟੀ ਦਾ ਦੇਸ਼ ਅਤੇ ਅੰਗੂਰੀ ਬਾਗ, ਜ਼ੈਤੂਨ ਦੇ ਰੁੱਖਾਂ ਅਤੇ ਸ਼ਹਿਦ ਦੀ ਧਰਤੀ ਦਾ ਦੇਸ਼। ਜ਼ਿੰਦਗੀ ਨੂੰ ਚੁਣੋ ਨਾ ਕਿ ਮੌਤ ਨੂੰ!

“ਹਿਜ਼ਕੀਯਾਹ ਦੀ ਗੱਲ ਨਾ ਸੁਣੋ, ਕਿਉਂਕਿ ਉਹ ਤੁਹਾਨੂੰ ਇਹ ਕਹਿ ਕੇ ਗੁਮਰਾਹ ਕਰ ਰਿਹਾ ਹੈ ਕਿ, ‘ਯਾਹਵੇਹ ਸਾਨੂੰ ਬਚਾਵੇਗਾ।’ ਕੀ ਕਿਸੇ ਕੌਮ ਦੇ ਦੇਵਤੇ ਨੇ ਕਦੇ ਆਪਣੀ ਧਰਤੀ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਈ ਹੈ? ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ, ਹੇਨਾ ਅਤੇ ਇੱਵਾਹ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ ਹੈ? ਇਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੀ ਧਰਤੀ ਨੂੰ ਮੇਰੇ ਤੋਂ ਬਚਾ ਸਕਿਆ ਹੈ? ਤਾਂ ਫਿਰ ਯਾਹਵੇਹ ਯੇਰੂਸ਼ਲੇਮ ਨੂੰ ਮੇਰੇ ਹੱਥੋਂ ਕਿਵੇਂ ਛੁਡਾ ਸਕਦਾ ਹੈ?”

ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ, “ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ।”

ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ, ਮਹਿਲ ਦੇ ਪ੍ਰਬੰਧਕ, ਸ਼ਬਨਾ ਸਕੱਤਰ ਅਤੇ ਆਸਾਫ਼ ਦਾ ਪੁੱਤਰ ਯੋਆਹ, ਆਪਣੇ ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਗਿਆ ਅਤੇ ਉਸ ਨੂੰ ਉਹ ਗੱਲ ਦੱਸੀ ਜੋ ਸੈਨਾਪਤੀ ਨੇ ਕਹੀ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.