Biblica® Open Punjabi Contemporary Version 2025
2 ਰਾਜਿਆਂ 19
ਯੇਰੂਸ਼ਲੇਮ ਦੇ ਛੁਟਕਾਰੇ ਦੀ ਭਵਿੱਖਬਾਣੀ
ਜਦੋਂ ਰਾਜਾ ਹਿਜ਼ਕੀਯਾਹ ਨੇ ਇਹ ਸੁਣਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਆਲੇ-ਦੁਆਲੇ ਤੱਪੜ ਲਪੇਟ ਲਿਆ ਅਤੇ ਯਾਹਵੇਹ ਦੇ ਭਵਨ ਵਿੱਚ ਗਿਆ। ਉਸ ਨੇ ਮਹਿਲ ਦੇ ਪ੍ਰਬੰਧਕ ਅਲਯਾਕੀਮ ਨੂੰ, ਸ਼ਬਨਾ ਸਕੱਤਰ ਨੂੰ ਅਤੇ ਪ੍ਰਧਾਨ ਜਾਜਕਾਂ ਨੂੰ, ਜੋ ਤੱਪੜ ਪਹਿਨੇ ਹੋਏ ਸਨ, ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਕੋਲ ਭੇਜਿਆ। ਉਨ੍ਹਾਂ ਨੇ ਉਸਨੂੰ ਕਿਹਾ, “ਹਿਜ਼ਕੀਯਾਹ ਇਹ ਆਖਦਾ ਹੈ, ਇਹ ਦਿਨ ਦੁੱਖ, ਝਿੜਕ ਅਤੇ ਸ਼ਰਮਿੰਦਗੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ। ਹੋ ਸਕਦਾ ਹੈ ਕਿ ਯਾਹਵੇਹ ਤੇਰਾ ਪਰਮੇਸ਼ਵਰ ਸੈਨਾਪਤੀ ਦੀਆਂ ਸਾਰੀਆਂ ਗੱਲਾਂ ਸੁਣ ਲਵੇ, ਜਿਸ ਨੂੰ ਉਸ ਦੇ ਮਾਲਕ, ਅੱਸ਼ੂਰ ਦੇ ਰਾਜੇ ਨੇ ਜਿਉਂਦੇ ਪਰਮੇਸ਼ਵਰ ਦਾ ਮਜ਼ਾਕ ਉਡਾਉਣ ਲਈ ਭੇਜਿਆ ਹੈ, ਅਤੇ ਉਹ ਉਸ ਨੂੰ ਇਨ੍ਹਾਂ ਸ਼ਬਦਾਂ ਲਈ ਝਿੜਕੇਗਾ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸੁਣੀਆਂ ਹਨ। ਇਸ ਲਈ ਬਚੇ ਹੋਏ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਅਜੇ ਵੀ ਬਚੇ ਹਨ।”
ਜਦੋਂ ਰਾਜਾ ਹਿਜ਼ਕੀਯਾਹ ਦੇ ਅਧਿਕਾਰੀ ਯਸ਼ਾਯਾਹ ਕੋਲ ਆਏ, ਯਸ਼ਾਯਾਹ ਨੇ ਉਨ੍ਹਾਂ ਨੂੰ ਕਿਹਾ, “ਆਪਣੇ ਸੁਆਮੀ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬੋਲਿਆ ਹੈ, ਨਾ ਡਰੀਂ। ਸੁਣੋ! ਜਦੋਂ ਉਹ ਇੱਕ ਖਾਸ ਖ਼ਬਰ ਸੁਣੇਗਾ, ਮੈਂ ਉਸਨੂੰ ਉਸਦੇ ਆਪਣੇ ਦੇਸ਼ ਵਾਪਸ ਜਾਣ ਲਈ ਤਿਆਰ ਕਰਾਂਗਾ, ਅਤੇ ਉੱਥੇ ਮੈਂ ਉਸਨੂੰ ਤਲਵਾਰ ਨਾਲ ਵੱਢ ਸੁੱਟਾਂਗਾ।’ ”
ਜਦੋਂ ਸੈਨਾਪਤੀ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼ ਛੱਡ ਗਿਆ ਹੈ, ਤਾਂ ਉਹ ਪਿੱਛੇ ਹਟ ਗਿਆ ਅਤੇ ਉਸਨੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਲੜਦਿਆਂ ਦੇਖਿਆ।
ਹੁਣ ਸਨਹੇਰੀਬ ਨੂੰ ਖ਼ਬਰ ਮਿਲੀ ਕਿ ਕੂਸ਼1 ਦਾ ਰਾਜਾ ਤਿਰਹਾਕਾਹ ਉਸ ਨਾਲ ਲੜਨ ਲਈ ਕੂਚ ਕਰ ਰਿਹਾ ਹੈ। ਇਸ ਲਈ ਉਸਨੇ ਦੁਬਾਰਾ ਹਿਜ਼ਕੀਯਾਹ ਕੋਲ ਇਹ ਸ਼ਬਦ ਲੈ ਕੇ ਸੰਦੇਸ਼ਵਾਹਕ ਭੇਜੇ। “ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ਵਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ‘ਯੇਰੂਸ਼ਲੇਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।’ ਤੂੰ ਜ਼ਰੂਰ ਸੁਣਿਆ ਹੋਵੇਗਾ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰੇ ਦੇਸ਼ਾਂ ਨਾਲ ਕੀ ਕੀਤਾ, ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਕੀ ਤੂੰ ਬਚ ਜਾਵੇਗਾ? ਕੀ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੇ ਜਿਨ੍ਹਾਂ ਨੂੰ ਮੇਰੇ ਪੂਰਵਜਾਂ ਨੇ ਨਾਸ ਕੀਤਾ ਸੀ, ਅਰਥਾਤ ਗੋਜ਼ਾਨ, ਹਾਰਾਨ, ਰੇਜ਼ਫ਼ ਅਤੇ ਅਦਨ ਦੇ ਲੋਕਾਂ ਨੂੰ ਜਿਹੜੇ ਤਲਾੱਸਾਰ ਵਿੱਚ ਸਨ, ਉਨ੍ਹਾਂ ਨੂੰ ਛੁਡਾਇਆ ਸੀ ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ ਰਾਜਾ, ਹੇਨਾ ਅਤੇ ਇੱਵਾਹ ਦੇ ਰਾਜੇ ਕਿੱਥੇ ਹਨ?”
ਹਿਜ਼ਕੀਯਾਹ ਦੀ ਪ੍ਰਾਰਥਨਾ
ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਤੋਂ ਚਿੱਠੀ ਪ੍ਰਾਪਤ ਕੀਤੀ ਅਤੇ ਉਸਨੂੰ ਪੜ੍ਹਿਆ। ਫਿਰ ਉਹ ਯਾਹਵੇਹ ਦੇ ਭਵਨ ਵਿੱਚ ਗਿਆ ਅਤੇ ਇਸਨੂੰ ਯਾਹਵੇਹ ਦੇ ਅੱਗੇ ਖੋਲ ਕੇ ਰੱਖ ਦਿੱਤਾ। ਅਤੇ ਹਿਜ਼ਕੀਯਾਹ ਨੇ ਯਾਹਵੇਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਤੂੰ ਹੀ ਧਰਤੀ ਦੇ ਸਾਰੇ ਰਾਜਾਂ ਉੱਤੇ ਪਰਮੇਸ਼ਵਰ ਹੈ। ਤੂੰ ਅਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। ਹੇ ਯਾਹਵੇਹ, ਆਪਣਾ ਕੰਨ ਲਾ ਅਤੇ ਸੁਣ, ਹੇ ਯਾਹਵੇਹ, ਆਪਣੀਆਂ ਅੱਖਾਂ ਖੋਲ੍ਹ, ਅਤੇ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ਵਰ ਨੂੰ ਬੋਲੀਆਂ ਮਾਰਨ ਲਈ ਆਖ ਕੇ ਘੱਲੀਆਂ ਹਨ।
“ਹੇ ਯਾਹਵੇਹ, ਇਹ ਸੱਚ ਹੈ, ਅੱਸ਼ੂਰ ਦੇ ਰਾਜਿਆਂ ਨੇ ਇਨ੍ਹਾਂ ਕੌਮਾਂ ਅਤੇ ਉਨ੍ਹਾਂ ਦੀਆਂ ਧਰਤੀਆਂ ਨੂੰ ਬਰਬਾਦ ਕਰ ਦਿੱਤਾ ਹੈ। ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਸੁੱਟ ਦਿੱਤਾ ਹੈ ਅਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਹੈ, ਕਿਉਂਕਿ ਉਹ ਦੇਵਤੇ ਨਹੀਂ ਸਨ, ਸਿਰਫ ਲੱਕੜ ਅਤੇ ਪੱਥਰ ਸਨ, ਜੋ ਮਨੁੱਖਾਂ ਦੇ ਹੱਥਾਂ ਦੁਆਰਾ ਬਣਾਏ ਗਏ ਸਨ। ਹੁਣ ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਨੂੰ ਉਸ ਦੇ ਹੱਥੋਂ ਛੁਡਾ ਤਾਂ ਜੋ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ।”
ਯਸ਼ਾਯਾਹ ਨੇ ਸਨਹੇਰੀਬ ਦੇ ਪਤਨ ਦੀ ਭਵਿੱਖਬਾਣੀ ਕੀਤੀ
ਤਦ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਸੁਨੇਹਾ ਭੇਜਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ ਕਿ ਮੈਂ ਅੱਸ਼ੂਰ ਦੇ ਰਾਜੇ ਸਨਹੇਰੀਬ ਬਾਰੇ ਤੇਰੀ ਪ੍ਰਾਰਥਨਾ ਸੁਣ ਲਈ ਹੈ। ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਉਸ ਦੇ ਵਿਰੁੱਧ ਬੋਲਿਆ ਹੈ:
“ ‘ਸੀਯੋਨ ਦੀ ਕੁਆਰੀ ਧੀ
ਤੈਨੂੰ ਤੁੱਛ ਜਾਣਦੀ ਹੈ ਅਤੇ ਤੇਰਾ ਮਜ਼ਾਕ ਉਡਾਉਂਦੀ ਹੈ।
ਯੇਰੂਸ਼ਲੇਮ ਦੀ ਧੀ
ਆਪਣਾ ਸਿਰ ਹਿਲਾਉਂਦੀ ਹੈ ਜਦੋਂ ਤੂੰ ਭੱਜਦਾ ਹੈ।
ਇਹ ਕੌਣ ਹੈ ਜਿਸਦਾ ਤੂੰ ਮਜ਼ਾਕ ਉਡਾਇਆ ਹੈ ਅਤੇ ਨਿੰਦਿਆ ਕੀਤੀ ਹੈ?
ਤੂੰ ਕਿਸ ਦੇ ਵਿਰੁੱਧ ਆਵਾਜ਼ ਉਠਾਈ ਹੈ
ਅਤੇ ਆਪਣੀਆਂ ਅੱਖਾਂ ਹੰਕਾਰ ਨਾਲ ਉੱਚੀਆਂ ਕੀਤੀਆਂ ਹਨ?
ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦੇ ਵਿਰੁੱਧ!
ਆਪਣੇ ਸੰਦੇਸ਼ਵਾਹਕਾਂ ਦੁਆਰਾ
ਤੂੰ ਯਾਹਵੇਹ ਦਾ ਮਜ਼ਾਕ ਉਡਾਇਆ ਹੈ।
ਅਤੇ ਤੂੰ ਆਖਿਆ ਹੈ,
“ਆਪਣੇ ਬਹੁਤ ਸਾਰੇ ਰਥਾਂ ਨਾਲ
ਮੈਂ ਪਹਾੜਾਂ ਦੀਆਂ ਉਚਾਈਆਂ,
ਲਬਾਨੋਨ ਦੀਆਂ ਸਭ ਤੋਂ ਉਚਾਈਆਂ ਉੱਤੇ ਚੜ੍ਹਿਆ ਹਾਂ।
ਮੈਂ ਇਸ ਦੇ ਸਭ ਤੋਂ ਉੱਚੇ ਦਿਆਰ,
ਇਸ ਦੇ ਸਭ ਤੋਂ ਚੰਗੇ ਦਿਆਰ ਨੂੰ ਕੱਟ ਦਿੱਤਾ ਹੈ।
ਮੈਂ ਇਸ ਦੇ ਉੱਚੇ-ਉੱਚੇ ਹਿੱਸਿਆਂ ਅਤੇ ਟਿਕਾਣਿਆ ਤੱਕ,
ਇਸ ਦੇ ਜੰਗਲਾਂ ਵਿੱਚੋਂ ਸਭ ਤੋਂ ਵਧੀਆ ਫਲਦਾਰ ਵਾੜੀ ਵਿੱਚ ਜਾ ਪਹੁੰਚਿਆ ਹਾਂ।
ਮੈਂ ਪਰਦੇਸਾਂ ਵਿੱਚ ਖੂਹ ਪੁੱਟੇ ਹਨ
ਅਤੇ ਉਥੋਂ ਦਾ ਪਾਣੀ ਪੀਤਾ ਹੈ।
ਆਪਣੇ ਪੈਰਾਂ ਦੀਆਂ ਤਲੀਆਂ ਨਾਲ
ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ ਹੈ।”
“ ‘ਕੀ ਤੂੰ ਨਹੀਂ ਸੁਣਿਆ?
ਬਹੁਤ ਸਮਾਂ ਪਹਿਲਾਂ ਮੈਂ ਇਸਨੂੰ ਠਾਣ ਲਿਆ ਸੀ।
ਪੁਰਾਣੇ ਦਿਨਾਂ ਵਿੱਚ ਮੈਂ ਇਸ ਦੀ ਯੋਜਨਾ ਬਣਾਈ ਸੀ;
ਹੁਣ ਮੈਂ ਇਸ ਨੂੰ ਪੂਰਾ ਕੀਤਾ ਹੈ,
ਕਿ ਤੂੰ ਗੜ੍ਹ ਵਾਲੇ ਸ਼ਹਿਰਾਂ ਨੂੰ ਪੱਥਰਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ।
ਉਨ੍ਹਾਂ ਦੇ ਲੋਕ ਨਿਰਬਲ, ਘਬਰਾ ਗਏ ਅਤੇ ਸ਼ਰਮਿੰਦਾ ਹੋਏ।
ਉਹ ਖੇਤ ਦੇ ਪੌਦਿਆਂ ਵਰਗੇ ਹਨ,
ਕੋਮਲ ਹਰੇ ਬੂਟਿਆਂ ਵਰਗੇ ਹਨ,
ਛੱਤ ਤੇ ਉੱਗਦੇ ਘਾਹ ਵਰਗੇ ਹਨ,
ਵਧਣ ਤੋਂ ਪਹਿਲਾਂ ਹੀ ਝੁਲਸ ਜਾਂਦੇ ਹਨ।
“ ‘ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਹੋ ਅਤੇ ਕਦੋਂ ਆਉਂਦੇ ਹੋ ਅਤੇ ਤੁਸੀਂ ਮੇਰੇ ਵਿਰੁੱਧ ਕਿਵੇਂ ਗੁੱਸੇ ਹੋ।
ਕਿਉਂ ਜੋ ਤੇਰਾ ਮੇਰੇ ਉੱਤੇ ਗੁੱਸਾ
ਅਤੇ ਕਿਉਂਕਿ ਤੇਰੀ ਬੇਇੱਜ਼ਤੀ ਮੇਰੇ ਕੰਨਾਂ ਤੱਕ ਪਹੁੰਚ ਗਈ ਹੈ,
ਇਸ ਲਈ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ,
ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ,
ਅਤੇ ਮੈਂ ਤੁਹਾਨੂੰ ਉਸੇ ਰਾਸਤੇ ਵਾਪਸ ਕਰ ਦਿਆਂਗਾ ਜਿਸ ਰਾਸਤੇ ਤੁਸੀਂ ਆਏ ਹੋ।’
“ਤਦ ਹਿਜ਼ਕੀਯਾਹ ਇਹ ਤੇਰੇ ਲਈ ਨਿਸ਼ਾਨ ਹੋਵੇਗਾ:
“ਇਸ ਸਾਲ ਤੁਸੀਂ ਉਹ ਖਾਓਗੇ ਜੋ ਆਪਣੇ ਆਪ ਉੱਗਦਾ ਹੈ,
ਅਤੇ ਦੂਸਰੇ ਸਾਲ ਜੋ ਉਸ ਤੋਂ ਉੱਗਦਾ ਹੈ।
ਪਰ ਤੀਸਰੇ ਸਾਲ ਬੀਜੋ ਅਤੇ ਵੱਢੋ,
ਅੰਗੂਰੀ ਬਾਗ ਲਗਾਓ ਅਤੇ ਉਹਨਾਂ ਦਾ ਫਲ ਖਾਓ।
ਤਦ ਉਹ ਲੋਕ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚੇ ਹੋਏ ਹਨ,
ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ।
ਕਿਉਂ ਜੋ ਯੇਰੂਸ਼ਲੇਮ ਵਿੱਚੋਂ ਇੱਕ ਬਕੀਆ ਆਵੇਗਾ,
ਅਤੇ ਸੀਯੋਨ ਪਰਬਤ ਤੋਂ ਬਚਣ ਵਾਲਿਆਂ ਦਾ ਇੱਕ ਸਮੂਹ।
ਯਾਹਵੇਹ ਸਰਬਸ਼ਕਤੀਮਾਨ ਅਣਖ ਨਾਲ ਇਸ ਨੂੰ ਪੂਰਾ ਕਰੇਗਾ।
“ਇਸ ਲਈ ਯਾਹਵੇਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ:
“ ‘ਉਹ ਨਾ ਇਸ ਸ਼ਹਿਰ ਵਿੱਚ ਵੜੇਗਾ ਅਤੇ ਨਾ ਹੀ ਇੱਥੇ ਤੀਰ ਚਲਾਵੇਗਾ।
ਉਹ ਉਸ ਦੇ ਅੱਗੇ ਢਾਲ਼ ਲੈ ਕੇ ਨਹੀਂ ਆਵੇਗਾ
ਨਾ ਉਸ ਦੇ ਵਿਰੁੱਧ ਘੇਰਾਬੰਦੀ ਕਰੇਗਾ।
ਜਿਸ ਰਾਸਤੇ ਵੱਲ ਉਹ ਆਇਆ ਸੀ ਉਸੇ ਰਾਸਤੇ ਵਾਪਸ ਆ ਜਾਵੇਗਾ;
ਉਹ ਇਸ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ,
ਯਾਹਵੇਹ ਦਾ ਵਾਕ ਹੈ।
ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਅਤੇ ਇਸ ਨੂੰ ਬਚਾਵਾਂਗਾ,
ਆਪਣੇ ਲਈ ਅਤੇ ਮੇਰੇ ਸੇਵਕ ਦਾਵੀਦ ਦੀ ਖ਼ਾਤਰ।’ ”
ਉਸ ਰਾਤ ਯਾਹਵੇਹ ਦਾ ਦੂਤ ਬਾਹਰ ਨਿੱਕਲ ਕੇ ਅੱਸ਼ੂਰੀਆਂ ਡੇਰੇ ਵਿੱਚ ਗਿਆ ਅਤੇ ਇੱਕ ਲੱਖ ਪਚਾਸੀ ਹਜ਼ਾਰ ਮਨੁੱਖ ਮਾਰ ਦਿੱਤੇ। ਜਦੋਂ ਲੋਕ ਅਗਲੀ ਸਵੇਰੇ ਨੂੰ ਉੱਠੇ ਤਾਂ ਉੱਥੇ ਸਾਰੀਆਂ ਲਾਸ਼ਾਂ ਹੀ ਸਨ! ਇਸ ਲਈ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਡੇਰੇ ਨੂੰ ਤੋੜ ਦਿੱਤਾ ਅਤੇ ਪਿੱਛੇ ਹਟ ਗਿਆ। ਉਹ ਨੀਨਵਾਹ ਵਾਪਸ ਆਇਆ ਅਤੇ ਉੱਥੇ ਹੀ ਰਿਹਾ।
ਇੱਕ ਦਿਨ, ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਉਸ ਦੇ ਪੁੱਤਰ ਅਦਰਾਮਮਲੇਕ ਅਤੇ ਸ਼ਰੇਜ਼ਰ ਨੇ ਉਸਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਉਹ ਅਰਾਰਾਤ ਦੇਸ਼ ਨੂੰ ਭੱਜ ਗਏ ਅਤੇ ਉਸਦਾ ਪੁੱਤਰ ਏਸਰਹਦੋਨ ਉਸ ਤੋਂ ਬਾਅਦ ਰਾਜਾ ਬਣਿਆ।
Source notes (1)
- Footnote ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.